Wednesday, 7 March 2012


ਖਾਲਸਾਈ ਜਾਹੋ ਜਲਾਲ ਨਾਲ ਅਨੰਦਪੁਰ ਸਾਹਿਬ ਹੋਲਾ ਮਹੱਲਾ ਆਰੰਭ

ਗੁ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਕੀਤੀ ਗਈ ਦੀਪਮਾਲਾ
 ਦਾ ਮਨਮੋਹਕ ਦ੍ਰਿਸ਼।
ਅਨੰਦਪੁਰ ਸਾਹਿਬ, 6 ਮਾਰਚ -ਖਾਲਸੇ ਦੇ ਬੋਲਬਾਲੇ ਬਹਾਦਰੀ, ਬੁਲੰਦੀਆਂ ਆਦਿ ਦਾ ਤਿਉਹਾਰ ਹੋਲਾ ਮਹੱਲਾ ਜੋ ਅਨੰਦਪੁਰ ਸਾਹਿਬ ਵਿਖੇ 7, 8, 9 ਮਾਰਚ ਨੂੰ ਪੂਰਨ ਖਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਕੱਲ੍ਹ ਅਨੰਦਪੁਰ ਸਾਹਿਬ ਵਿਖੇ ਆਰੰਭ ਹੋਵੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 7 ਮਾਰਚ ਨੂੰ ਸਵੇਰੇ 9 ਵਜੇ ਪੂਰਨ ਗੁਰਸਿੱਖ ਮਰਿਆਦਾ ਨਾਲ ਅਖੰਡ ਪਾਠ ਅਰੰਭ ਹੋਵੇਗਾ। ਇਹ ਜਾਣਕਾਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ: ਗਿਆਨੀ ਤਰਲੋਚਨ ਸਿੰਘ, ਮੈਨੇਜਰ ਜਵਾਹਰ ਸਿਘ, ਵਧੀਕ ਮੈਨੇਜਰ ਰਣਬੀਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਅਖੰਡ ਪਾਠ ਦੇ ਆਰੰਭ ਹੋਣ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ ਦੇ ਪਿਛਲੇ ਪਾਸੇ ਗਰਾਊਂਡ ਵਿਚ ਪਿਛਲੇ ਸਾਲ ਦੀ ਤਰ੍ਹਾਂ ਗਤਕੇ ਮੁਕਾਬਲੇ ਸਵੇਰੇ 10 ਵਜੇ ਕਰਾਏ ਜਾਣਗੇ। ਗਤਕੇ ਦੀਆਂ ਦੋਵੇਂ ਫੈਡਰੇਸ਼ਨਾਂ ਦੇ ਜਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਚੁੱਕੇ ਹਨ। ਇਸ ਮੌਕੇ ਸਿੰਘ ਸਾਹਿਬਾਨ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ, ਪ੍ਰਿੰ: ਸੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਸ: ਦਿਲਜੀਤ ਸਿੰਘ ਭਿੰਡਰ ਆਦਿ ਕਈ ਸ਼੍ਰੋਮਣੀ ਕਮੇਟੀ ਮੈਂਬਰ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਚੇਚੇ ਤੌਰ 'ਤੇ ਪੁੱਜ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ, ਡਾ: ਦਲਜੀਤ ਸਿੰਘ ਚੀਮਾ ਮੁੱਖ ਸਲਾਹਕਾਰ, ਸ੍ਰੀ ਮਦਨ ਮੋਹਨ ਮਿੱਤਲ ਆਦਿ ਕਈ ਅਕਾਲੀ-ਭਾਜਪਾ ਦੇ ਜਿੱਤੇ ਉਮੀਦਵਾਰ ਵੀ ਪੁੱਜ ਰਹੇ ਹਨ। ਇਸ ਤੋਂ ਇਲਾਵਾ ਖਾਲਸਾ ਸਕੂਲ ਵਿਖੇ ਹੋਲਾ ਮਹੱਲਾ ਸਰਕਲ ਕਬੱਡੀ ਮੁਕਾਬਲੇ ਹੋਣਗੇ, ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਹ ਕਬੱਡੀ ਮੁਕਾਬਲੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਦੁਪਹਿਰ ਇਕ ਵਜੇ ਮਾਤਾ ਨਾਨਕੀ ਨਿਵਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੀ ਪੁਸਤਕ ਅਤੇ ਉਸ ਦਾ ਅੰਗਰੇਜ਼ੀ ਵਿਚ ਕੀਤਾ ਤਰਜਮਾ ਵਾਲੀ ਪੁਸਤਕ ਵੀ ਰਿਲੀਜ਼ ਕਰਨਗੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਪ੍ਰਿੰ: ਸੁਰਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਮਿਸ਼ਨਰੀ ਕਾਲਜ ਵੱਲੋਂ ਵੱਖ-ਵੱਖ ਥਾਵਾਂ 'ਤੇ ਸਿੱਖ ਲਿਟਰੇਚਰ ਦੇ ਸਟਾਲ ਲਗਾਏ ਜਾ ਰਹੇ ਹਨ। ਇਸ ਤੋਂ ਬਿਨਾਂ ਇਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜਿਸ ਵਿਚ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਹੋ ਕੇ ਗੁਰੂ ਸਾਹਿਬਾਨ ਵੱਲੋਂ ਦੱਸੀ ਜੀਵਨ ਦੀ ਜਾਂਚ ਮੁਤਾਬਿਕ ਜੀਵਨ ਜਿਊਣ ਦੀ ਪ੍ਰੇਰਨਾ ਦੇਣਾ, ਪਤਿਤਪੁਣਾ ਨਸ਼ਿਆਂ ਤਿਆਗਣ, ਭੇਖੀ, ਪਾਖੰਡੀ ਸੰਤਾਂ ਬਾਬਿਆਂ ਦੇ ਮਗਰ ਲੱਗਣ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ ਗਈ ਹੈ। ਅਨੰਦਪੁਰ ਸਾਹਿਬ ਦੇ ਸਾਰੇ ਗੁਰਦੁਆਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਅਨੰਦਗੜ੍ਹ ਸਾਹਿਬ, ਗੁ: ਸੀਸ ਗੰਜ ਸਾਹਿਬ, ਗੁ: ਭੌਰਾ ਸਾਹਿਬ, ਗੁ: ਹੋਲਗੜ੍ਹ, ਗੁ: ਕਿਲ੍ਹਾ ਲੋਹਗੜ੍ਹ, ਕਿਲ੍ਹਾ ਤਾਰਾਗੜ੍ਹ ਆਦਿ ਗੁਰਦੁਆਰਿਆਂ ਵਿਖੇ ਸ਼ਾਨਦਾਰ ਦੀਪਮਾਲਾ ਕੀਤੀ ਗਈ ਹੈ। ਅਨੰਦਪੁਰ ਸਾਹਿਬ ਵਿਖੇ ਪੁੱਜਣ ਵਾਲੀਆਂ ਸਾਰੀਆਂ ਸੜਕਾਂ 'ਤੇ ਵੱਖ-ਵੱਖ ਪਿੰਡਾਂ ਵੱਲੋਂ ਸੰਗਤਾਂ ਲਈ ਭਿੰਨ-ਭਿੰਨ ਪ੍ਰਕਾਰ ਦੇ ਲੰਗਰ ਲਗਾਏ ਹੋਏ ਹਨ।
ਭਾਵੇਂ ਮੇਲਾ ਅੱਜ ਸ਼ੁਰੂ ਹੋਣਾ ਹੈ, ਲੇਕਿਨ ਸਵੇਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਿਆਂ ਵਿਚ ਨਤਮਸਤਕ ਹੋ ਰਹੀਆਂ ਹਨ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਪੁਲਿਸ ਵੱਲੋਂ ਪੂਰੀ ਚੌਕਸੀ ਰੱਖੀ ਗਈ ਹੈ। ਰੋਪੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਗੋਪਾਲ ਕ੍ਰਿਸ਼ਨ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਜਤਿੰਦਰ ਸਿੰਘ ਔਲਖ, ਐਸ. ਡੀ. ਐਮ.