Monday, 2 April 2012


ਜਥੇ: ਗੁਰਚਰਨ ਸਿੰਘ ਟੌਹੜਾ ਦੀ 8ਵੀਂ ਬਰਸੀ ਮੌਕੇ ਰਾਜ
ਪੱਧਰੀ ਸ਼ਰਧਾਂਜਲੀ ਸਮਾਗਮ

ਬਾਦਲ ਵੱਲੋਂ ਆਗਾਮੀ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਹਰਾਉਣ ਦਾ ਸੱਦਾ


ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 8ਵੀਂ ਬਰਸੀ ਮੌਕੇ ਕਰਵਾਏ ਸਮਾਗਮ ਦੌਰਾਨ
ਮੰਚ 'ਤੇ ਬੈਠੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਰਮੇਲ ਸਿੰਘ
ਟੌਹੜਾ ਤੇ ਹੋਰ।
ਟੌਹੜਾ (ਭਾਦਸੋਂ) 2 ਅਪ੍ਰੈਲ - ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਦੇ ਲੋਕਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਰਾਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਕੇਂਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਦੀ ਸਰਕਾਰ ਕਾਇਮ ਕੀਤੇ ਤੋਂ ਬਿਨਾਂ ਪੰਜਾਬ ਨੂੰ ਤਰੱਕੀ ਦੀ ਅਗਲੇਰੀ ਮੰਜ਼ਿਲ 'ਤੇ ਨਹੀਂ ਲਿਜਾਇਆ ਜਾ ਸਕਦਾ। ਮੁੱਖ ਲੰਮਾ ਸਮਾਂ ਆਪਣੇ ਸਹਿਯੋਗੀ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅੱਠਵੀਂ ਬਰਸੀ ਮੌਕੇ ਅੱਜ ਅਨਾਜ ਮੰਡੀ ਟੌਹੜਾ ਵਿਖੇ ਕਰਵਾਏ ਗਏ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਕਾਂਗਰਸ ਪਾਰਟੀ ਨੂੰ ਪੰਜਾਬ ਦਾ ਦੁਸ਼ਮਣ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪਾਰਟੀ ਵੱਲੋਂ ਸੂਬੇ ਨਾਲ ਲੰਮੇ ਸਮੇਂ ਤੋਂ ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਖੇਤਰ ਵਿੱਚ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕਾਂਗਰਸ ਵੱਲੋਂ ਕੀਤੇ ਗਏ ਮਤਰੇਈ ਮਾਂ ਵਾਲੇ ਸਲੂਕ ਕਾਰਨ ਹੀ ਕਿਸੇ ਸਮੇਂ ਮੁਲਕ ਦਾ ਸਭ ਤੋਂ ਬਿਹਤਰੀਨ ਮੰਨਿਆ ਜਾਣ ਵਾਲਾ ਸੂਬਾ ਤਰੱਕੀ ਦੇ ਕਈ ਖੇਤਰਾਂ ਵਿੱਚ ਪੱਛੜ ਗਿਆ ਸੀ, ਇਹ ਤਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਦੂਰ-ਦ੍ਰਿਸ਼ਟੀ ਸੋਚ ਹੀ ਸੀ ਜਿਸ ਸਦਕਾ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ 'ਤੇ ਤੋਰਿਆ ਜਾ ਸਕਿਆ ਹੈ। ਸ: ਬਾਦਲ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਕਿਸਮ ਦੇ ਵਿਕਾਸ ਕਾਰਜਾਂ ਦੀ ਕੋਈ ਥੁੜ ਨਹੀਂ ਰਹਿਣ ਦਿੱਤੀ ਜਾਵੇਗੀ, ਪਰ ਇਸ ਲਈ ਸਭ ਤੋਂ ਵੱਡੀ ਲੋੜ ਸੂਬੇ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਫ਼ਿਰਕੂ ਇਕਸੁਰਤਾ ਨੂੰ ਕਾਇਮ ਰੱਖਣ ਦੀ ਹੈ। ਪੰਜਾਬ ਵਿੱਚ ਮੁੜ ਅਕਾਲੀ-ਭਾਜਪਾ ਸਰਕਾਰ ਬਣਾਉਣ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਬਣਨ ਨਾਲ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਅਤੇ ਸਾਰੀਆਂ ਸਰਕਾਰੀ ਸਕੀਮਾਂ ਦੇ ਠੀਕ ਢੰਗ ਨਾਲ ਲਾਗੂ ਹੋਣ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਵੀ ਪਾਰਟੀ ਆਗੂਆਂ ਅਤੇ ਸਰਗਰਮ ਵਰਕਰਾਂ ਦੇ ਮੋਢਿਆਂ 'ਤੇ ਆ ਗਈ ਹੈ। ਜਥੇ: ਟੌਹੜਾ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਵਿੱਦਿਅਕ ਖੇਤਰ 'ਚ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜਥੇ: ਟੌਹੜਾ ਆਪਣੇ ਆਖ਼ਰੀ ਸਾਹ ਤੱਕ ਲੋਕਾਂ ਨਾਲ ਜੁੜੇ ਰਹੇ। ਜਥੇ: ਟੌਹੜਾ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸ: ਬਲਵਿੰਦਰ ਸਿੰਧ ਭੂੰਦੜ ਨੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਦਾ ਤਖ਼ਤਾ ਉਲਟ ਜਾਣ ਨੂੰ ਯਕੀਨੀ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਹੋਈ ਜਿੱਤ ਨੇ ਪੂਰੇ ਮੁਲਕ ਦੀ ਸਿਆਸੀ ਫ਼ਿਜ਼ਾ ਬਦਲ ਕੇ ਰੱਖ ਦਿੱਤੀ ਹੈ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਸ: ਮਹੇਸ਼ਇੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਅਜੈਬ ਸਿੰਘ ਮੁਖਮੈਲਪੁਰ ਨੇ ਆਈਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਜਦਕਿ ਸ: ਹਰਮੇਲ ਸਿੰਘ ਟੌਹੜਾ ਨੇ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ਼ਰਧਾਂਜਲੀ ਸਮਾਗਮ ਦੀ ਸਮਾਪਤੀ 'ਤੇ ਅਰਦਾਸ ਕੀਤੀ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਥੇ: ਤਰਲੋਚਨ ਸਿੰਘ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਵਿਧਾਇਕ ਘਨੌਰ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਤੇ ਸੁਰਜੀਤ ਸਿੰਘ ਕੋਹਲੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ, ਯੂਥ ਵਿਕਾਸ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਤੇ ਗੁਰਦੇਵ ਸਿੰਘ ਸਿੱਧੂ, ਮੱਖਣ ਸਿੰਘ ਲਾਲਕਾ, ਛੱਜੂ ਰਾਮ ਸੋਫਤ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਸੁਰਜੀਤ ਸਿੰਘ ਗੜ੍ਹੀ, ਬੀਬੀ ਕੁਲਦੀਪ ਕੌਰ ਟੌਹੜਾ, ਲਾਭ ਸਿੰਘ ਦੇਵੀਨਗਰ, ਨਰੰਜਣ ਸਿੰਘ, ਸਤਵਿੰਦਰ ਸਿੰਘ ਟੌਹੜਾ, ਰਾਮ ਦਿਆਲ ਸਿੰਘ, ਕਸ਼ਮੀਰ ਸਿੰਘ ਬਰਿਆਨਾ, ਗੁਰਬਖ਼ਸ਼ ਸਿੰਘ ਪੂੜੈਣ, ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਬੀਬੀ ਅਮਰਜੀਤ ਕੌਰ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਹਰਿੰਦਰਪਾਲ ਸਿੰਘ ਟੌਹੜਾ, ਚੇਅਰਮੈਨ ਲਖਵੀਰ ਸਿੰਘ ਲੌਟ, ਅਕਾਲੀ ਆਗੂ ਮਹਿੰਦਰ ਸਿੰਘ ਝੰਬਾਲੀ, ਸਾ. ਚੇਅਰਮੈਨ ਤਰਸੇਮ ਸਿੰਘ ਤਰਖੇੜੀ, ਅਕਾਲੀ ਆਗੂ ਕਰਨੈਲ ਸਿੰਘ ਮਟੋਰੜਾ, ਗੁਰਦਰਸ਼ਨ ਸਿੰਘ ਭੰਗੂ, ਜਰਨੈਲ ਸਿੰਘ ਮਟੋਰੜਾ, ਬਘੇਲ ਸਿੰਘ ਜਾਤੀਵਾਲ, ਪ੍ਰਿਥੀਰਾਜ ਸਿੰਘ ਢਿੱਲੋਂ ਸਰਕਲ ਪ੍ਰਧਾਨ ਭਾਦਸੋਂ, ਸਤਿੰਦਰ ਸਿੰਘ ਗੋਲਡੀ ਸ਼ਹਿਰੀ ਪ੍ਰਧਾਨ, ਗੁਰਪੀ੍ਰਤ ਸਿੰਘ ਸ਼ਾਹਪੁਰ , ਬਲਜਿੰਦਰ ਸਿੰਘ ਬੱਬੂ ਰਾਮਗੜ੍ਹ, ਯੂਥ ਆਗੂ ਰਣਜੀਤ ਸਿੰਘ ਘੁੰਡਰ ਤੇ ਰਜਨੀਸ਼ ਸ਼ਰਮਾ, ਸੂਬਾ ਸਿੰਘ ਜਾਤੀਵਾਲ, ਡਾ.ਬਲਕਾਰ ਸਿੰਘ ਘੁੰਡਰ, ਸੁਰਿੰਦਰ ਸਿੰਘ ਟਿਵਾਣਾ ਚੇਅਰਮੈਨ, ਅੱਛਰਾ ਸਿੰਘ ਖਿਜਰਪੁਰ, ਬਲਵੰਤ ਸਿੰਘ ਥਾਈਲੈਂਡ, ਗੁਰਚਰਨ ਸਿੰਘ ਤਰਖੇੜੀ, ਜਥੇ. ਲਾਲ ਸਿੰਘ ਰਣਜੀਤਗੜ੍ਹ, ਗੁਰਜੰਟ ਸਿੰਘ ਸਹੌਲੀ, ਕਮਲਜੀਤ ਸਿੰਘ ਸ਼ਾਹਪੁਰ, ਅਮਰਜੀਤ ਸਿੰਘ ਧਾਰਨੀ, ਅਮਨਦੀਪ ਸਿੰਘ ਭੰਗੂ, ਰਣਧੀਰ ਸਿੰਘ ਰੈਮਲ ਮਾਜਰੀ , ਭਜਨ ਸਿੰਘ, ਸਾਹਿਬ ਸਿੰਘ ਰੋੜੇਵਾਲ, ਮਾ: ਕੇਸਰ ਸਿੰਘ ਭੜੀ, ਸੁਖਜੀਤ ਸਿੰਘ ਬਘੌਰਾ, ਮਨਜੀਤ ਸਿੰਘ ਮੱਲੇਵਾਲ, ਗੁਰਕੀਰਤ ਸਿੰਘ ਕਾਲਸਨਾ, ਸੁਖਵਿੰਦਰ ਸਿੰਘ ਬਾਬਰਪੁਰ, ਹਰਵਿੰਦਰ ਸਿੰਘ ਹਰਪਾਲਪੁਰ, ਹਰਿੰਦਰ ਸਿੰਘ ਚੰਦੂਮਾਜਰਾ, ਫੌਜਇੰਦਰ ਸਿੰਘ ਮੁਖਮੈਲਪੁਰ, ਜਗਜੋਤ ਸਿੰਘ ਜੋਧਾ, ਹਰਫੂਲ ਸਿੰਘ ਭੰਗੂ, ਬਿਕਰਮ ਸਿੰਘ ਸਹੌਲੀ , ਯੂਥ ਆਗੂ ਜਗਦੇਵ ਸਿੰਘ ਖੋਖ, ਜਥੇ.