ਭੱਠਲ ਤੇ ਕੈਪਟਨ 'ਚ ਸ਼ਬਦੀ ਜੰਗ ਭਖੀ
ਕੈਪਟਨ ਨੇ ਪਾਰਟੀ ਦੇ ਕਈ ਉਮੀਦਵਾਰਾਂ ਨੂੰ ਹਰਾਇਆ
ਚੰਡੀਗੜ੍ਹ, 2 ਅਪ੍ਰੈਲ -ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਲੈ ਕੇ ਰਾਜ ਦੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਿਚ ਛਿੜੀ ਖੁੱਲ੍ਹੀ ਸਿਆਸੀ ਜੰਗ ਹੁਣ ਸੀਨੀਅਰ ਆਗੂਆਂ ਤੱਕ ਪਹੁੰਚ ਗਈ ਹੈ। ਇਸ ਬਾਰੇ ਅੱਜ ਇਥੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਉਹ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਨ ਤੋਂ ਬਾਜ਼ ਆ ਜਾਣ, ਨਹੀਂ ਤਾਂ ਮੈਨੂੰ ਮਜਬੂਰੀ ਦੀ ਹਾਲਤ ਵਿਚ ਉਨ੍ਹਾਂ ਦੀਆਂ ਗਲਤੀਆਂ, ਨਾਕਾਮੀਆਂ ਅਤੇ ਗੈਰ ਜ਼ਿੰਮੇਦਾਰਾਨਾ ਸਰਗਰਮੀਆਂ ਦਾ ਖੁਲਾਸਾ ਕਰਨ ਲਈ ਮੈਦਾਨ ਵਿਚ ਉਤਰਨਾ ਪਵੇਗਾ। ਅੱਜ ਇਥੇ ਛੁੱਟੀ ਵਾਲੇ ਦਿਨ ਆਪਣੀ ਸਰਕਾਰੀ ਕੋਠੀ ਵਿਚ ਕੁਝ ਗਿਣੇ ਚੁਣੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ 'ਲਗਦਾ ਹੈ ਕਿ ਕੈਪਟਨ ਹੁਣ ਮਾਯੂਸੀ ਅਤੇ ਘਬਰਾਹਟ ਦੇ ਆਲਮ ਵਿਚ ਕਾਂਗਰਸ ਦੀ ਬੇੜੀ ਵਿਚਕਾਰ ਛੱਡ ਕੇ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਭੱਜ ਜਾਣ ਦੀਆਂ ਤਿਆਰੀਆਂ ਵਿਚ ਹਨ, ਪਰ ਮੈਂ ਅਤੇ ਪਾਰਟੀ ਵਰਕਰ ਉਨ੍ਹਾਂ ਨੂੰ ਭੱਜਣ ਨਹੀਂ ਦੇਵਾਂਗੇ।' ਆਪਣੀ ਲਗਭਗ ਇਕ ਘੰਟੇ ਦੀ ਇਸ ਗੱਲਬਾਤ ਦੌਰਾਨ ਬੀਬੀ ਭੱਠਲ ਨੇ ਗੰਭੀਰ ਦੋਸ਼ ਲਗਾਇਆ ਕਿ 14ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਕੈਪਟਨ ਅਮਰਿੰਦਰ ਸਿੰਘ ਦੀ ਹੈ, ਜਿਨ੍ਹਾਂ ਨੇ ਕਈ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਵਿਚ ਹਿੱਸਾ ਪਾਇਆ। ਇਸ ਸਬੰਧ ਵਿਚ ਉਨ੍ਹਾਂ ਲਗਭਗ ਇਕ ਦਰਜਨ ਕਾਂਗਰਸੀ ਉਮੀਦਵਾਰਾਂ ਦੇ ਨਾਂਅ ਵੀ ਲਏ। ਬੀਬੀ ਭੱਠਲ ਨੇ ਇਹ ਮੰਗ ਵੀ ਕੀਤੀ ਕਿ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਕਰੋੜਾਂ ਰੁਪਏ ਦੇ ਫੰਡ ਮਿਲੇ ਤੇ ਫੰਡ ਇਕੱਠੇ ਵੀ ਕੀਤੇ ਗਏ। ਲਿਹਾਜ਼ਾ ਕੈਪਟਨ ਨੂੰ ਚਾਹੀਦਾ ਕਿ ਉਹ ਸਪੱਸ਼ਟੀਕਰਨ ਦੇ ਕੇ ਕਾਂਗਰਸ ਪਾਰਟੀ ਤੇ ਪੰਜਾਬ ਦੀ ਜਨਤਾ ਦੇ ਸਾਹਮਣੇ ਲੇਖਾ-ਜੋਖਾ ਪੇਸ਼ ਕਰੇ। ਉਨ੍ਹਾਂ ਨੇ ਕਿਹਾ ਕਿ ਬਿਹਤਰ ਇਹੀ ਰਹੇਗਾ ਕਿ ਕੈਪਟਨ ਪ੍ਰਦੇਸ਼ ਕਾਂਗਰਸ ਦੀ ਕਾਰਜਕਾਰਨੀ, ਅਹੁਦੇਦਾਰਾਂ ਜਾਂ ਜਨਰਲ ਬਾਡੀ ਦੀ ਮੀਟਿੰਗ ਬੁਲਾ ਕੇ ਨਾ ਕੇਵਲ ਇਕੱਠੇ ਕੀਤੇ ਗਏ ਫੰਡ ਦਾ ਹਿਸਾਬ ਕਿਤਾਬ ਦੇਣ ਬਲਕਿ ਇਹ ਵੀ ਦੱਸਣ ਕਿ ਉਨ੍ਹਾਂ ਨੇ ਪਾਰਟੀ ਦਾ ਪ੍ਰਧਾਨ ਹੁੰਦੇ ਹੋਏ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਤੇ ਫੰਡ ਕਿਥੋਂ-ਕਿਥੋਂ ਆਏ ਤੇ ਕਿਥੇ ਖ਼ਰਚ ਕੀਤੇ ਗਏ? ਉਨ੍ਹਾਂ ਕਿਹਾ ਕਿ ਕੈਪਟਨ ਆਪ ਤਾਂ ਕਾਂਗਰਸੀ ਵਰਕਰਾਂ ਨੂੰ ਇਹ ਕਹਿ ਰਹੇ ਹਨ ਕਿ ਉਹ ਪ੍ਰੈੱਸ ਵਿਚ ਨਾ ਜਾਣ, ਪਰ ਦੁੱਖ ਦੀ ਗੱਲ ਹੈ ਕਿ ਉਹ ਆਪ ਖੁੱਲ੍ਹੇਆਮ ਬਿਆਨਬਾਜ਼ੀ ਕਰਕੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰ ਰਹੇ ਹਨ। ਇਹ ਜਾਨਣਾ ਚਾਹੀਦਾ ਹੈ ਕਿ ਆਖਰਕਾਰ ਕੀ ਕਾਰਨ ਹਨ ਕਿ ਕੈਪਟਨ ਝੂਠੀ ਬਿਆਨਬਾਜ਼ੀ ਕਰਕੇ ਪਾਰਟੀ ਵਿਚ ਮਾਯੂਸੀ ਕਿਉਂ ਫੈਲਾ ਰਹੇ ਹਨ? ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਨਗਰ ਪਾਲਿਕਾਵਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਲੜਨ ਦੀ ਤਿਆਰੀ ਕਰਨ। ਉਨ੍ਹਾਂ ਇਸ ਗੱਲ 'ਤੇ ਦੁੱਖ ਪ੍ਰਗਟਾਇਆ ਕਿ ਕੈਪਟਨ ਸਾਬਕਾ ਕਾਂਗਰਸੀ ਵਿਧਾਇਕ ਸੰਨੀ ਬਰਾੜ ਦੇ ਮੁਕਤਸਰ ਵਿਚ ਹੋਏ ਅੰਤਿਮ ਅਰਦਾਸ ਦੇ ਸ਼ੋਕ ਸਮਾਗਮ ਵਿਚ ਵੀ ਸ਼ਾਮਿਲ ਨਾ ਹੋਏ। ਇਥੇ ਹੀ ਬੱਸ ਨਹੀਂ ਕਿ ਉਹ ਦੋ ਦਿਨ ਪਹਿਲਾਂ ਗੁਰਦਾਸਪੁਰ ਵਿਚ ਹੋਈ ਮੁੱਠਭੇੜ ਵਿਚ ਗੋਲੀ ਦਾ ਸ਼ਿਕਾਰ ਹੋਏ ਇਕ ਨੌਜਵਾਨ ਦੀ ਹੋਈ ਮੌਤ ਸਮੇਂ ਵੀ ਪਾਰਟੀ ਪ੍ਰਧਾਨ ਦੇ ਨਾਤੇ ਮੌਕੇ 'ਤੇ ਨਹੀਂ ਪਹੁੰਚੇ। ਦੁੱਖ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਦੇ ਇਹ ਚੋਣਾਂ ਹਾਰ ਜਾਣ ਤੋਂ ਪਿੱਛੋਂ ਕੈਪਟਨ ਨੇ ਚੰਡੀਗੜ੍ਹ ਤੇ ਕਈ ਹੋਰ ਥਾਵਾਂ 'ਤੇ ਮਹਿਫਲਾਂ ਵਿਚ ਜਾਣਾ ਜ਼ਰੂਰੀ ਸਮਝਿਆ, ਜਿਸ ਤੋਂ ਕਾਂਗਰਸੀ ਵਰਕਰ ਹੈਰਾਨ ਤੇ ਪ੍ਰੇਸ਼ਾਨ ਹੋ ਕੇ ਰਹਿ ਗਏ ਹਨ। ਮੁਸਕਰਾਉਂਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਤਾਂ ਕੈਪਟਨ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀਆਂ ਗਲਤੀਆਂ ਤੇ ਨਾਕਾਮੀਆਂ ਦੇ ਕਾਰਨ ਕਈ ਕਾਂਗਰਸੀ ਉਮੀਦਵਾਰ ਹਾਰੇ ਹਨ। ਇਕ ਸੁਆਲ ਦੇ ਉੱਤਰ ਵਿਚ ਬੀਬੀ ਭੱਠਲ ਨੇ ਕਿਹਾ ਕਿ ਮੈਨੂੰ ਅੱਜ ਖੁੱਲ੍ਹ ਕੇ ਮਜਬੂਰੀ ਦੀ ਹਾਲਤ ਵਿਚ ਪ੍ਰੈੱਸ ਵਿਚ ਜਾਣਾ ਪਿਆ ਕਿਉਂਕਿ ਕੈਪਟਨ ਨੇ ਝੂਠ ਬੋਲ ਕੇ ਕਈ ਕਾਂਗਰਸੀ ਆਗੂਆਂ ਦੀ ਆਲੋਚਨਾ ਕੀਤੀ ਹੈ, ਜਿਸ ਵਿਚ ਮੇਰਾ ਨਾਂਅ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕੈਪਟਨ ਦੇ ਇਸ ਬਿਆਨ ਨੂੰ ਕੋਰਾ ਝੂਠ ਕਰਾਰ ਦਿੱਤਾ ਕਿ ਮੈਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ 10 ਉਮੀਦਵਾਰਾਂ ਨੂੰ ਕਾਂਗਰਸ ਦੀਆਂ ਟਿਕਟਾਂ ਦਿਵਾਈਆਂ ਜਿਨ੍ਹਾਂ ਵਿਚੋਂ ਕੇਵਲ 2 ਹੀ ਜਿੱਤ ਸਕੇ। ਬੀਬੀ ਭੱਠਲ ਦੇ ਸ਼ਬਦਾਂ ਅਨੁਸਾਰ ਮੈਂ 13 ਟਿਕਟਾਂ ਦਿਵਾਈਆਂ ਜਿਨ੍ਹਾਂ ਵਿਚੋਂ 9 ਕਾਂਗਰਸੀ ਸਫਲ ਹੋ ਗਏ। ਇਸ ਸਬੰਧ ਵਿਚ ਉਨ੍ਹਾਂ ਜਿੱਤਣ ਤੇ ਹਾਰਨ ਵਾਲੇ ਕਾਂਗਰਸੀ ਉਮੀਦਵਾਰਾਂ ਦੇ ਵਿਸਥਾਰਪੂਰਵਕ ਨਾਂਅ ਵੀ ਦੱਸੇ। ਇਥੇ ਹੀ ਬੱਸ ਨਹੀਂ ਉਨ੍ਹਾਂ ਨੇ ਉਨ੍ਹਾਂ ਕਾਂਗਰਸੀ ਉਮੀਦਵਾਰਾਂ ਦੇ ਨਾਂਅ ਵੀ ਦੱਸੇ ਜਿਨ੍ਹਾਂ ਨੂੰ ਕੈਪਟਨ ਜਾਂ ਉਨ੍ਹਾਂ ਦੇ ਸਮਰਥਕਾਂ ਹਰਾਇਆ। ਇਕ ਹੋਰ ਸਵਾਲ ਦੇ ਜੁਆਬ ਵਿਚ ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੂੰ ਚਾਹੀਦਾ ਹੈ ਕਿ ਉਹ ਕੈਪਟਨ ਨੂੰ ਹੁਣ ਪਾਰਟੀ ਦੀ ਪ੍ਰਧਾਨਗੀ ਤੋਂ ਨਾ ਉਤਾਰੇ। ਉਨ੍ਹਾਂ ਕਿਹਾ ਕਿ ਮੈਂ 14ਵੀਂ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਨਿਕਲਣ ਤੋਂ ਬਾਅਦ ਆਪ ਦਿੱਲੀ ਜਾ ਕੇ ਕਾਂਗਰਸ ਹਾਈਕਮਾਨ ਨੂੰ ਪੇਸ਼ਕਸ਼ ਕੀਤੀ ਕਿ ਮੈਨੂੰ ਹੁਣ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਕਾਂਗਰਸੀ ਵਰਕਰਾਂ ਤੋਂ ਲੁਕ-ਛੁਪ ਕੇ ਨਹੀਂ ਰਹਿਣਾ ਚਾਹੀਦਾ ਬਲਕਿ ਉਨ੍ਹਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੋਣਾ ਚਾਹੀਦਾ ਹੈ। ਬੀਬੀ ਭੱਠਲ ਦੇ ਸ਼ਬਦਾਂ ਅਨੁਸਾਰ ਕਾਂਗਰਸੀ ਵਰਕਰ ਮਾਯੂਸੀ ਦੇ ਆਲਮ ਵਿਚ ਹੁਣ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਕੋਲ ਜਾ ਕੇ ਝੁਕ ਰਹੇ ਹਨ ਕਿ ਸਾਡੇ ਵਿਰੁੱਧ ਦਰਜ ਕੀਤੇ ਕੇਸ ਵਾਪਸ ਲਏ ਜਾਣ। ਮੈਂ ਕੈਪਟਨ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਹੁਣ ਚੁੱਪ ਕਿਉਂ ਬੈਠੇ ਹਨ? ਉਨ੍ਹਾਂ ਇਹ ਮੰਗ ਵੀ ਕੀਤੀ ਕਿ ਕੈਪਟਨ ਆਪਣੀ ਡੁਬਈ ਤੇ ਹੋਰ ਥਾਵਾਂ 'ਤੇ ਜਾਇਦਾਦਾਂ ਦੇ ਵੇਰਵੇ ਜਨਤਾ ਦੇ ਸਾਹਮਣੇ ਰੱਖਣ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਕੇ ਪਾਰਟੀ ਦਾ ਅਨੁਸ਼ਾਸਨ ਭੰਗ ਨਾ ਕਰਨ ਤੇ ਇੱਜ਼ਤ ਨਾਲ ਰਾਜਨੀਤੀ ਤੋਂ ਸੇਵਾ-ਮੁਕਤੀ ਲੈ ਲੈਣ। ਕੈਪਟਨ ਨੇ ਪਾਰਟੀ ਦੇ ਕਈ ਉਮੀਦਵਾਰਾਂ ਨੂੰ ਹਰਾਇਆ
ਜਦੋਂ ਭੱਠਲ ਨੇ ਕੈਪਟਨ ਨੂੰ ਰੱਖੜੀ ਬੰਨ੍ਹਣ
ਤੋਂ ਇਨਕਾਰ ਕਰ ਦਿੱਤਾ