-ਕਮ-ਮੇਲਾ ਅਫਸਰ ਹਰਗੁਣਜੀਤ ਕੌਰ, ਉਪ ਪੁਲਿਸ ਕਪਤਾਨ ਸ: ਹਰਪ੍ਰੀਤ ਸਿੰਘ ਮੰਡੇਰ, ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਆਦਿ ਅਧਿਕਾਰੀਆਂ ਨੇ ਸਾਰੇ ਮੇਲੇ 'ਤੇ ਪੂਰਨ ਨਿਗ੍ਹਾ ਰੱਖੀ ਹੋਈ ਹੈ। ਇਹ ਵੀ ਜਾਣਕਾਰੀ 'ਚ ਆਇਆ ਕਿ ਕੁਝ ਨੌਜਵਾਨ ਮੋਟਰ ਸਾਈਕਲਾਂ ਦੇ ਸਇਲੈਂਸਰ ਲਾਹ ਕੇ ਸ਼ੋਰ ਪ੍ਰਦੂਸ਼ਣ ਕਰ ਰਹੇ ਹਨ। ਇਨ੍ਹਾਂ ਨੂੰ ਰੋਕਣ ਦੀ ਵੱਡੀ ਲੋੜ ਹੈ। ਸ਼ਰਧਾਲੂਆਂ ਲਈ ਮੰਗਤੇ ਵੀ ਸਮੱਸਿਆ ਬਣੇ ਹੋਏ ਹਨ, ਪਕੌੜਿਆਂ ਦੀ ਆੜ ਵਿਚ ਕੁਝ ਦੁਕਾਨਦਾਰਾਂ ਵੱਲੋਂ ਭੰਗ ਦੇ ਪਕੌੜੇ ਵੇਚੇ ਜਾਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਬੁਰਾਈਆਂ ਦਾ ਹੱਲ ਕਰੇ।
ਭਾਰਤੀ ਤੇ ਅਮਰੀਕੀ ਫ਼ੌਜੀ ਵੱਲੋਂ ਰਾਜਸਥਾਨ
'ਚ ਪਹਿਲੀ ਵਾਰ ਸਾਂਝੀਆਂ ਮਸ਼ਕਾਂ ਸ਼ੁਰੂ

ਰਾਜਸਥਾਨ ਦੇ ਮਹਾਜਾਨ ਖੇਤਰ ਵਿਚ ਭਾਰਤੀ ਅਤੇ
ਅਮਰੀਕੀ ਫ਼ੌਜ ਸਾਂਝੀ ਮਸ਼ਕ ਮੌਕੇ।
ਬਠਿੰਡਾ, 6 ਮਾਰਚ -ਭਾਰਤੀ ਅਤੇ ਅਮਰੀਕੀ ਫ਼ੌਜ ਵੱਲੋਂ ਪਹਿਲੀ ਵਾਰ ਇਕੱਠਿਆਂ ਮਿਲ ਕੇ ਰਾਜਸਥਾਨ ਦੇ ਮਹਾਜਾਨ ਖੇਤਰ 'ਚ ਫੌਜੀ ਮਸ਼ਕਾਂ ਦੀ ਅੱਜ ਸ਼ੂਰੂਆਤ ਕੀਤੀ ਗਈ। ਰਾਜਸਥਾਨ ਦੇ ਮਾਰੂਥਲੀ ਖੇਤਰ ਮਹਾਜਾਨ ਵਿਖੇ ਸ਼ੁਰੂ ਹੋਏ ਸਾਲ 2011-12 ਦੇ ਯੁੱਧ ਅਭਿਆਸ ਪ੍ਰੋਗਰਾਮ ਤਹਿਤ ਦੋਵੇ ਦੇਸ਼ਾਂ ਦੀ ਫ਼ੌਜ ਨਵੀਂ ਤਕਨਾਲੋਜੀ ਦੇ ਸਾਜੋ ਸਾਮਾਨ ਅਤੇ ਹਥਿਆਰਾਂ ਨਾਲ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਨਿਪਟਣ ਦੀ ਸਾਂਝੀ ਸਿਖਲਾਈ ਲੈਣਗੀਆਂ। ਅਮਰੀਕੀ ਫ਼ੌਜ ਦੀ ਟੁੱਕੜੀ ਦੀ ਕਮਾਂਡ ਕਰਨਲ ਜੇ. ਰੌਥ ਕਮਾਂਡਰ ਸੈਕਿੰਡ ਇੰਜੀਨਿਅਰ ਬ੍ਰਿਗੇਡ ਯੂ. ਐੱਸ. ਆਰਮੀ ਕਰ ਰਹੇ ਹਨ। ਜਦਕਿ ਬ੍ਰਿਗੇਡੀਅਰ ਬੀ. ਐੱਸ. ਧਨੋਆ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕਰ ਰਹੇ ਹਨ। ਦੋ ਹਫਤਿਆਂ ਦੇ ਇਸ ਜੰਗੀ ਅਭਿਆਸ ਦੌਰਾਨ ਸੈਨਿਕ ਕਠਿਨ ਪ੍ਰਸਥਿਤੀਆਂ ਵਿਚ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਕਾਰਜਾਂ ਦਾ ਅਭਿਆਸ ਕਰਨਗੇ।
ਦਸਵੀਂ ਪਹਿਲੇ ਸਮੈਸਟਰ ਪ੍ਰੀਖਿਆ ਦੇ ਫੇਲ੍ਹ
ਪ੍ਰੀਖਿਆਰਥੀਆਂ ਲਈ ਵਿਸ਼ੇਸ਼ ਮੌਕਾ