ਨਾਰੰਗ ਸਿੰਘ ਰੰਨੋ, ਰਘੁਵੀਰ ਸਿੰਘ, ਗੁਰਜੰਟ ਸਿੰਘ ਮਟੋਰੜਾ, ਬਾਬਾ ਅਜੀਤ ਸਿੰਘ, ਗੁਰਵਿੰਦਰ ਸਿੰਘ ਡੂਮਛੇੜੀ, ਪਲਵਿੰਦਰ ਸਿੰਘ ਬਬਲੂ, ਸੁਖਦੇਵ ਸਿੰਘ ਥੂਹੀ, ਕਰਮ ਸਿੰਘ, ਗੁਰਮੀਤ ਸਿੰਘ ਕੋਟ, ਭੁਪਿੰਦਰ ਸਿੰਘ ਭਲਵਾਨ, ਅਮਰਜੀਤ ਸਿੰਘ ਸਿੱਧੂ, ਬੀਬੀ ਜਸਪਾਲ ਕੌਰ ਧਾਰਨੀ, ਰਣਧੀਰ ਸਿੰਘ ਭਾਨਰੀ, ਹਰਮੀਤ ਸਿੰਘ ਪਠਾਣਮਾਜਰਾ, ਗੁਰਸੇਵ ਸਿੰਘ ਹਰਪਾਲਪੁਰ, ਰਣਜੀਤ ਸਿੰਘ ਲਿਬੜਾ, ਮੰਜੂ ਕੁਰੈਸ਼ੀ, ਜਸਪਾਲ ਸਿੰਘ ਖ਼ਾਲਸਾ ਪਾਤੜਾਂ, ਅੰਗਰੇਜ਼ ਸਿੰਘ ਲਾਲਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਮਾਲ ਅਧਿਕਾਰੀਆਂ ਦੀਆਂ
ਅਖਤਿਆਰੀ ਸ਼ਕਤੀਆਂ ਘਟਾਵਾਂਗੇ-ਮਜੀਠੀਆ

ਜਲੰਧਰ ਪੁੱਜਣ 'ਤੇ ਪੁਲਿਸ ਤੋਂ ਸਲਾਮੀ ਲੈਂਦੇ ਹੋਏ ਕੈਬਨਿਟ ਮੰਤਰੀ
ਸ: ਬਿਕਰਮ ਸਿੰਘ ਮਜੀਠੀਆ।

ਜਲੰਧਰ, 1 ਅਪ੍ਰੈਲ-ਮਾਲ, ਐਨ. ਆਰ. ਆਈ. ਮਾਮਲੇ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਮਾਲ ਵਿਭਾਗ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਤਹਿਸੀਲਦਾਰਾਂ ਤੇ ਮਾਲ ਅਧਿਕਾਰੀਆਂ ਦੀਆਂ ਅਖਤਿਆਰੀ ਸ਼ਕਤੀਆਂ ਖ਼ਤਮ ਕੀਤੀਆਂ ਜਾਣਗੀਆਂ। ਜਲੰਧਰ ਵਿਖੇ ਕੈਬਨਿਟ ਮੰਤਰੀ ਬਣਨ ਬਾਅਦ ਪਹਿਲੀ ਵਾਰ ਪੁੱਜੇ ਸ: ਮਜੀਠੀਆ ਨੇ ਕਿਹਾ ਕਿ ਵਾਧੂ ਸ਼ਕਤੀਆਂ ਹੀ ਭ੍ਰਿਸ਼ਟਾਚਾਰ ਦਾ ਮੁੱਢ ਬੰਨਦੀਆਂ ਹਨ। ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਜਾਵੇ। ਸ: ਮਜੀਠੀਆ ਨੇ ਦੱਸਿਆ ਕਿ ਰਾਜ ਦੇ ਕੁੱਲ 163 ਫਰਦ ਕੇਂਦਰਾਂ ਵਿਚੋਂ 153 ਫਰਦ ਕੇਂਦਰਾਂ 'ਤੇ ਕਿਸਾਨਾਂ ਨੂੰ ਕੰਪਿਉਟਰਾਈਜ਼ਡ ਫਰਦਾ ਮੁਹੱਈਆ ਕਰਵਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਫਰਦ ਕੇਂਦਰਾਂ 'ਤੇ ਵੀ ਇਹ ਸਹੂਲਤ ਜਲਦ ਮੁਹੱਈਆ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਅੰਦਰ ਲੈਂਡ ਰਿਕਾਰਡ ਦਾ 100 ਫੀਸਦੀ ਕੰਪਿਉਟਰੀਕਰਨ ਅਗਲੇ 6 ਮਹੀਨੇ ਤੋਂ ਪਹਿਲਾਂ-ਪਹਿਲਾ ਮੁਕੰਮਲ ਕਰ ਲਿਆ ਜਾਵੇਗਾ । ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਸ: ਸਿੰਕਦਰ ਸਿੰਘ ਮਲੂਕਾ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ। ਸ: ਮਜੀਠੀਆ ਨੇ ਅੱਗੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ 15 ਮਿੰਟ ਤੋਂ ਵੱਧ ਸਮਾਂ ਲਗਣਾ ਵਾਲੇ ਫਰਦ ਕੇਂਦਰਾਂ 'ਤੇ ਹੋਰ ਵਾਧੂ ਸਟਾਫ ਨਿਯੁਕਤ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਦੇ ਕੰਪਿਉਟਰੀਕਰਨ ਹੋਣ ਨਾਲ ਵਿਭਾਗ ਦੀ ਕਾਰਜ ਪ੍ਰਣਾਲੀ ਵਿਚ ਪਾਰਦਰਸ਼ਤਾ ਆਵੇਗੀ ਤੇ ਭ੍ਰਿਸ਼ਟਾਚਾਰ ਉੱਪਰ ਰੋਕ ਲੱਗੇਗੀ । ਉਨ੍ਹਾਂ ਕਿਹਾ ਕਿ ਕੁਲੈਕਟਰ ਰੇਟਾਂ ਦੀ ਮਾਰਕਿਟ ਰੇਟਾਂ ਨਾਲ ਇਕਸਾਰਤਾ ਸਾਰੇ ਸ਼ਹਿਰੀ ਖੇਤਰਾਂ ਦੀਆਂ ਭੁਗੋਲਿਕ ਸਥਿਤੀਆਂ ਮੁਤਾਬਿਕ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਦੇ ਅੰਤ ਤੱਕ ਰਾਜ ਵਿਚ ਕੌਮੀ ਸ਼ਾਹ ਮਾਰਗਾਂ ਦਾ 90 ਫੀਸਦੀ ਹਿੱਸਾ ਚਾਰ ਤੇ ਛੇ ਮਾਰਗੀ ਬਣ ਜਾਵੇਗਾ । ਮੌਜੂਦਾ ਚੱਲ ਰਹੇ ਸੜਕੀ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਰਾਜ ਦੇ ਕੁਲ 1703 ਕਿਲੋਮੀਟਰ ਸ਼ਾਹ ਮਾਰਗਾਂ ਵਿੱਚੋਂ 1600 ਕਿਲੋਮੀਟਰ 4 ਤੇ ਛੇ ਮਾਰਗੀ ਹੋ ਜਾਣਗੇ । ਇਸ ਤੋਂ ਇਲਾਵਾ ਸੂਬੇ ਦੀਆਂ 10 ਹੋਰ ਪ੍ਰਮੁੱਖ ਸੜਕਾਂ ਨੂੰ 1357 ਕਰੋੜ ਰੁਪਏ ਦੀ ਲਾਗਤ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਚਾਰ ਮਾਰਗੀ ਬਣਾਇਆ ਜਾਵੇਗਾ ਜਿਨ੍ਹਾਂ ਵਿਚੋਂ ਸਰਹਿੰਦ ਨਹਿਰ ਦੇ ਨਾਲ-ਨਾਲ ਰੂਪਨਗਰ, ਚਮਕੌਰ ਸਾਹਿਬ, ਨੀਲੋਂ ਦੌਰਾਹਾ ਸੜਕ, ਬਠਿੰਡਾ ਬਰਾਂਚ ਦੇ ਨਾਲ-ਨਾਲ ਮਾਣਕਪੁਰ ਹੈੱਡ ਤੋਂ ਬਰਨਾਲਾ ਰਾਏਕੋਟ ਸੜਕ, ਘੱਗਰ ਬਰਾਂਚ ਦੇ ਨਾਲ-ਨਾਲ ਨਦਾਮਪੁਰ ਲਹਿਰਾ ਸੜਕ ਸਭਰਾਓ ਬਰਾਂਚ ਦੇ ਨਾਲ-ਨਾਲ ਰਈਆ ਤੋਂ ਖਾਰਾ ਸੜਕ, ਟਾਂਡਾ ਤੋਂ ਸ੍ਰੀ ਹਰਿਗੋਬਿੰਦਪੁਰ-ਸ੍ਰੀ ਅੰਮ੍ਰਿਤਸਰ ਸੜਕ, ਬਟਾਲਾ-ਮਹਿਤਾ ਬਿਆਸ ਤੇ ਕਪੂਰਥਲਾ-ਨਕੋਦਰ-ਫਿਲੋਰ ਸੜਕ ਪ੍ਰੋਜੈਕਟਾਂ ਨੂੰ ਅਗਲੇ ਦੋ ਸਾਲਾਂ ਦੌਰਾਨ ਮੁਕੰਮਲ ਕਰ ਲਿਆ ਜਾਵੇਗਾ । ਇਸ ਤੋਂ ਇਲਾਵਾ ਸ਼ੰਭੂ-ਜਲੰਧਰ ਸੜਕ ਦਾ ਛੇ ਮਾਰਗੀਕਰਣ ਇਸ ਸਾਲ ਜੂਨ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ। ਰਾਜ ਸਰਕਾਰ ਵੱਲੋ ਝੁੱਗੀ-ਚੌਂਪੜੀ ਵਿਚ ਰਹਿਣ ਵਾਲੇ ਲੋਕਾਂ ਲਈ 273 ਕਰੋੜ ਰੁਪਏ ਦੀ ਲਾਗਤ ਨਾਲ 5200 ਘਰਾਂ ਦਾ ਨਿਰਮਾਣ ਕਰ ਕੇ ਰਾਜ ਦੇ 6 ਸ਼ਹਿਰਾਂ ਨੂੰ ਝੁੱਘੀ-ਚੌਂਪੜੀ ਅਤੇ ਸਲੱਮ ਮੁਕਤ ਬਣਾਇਆ ਜਾਵੇਗਾ ਜਿਸ ਲਈ ਸਰਕਾਰ ਵੱਲੋ ਲੋੜੀਂਦੇ ਫੰਡਾਂ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ । ਰਾਜ ਸਰਕਾਰ ਵੱਲੋ 2000 ਕਰੋੜ ਰੁਪਏ ਖਰਚ ਕਰਕੇ ਸੂੱਬੇ ਦੇ ਸਮੂਹ ਸ਼ਹਿਰਾਂ ਵਿਚ 100 ਫੀਸਦੀ ਸੀਵਰੇਜ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਸ: ਮਜੀਠਿਆ ਨੂੰ ਸਰਕਟ ਹਾਊਸ ਪਹੁੰਚਣ 'ਤੇ ਗਾਰਡ ਆਫ ਆਨਰ ਦਿੱਤਾ ਗਿਆ । ਇਸ ਉਪਰੰਤ ਯੂਥ ਅਕਾਲੀ ਦਲ ਜਲੰਧਰ ਵੱਲੋ ਸ: ਹਰਕੋਮਲਜੀਤ ਸਿੰਘ ਅਤੇ ਮਨਜੀਤ ਸਿੰਘ ਕੌਂਸਲਰ ਦੀ ਅਗਵਾਈ ਹੇਠ ਸ: ਮਜੀਠਿਆ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸ: ਮਜੀਠਿਆ ਅਤੇ ਸ: ਮਲੂਕਾ ਸ੍ਰੀ ਹੰਸ ਰਾਜ ਗੋਹਾਣੇ ਵਾਲਿਆਂ ਦੇ ਜਲੰਧਰ ਸਥਿਤ ਆਸ਼ਰਮ ਵਿਖੇ ਗਏ ਜਿੱਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਗੌਰਵ ਯਾਦਵ, ਕਮਿਸ਼ਨਰ ਪੁਲਿਸ, ਸ: ਇਕਬਾਲ ਸਿੰਘ ਸੰਧੂ ਐਸ. ਡੀ. ਐਮ.-1, ਸ੍ਰੀ ਨਵਜੋਤ ਸਿੰਘ ਮਾਹਲ, ਏ. ਡੀ. ਸੀ. ਪੀ., ਸ੍ਰੀ ਬਲਜੀਤ ਸਿੰਘ ਨੀਲਾਮਹਿਲ, ਚੇਅਰਮੈਨ, ਇੰਪਰੂਵਮੈਂਟ ਟਰੱਸਟ ਵੀ ਹਾਜ਼ਰ ਸਨ ।
ਪ੍ਰਸ਼ਾਦ ਖਾਣ ਨਾਲ 13 ਬੱਚੇ ਬੇਹੋਸ਼-10 ਹਸਪਤਾਲ ਦਾਖ਼ਲ

ਸਿਵਲ ਹਸਪਤਾਲ ਖੰਨਾ ਵਿਖੇ ਜ਼ੇਰੇ ਇਲਾਜ਼ ਬੱਚੇ।
ਖੰਨਾ, 2 ਅਪ੍ਰੈਲ -ਬੀਤੀ ਰਾਤ ਹਨੂੰਮਾਨ ਮੰਦਿਰ ਵਿਚ ਪ੍ਰਸ਼ਾਦ ਖਾਣ ਨਾਲ 13 ਬੱਚੇ ਬੇਹੋਸ਼ ਹੋ ਗਏ। ਇਹਨਾਂ ਬੱਚਿਆਂ ਦੀ ਉਮਰ 4 ਤੋਂ 7 ਸਾਲ ਦੇ ਵਿਚਕਾਰ ਹੈ। ਬੱਚਿਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ। ਡਿਊਟੀ 'ਤੇ ਤਾਇਨਾਤ ਡਾ: ਹਰਵਿੰਦਰ ਸਿੰਘ ਨੇ ਇਹਨਾਂ ਬੱਚਿਆਂ ਦਾ ਇਲਾਜ ਕੀਤਾ, ਜਿਹਨਾਂ ਵਿਚੋਂ ਤਿੰਨ ਬੱਚਿਆਂ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ ਅਤੇ ਬਾਕੀ ਬੱਚਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰ ਲਿਆ ਗਿਆ। ਜਿਹਨਾਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਇਹ ਘਟਨਾ ਸ਼ਹਿਰ ਦੇ ਦਲੀਪ ਨਗਰ ਵਿਚ ਸਥਿਤ ਹਨੂੰਮਾਨ ਮੰਦਿਰ ਵਿਚ ਰਾਤ ਸਮੇਂ ਵਾਪਰੀ। ਹਸਤਪਾਲ ਵਿਚ ਦਾਖ਼ਲ ਬੱਚਿਆਂ ਨੇ ਦੱਸਿਆ ਕਿ ਮੰਦਿਰ ਵਿਚ ਇਕ ਵਿਅਕਤੀ ਪ੍ਰਸ਼ਾਦ ਦੇ ਤੌਰ 'ਤੇ ਰਸਗੁੱਲੇ ਲੈ ਕੇ ਆਇਆ ਸੀੇ। ਇਸ ਅਣਪਛਾਤੇ ਵਿਅਕਤੀ ਨੇ ਮੰਦਿਰ ਵਿਚ ਪ੍ਰਸ਼ਾਦ ਚੜਾਉਣ ਤੋਂ ਬਾਅਦ ਬਾਹਰ ਆ ਕੇ ਸਾਰੇ ਬੱਚਿਆਂ ਨੂੰ ਪ੍ਰਸ਼ਾਦ ਵੰਡਿਆ ਅਤੇ ਉਥੋਂ ਚਲਾ ਗਿਆ। ਹਸਪਤਾਲ ਵਿਚ ਮੌਜੂਦ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਪ੍ਰਸਾਦ ਖਾਣ ਤੋਂ ਬਾਅਦ ਨਸ਼ੇ ਦੀ ਹਾਲਤ ਵਿਚ ਘਰ ਆ ਕੇ ਡਿੱਗਣ ਲੱਗੇ ਅਤੇ ਪੇਟ ਦਰਦ ਦੀ ਸ਼ਿਕਾਇਤ ਕਰਨ ਲੱਗੇ। ਜਿਸ ਕਰਕੇ ਇਹਨਾਂ ਨੂੰ ਖੰਨਾ ਦੇ ਸਿਵਲ ਹਸਤਪਾਲ ਵਿਚ ਲਿਆਂਦਾ ਗਿਆ। ਡਾ: ਹਰਵਿੰਦਰ ਨੇ ਦੱਸਿਆ ਕਿ ਬੱਚਿਆਂ ਨੇ ਜ਼ਿਆਦਾ ਪ੍ਰਸ਼ਾਦ ਖਾ ਲਿਆ ਸੀ, ਜਿਸ ਕਰਕੇ ਉਹਨਾਂ ਨੂੰ ਫੂਡ ਪੁਆਇਜ਼ਨਿੰਗ ਦੀ ਸ਼ਿਕਾਇਤ ਹੋ ਗਈ। ਜਿਸ ਕਰਕੇ ਇਹਨਾਂ ਦਾ ਦਮ ਘੁੱਟਣ ਲੱਗਾ ਅਤੇ ਉਲਟੀਆਂ ਕਰਨ ਲੱਗੇ। ਇਸ ਮੌਕੇ ਐਸ.ਐਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਡਾਕਟਰੀ ਰਿਪੋਟਰ 'ਤੇ ਜ਼ਿਹਰੀਲਾ ਪਦਾਰਥ ਕੁਝ ਵੀ ਨਹੀਂ ਆਇਆ ਜਿਸ ਕਰਕੇ ਕਿਸੇ ਖਿਲਾਫ਼ ਮਾਮਲਾ ਨਹੀਂ ਦਰਜ ਕੀਤਾ ਗਿਆ।
ਦੋ ਸਾਲਾਂ ਤੋਂ ਪ੍ਰੀਖਿਅਕਾਂ ਦੇ ਘਰਾਂ 'ਚ ਹੀ ਰੁਲ ਰਹੀਆਂ
ਹਨ ਉੱਤਰ ਪੱਤਰੀਆਂ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰੀਖਿਅਕਾਂ ਦੇ ਘਰਾਂ 'ਚ ਰੁਲ ਰਹੀਆਂ ਉੱਤਰ ਪੱਤਰੀਆਂ।
ਅਜੀਤਗੜ੍ਹ, 2 ਅਪ੍ਰੈਲ -ਵਿੱਤੀ ਸੰਕਟ ਨਾਲ ਜੂਝ ਰਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆਪਣੀ ਅਣਗਹਿਲੀ ਕਾਰਨ ਪੰਜਾਬ 'ਚ ਉੱਤਰ ਪੱਤਰੀਆਂ ਦੇ ਰੂਪ 'ਚ ਲੱਖਾਂ ਦੀ ਜਾਇਦਾਦ ਰੁਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2009-10 'ਚ ਲਈ ਗਈ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਦੀਆਂ ਲੱਖਾਂ ਉੱਤਰ ਪੱਤਰੀਆਂ ਮੁਲਾਂਕਣ ਕਰਨ ਉਪਰੰਤ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਪ੍ਰੀਖਿਅਕਾਂ ਕੋਲ ਹੀ ਪਈਆਂ ਹਨ। ਉੱਤਰ ਪੱਤਰੀਆਂ ਦਾ ਮੁਲਾਂਕਣ ਕਰਨ ਵਾਲੇ ਪ੍ਰੀਖਿਅਕਾਂ ਨੇ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਸਾਲ 2009-10 ਦੀਆਂ ਅੰਕ ਸੂਚੀਆਂ ਤਾਂ ਮੰਗਵਾ ਲਈਆਂ ਸਨ, ਪਰ ਅਜੇ ਤੱਕ ਉੱਤਰ ਪੱਤਰੀਆਂ ਉਨ੍ਹਾਂ ਦੇ ਘਰਾਂ 'ਚ ਹੀ ਪਈਆਂ ਹਨ। ਉਨ੍ਹਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲਿਖਤੀ ਤੌਰ 'ਤੇ ਵੀ ਇਨ੍ਹਾਂ ਉੱਤਰ ਪੱਤਰੀਆਂ ਨੂੰ ਸਿੱਖਿਆ ਬੋਰਡ 'ਚ ਜਮ੍ਹਾਂ ਕਰਵਾਉਣ ਸਬੰਧੀ ਪੱਤਰ ਲਿਖੇ ਜਾ ਚੁੱਕੇ ਹਨ ਪਰ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਬੰਦ ਹੋ ਜਾਣ ਕਾਰਨ ਕੋਈ ਵੀ ਅਧਿਕਾਰੀ ਇਨ੍ਹਾਂ ਉੱਤਰ ਪੱਤਰੀਆਂ ਨੂੰ ਸਿੱਖਿਆ ਬੋਰਡ 'ਚ ਜਮ੍ਹਾਂ ਕਰਾਉਣ ਲਈ ਹਾਮੀ ਨਹੀਂ ਭਰ ਰਿਹਾ। ਜੇਕਰ ਇਨ੍ਹਾਂ ਉੱਤਰ ਪੱਤਰੀਆਂ ਨੂੰ ਰੱਦੀ 'ਚ ਵੇਚਿਆ ਜਾਵੇ ਤਾਂ ਲੱਖਾਂ ਰੁਪਏ ਸਿੱਖਿਆ ਬੋਰਡ ਦੇ ਖਾਤੇ 'ਚ ਜਮ੍ਹਾਂ ਹੋ ਸਕਦੇ ਹਨ। ਜੇਕਰ ਸਿੱਖਿਆ ਬੋਰਡ ਇਨ੍ਹਾਂ ਉੱਤਰ ਪੱਤਰੀਆਂ ਨੂੰ ਜਮ੍ਹਾਂ ਨਹੀਂ ਕਰਵਾ ਸਕਦਾ ਤਾਂ ਉਨ੍ਹਾਂ ਨੂੰ ਉੱਤਰ ਪੱਤਰੀਆਂ ਰੱਖਣ ਦਾ ਕਿਰਾਇਆ ਮੁਹੱਈਆ ਕਰਵਾਏ। ਇਸ ਸਬੰਧੀ ਸੰਪਰਕ ਕਰਨ 'ਤੇ ਸਿੱਖਿਆ ਬੋਰਡ ਦੇ ਚੇਅਮੈਨ ਡਾ: ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਬਣਦੇ ਅਧਿਕਾਰੀਆਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਸਮੂਹ ਸਰਕਾਰੀ ਸਕੂਲਾਂ ਦਾ ਅੱਜ ਇੱਕੋ ਸਮੇਂ ਹੋਵੇਗਾ ਨਿਰੀਖਣ
ਅਜੀਤਗੜ੍ਹ, 2 ਅਪ੍ਰੈਲ -ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦਾ ਕੱਲ੍ਹ ਇੱਕੋ ਸਮੇਂ ਨਿਰੀਖਣ ਹੋਵੇਗਾ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਸਮੂਹ ਮੰਡਲ ਸਿੱਖਿਆ ਅਫ਼ਸਰ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ 2 ਅਪ੍ਰੈਲ ਨੂੰ ਆਪਣੀਆਂ ਨਿਰੀਖਣ ਟੀਮਾਂ ਦੇ ਸਹਿਯੋਗ ਨਾਲ ਪੰਜਾਬ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਮੁੱਖ ਰੱਖਦੇ ਹੋਏ ਕਿਤਾਬਾਂ ਦਾ ਸਕੂਲਾਂ ਵਿੱਚ ਯਕੀਨੀ ਬਣਾਉਣਾ, ਬੱਚਿਆਂ ਦੀ ਹਾਜ਼ਰੀ, ਅਧਿਆਪਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਆਪਣੇ ਅਧੀਨ ਜ਼ਿਲ੍ਹੇ ਦੇ ਸਕੂਲਾਂ ਦਾ ਵਿਸ਼ੇਸ਼ ਨਿਰੀਖਣ ਕੀਤਾ ਜਾਵੇ। ਸਮੂਹ ਮੰਡਲ ਸਿੱਖਿਆ ਅਫ਼ਸਰ, ਪੰਜਾਬ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਜਾਬ ਆਪਣੀਆਂ ਨਿਰੀਖਣ ਟੀਮਾਂ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਨਿਰੀਖਣ ਕਰਨ ਤੋਂ ਬਾਅਦ ਸਮੂਹ ਟੀਮਾਂ ਆਪਣੀਆਂ ਨਿਰੀਖਣ ਰਿਪੋਰਟਾਂ ਸਬੰਧਿਤ ਮੰਡਲ ਸਿੱਖਿਆ ਅਫ਼ਸਰ ਜਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਇਸ ਦਫ਼ਤਰ ਨੂੰ ਤੁਰੰਤ ਭੇਜਣਗੇ। ਇਸ ਸਬੰਧੀ ਹਦਾਇਤ ਕੀਤੀ ਗਈ ਹੈ ਕਿ ਨਿਰੀਖਣ ਕਰਨ ਸਮੇਂ ਨਿਰੀਖਣ ਸਬੰਧੀ ਹਦਾਇਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ।

ਚੰਡੀਗੜ੍ਹ ਵਿਖੇ ਇਕ ਸਮਾਗਮ ਚ ਹਿੱਸਾ ਲੈਣ ਪੁੱਜੇ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਅਤੇ (ਸੱਜੇ) ਅਦਾਕਾਰਾ ਕਾਜੋਲ ਆਪਣੇ ਬੇਟੇ ਨਾਲ ਹਵਾਈ ਅੱਡੇ ਤੋਂ ਬਾਹਰ ਆਉਂਦੀ ਹੋਈ।
ਭਾਜਪਾ ਕਿਸਾਨ ਮੋਰਚੇ ਵੱਲੋਂ ਰੇਲ ਰੋਕੋ ਪ੍ਰੋਗਰਾਮ ਦੀ ਤਿਆਰੀ ਸਬੰਧੀ ਮੀਟਿੰਗ ਵਿਚ ਕਿਸਾਨ ਮੋਰਚੇ ਦੇ ਰਾਜ ਪੱਧਰੀ ਜਨਰਲ ਸਕੱਤਰ ਰਜਨੀਸ਼ ਬੇਦੀ ਅਤੇ ਹੋਰ।
 
ਸੂਬੇ ਦੇ 54 ਲੱਖ ਘਰਾਂ 'ਚ ਸਾਂਝੇ ਪਰਿਵਾਰ ਕੇਵਲ 0.1 ਫੀਸਦੀ ਰਹਿ ਗਏ
ਚੰਡੀਗੜ੍ਹ. 2 ਅਪ੍ਰੈਲ  ਪੰਜਾਬ ਵਿਚ ਸਾਂਝੇ ਪਰਿਵਾਰਾਂ 'ਚ ਪੈ ਰਹੀਆਂ ਵੰਡੀਆਂ ਤੋਂ ਉਦਾਸ ਹੋ ਕੇ ਇਕ ਨਾਮਵਰ ਪੰਜਾਬੀ ਕਵੀ ਨੇ ਲਿਖਿਆ ਸੀ 'ਘਰ ਦੀ ਰੌਣਕ ਸਾਂਝਾ ਵਿਹੜਾ, ਮਾਂ ਦਾ ਪਿਆਰ ਹਵਾ ਦਾ ਬੁੱਲਾ, ਬੁਝਦਾ ਬੁਝਦਾ ਤੇ ਖੁਰਦਾ ਖੁਰਦਾ ਖੁਰ ਗਿਆ, ਸਭ ਦਾ ਪਿਆਰਾ ਸਾਂਝਾ ਚੁੱਲ੍ਹਾ'। ਬੀਤੇ ਵਰ੍ਹੇ ਹੋਈ ਮਰਦਮਸ਼ੁਮਾਰੀ ਦੇ ਅੰਕੜਿਆਂ ਨੇ ਪੰਜਾਬ ਦੀ ਅਜਿਹੀ ਹੀ ਤਸਵੀਰ ਪੇਸ਼ ਕੀਤੀ ਹੈ। ਸੂਬੇ ਦੇ 54 ਲੱਖ 9 ਹਜ਼ਾਰ 699 ਘਰਾਂ 'ਚੋਂ ਇਕੱਠੇ ਹੋਏ ਇਨ੍ਹਾਂ ਅੰਕੜਿਆਂ ਅਨੁਸਾਰ ਪੰਜਾਬ ਵਿਚ ਅਜਿਹੇ ਘਰ ਕੇਵਲ 0.1 ਫੀਸਦੀ ਹੀ ਰਹਿ ਗਏ ਹਨ ਜਿਨ੍ਹਾਂ ਵਿਚ 5 ਜਾਂ ਇਸ ਤੋਂ ਜ਼ਿਆਦਾ ਪਤੀ-ਪਤਨੀ ਦੇ ਜੋੜੇ ਇਕੱਠੇ ਰਹਿ ਰਹੇ ਹਨ। ਅੰਕੜਿਆਂ ਅਨੁਸਾਰ ਕੇਵਲ 0.7 ਫੀਸਦੀ ਘਰ ਹੀ ਅਜਿਹੇ ਬਚੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ 4 ਜੋੜੇ ਇਕੱਠੇ ਰਹਿ ਰਹੇ ਹਨ। 