ਚੰਡੀਗੜ੍ਹ, 2 ਅਪ੍ਰੈਲ -ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਅੱਜ ਇਥੇ ਇਹ ਦਿਲਚਸਪ ਤੇ ਸਨਸਨੀਖੇਜ਼ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਇਕ ਭੈਣ ਦੇ ਤੌਰ 'ਤੇ ਕੈਪਟਨ ਨੂੰ ਰੱਖੜੀ ਬੰਨ੍ਹਣ ਤੋਂ ਇਨਕਾਰ ਕਰ ਦਿੱਤਾ। ਅੱਜ ਇਥੇ ਕੁਝ ਇਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਰੱਖੜੀ ਦਾ ਤਿਉਹਾਰ ਭੈਣ ਤੇ ਭਰਾ ਲਈ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਬੀਬੀ ਭੱਠਲ ਦੇ ਸ਼ਬਦਾਂ ਅਨੁਸਾਰ ''ਕੈਪਟਨ ਅਮਰਿੰਦਰ ਸਿੰਘ ਝੂਠਾ ਸਿਆਸਤਦਾਨ ਹੈ। ਲਿਹਾਜ਼ਾ ਮੈਂ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਤੋਂ ਸਾਫ ਇਨਕਾਰ ਕਰ ਦਿੱਤਾ ਜਦੋਂ ਕਿ ਉਹ 2 ਘੰਟੇ ਤੱਕ ਮੇਰੀ ਕੋਠੀ ਵਿਚ ਬੈਠੇ ਰਹੇ।'' ਤੋਂ ਇਨਕਾਰ ਕਰ ਦਿੱਤਾ
ਕੀ ਮੈਂ ਮੁੱਖ ਮੰਤਰੀ ਨਹੀਂ ਸੀ ਬਣਨਾ ਚਾਹੁੰਦਾ?
ਚੰਡੀਗੜ੍ਹ, 2 ਅਪ੍ਰੈਲ )-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਉਨ੍ਹਾਂ ਦਾਨੀਆਂ ਦੀ ਜਾਣਕਾਰੀ ਦੇਣ ਨੂੰ ਕਿਹਾ ਹੈ, ਜਿਨ੍ਹਾਂ ਵੱਲੋਂ ਉਹ ਪਾਰਟੀ ਨੂੰ 500 ਕਰੋੜ ਰੁਪਏ ਦੇਣ ਦਾ ਦਾਅਵਾ ਕਰ ਰਹੀ ਹਨ, ਤਾਂ ਕਿ ਇਸ ਨੂੰ ਜਾਂਚਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੋਲ ਭੇਜਿਆ ਜਾ ਸਕੇ। ਉਨ੍ਹਾਂ ਨੇ ਬੀਬੀ ਭੱਠਲ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ, ਜਿਸ 'ਚ ਕੇਵਲ ਉਨ੍ਹਾਂ ਨੂੰ ਪਾਰਟੀ ਦੀ ਹਾਰ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ। ਉਨ੍ਹਾਂ ਨੇ ਬੀਬੀ ਭੱਠਲ ਤੋਂ ਪੁੱਛਿਆ ਕਿ ਜੇਕਰ ਉਨ੍ਹਾਂ ਦੇ ਦੋਸ਼ ਠੀਕ ਹਨ, ਤਾਂ ਫਿਰ ਉਹ ਆਪਣੇ ਉਮੀਦਵਾਰਾਂ ਨੂੰ ਕਿਉਂ ਨਹੀਂ ਜਿਤਾ ਸਕੇ? ਉਨ੍ਹਾਂ ਨੇ ਬੀਬੀ ਭੱਠਲ ਦੇ ਇਨ੍ਹਾਂ ਦੋਸ਼ਾਂ ਨੂੰ ਵੀ ਤਰਕਹੀਣ ਕਰਾਰ ਦਿੱਤਾ ਕਿ ਉਨ੍ਹਾਂ ਨੇ ਪਾਰਟੀ ਉਮੀਦਵਾਰਾਂ ਨੂੰ ਹਰਾਇਆ, ਜਦੋਂਕਿ ਉਹ ਖੁਦ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਸਨ ਤੇ ਉਨ੍ਹਾਂ ਲਈ ਕਾਂਗਰਸ ਦੀ ਹਰੇਕ ਸੀਟ ਮਹੱਤਵਪੂਰਨ ਸੀ। ਉਨ੍ਹਾਂ ਬੀਬੀ ਭੱਠਲ ਨੂੰ ਪੁੱਛਿਆ ਕਿ ਕੀ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਸੀ। ਕੈਪਟਨ ਨੇ ਬੀਬੀ ਭੱਠਲ ਦੇ ਦੋਸ਼ਾਂ ਕਿ ਉਨ੍ਹਾਂ ਨੇ ਅਕਾਲੀਆਂ ਦੇ ਖਿਲਾਫ ਦੁਸ਼ਮਣੀ ਦੀ ਸਿਆਸਤ ਸ਼ੁਰੂ ਕੀਤੀ ਤੇ ਹੁਣ ਅਕਾਲੀਆਂ ਦੇ ਨਾਲ ਹੱਥ ਮਿਲਾ ਚੁੱਕੇ ਹਨ 'ਤੇ ਤਿੱਖੀ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਹੜਾ ਕਿਸਦੇ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚੰਗਾ ਹੈ ਕਿ ਬੀਬੀ ਭੱਠਲ ਨੇ ਆਖਿਰਕਾਰ ਅਕਾਲੀਆਂ ਦੀ ਜੁਬਾਨ ਲੋਕਾਂ ਦੇ ਵਿੱਚ ਬੋਲ ਦਿੱਤੀ, ਜਿਸ ਨੇ ਲੋਕਾਂ ਦੇ ਦਿਮਾਗ 'ਚ ਬੱਚੇ ਸ਼ੱਕ ਨੂੰ ਵੀ ਦੂਰ ਕਰ ਦਿੱਤਾ ਹੈ। ਉਨ੍ਹਾਂ ਦੀ ਇਸੇ ਨੀਤੀ ਨੇ ਲੋਕਾਂ 'ਚ ਉਨ੍ਹਾਂ ਦੇ ਅਕਾਲੀਆਂ ਨਾਲ ਰਿਸ਼ਤਿਆਂ ਬਾਰੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾਂ ਪੁੱਛਿਆ ਕਿ ਕੀ ਬੀਬੀ ਭੱਠਲ ਇਹ ਕਹਿਣਾ ਚਾਹੁੰਦੇ ਹਨ ਕਿ ਮੇਰੇ ਵਿੱਚ ਅਕਾਲੀਆਂ ਤੋਂ ਬਦਲਾ ਲੈਣ ਦੀ ਸੋਚ ਤੋਂ ਉਲਟ ਅਕਾਲੀਆਂ ਵੱਲੋਂ ਕਾਂਗਰਸੀ ਵਰਕਰਾਂ ਦੇ ਖਿਲਾਫ 50000 ਕੇਸ ਦਰਜ ਕਰਨਾ ਇਨਸਾਫ ਹੈ? ਉਨ੍ਹਾਂ ਨੇ ਕਿਹਾ ਕਿ ਬੀਬੀ ਭੱਠਲ ਨੇ ਮੇਰੇ ਖਿਲਾਫ ਅਕਾਲੀਆਂ ਦੇ ਦੋਸ਼ਾਂ ਦਾ ਸਮਰਥਨ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਪਾਸੋਂ ਬੋਲਣ ਦੇ ਅਧਿਕਾਰ ਨੂੰ ਇਕ ਤਰ੍ਹਾਂ ਨਾਲ ਖੋਹ ਲਿਆ ਹੈ।
ਨਵੀਂ ਦਿੱਲੀ, 2 ਅਪ੍ਰੈਲ -ਕੇਂਦਰੀ ਮੰਤਰੀਆਂ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨਾ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਨੂੰ ਮਹਿੰਗਾ ਪੈ ਸਕਦਾ ਹੈ। ਕੇਂਦਰੀ ਮੰਤਰੀ ਵੀਰਭੱਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। 25 ਮਾਰਚ ਨੂੰ ਜੰਤਰ-ਮੰਤਰ 'ਤੇ ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਦੀ ਇਕ ਦਿਨ ਦੀ ਭੁੱਖ ਹੜਤਾਲ ਦੌਰਾਨ ਅਰਵਿੰਦ ਕੇਜਰੀਵਾਲ ਨੇ 14 ਮੰਤਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਸਨ। ਕੇਜਰੀਵਾਲ ਨੇ ਵੀਰਭੱਦਰ ਸਿੰਘ ਖਿਲਾਫ ਵੀ ਇਲਜ਼ਾਮ ਲਗਾਏ ਸਨ। ਉਨ੍ਹਾਂ ਨੇ 27 ਮਾਰਚ ਨੂੰ ਕੇਜਰੀਵਾਲ ਨੂੰ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਿਹਾ ਸੀ। ਮੁਆਫੀ ਨਾ ਮੰਗਣ 'ਤੇ ਵੀਰਭੱਦਰ ਸਿੰਘ ਨੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਸੀ।
ਮੁੰਬਈ, 2 ਅਪ੍ਰੈਲ- ਸੂਤਰਾਂ ਨੇ ਦੱਸਿਆ ਕਿ ਫਿਲਮ ਉਦਯੋਗ ਦੀ ਸਭ ਤੋਂ ਵੱਧ ਪੈਸੇ ਲੈਣ ਵਾਲੀ ਅਦਾਕਾਰਾ ਕੈਟਰੀਨਾ ਕੈਫ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ। ਪਤਾ ਲੱਗਾ ਕੈਟਰੀਨਾ ਨੇ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਉਹ ਇਸ ਨੂੰ ਮੁੱਦਾ ਨਹੀਂ ਬਣਾਉਣਾ ਚਾਹੁੰਦੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਉਹ ਇਕ ਬਾਈਕ 'ਤੇ ਬੈਠੀ ਸੀ ਤੇ ਬਾਈਕ ਦਾ ਗਰਮ ਸਲੰਸਰ ਉਸ ਦੀ ਚਮੜੀ ਨੂੰ ਛੋਹ ਗਿਆ। ਇਸ ਦੇ ਬਾਵਜ਼ੂਦ ਉਸ ਨੇ ਸ਼ੂਟਿੰਗ ਜਾਰੀ ਰੱਖੀ ਤੇ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਹੀ ਡਾਕਟਰ ਕੋਲ ਗਈ।
