ਪੰਜਾਬ ਚੋਣ ਨਤੀਜਿਆਂ ਤੋਂ ਪ੍ਰਭਾਵਿਤ ਹੋਵੇਗਾ ਹਰਿਆਣਾ
ਹਿਸਾਰ- ਪੰਜਾਬ ਵਿਚ ਫਿਰ ਤੋਂ ਅਕਾਲੀ-ਭਾਜਪਾ ਗਠਜੋੜ ਨੂੰ ਬਹੁਮਤ ਹਾਸਿਲ ਹੋਣ ਦੇ ਬਾਅਦ ਇਸ ਦਾ ਪ੍ਰਭਾਵ ਗੁਆਂਢੀ ਰਾਜ ਹਰਿਆਣਾ 'ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ ਅਤੇ ਨਤੀਜਿਆਂ ਦੇ ਬਾਅਦ ਇੱਥੇ ਵੀ ਰਾਜਨੀਤਕ ਹਲਚਲ ਦਾ ਦੌਰ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਚੋਣ ਨਤੀਜਿਆਂ ਨੇ ਹਰਿਆਣਾ ਦੇ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਦਰਮਿਆਨ ਜ਼ਬਰਦਸਤ ਨਿਰਾਸ਼ਾ ਪੈਦਾ ਕਰ ਦਿੱਤੀ ਹੈ। ਉੱਥੇ ਹੀ ਇਹ ਨਤੀਜੇ ਯਕੀਨੀ ਤੌਰ 'ਤੇ ਹਰਿਆਣਾ ਦੇ ਮੁੱਖ ਵਿਰੋਧੀ ਧਿਰ ਇਨੈਲੋ ਦੇ ਨੇਤਾਵਾਂ ਅਤੇ ਵਰਕਰਾਂ ਵਿਚ ਨਵਾਂ ਜੋਸ਼ ਪੈਦਾ ਕਰ ਦਿੱਤਾ ਹੈ। ਇਨੈਲੋ ਦੇ ਨਾਲ-ਨਾਲ ਸੂਬੇ ਦੇ ਭਾਜਪਾ ਨੇਤਾਵਾਂ ਵਿਚ ਵੀ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਪੰਜਾਬ ਵਿਚ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਹੈ, ਜਦੋਂ ਕਿ ਹਰਿਆਣਾ ਵਿਚ ਭਾਜਪਾ ਦਾ ਗਠਜੋੜ ਹਜਕਾਂ ਨਾਲ ਹੈ ਪਰ ਫਿਰ ਵੀ ਬਾਦਲ ਅਤੇ ਚੌਟਾਲਾ ਪਰਿਵਾਰ ਦੇ ਰਿਸ਼ਤੇ ਆਪਸ ਵਿਚ ਕਾਫੀ ਗਹਿਰੇ ਹਨ। ਖੁਦ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਦੋਵਾਂ ਬੇਟਿਆਂ ਸਮੇਤ ਪਾਰਟੀ ਦੇ ਅਨੇਕ ਵੱਡੇ ਨੇਤਾਵਾਂ ਨੇ ਵੀ ਅਕਾਲੀ ਦਲ ਬਾਦਲ ਲਈ ਜਮ ਕੇ ਚੋਣ ਪ੍ਰਚਾਰ ਕੀਤਾ ਸੀ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਰਾਜਨੀਤੀ ਤੋਂ ਉੱਪਰ ਉੱਠ ਕੇ ਚੌਟਾਲਾ ਪਰਿਵਾਰ ਦਾ ਸਾਥ ਦਿੱਤਾ ਹੈ।
ਹੁਣ ਜਦੋਂ ਕਿ ਪੰਜਾਬ ਵਿਚ ਦੋਬਾਰਾ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਅਜਿਹੇ ਵਿਚ ਇਨੈਲੋ ਦੇ ਨਾਲ-ਨਾਲ ਸੂਬਾਈ ਭਾਜਪਾ ਨੇਤਾਵਾਂ ਵਿਚ ਵੀ ਖੁਸ਼ੀ ਆਲਮ ਹੈ। ਕੁਲ ਮਿਲਾ ਕੇ ਪੰਜਾਬ ਦੇ ਚੋਣ ਨਤੀਜਿਆਂ ਨੇ ਗੁਆਂਢੀ ਸੂਬੇ ਹਰਿਆਣਾ ਦੇ ਕਾਂਗਰਸੀਆਂ ਵਿਚ ਨਿਰਾਸ਼ਾ ਪੈਦਾ ਕੀਤੀ ਹੈ। ਦੂਸਰੇ ਪਾਸੇ ਇਨੈਲੋ ਤੇ ਭਾਜਪਾ ਨੇਤਾਵਾਂ ਤੇ ਵਰਕਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ।
No comments:
Post a Comment