54 ਲੱਖ ਘਰਾਂ 'ਚੋਂ ਕੇਵਲ 4.3 ਫੀਸਦੀ ਘਰ ਹੀ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ 3 ਜੋੜੇ ਰਹਿ ਰਹੇ ਹਨ ਜਦਕਿ 18.8 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ 2 ਜੋੜੇ ਰਹਿ ਰਹੇ ਹਨ। ਵਿਸ਼ਵੀਕਰਨ ਦੇ ਇਸ ਯੁੱਗ ਵਿਚਲੀ ਤੇਜ਼ ਤਰਾਰ ਜ਼ਿੰਦਗੀ ਅਤੇ ਹਰ ਇਕ ਤੋਂ ਅਗਾਂਹ ਲੰਘਣ ਦੀ ਤਮੰਨਾ ਹੀ ਹੈ ਜਿਸ ਕਾਰਨ 54 ਲੱਖ ਘਰਾਂ 'ਚ 65.7 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦਾ ਕੇਵਲ ਇਕ ਹੀ ਜੋੜਾ ਰਹਿ ਰਿਹਾ ਹੈ। ਅੰਕੜਿਆਂ ਅਨੁਸਾਰ ਉਪਰੋਕਤ ਲੱਖਾਂ ਘਰਾਂ 'ਚ ਪੰਜਾਬ ਦੇ 10.5 ਫੀਸਦੀ ਘਰ ਅਜਿਹੇ ਵੀ ਹਨ ਜਿਨ੍ਹਾਂ ਵਿਚ ਅਣਵਿਆਹੇ ਜੋੜੇ ਇਕੱਠੇ ਰਹਿ ਰਹੇ ਹਨ, ਇਹ ਜੋੜੇ ਵਿਦਿਆਰਥੀ ਵੀ ਹੋ ਸਕਦੇ ਹਨ ਜਾਂ ਨੌਕਰੀ ਲਈ ਆਪਣੇ ਘਰਾਂ ਤੋਂ ਦੂਰ ਰਹਿਣ ਵਾਲੇ ਲੋਕ ਵੀ ਹੋ ਸਕਦੇ ਹਨ। ਅੰਕੜਿਆਂ ਅਨੁਸਾਰ ਵੱਡੇ ਸਾਂਝੇ ਪਰਿਵਾਰਾਂ ਦੇ ਖਤਮ ਹੋ ਜਾਣ ਪੱਖੋਂ ਦੇਸ਼ ਦੇ ਹੋਰ ਸੂਬਿਆਂ ਦੀ ਹਾਲਤ ਵੀ ਪੰਜਾਬ ਵਰਗੀ ਹੀ ਹੈ। ਪੂਰੇ ਦੇਸ਼ ਦੇ 24 ਕਰੋੜ 66 ਲੱਖ 92 ਹਜ਼ਾਰ 667 ਘਰਾਂ 'ਚ ਹੋਈ ਮਰਦਮਸ਼ੁਮਾਰੀ ਅਨੁਸਾਰ ਦੇਸ਼ ਭਰ ਵਿਚ ਕੇਵਲ 0.2 ਫੀਸਦੀ ਘਰ ਹੀ ਅਜਿਹੇ ਰਹਿ ਗਏ ਹਨ ਜਿਨ੍ਹਾਂ ਵਿਚ 5 ਜਾਂ ਇਸ ਤੋਂ ਜ਼ਿਆਦਾ ਪਤੀ-ਪਤਨੀ ਦੇ ਜੋੜੇ ਰਹਿ ਰਹੇ ਹਨ। ਉਪਰੋਕਤ ਕਰੋੜਾਂ ਘਰਾਂ 'ਚ 70 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦਾ ਕੇਵਲ 1 ਹੀ ਜੋੜਾ ਰਹਿ ਰਿਹਾ ਹੈ। ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਸਾਂਝੇ ਪਰਿਵਾਰਾਂ ਪੱਖੋਂ ਪੰਜਾਬ ਤੋਂ ਕੁਝ ਅੱਗੇ ਹੈ। ਹਰਿਆਣੇ ਵਿਚ ਪੰਜਾਬ ਦੇ 0.7 ਫੀਸਦੀ ਦੇ ਮੁਕਾਬਲੇ 0.9 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ 4 ਜੋੜੇ ਇਕੱਠੇ ਰਹਿ ਰਹੇ ਹਨ। ਜਦਕਿ ਪੰਜਾਬ ਦੇ 4.3 ਫੀਸਦੀ ਦੇ ਮੁਕਾਬਲੇ 5.1 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿਚ ਪਤੀ-ਪਤਨੀ ਦੇ 3 ਜੋੜੇ ਰਹਿ ਰਹੇ ਹਨ।
ਡੀ. ਸੀ. ਗੁਰਦਾਸਪੁਰ ਦੀ ਅਚਾਨਕ ਹੋਈ ਬਦਲੀ ਰਾਜਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਬਣੀ ਚਰਚਾ ਦਾ ਵਿਸ਼ਾ

ਸ: ਮਹਿੰਦਰ ਸਿੰਘ ਕੈਂਥ
ਗੁਰਦਾਸਪੁਰ, 2 ਅਪ੍ਰੈਲ -ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮਹਿੰਦਰ ਸਿੰਘ ਕੈਂਥ ਦੀ ਬੀਤੇ ਕੱਲ੍ਹ ਬਦਲੀ ਸਾਰਾ ਦਿਨ ਵਾਪਰੇ ਘਟਨਾਕ੍ਰਮ ਦੌਰਾਨ ਸ਼ਾਮ ਸਮੇਂ ਅਚਾਨਕ ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 29 ਮਾਰਚ ਨੂੰ ਗੁਰਦਾਸਪੁਰ ਸ਼ਹਿਰ ਅੰਦਰ ਸਿੱਖ ਨੌਜਵਾਨਾਂ ਅਤੇ ਸ਼ਿਵ ਸੈਨਾ ਵਰਕਰਾਂ ਦਰਮਿਆਨ ਪੈਦਾ ਹੋਏ ਤਨਾਅ ਉਪਰੰਤ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨ ਜਸਪਾਲ ਸਿੰਘ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਸਿੱਖ ਆਗੂਆਂ ਵੱਲੋਂ ਗੁਰਦਾਸਪੁਰ ਦੇ ਐਸ. ਐਸ. ਪੀ. ਅਤੇ ਗੋਲੀ ਕਾਂਡ ਜ਼ਿੰਮੇਵਾਰ ਡੀ. ਐਸ. ਪੀ. ਨੂੰ ਮੁਅੱਤਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਉਨ੍ਹਾਂ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀ ਬਦਲੀ ਦੀ ਮੰਗ ਪੰਜਾਬ ਸਰਕਾਰ ਸਾਹਮਣੇ ਨਹੀਂ ਸੀ ਰੱਖੀ ਗਈ। ਇਥੋਂ ਤੱਕ ਸ: ਕੈਂਥ ਤਾਂ ਕੱਲ੍ਹ ਲਗਾਤਾਰ 5 ਘੰਟੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਸਿੱਖ ਆਗੂਆਂ ਦੀ ਚੱਲੀ ਮੀਟਿੰਗ ਵਿਚ ਵੀ ਹਾਜ਼ਰ ਰਹੇ ਸਨ ਅਤੇ ਸ: ਕੈਂਥ ਸਰਕਾਰ ਵੱਲੋਂ ਸਿੱਖ ਆਗੂਆਂ ਨਾਲ ਗੱਲਬਾਤ ਵੀ ਕਰਦੇ ਰਹੇ ਸਨ। ਹੋ ਰਹੀ ਗੱਲਬਾਤ ਦੌਰਾਨ ਸ: ਕੈਂਥ ਸਿੱਖ ਆਗੂਆਂ ਅਤੇ ਸਰਕਾਰ ਦਰਮਿਆਨ ਇੱਕ ਤਰ੍ਹਾਂ ਨਾਲ ਪੁਲ ਦਾ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਲਗਾਤਾਰ ਪੰਜਾਬ ਦੇ ਉਪ ਮੁੱਖ ਮੰਤਰੀ, ਪ੍ਰਿੰਸੀਪਲ ਸਕੱਤਰ ਅਤੇ ਗ੍ਰਹਿ ਸਕੱਤਰ ਨਾਲ ਫ਼ੋਨ 'ਤੇ ਸੰਪਰਕ ਬਣਾ ਕੇ ਰੱਖਿਆ ਹੋਇਆ ਸੀ। ਡਿਪਟੀ ਕਮਿਸ਼ਨਰ ਵੱਲੋਂ ਸਿੱਖ ਆਗੂਆਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਜਦੋਂ ਗੁਰਦਾਸਪੁਰ ਦੇ ਐਸ. ਡੀ. ਐਮ. ਤਜਿੰਦਰਪਾਲ ਸਿੰਘ ਡੀ. ਸੀ. ਦੇ ਦਫ਼ਤਰ ਵਿਚ ਉਕਤ ਹੁਕਮਾਂ ਦੇ ਸਬੰਧ ਵਿਚ ਆਈ ਫੈਕਸ ਲੈ ਕੇ ਪਿੰਡ ਚੌੜ ਸਿੱਧਵਾਂ ਵਿਖੇ ਪਹੁੰਚੇ ਤਾਂ ਡੀ. ਸੀ. ਇਨ੍ਹਾਂ ਹੁਕਮਾਂ ਵਿਚ ਆਪਣੀ ਬਦਲੀ ਦੇ ਆਦੇਸ਼ ਪੜ੍ਹ ਕੇ ਹੱਕੇ ਬੱਕੇ ਰਹਿ ਗਏ। ਇਥੋਂ ਤੱਕ ਕਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਜਦੋਂ ਉਨ੍ਹਾਂ ਦੀਆਂ ਬਾਕੀ ਸਾਰੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਇਲਾਵਾ ਗੁਰਦਾਸਪੁਰ ਦੇ ਡੀ. ਸੀ. ਦੀ ਬਦਲੀ ਦੇ ਹੁਕਮ ਪੜ੍ਹੇ ਤਾਂ ਉਹ ਵੀ ਆਪਸ ਵਿਚ ਕਾਨਾ ਫੂਸੀ ਕਰਦੇ ਦੇਖੇ ਗਏ ਕਿ ਉਨ੍ਹਾਂ ਵੱਲੋਂ ਤਾਂ ਡੀ. ਸੀ. ਦੀ ਬਦਲੀ ਦੀ ਮੰਗ ਹੀ ਨਹੀਂ ਸੀ ਕੀਤੀ ਗਈ। ਇਸ ਤਰ੍ਹਾਂ ਗੁਰਦਾਸਪੁਰ ਦੇ ਡੀ. ਸੀ. ਸ: ਕੈਂਥ ਦੀ ਹੋਈ ਬਦਲੀ ਦੇ ਸਬੰਧ ਵਿਚ ਇਥੇ ਰਾਜਸੀ ਆਗੂਆਂ ਦੇ ਅਧਿਕਾਰੀਆਂ ਅੰਦਰ ਖ਼ੂਬ ਚਰਚਾ ਚੱਲ ਰਹੀ ਹੈ।
ਸ਼ਿਵ ਸੈਨਾ 'ਤੇ ਪਾਬੰਦੀ ਲਗਾਈ ਜਾਵੇ- ਜਥੇ: ਨੰਦਗੜ੍ਹ
ਬੁਢਲਾਡਾ, 2 ਅਪ੍ਰੈਲ - ਸ਼ਿਵ ਸੈਨਾ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ ਕਰ ਰਹੀ ਹੈ, ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਿਵ ਸੈਨਾ 'ਤੇ ਪਾਬੰਦੀ ਲਗਾਵੇ ਅਤੇ ਇਸ ਦੀਆਂ ਗਤੀਵਿਧੀਆਂ 'ਤੇ ਪੂਰਨ ਰੋਕ ਲਗਾਈ ਜਾਵੇ। ਇਹ ਪ੍ਰਗਟਾਵਾ ਅੱਜ ਇਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੋ ਪਿਛਲੇ ਦਿਨੀਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਸ਼ਿਵ ਸੈਨਾ ਦੇ ਕਾਰਕੁੰਨ ਭਾਈ ਰਾਜੋਆਣਾ ਦਾ ਪੁਤਲਾ ਫੂਕ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨੂੰ ਇਸ ਮਾਮਲੇ ਵਿਚ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇਸ ਮੌਕੇ ਜਥੇ: ਨੰਦਗੜ੍ਹ ਨਾਲ ਧਰਮ ਪ੍ਰਚਾਰਕ ਇੰਚਾਰਜ ਗਿ: ਭਰਪੂਰ ਸਿੰਘ ਵੀ ਹਾਜ਼ਰ ਸਨ। ਜਥੇ: ਨੰਦਗੜ੍ਹ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ 'ਚ ਪੁਲਿਸ ਗੋਲੀ ਕਾਂਡ ਦੌਰਾਨ 29 ਮਾਰਚ ਨੂੰ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ।
ਨਵ-ਨਿਯੁਕਤ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ, 2 ਅਪ੍ਰੈਲ-ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਭਾਰਤੀ ਸਫ਼ਾਰਤਖਾਨੇ ਦੇ ਨਵ-ਨਿਯੁਕਤ ਰਾਜਦੂਤ ਸ: ਜਗਜੀਤ ਸਿੰਘ ਅਹੁਦਾ ਸੰਭਾਲਣ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਸ: ਗੁਰਬਚਨ ਸਿੰਘ ਤੇ ਸਹਾਇਕ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਨੇ ਸ: ਜਗਜੀਤ ਸਿੰਘ ਨੂੰ ਸਿਰੋਪਾਓ ਅਤੇ ਧਾਰਮਿਕ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।

No comments:

Post a Comment