ਜਾਣਕਾਰੀ ਮੁਤਾਬਕ ਸਦਨ 'ਚ ਮਾਹੌਲ ਉਦੋਂ ਗਰਮਾ ਗਿਆ ਜਦੋਂ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਹਿਸ 'ਚ ਹਿੱਸਾ ਲੈਂਦਿਆ ਪੰਜਾਬ ਤੋਂ ਬਾਹਰ ਕਾਂਗਰਸੀ ਆਗੂਆਂ ਦੇ ਅਪਰਾਧਿਕ ਮਾਮਲਿਆਂ ਬਾਰੇ ਜ਼ਿਕਰ ਕੀਤਾ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਵਲੋਂ ਪੰਜਾਬ 'ਚ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਗਈ, ਜਿਸ 'ਤੇ ਸਪੀਕਰ ਨੇ ਇਤਰਾਜ ਜਤਾਇਆ। ਮਜੀਠੀਆ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੋਢੀ ਨੇ ਚੱਡਾ ਭਰਾਵਾਂ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਸੁਖਦੇਵ ਸਿੰਘ ਨਾਮਧਾਰੀ ਦੀ ਮਦਦ ਲਈ ਕਪੂਰਥਲਾ ਵਿਖੇ ਇਕ ਹੀ ਘਰ 'ਏਕਤਾ ਭਵਨ' ਦੇ ਪਤੇ 'ਤੇ 20 ਹਥਿਆਰਾਂ ਦੇ  ਲਾਇਸੰਸ ਬਣਵਾਏ। ਉਨ੍ਹਾਂ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ 'ਤੇ ਚਲ ਰਹੇ ਕਤਲ ਕੇਸ ਬਾਰੇ ਵੀ ਗੱਲ ਕੀਤੀ ਅਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਹੈਨਰੀ ਬਾਰੇ ਕਿਹਾ ਕਿ ਉਹ ਭਾਰਤ ਦਾ ਨਾਗਰਿਕ ਹੀ ਨਹੀਂ ਹੈ। ਇਸ ਤੋਂ ਬਾਅਦ ਵਿਧਾਇਕ ਸੋਢੀ ਨੇ ਮਜੀਠੀਆ ਨੂੰ ਉਸ 'ਤੇ ਲਗਾਏ ਦੋਸ਼ ਸੰਬੰਧੀ ਸਫਾਈ ਦੇਣ ਲਈ ਕਿਹਾ, ਜਿਸ ਤੋਂ ਬਾਅਦ ਦੋਹਾਂ 'ਚ ਸ਼ਬਦਾਂ ਦੀ ਜੰਗ ਛਿੜ ਗਈ। ਇਸ ਮੌਕੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਰੋਕ ਦਿੱਤੀ।
ਦੁਬਾਰਾ ਕਾਰਵਾਈ ਸ਼ੁਰੂ ਹੋਣ 'ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦਾ ਪੱਖ ਲੈਂਦੇ ਹੋਏ ਕਿਹਾ ਕਿ ਰਾਣਾ  ਨੂੰ ਸਦਨ 'ਚ ਭੱਦੀ ਸ਼ਬਦਵਲੀ ਵਰਤਣ 'ਤੇ ਬਰਖਾਸਤ ਕਰ ਦੇਣਾ ਚਾਹੀਦਾ ਹੈ। ਸਪੀਕਰ ਨੇ ਕਿਹਾ ਕਿ ਜਾਂ ਕਾਂਗਰਸ ਮੁਆਫੀ ਮੰਗੇ ਨਹੀਂ ਤਾਂ ਰਾਣਾ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ। ਪਰ ਕਾਂਗਰਸ ਵਲੋਂ ਕੋਈ ਜਵਾਬ ਨਾ ਮਿਲਣ 'ਤੇ ਰਾਣਾ ਨੂੰ ਸ਼ੁੱਕਰਵਾਰ ਤੱਕ ਸਦਨ ਤੋਂ ਬਰਖਾਸਤ ਕਰ ਦਿੱਤਾ ਗਿਆ।