Monday, 2 April 2012


ਐਬਟਾਬਾਦ ਤੋਂ ਪਹਿਲਾਂ ਹਰੀਪੁਰ ਰਹਿੰਦਾ ਸੀ
ਓਸਾਮਾ-ਬਿਨ-ਲਾਦੇਨ

ਪਾਕਿਸਤਾਨ ਦੇ ਹਰੀਪੁਰ ਕਸਬੇ 'ਚ ਸਥਿਤ ਉਹ ਘਰ ਜਿਸ ਬਾਰੇ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਐਬਟਾਬਾਦ ਦੀ ਹਵੇਲੀ 'ਚ ਰਹਿਣ ਤੋਂ ਪਹਿਲਾਂ ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਕਰੀਬ ਸਾਲ ਭਰ ਇਥੇ ਠਹਿਰਿਆ ਸੀ।
ਹਰੀਪੁਰ, 2 ਅਪ੍ਰੈਲ - ਪਾਕਿਸਤਾਨ ਦੀਆਂ ਖੁਫ਼ੀਆ ਏਜੰਸੀਆਂ ਨੇ ਇਕ ਦੋਮੰਜ਼ਿਲਾ ਘਰ ਦਾ ਪਤਾ ਲਗਾਇਆ ਹੈ ਜਿਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਐਬਟਾਬਾਦ ਵਾਲੇ ਵਿਲੇ 'ਚ ਤਬਦੀਲ ਹੋਣ ਤੋਂ ਪਹਿਲਾਂ ਅਲ ਕਾਇਦਾ ਦਾ ਸਾਬਕਾ ਮੁਖੀ ਮਰਹੂਮ ਓਸਾਨਾ ਬਿਨ ਲਾਦੇਨ ਕਰੀਬ ਇਕ ਸਾਲ ਤਕ ਇਥੇ ਰਹਿਦਾ ਰਿਹਾ ਹੈ। ਗ੍ਰਿਫ਼ਤਾਰ ਕੀਤੀ ਗਈ ਓਸਾਮਾ ਦੀ ਸਭ ਤੋਂ ਛੋਟੀ ਪਤਨੀ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਿਕ ਪਾਕਿ 'ਚ ਰਹਿੰਦੇ ਸਮੇਂ ਓਸਾਮਾ ਦੇ ਲਈ ਪੰਜ ਘਰਾਂ 'ਚੋਂ ਇਕ ਘਰ ਸੀ ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਸੀ। ਪਿਛਲੇ ਅੱਠ ਮਹੀਨਿਆਂ ਤੋਂ ਓਸਾਮਾ ਦੀਆਂ ਗਤੀਵਿਧੀਆਂ ਦਾ ਪਤਾ ਲਗਾ ਰਹੇ ਪਾਕਿ ਦੇ ਸੇਵਾ-ਮੁਕਤ ਬ੍ਰਿ:" ਸ਼ੌਕਤ ਕਾਦਰ ਨੇ ਦੱਸਿਆ ਕਿ ਖੁਫੀਆਂ ਏਜੰਸੀ ਦੇ ਏਜੰਟ ਉਸ ਨੂੰ ਨਵੰਬਰ 'ਚ ਹਰੀਪੁਰ ਦੇ ਇਕ ਘਰ 'ਚ ਲੈ ਕੇ ਗਏ ਸੀ ਜਿਸ ਦਾ ਪਤਾ ਅਹਿਮਦ ਸਾਦਾ ਨਾਮ ਦੇ ਇਕ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਲੱਗਾ ਸੀ। 30 ਸਾਲਾ ਸਾਦਾ ਯਮਨੀ ਨਾਗਰਿਕ ਹੈ ਅਤੇ ਉਹ 2 ਮਈ ਨੂੰ ਓਸਾਮਾ ਦੀ ਮੌਤ ਵਾਲੇ ਦਿਨ ਤੋਂ ਪੁਲਿਸ ਹਿਰਾਸਤ 'ਚ ਹੈ। ਪੁਲਿਸ ਨੂੰ ਸਾਦਾ ਕੋਲੋਂ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ ਕਿਉਂਕ ਉਹ ਓਸਾਮਾ ਦਾ ਖਾਸ ਸੀ ਅਤੇ ਓਸਾਮਾ ਨਾਲ ਅਫ਼ਗਾਨਿਸਤਾਨ ਦੀਆਂ ਤੋਰਾ ਬੋਰਾ ਪਹਾੜੀਆਂ 'ਚ ਵੀ ਰਹਿ ਚੁੱਕਾ ਸੀ।