ਅਜੀਤਗੜ੍ਹ, 6 ਮਾਰਚ -ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਦਸਵੀਂ ਮਾਰਚ -2010 ਵਿੱਚ ਦਾਖਲ ਹੋਏ ਵਿਦਿਆਰਥੀ ਜੋ ਸਮੈਸਟਰ-1 ਪ੍ਰੀਖਿਆ ਦੇ ਮਿਲੇ ਦੋ ਮੌਕਿਆਂ ਵਿੱਚ ਪ੍ਰੀਖਿਆ ਪਾਸ ਨਹੀਂ ਕਰ ਸਕੇ ਉਨ੍ਹਾਂ ਪ੍ਰੀਖਿਆਰਥੀਆਂ ਨੂੰ ਸਮੈਸਟਰ-1 ਪਾਸ ਕਰਨ ਲਈ ਮਾਰਚ 2012 ਵਿੱਚ ਬੋਰਡ ਵੱਲੋਂ ਇੱਕ ਵਿਸ਼ੇਸ਼ ਮੌਕਾ ਦਿੱਤਾ ਗਿਆ ਹੈ। ਅਜਿਹਾ ਵਿਸ਼ੇਸ਼ ਮੌਕਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ 11ਵੀਂ ਸ਼੍ਰੇਣੀ ਦੀ ਮਾਰਚ-2012 ਦੇ ਸਮੈਸਟਰ-2 ਦੀ ਪ੍ਰੀਖਿਆ ਸਕੂਲ ਵੱਲੋਂ ਲੈ ਲਈ ਜਾਵੇ ਅਤੇ ਸਬੰਧਿਤ ਵਿਦਿਆਰਥੀਆਂ ਦੀ ਦਸਵੀਂ ਦੀ ਪ੍ਰੀਖਿਆ ਦੇ ਵਿਸ਼ੇਸ਼ ਮੌਕੇ ਦਾ ਨਤੀਜਾ ਪਾਸ ਐਲਾਨ ਹੋਣ 'ਤੇ ਹੀ ਉਸ ਦਾ 11ਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ ਜਾਵੇ।

ਨਹਿਰ 'ਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ
ਫ਼ਤਹਿਗੜ੍ਹ ਸਾਹਿਬ, 6 ਮਾਰਚ  - ਬੀਤੀ ਰਾਤ ਨਜ਼ਦੀਕੀ ਪਿੰਡ ਸਾਨੀਪੁਰ ਨੇੜਿਉਂ ਲੰਘਦੀ ਨਰਵਾਣਾ ਨਹਿਰ 'ਚ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਸਰਹਿੰਦ ਥਾਣੇ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9.30 ਵਜੇ ਦੇ ਕਰੀਬ ਬਬਨੇਸ਼ ਉਰਫ਼ ਬਾਨੂ (21) ਪੁੱਤਰ ਸੰਜੀਵ ਪੁਰੀ ਵਾਸੀ ਸਰਹਿੰਦ ਮੰਡੀ ਘਰੇਲੂ ਝਗੜੇ ਕਾਰਨ ਘਰੋਂ ਨਾਰਾਜ਼ ਹੋ ਕੇ ਚਲਿਆ ਗਿਆ ਅਤੇ ਉਸ ਨੇ ਸਾਨੀਪੁਰ ਨੇੜਿਉਂ ਲੰਘਦੀ ਨਰਵਾਣਾ ਨਹਿਰ 'ਚ ਛਾਲ ਮਾਰ ਦਿੱਤੀ। ਜਦੋਂ ਉਸ ਨੂੰ ਅਰਵਿੰਦਰ ਪਾਲ (21) ਪੁੱਤਰ ਰਜ਼ੇਸਪਾਲ ਵਾਸੀ ਸਰਹਿੰਦ ਮੰਡੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਨਹਿਰ 'ਚ ਡੁੱਬ ਗਿਆ।
ਖੂੰਖਾਰ ਕੁੱਤਿਆਂ ਨੇ ਜਿਉਂਦੇ ਵਿਅਕਤੀ ਨੂੰ ਨੋਚ ਨੋਚ ਕੇ ਖਾਧਾ
ਠੱਠੀ ਭਾਈ, 6 ਮਾਰਚ-ਇਥੋਂ ਦੋ ਕਿਲੋਮੀਟਰ ਦੀ ਦੂਰੀ ਤੇ ਪਿੰਡ ਸੇਖਾ ਕਲਾਂ ਦੇ ਖੇਤਾਂ ਵਿਚ ਬਣੀ ਸ਼ਰਾਬ ਦੇ ਚੜ੍ਹਾਵੇ ਵਾਲੀ ਸਮਾਧ ਬਾਬਾ ਰੁੱਖੜ ਦਾਸ ਦੇ ਸਥਾਨ ਤੋਂ ਬੀਤੀ ਰਾਤ ਜ਼ਿਆਦਾ ਸ਼ਰਾਬ ਪੀ ਕੇ ਘਰ ਆ ਰਹੇ ਪਿੰਡ ਠੱਠੀ ਭਾਈ ਦੇ ਇਕ ਵਿਅਕਤੀ ਨੂੰ ਅਵਾਰਾ ਖੂੰਖਾਰ ਕੁੱਤਿਆਂ ਨੇ ਜਿਉਂਦੇ ਨੂੰ ਹੀ ਨੋਚ ਨੋਚ ਕੇ ਖਾ ਲਿਆ। ਜਾਣਕਾਰੀ ਅਨੁਸਾਰ ਬਲਵੀਰ ਸਿੰਘ ਉਰਫ ਨਿਕੜਾ ਪੁੱਤਰ ਬੂਟਾ ਸਿੰਘ ਵਾਸੀ ਠੱਠੀ ਭਾਈ ਅਕਸਰ ਇਸ ਸ਼ਰਾਬ ਚੜ੍ਹਾਵੇ ਵਾਲੇ ਸਥਾਨ 'ਤੇ ਸ਼ਰਾਬ ਪੀਣ ਜਾਇਆ ਕਰਦਾ ਸੀ। ਬੀਤੀ ਰਾਤ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਇਸ ਸਥਾਨ 'ਤੇ ਜਾ ਕੇ ਸ਼ਰਾਬ ਜ਼ਿਆਦਾ ਪੀ ਗਿਆ ਅਤੇ ਰਸਤੇ ਵਿਚ ਹੀ ਡਿੱਗ ਪਿਆ। ਇਥੇ ਘੁੰਮਦੇ ਅਵਾਰਾ ਕੁੱਤਿਆਂ ਨੇ ਉਸ ਦੇ ਸਿਰ, ਗਰਦਨ ਅਤੇ ਹੋਰ ਅੰਗਾਂ ਨੂੰ ਬੁਰੀ ਤਰ੍ਹਾਂ ਨੋਚਿਆ। ਜਿਸ ਦਾ ਅੱਜ ਸਵੇਰੇ ਕੁੱਝ ਲੋਕਾਂ ਨੂੰ ਪਤਾ ਲੱਗਣ 'ਤੇ ਉਸ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ। ਜਦ ਘਰ ਵਾਲਿਆਂ ਨੇ ਨਿਕੜਾ ਸਿੰਘ ਨੂੰ ਜਾ ਕੇ ਵੇਖਿਆ ਤਾਂ ਉਸ ਦੇ ਅਜੇ ਸਾਹ ਚੱਲ ਰਹੇ ਸਨ ਜਿਸ ਨੂੰ ਇਲਾਜ ਲਈ ਬਾਘਾ ਪੁਰਾਣਾ ਦੇ ਸਰਕਾਰੀ ਹਸਪਤਾਲ ਲਈ ਲਿਜਾਇਆ ਜਾ ਰਿਹਾ ਸੀ ਕਿ ਉਸ ਨੇ ਦਮ ਤੋੜ ਦਿੱਤਾ।
ਚੋਣ ਨਤੀਜਿਆਂ ਨੇ ਡੇਰਾਵਾਦ ਦੀ ਅਖੌਤੀ ਸ਼ਕਤੀ
 ਦੀਆਂ ਚੂਲਾਂ ਢਿੱਲੀਆਂ ਕੀਤੀਆਂ
ਬੱਧਨੀ ਕਲਾਂ, 6 ਮਾਰਚ )-ਅੱਜ ਪੰਜਾਬ ਵਿਧਾਨ ਸਭਾ ਦੇ ਆਏ ਚੋਣ ਨਤੀਜਿਆਂ ਨੇ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੇ ਸਾਂਝੇ ਮੋਰਚੇ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਆਸਾਂ 'ਤੇ ਪਾਣੀ ਫੇਰਨ ਦੇ ਨਾਲ ਨਾਲ ਡੇਰਾਵਾਦ ਦੀ ਅਖੌਤੀ ਸ਼ਕਤੀ ਦੀਆਂ ਚੂਲਾਂ ਢਿੱਲੀਆਂ ਕਰਕੇ ਰੱਖ ਦਿੱਤੀਆਂ ਹਨ। ਇਨ੍ਹਾਂ ਚੋਣਾਂ ਵਿਚ ਡੇਰੇ ਦਾ ਸਮੱਰਥਨ ਪ੍ਰਾਪਤ ਕਰਨ ਵਾਲੇ ਵੱਡੀ ਗਿਣਤੀ ਵਿਚ ਉਮੀਦਵਾਰਾਂ ਨੂੰ ਜਿਥੇ ਚੋਣ ਹਾਰ ਕੇ ਮੂੰਹ ਦੀ ਖਾਣੀ ਪਈ ਉਥੇ ਜਥੇਦਾਰ ਤੋਤਾ ਸਿੰਘ ਵਰਗੇ ਕਈ ਉਮੀਦਵਾਰਾਂ ਨੇ ਡੇਰੇ ਅੱਗੇ ਝੁਕਣ ਤੋਂ ਇਨਕਾਰ ਕਰਨ ਦੇ ਬਾਵਜੂਦ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਵੱਲੋਂ ਵੋਟ ਸਮੱਰਥਨ ਲਈ ਡੇਰੇ ਦੇ ਮੁਖੀ ਦੇ ਦਰਬਾਰ ਕੀਤੀ ਪੁਕਾਰ ਕਾਰਨ ਮਿਲੇ ਸਮਰਥਨ ਦੇ ਬਾਵਜੂਦ ਅਕਾਲੀ ਦਲ ਬਾਦਲ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਲੈ ਗਿਆ। ਹੋਰ ਤਾਂ ਹੋਰ ਮਹਾਂਰਾਣੀ ਪ੍ਰਨੀਤ ਕੌਰ ਅਤੇ ਰਣਇੰਦਰ ਸਿੰਘ ਵੱਲੋਂ ਡੇਰੇ 'ਤੇ ਮਾਰੇ ਗੇੜੇ ਸਗੋਂ ਪੁੱਠੇ ਹੀ ਪੈ ਗਏ ਤੇ ਸਿੱਖ ਵੋਟਰਾਂ ਦੀ ਨਰਾਜ਼ਗੀ ਸੇਹੜਨ ਕਾਰਨ ਕਾਂਗਰਸ ਸਮਾਣਾ ਸੀਟ ਵੀ 6 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਈ। ਦੂਜੇ ਪਾਸੇ ਭਾਵੇਂ ਮਨਪ੍ਰੀਤ ਸਿੰਘ ਬਾਦਲ ਸਮੇਤ ਉਨ੍ਹਾਂ ਦੀ ਪਾਰਟੀ ਦੇ ਬਹੁਤੇ ਉਮੀਦਵਾਰਾਂ ਨੇ ਵੋਟ ਸਮਰਥਨ ਖਾਤਰ ਡੇਰੇ ਵਿਚ ਅਨੇਕਾਂ ਗੇੜੇ ਮਾਰੇ ਅਤੇ ਸੂਤਰਾਂ ਅਨੁਸਾਰ ਕਈ ਹਲਕਿਆਂ ਵਿਚ ਡੇਰੇਦਾਰ ਵੱਲੋਂ ਕੀਤੀ ਹਮਾਇਤ ਦੇ ਬਾਵਜੂਦ ਕੁੱਝ ਹੱਥ ਪੱਲੇ ਨਾ ਆਇਆ। ਹੋਰ ਤਾਂ ਹੋਰ ਖੁਦ ਮਨਪ੍ਰੀਤ ਬਾਦਲ ਦੋ ਥਾਵਾਂ ਤੋਂ ਚੋਣਾਂ ਲੜਨ ਦੇ ਬਾਵਜੂਦ ਅਸਫਲ ਰਿਹਾ ਤੇ ਉਨ੍ਹਾਂ ਦਾ ਪਿਤਾ ਲੰਬੀ ਹਲਕੇ ਵਿਚੋਂ ਤਿੰਨਾਂ ਬਾਦਲਾਂ ਵਿਚੋਂ ਫਾਂਡੀ ਰਿਹਾ। ਜਗਮੀਤ ਸਿੰਘ ਬਰਾੜ ਵੱਲੋਂ ਡੇਰੇ ਦੀਆਂ ਲਾਈਆਂ ਫੇਰੀਆਂ ਸਿੱਖ ਵੋਟਰਾਂ ਦੀਆਂ ਅੱਖਾਂ ਵਿਚ ਰੜਕਣ ਕਾਰਨ ਅਕਾਲੀ ਉਮੀਦਵਾਰ ਮਨਤਾਰ ਸਿੰਘ ਬਰਾੜ ਦੀ ਜਿੱਤ ਦਾ ਰਾਹ ਪੱਧਰਾ ਹੋ ਗਿਆ। ਡੇਰੇਦਾਰਾਂ ਦੀਆਂ ਅੱਖਾਂ ਵਿਚ ਰੜਕਣ ਵਾਲਾ ਤਲਵੰਡੀ ਸਾਬੋ ਦਾ ਕਾਂਗਰਸੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਲਗਾਤਾਰ ਤੀਸਰੀ ਵਾਰੀ ਜਿੱਤ ਹਾਸਲ ਕਰ ਗਿਆ ਜਦੋਂ ਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਬਾਬੇ ਦਾ ਕੁੜਮ ਹਰਮੋਹਿੰਦਰ ਜੱਸੀ ਖੁਦ 8000 ਵੋਟਾਂ ਦੇ ਭਾਰੀ ਫਰਕ ਨਾਲ ਚੋਣ ਹਾਰ ਗਿਆ। ਸੂਤਰਾਂ ਅਨੁਸਾਰ ਮੋਗਾ ਤੋਂ ਚੋਣ ਲੜਨ ਵਾਲੇ ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ ਨੇ ਵਰ੍ਹਦੇ ਮੀਂਹ ਵਿਚ ਵੀ ਬਾਬੇ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਝੋਲੀ ਵਿਚ ਹਾਰ ਹੀ ਪੱਲੇ ਪਈ। ਦੂਜੇ ਪਾਸੇ ਵੋਟਾਂ ਖਾਤਰ ਆਪਣੇ ਆਪ ਨੂੰ ਅਸੂਲਪ੍ਰਸਤ ਅਖਵਾਉਣ ਵਾਲੇ ਕੁੱਝ ਕਮਿਊਨਿਸਟ ਉਮੀਦਵਾਰਾਂ ਨੇ ਵੀ ਬਾਬੇ ਦੇ ਡੇਰੇ ਫੇਰੀਆਂ ਮਾਰ ਕੇ ਚੌਂਕੀ ਭਰੀ ਪ੍ਰੰਤੂ ਹਾਰ ਨੇ ਉਨ੍ਹਾਂ ਦਾ ਵੀ ਪਿੱਛਾ ਨਾ ਛੱਡਿਆ।
ਵਿਧਾਨ ਸਭਾ ਚੋਣਾਂ ਦੀ ਜਿੱਤ ਲੋਕ ਸਭਾ ਚੋਣਾਂ ਦਾ ਸੈਮੀ ਫਾਈਨਲ-ਢੀਂਡਸਾ
ਸੰਗਰੂਰ, 6 ਮਾਰਚ  - ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਵਧੀਆ ਹੁੰਗਾਰਾ ਦਿੱਤਾ ਹੈ ਅਤੇ ਕਾਂਗਰਸ ਨੂੰ ਲਗਾਤਾਰ ਦੂਸਰੀ ਵਾਰ ਰੱਦ ਕਰ ਕੇ ਸੂਬੇ ਦੇ ਹੋਰ ਵਿਕਾਸ ਲਈ ਹੰਬਲਾ ਮਾਰਿਆ ਹੈ। ਦਿੱਲੀ ਤੋਂ ਫੋਨ ਉਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਇਹ ਪੰਜਾਬ ਵਿਧਾਨ ਸਭਾ ਚੋਣਾਂ ਅਸਲ ਵਿਚ ਦੋ ਸਾਲ ਬਾਅਦ ਹੋਣ ਵਾਲੀਆਂ ਅਗਾਮੀ ਲੋਕ ਸਭਾ ਚੋਣਾਂ ਦਾ ਸੈਮੀ ਫਾਈਨਲ ਹਨ ਅਤੇ ਪੰਜਾਬ ਵਿਚੋਂ ਹੁਣ ਕਾਂਗਰਸ ਦਾ ਬਿਸਤਰਾ ਗੋਲ ਹੋਣ ਦਾ ਇਹ ਵਧੀਆ ਸੰਕੇਤ ਹੈ। ਜ਼ਿਲ੍ਹਾ ਸੰਗਰੂਰ ਦੀਆਂ 7 ਵਿਚੋਂ 5 ਸੀਟਾਂ ਉੱਤੇ ਅਕਾਲੀ ਉਮੀਦਵਾਰਾਂ ਦੇ ਜੇਤੂ ਰਹਿਣ ਬਾਰੇ ਉਨ੍ਹਾਂ ਕਿਹਾ ਕਿ ਇਥੋਂ ਦੇ ਲੋਕਾਂ ਨੇ ਜ਼ਿਲ੍ਹੇ ਦੇ ਹੋਏ ਵਿਕਾਸ ਨੂੰ ਸਮਰਥਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੋਡਿਆਂ ਦਾ ਆਪ੍ਰੇਸ਼ਨ ਹੋਣ ਕਾਰਨ ਸ. ਢੀਂਡਸਾ 15 ਮਾਰਚ ਤੱਕ ਦਿੱਲੀ ਵਿਖੇ ਆਰਾਮ ਕਰ ਰਹੇ ਹਨ ਅਤੇ ਫੋਨ 'ਤੇ ਹੀ ਉਨ੍ਹਾਂ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਵੀ ਦਿੱਤੀ ਹੈ।

ਸਰਕਾਰਾਂ ਜ਼ਹਿਰ ਵੇਚ ਕੇ ਪੈਸੇ ਕਮਾਉਣ ਦੀ ਥਾਂ ਸੱਚਾ
ਸੁੱਚਾ ਪ੍ਰਬੰਧ ਕਰਨ-ਗਿਆਨੀ ਗੁਰਬਚਨ ਸਿੰਘ

ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦਾ ਗੁਰਦੁਆਰਾ ਸਾਹਿਬ ਪਹੁੰਚਣ 'ਤੇ
ਬਾਬਾ ਗੁਰਦੀਪ ਸਿੰਘ ਸਨਮਾਨ ਕਰਦੇ ਹੋਏ। ਨਾਲ ਹਨ ਹੋਰ ਸੰਗਤਾਂ।
ਬਾਘਾ ਪੁਰਾਣਾ, 6 ਫਰਵਰੀ -ਮਾਲਵੇ ਦੇ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਸੱਚ ਖੰਡ ਵਾਸੀ ਬਾਬਾ ਨਛੱਤਰ ਸਿੰਘ ਵੱਲੋਂ ਅਰੰਭੀ ਪ੍ਰੰਪਰਾ ਨੂੰ ਅੱਗੇ ਤੋਰਦਿਆਂ ਹੋਇਆਂ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਹੇਠ 11 ਮਾਰਚ ਨੂੰ ਮਨਾਏ ਜਾ ਰਹੇ ਸਾਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ ਅੱਜ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਚੇਚੇ ਤੌਰ 'ਤੇ ਗੁਰਦੁਆਰਾ ਸਾਹਿਬ ਪੁੱਜੇ ਤੇ ਬਾਬਾ ਗੁਰਦੀਪ ਸਿੰਘ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਪਾਣੀ ਦੀ ਸੰਭਾਲ ਅਤੇ ਨਸ਼ੇ ਤੇ ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਨਸ਼ਿਆਂ ਸਦਕਾ ਤਬਾਹ ਹੋ ਰਹੀ ਨੌਜਵਾਨੀ, ਸਮਾਜ ਵਿਚ ਆ ਰਹੇ ਨਿਘਾਰ ਅਤੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਹੋਣੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਬਜਾਏ ਜ਼ਹਿਰ ਵੇਚ ਕੇ ਪੈਸਾ ਕਮਾਉਣ ਦੀ ਥਾਂ ਸੱਚਾ ਸਮੁੱਚਾ ਪ੍ਰਬੰਧ ਕਰਨ ਅਤੇਂ ਨੌਜਵਾਨ ਲੜਕੇ ਲੜਕੀਆਂ ਨੂੰ ਵੱਧ ਤੋਂ ਵੱਧ ਵਿੱਦਿਆ ਪ੍ਰਦਾਨ ਕਰਾਉਣ ਤਾਂ ਜੋ ਉਹ ਕਿਸੇ ਵੀ ਖੇਤਰ ਵਿਚ ਮੰਜ਼ਿਲ ਪ੍ਰਾਪਤ ਕਰ ਸਕਣ। ਉਨ੍ਹਾਂ ਪਿੰਡਾਂ ਵਿਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਦੇਣ ਵਾਲੀਆਂ ਪੰਚਾਇਤਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਲਈ 14 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਟਿਆਲਾ ਵਿਖੇ ਵੱਡੇ ਪੱਧਰ ਦਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਹਰਪਾਲ ਸਿੰਘ ਧਾਲੀਵਾਲ, ਗਿਆਨੀ ਗੁਰਦੀਪ ਸਿੰਘ, ਪ੍ਰਧਾਨ ਭੁਪਿੰਦਰ ਸਿੰਘ, ਕੁਲਵੀਰ ਸਿੰਘ ਕੋਠੇ ਪੱਤੀ ਮੁਹੱਬਤ, ਮੈਂਬਰ ਚਮਕੌਰ ਸਿੰਘ, ਚਮਕੌਰ ਸਿੰਘ ਇਟਲੀ, ਨਛੱਤਰ ਸਿੰਘ ਚੰਦ ਪੁਰਾਣਾ, ਸ਼ੇਰ ਸਿੰਘ ਚੰਦ ਪੁਰਾਣਾ, ਜੋਗਿੰਦਰ ਸਿੰਘ, ਅਮਰਜੀਤ ਸਿੰਘ, ਤਰਲੋਕ ਸਿੰਘ, ਦਰਸ਼ਨ ਸਿੰਘ, ਕਰਮ ਸਿੰਘ, ਦਵਿੰਦਰ ਸਿੰਘ ਕੋਟ ਕਰੋੜ ਵੀ ਹਾਜ਼ਰ ਸਨ।

ਬਾਬਾ ਹਰਨਾਮ ਸਿੰਘ ਵੱਲੋਂ ਜਿੱਤ ਦੀ ਸਮੂਹ ਪੰਥ ਨੂੰ ਵਧਾਈ
ਜਲੰਧਰ, 6 ਮਾਰਚ-ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਉੱਪਰ ਸਮੂਹ ਖਾਲਸਾ ਪੰਥ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਪੰਜਾਬੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਾਂਗਰਸ ਵਰਗੀ ਪੰਥ ਵਿਰੋਧੀ ਤਾਕਤ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਜਿਵੇਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ, ਸੰਤ ਸਮਾਜ ਤੇ ਸਿੱਖ ਸੰਪਰਦਾਵਾਂ ਨੇ ਮਿਲ ਕੇ ਮੁਹਿੰਮ ਚਲਾਏ ਤੇ ਵੱਡੀ ਸਫਲਤਾ ਹਾਸਿਲ ਕੀਤੀ ਸੀ, ਉਸੇ ਤਰ੍ਹਾਂ ਦਾ ਇਤਿਹਾਸ ਇਨ੍ਹਾਂ ਚੋਣਾਂ ਵਿਚ ਵੀ ਦੁਹਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਪੰਥ ਇਸੇ ਤਰ੍ਹਾਂ ਏਕਤਾ ਵਿਚ ਪਰੋ ਕੇ ਪੰਥ ਵਿਰੋਧੀ ਸ਼ਕਤੀਆਂ ਨੂੰ ਹਰ ਖੇਤਰ ਵਿਚ ਹਾਰ ਦੇਵੇਗਾ।

No comments:

Post a Comment