ਮਾਮਲਾ ਰੱਖਿਆ ਮੰਤਰਾਲੇ ਦੇ ਅਧਿਕਾਰੀ ਦੀ ਮੌਤ ਦਾ
ਘਰ 'ਚੋਂ ਮਿਲੇ ਪੱਤਰ ਨਾਲ ਜਾਂਚ 'ਚ ਆਇਆ ਅਹਿਮ ਮੋੜ
ਨਵੀਂ ਦਿੱਲੀ, 2 ਅਪ੍ਰੈਲ - ਦੋ ਦਿਨ ਪਹਿਲਾਂ ਰੱਖਿਆ ਮੰਤਰਾਲੇ ਦੇ ਅਧਿਕਾਰੀ 42 ਸਾਲਾ ਕੁਮਾਰ ਯਸ਼ਕਰ ਸਿਨਹਾ ਅਤੇ ਉਨ੍ਹਾਂ ਦੀ 34 ਸਾਲਾ ਪਤਨੀ ਅਰਚਨਾ ਸ਼ਰਮਾ ਦੀ ਹੋਈ ਮੌਤ ਨਾਲ ਸਬੰਧਿਤ ਪੁਲਿਸ ਨੂੰ ਅਜੇ ਤਕ ਕੋਈ ਵੀ ਸਬੂਤ ਹੱਥ ਨਹੀਂ ਲੱਗਾ। ਯਸ਼ਕਰ ਦੇ ਭਰਾ ਪੁਸ਼ਕਰ ਸਿਨਹਾ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਯਸ਼ਕਰ ਉਨ੍ਹਾਂ ਨੂੰ ਮਿਲਣ ਲਈ ਲਖਨਊ ਆਇਆ ਸੀ ਅਤੇ ਉਹ ਕੰਮ ਦਾ ਬਹੁਤ ਦਬਾਅ ਹੋਣ ਬਾਰੇ ਦੱਸ ਰਿਹਾ ਸੀ। ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਉਹ ਆਪਣੀ ਭੈਣ ਨੂੰ ਵੀ ਮਿਲਿਆ ਸੀ। ਦੱਸਿਆ ਜਾਂਦਾ ਹੈ ਕਿ ਜਾਂਚ ਦੌਰਾਨ ਅਧਿਕਾਰੀਆਂ ਨੂੰ ਕਲ ਯਸ਼ਕਰ ਦੇ ਘਰੋਂ ਇਕ ਹਰੇ ਰੰਗ ਦੇ ਲਿਫਾਫੇ 'ਚ ਬੰਦ ਇਕ ਪੱਤਰ ਮਿਲਿਆ ਹੈ ਜਿਸ 'ਚ ਉਨ੍ਹਾਂ ਦੋ ਅਧਿਕਾਰੀਆਂ ਦੇ ਨਾਂਅ ਲਿਖੇ ਹੋਏ ਹਨ ਜਿਨ੍ਹਾਂ 'ਤੇ ਦੋਸ਼ ਹੈ ਕਿ ਉਹ ਯਸ਼ਕਰ 'ਤੇ ਕੰਮ ਦਾ ਦਬਾਅ ਬਣਾਉਂਦੇ ਸਨ। ਇਸ ਪੱਤਰ ਨਾਲ ਮਾਮਲੇ ਦੀ ਜਾਂਚ ਨੂੰ ਦਿਸ਼ਾ ਮਿਲ ਸਕਦੀ ਹੈ। ਅਜੇ ਤਕ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਕੋਈ ਸਮੱਸਿਆ ਨਹੀਂ ਸੀ ਇਸ ਲਈ ਖਰਾਬ ਰਿਸ਼ਤੇ ਨੂੰ ਮੌਤ ਦਾ ਕਾਰਨ ਨਹੀਂ ਮੰਨਿਆਂ ਜਾ ਰਿਹਾ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੌਤਾਂ ਪਿੱਛੇ ਜ਼ਰੂਰ ਕੋਈ ਸਾਜ਼ਿਸ਼ ਹੈ। ਦਿੱਲੀ ਪੁਲਿਸ ਯਸ਼ਕਰ ਦੇ ਨਾਲ ਕੰਮ ਕਰਨ ਵਾਲੇ ਸਹਿਯੋਗੀਆਂ ਤੋਂ ਪੁੱਛਗਿਛ ਕਰ ਰਹੀ ਹੈ।ਘਰ 'ਚੋਂ ਮਿਲੇ ਪੱਤਰ ਨਾਲ ਜਾਂਚ 'ਚ ਆਇਆ ਅਹਿਮ ਮੋੜ
No comments:
Post a Comment