ਤੇਲ ਕੰਪਨੀਆਂ ਵੱਲੋਂ ਜਹਾਜ਼ਾਂ ਦੇ ਤੇਲ ਦੀਆਂ
ਦਰਾਂ 'ਚ 3 ਫੀਸਦੀ ਦਾ ਵਾਧਾ
ਨਵੀਂ ਦਿੱਲੀ, 2 ਅਪ੍ਰੈਲ -ਤੇਲ ਕੰਪਨੀਆਂ ਨੇ ਸਨਿਚਰਵਾਰ ਨੂੰ ਹਵਾਈ ਜਹਾਜ਼ਾਂ ਦੇ ਤੇਲ ਦੀਆਂ ਦਰਾਂ ਵਿਚ ਤਿੰਨ ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਤੇ ਜਿਹੜੀਆਂ ਕੱਲ੍ਹ ਅੱਧੀ ਰਾਤ ਤੋਂ ਲਾਗੂ ਹੋ ਗਈਆਂ। ਸਾਰੇ ਹਵਾਈ ਖਰਚੇ ਦਾ 40 ਪ੍ਰਤੀਸ਼ਤ ਖਰਚ ਸਿਰਫ ਤੇਲਊਲ ਦਾ ਹੁੰਦਾ ਹੈ। ਇਸ ਲਈ ਇਸ ਦਾ ਅਮਰ ਯਾਤਰੀ ਕਿਰਾਏ 'ਤੇ ਵੀ ਵਿਖਾਈ ਦੇਵੇਗਾ। ਭਾਵੇਂ ਕਿ ਹਾਲੇ ਤੱਕ ਏਅਰਲਾਈਨ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਹੁਣ ਤੇਲ ਦੇ ਇਕ ਕਿੱਲੋ ਲੀਟਰ ਦੀ ਕੀਮਤ 68,806.82 ਹੋਵੇਗੀ ਜਿਹੜੀ ਪਹਿਲਾਂ 66,989.74 ਸੀ।
ਬ੍ਰਿਸਬੇਨ, 2 ਅਪ੍ਰੈਲ -ਅੱਜ ਬ੍ਰਿਸਬੇਨ ਤੋਂ 165 ਕਿਲੋਮੀਟਰ ਦੂਰ ਨਿਊ ਸਾਊਥ ਵੇਲਜ਼ ਦੀ ਬੇਰਨ-ਬੇਅ ਬੀਚ (ਸਮੁੰਦਰੀ ਤੱਟ) 'ਤੇ ਤਿੰਨ ਭਾਰਤੀ ਨੌਜਵਾਨ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀ ਸਨ, ਨਹਾ ਰਹੇ ਸਨ। ਅਚਾਨਕ ਸਮੁੰਦਰੀ ਲਹਿਰਾਂ ਦੀ ਚਪੇਟ 'ਚ ਆ ਗਏ। ਇਨ੍ਹਾਂ 'ਚੋਂ 2 ਦੀ ਡੁੱਬਣ ਨਾਲ ਮੌਤ ਹੋ ਗਈ। ਪਤਾ ਲੱਗਾ ਹੈ ਕਿ ਜਿਸ ਸਥਾਨ 'ਤੇ ਇਹ ਨੌਜਵਾਨ ਪਾਣੀ 'ਚ ਵੜੇ ਉਥੇ ਲਾਈਫ ਸੇਵਰ ਪਹਿਰਾ ਨਹੀਂ ਦੇ ਰਹੇ ਸਨ। ਇਨ੍ਹਾਂ ਨੂੰ ਪਾਣੀ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਇਨ੍ਹਾਂ ਨੂੰ ਬਚਾਅ ਨਹੀਂ ਸਕੇ। ਇਨ੍ਹਾਂ ਦੀ ਉਮਰ 26 ਤੇ 28 ਸਾਲ ਦੱਸੀ ਜਾ ਰਹੀ ਹੈ। ਸਰਕਾਰੀ ਸੂਤਰਾਂ ਨੇ ਹਾਲੇ ਇਨ੍ਹਾਂ ਦੇ ਨਾਂਅ ਨਹੀਂ ਦੱਸੇ।
ਇਸਲਾਮਾਬਾਦ, 2 ਅਪ੍ਰੈਲ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਯੂਜਫ ਰਜ਼ਾ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੀ ਸੈਨਿਕ ਯੋਗਤਾ ਦਾ ਵਿਕਾਸ ਕਰੇਗਾ, ਕਿਉਂਕਿ ਕਮਜੋਰੀ ਹਮਲੇ ਨੂੰ ਸੱਦਾ ਦਿੰਦੀ ਹੈ। ਸੈਨਿਕ ਸਾਜੋ ਸਮਾਨ ਦੀ ਪ੍ਰਦਰਸ਼ਨੀ ਆਈ ਡੀ ਈ ਐਸ-2012 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਦੀ ਸੈਨਿਕ ਯੋਗਤਾ ਮੁੱਖ ਤੌਰ 'ਤੇ ਅਮਨ ਸ਼ਾਂਤੀ ਲਈ ਹੈ। ਗਿਲਾਨੀ ਨੇ ਸੈਨਾ ਮੁਖੀਆਂ, ਸੈਨਿਕਾਂ ਅਤੇ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਂਤੀ ਪਾਕਿਸਤਾਨ ਦਾ ਆਖਰੀ ਟੀਚਾ ਹੈ।
ਭੁਵਨੇਸ਼ਵਰ, 2 ਅਪ੍ਰੈਲ -ਓਡੀਸ਼ਾ ਦੇ ਗ੍ਰਹਿ ਸਕੱਤਰ ਯੂ. ਐਨ. ਵੋਹਰਾ ਨੇ ਕਿਹਾ ਹੈ ਕਿ ਮਾਓਵਾਦੀਆਂ ਵੱਲੋਂ ਬੰਧਕ ਬਣਾਏ ਗਏ ਦੋ ਵਿਅਕਤੀਆਂ ਨੂੰ ਰਿਹਾਅ ਕਰਾਉਣ ਲਈ ਓਡੀਸ਼ਾ ਸਰਕਾਰ ਵੱਲੋਂ ਮਾਓਵਾਦੀਆਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ਤੋਂ ਇਸ ਮਾਮਲੇ ਵਿਚ ਮਾਓਵਾਦੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪ੍ਰੰਤੂ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਦੌਰ ਜਾਰੀ ਹੈ ਅਤੇ ਅਸੀਂ ਮਾਓਵਾਦੀਆਂ ਦੀਆਂ ਮੰਗਾਂ 'ਤੇ ਵਿਚਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੱਲੋਂ ਮਾਓਵਾਦੀ ਪੱਖੀ ਸੰਗਠਿਨ ਸੀ. ਐਮ. ਏ. ਐਸ. ਨੂੰ ਇਸ ਮਾਮਲੇ ਲਈ ਗੱਲਬਾਤ ਲਈ ਬੁਲਾਇਆ ਹੈ ਪ੍ਰੰਤੂ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ 24 ਮਾਰਚ ਨੂੰ ਮਾਓਵਾਦੀਆਂ ਵੱਲੋਂ ਲਕਸ਼ਮੀਪੁਰ ਦੇ ਵਿਧਾਨ ਸਭਾ ਮੈਂਬਰ ਝਿਨਾ ਹਿਕਾਕਾ ਨੂੰ ਬੰਧਕ ਬਣਾ ਲਿਆ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਇਟਲੀ ਦੇ ਦੋ ਯਾਤਰੀਆਂ ਪੋਲ ਬੋਸਕੋ ਅਤੇ ਕਲਾਡੀਓ ਕੋਲੈਨਜਲੋ ਨੂੰ ਵੀ ਬੰਧਕ ਬਣਾ ਲਿਆ ਸੀ। ਪ੍ਰੰਤੂ ਮਾਓਵਾਦੀਆਂ ਵੱਲੋਂ ਕੁਝ ਦਿਨਾਂ ਬਾਅਦ ਇਟਲੀ ਦੇ ਇਕ ਬੰਧਕ ਕਲਾਡੀਓ ਨੂੰ ਉਸ ਦੀ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਰਿਹਾਅ ਕਰ ਦਿੱਤਾ ਸੀ।
