ਅੰਮ੍ਰਿਤਸਰ— ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਡੁੱਬੇ ਵਿਅਕਤੀ ਦੀ ਲਾਸ਼ 4 ਦਿਨਾਂ ਬਾਅਦ ਬੁੱਧਵਾਰ ਨੂੰ ਮਿਲ ਗਈ। ਇਹ ਅਗਿਆਤ ਵਿਅਕਤੀ 15 ਦਸੰਬਰ ਨੂੰ ਪਵਿੱਤਰ ਸਰੋਵਰ 'ਚ ਡੁੱਬ ਗਿਆ ਸੀ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਲਾਸ਼ ਲੱਭਣ ਲਈ ਸ਼੍ਰੋਮਣੀ ਕਮੇਟੀ ਨੇ ਭਾਖੜਾ ਡੈਮ ਅਤੇ ਰੋਪੜ ਤੋਂ ਗੋਤਾਖੋਰ ਬੁਲਾਏ ਸਨ। ਇਹ ਗੋਤਾਖੋਰ ਪਿਛਲੇ 4 ਦਿਨਾਂ ਤੋਂ ਲਾਸ਼ ਲੱਭਣ ਲਈ ਜ਼ੋਰਦਾਰ ਯਤਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਕੰਮ 'ਚ ਬੁੱਧਵਾਰ ਨੂੰ ਸਫਲਤਾ ਮਿਲੀ ਜਦੋਂ ਗੋਤਾਖੋਰਾ ਨੇ ਉਕਤ ਲਾਸ਼ ਲੱਭ ਲਈ। ਉਨ੍ਹਾਂ ਕਿਹਾ ਕਿ ਡੁੱਬਣ ਵਾਲਾ ਵਿਅਕਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੱਗਦਾ ਸੀ। ਅਜਿਹਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਿਆ ਹੈ। ਇਨ੍ਹਾਂ ਕੈਮਰਿਆਂ ਤੋਂ ਹੀ ਇਹ ਪਤਾ ਲੱਗਿਆ ਕਿ ਉਸ ਵਿਅਕਤੀ ਨੇ ਖੁਦ ਹੀ ਸਰੋਵਰ 'ਚ ਛਾਲ ਮਾਰੀ ਸੀ।
ਸ. ਦਿਲਮੇਘ ਸਿੰਘ ਨੇ ਕਿਹਾ ਕਿ ਲਾਸ਼ ਕੱਢਣ ਤੋਂ ਬਾਅਦ ਪਵਿੱਤਰ ਸਰੋਵਰ ਦੇ ਜਲ ਨੂੰ ਹੌਲੀ-ਹੌਲੀ ਕੱਢਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਇਸ ਸਰੋਵਰ ਨੂੰ ਫਿਰ ਸਵੱਛ ਜਲ ਨਾਲ ਭਰ ਦਿੱਤਾ ਜਾਵੇਗਾ।