ਨਵੀਂ ਦਿੱਲੀ, 2 ਅਪ੍ਰੈਲ -ਬਾਬਾ ਰਾਮਦੇਵ ਵੱਲੋਂ ਕਾਲੇ ਧਨ ਦੇ ਮੁੱਦੇ 'ਤੇ ਇਕ ਵਾਰ ਫਿਰ ਵੱਡਾ ਅੰਦੋਲਨ ਕਰਨ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ 3 ਜੂਨ ਤੋਂ ਜੰਤਰ ਮੰਤਰ 'ਤੇ ਇਕ ਦਿਨ ਦਾ ਮਰਨ ਵਰਤ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮਰਨ ਵਰਤ ਰੱਖਣ ਦੀ ਇਜਾਜ਼ਤ ਨਾ ਮਿਲੀ ਤਾਂ ਉਹ ਇਸ ਲਈ ਅਦਾਲਤ ਵਿਚ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਮਰਨ ਵਰਤ ਦੌਰਾਨ ਬਾਬਾ ਰਾਮਦੇਵ ਕਿਸੇ ਵੱਡੇ ਅੰਦੋਲਨ ਬਾਰੇ ਐਲਾਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਕਾਲੇ ਧਨ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਅੱਧੀ ਰਾਤ ਨੂੰ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਸੀ ਅਤੇ ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਅੰਦੋਲਨ ਕਮਜ਼ੋਰ ਪੈ ਗਿਆ ਸੀ।
ਚੀਨ ਦੀ ਦਖ਼ਲਅੰਦਾਜ਼ੀ ਵਿਰੁੱਧ ਹਾਂਗਕਾਂਗ 'ਚ ਵਿਖਾਵਾ

ਹਾਂਗਕਾਂਗ (ਚੀਨ) 'ਚ ਦਖ਼ਲ ਅੰਦਾਜ਼ੀ ਦੇ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਉਲਝਦੇ ਹੋਏ ਪ੍ਰਦਰਸ਼ਨਕਾਰੀ।
ਹਾਂਗਕਾਂਗ, 2 ਅਪ੍ਰੈਲ - ਇਥੇ ਚੀਨ ਦੇ ਤਾਲਮੇਲ ਦਫ਼ਤਰ ਸਾਹਮਣੇ ਹਜਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਵਿਖਾਵਾਕਾਰੀਆਂ ਨੇ ਇਲਾਕੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਆਂ ਚੋਣਾ 'ਚ ਬੀਜਿੰਗ ਦੀ ਦਖ਼ਲਅੰਦਾਜੀ ਦੇ ਵਿਰੁੱਧ ਵਿਖਾਵਾ ਕੀਤਾ। ਗਵਾਹ ਦੱਸਦੇ ਹਨ ਪੁਲਿਸ ਨੇ ਪਹਿਲਾਂ ਤਾਂ ਪ੍ਰਦਰਸ਼ਨਕਾਰੀਆਂ ਨੂੰ ਬੈਰੀਅਰ ਨਾ ਤੋੜਨ ਦੀ ਚਿਤਾਵਨੀ ਦਿੱਤੀ ਪਰ ਬਾਅਦ 'ਚ ਸਪਰੇ ਦੀ ਵਰਤੋਂ ਕਰ ਤੇ ਉਨ੍ਹਾਂ ਨੂੰ ਖਦੇੜ ਦਿੱਤਾ। ਸ਼ਹਿਰ ਦੇ ਕਰੀਬ 70 ਲੱਖ ਲੋਕਾਂ ਆਪਣੇ ਕਾਰਜਕਾਰੀ ਅਧਿਕਾਰੀ ਬਾਰੇ ਜਾਣਕਾਰੀ ਨਹੀਂ। ਲਿਓਨ ਚੁਨਜਿਨ ਜੋ 1 ਜੁਲਾਈ ਤੋਂ ਡੋਨਾਲਡ ਟੀਸੰਗ ਦੀ ਥਾਂ ਲੈਣਗੇ, ਦੀ ਚੋਣ 25 ਮਾਰਚ ਨੂੰ ਕੀਤੀ ਗਈ ਸੀ।

ਨਵੀਂ ਦਿੱਲੀ, 2 ਅਪ੍ਰੈਲ  - ਉੱਤਰੀ ਪੱਛਮੀ ਦਿੱਲੀ 'ਚ ਸਥਿਤ ਭਗਵਾਨ ਸ਼ਿਵ ਦੇ ਮੰਦਿਰ 'ਚ ਇਕ ਸਕੂਲ ਜਾ ਰਹੀ ਬੱਚੀ ਨਾਲ ਜਬਰ ਜਨਾਹ ਦਾ ਘਿਰਣਾਯੋਗ ਅਪਰਾਧ ਕਰਨ ਵਾਲੇ ਦੋਸ਼ੀ ਪੁਜਾਰੀ ਵਲੋਂ ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁੱਧ ਹਾਈ ਕੋਰਟ 'ਚ ਦਾਖਲ ਕੀਤੀ ਅਪੀਲ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਇਹ ਫੈਸਲਾ ਹਾਈ ਕੋਰਟ ਦੇ ਜੱਜ ਐਮ. ਐਲ. ਮਹਿਤਾ ਨੇ ਸੁਣਾਇਆ। ਹੇਠਲੀ ਅਦਾਲਤ ਵਲੋਂ ਦੋਸ਼ੀ ਨੂੰ 7 ਸਾਲ ਦੀ ਕੈਦ ਜੀ ਸਜ਼ਾ ਸੁਣਾਈ ਗਈ ਸੀ। 23 ਜੁਲਾਈ, 2007 ਨੂੰ ਪੀੜਤ ਲੜਕੀ ਵਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਮੰਦਰ ਦੇ ਪੁਜਾਰੀ ਨੇ ਮਈ 2004 'ਚ ਮੰਦਰ ਅੰਦਰ ਉਸ ਨਾਲ ਜਬਰ ਜਨਾਹ ਕੀਤਾ ਸੀ ਤੇ ਬਾਅਦ 'ਚ ਉਹ ਉਸ ਨੂੰ ਧਮਕਾਉਂਦਾ ਰਿਹਾ। ਜੱਜ ਐਮ. ਐਲ. ਸਿਆਲ ਨੇ ਕਿਹਾ ਕਿ ਇਹ ਘਿਰਣਾਯੋਗ ਅਪਰਾਧ ਸਮਾਜ ਦੇ ਇਕ ਬਹੁਤ ਹੀ ਸਨਮਾਨਯੋਗ ਅਹੁਦੇ 'ਤੇ ਸਥਾਪਤ ਵਿਅਕਤੀ ਵਲੋਂ ਕੀਤਾ ਗਿਆ ਹੈ ਤੇ ਇਸ ਅਹੁਦੇ ਨਾਲ ਲੋਕਾਂ ਦੀਆਂ ਆਮ ਤੇ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਅਦਾਲਤ ਦੋਸ਼ੀ ਪੁਜਾਰੀ ਦੀ ਅਪੀਲ ਰੱਦ ਕਰਦੀ ਹੈ ਤੇ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰੱਖਿਆ ਜਾਂਦਾ ਹੈ।

No comments:

Post a Comment