ਮਹਿਲਾਂ 'ਚ ਰਹਿਣ ਵਾਲਾ ਮਹਾਰਾਜਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝ ਸਕਦਾ : ਸੁਖਬੀਰ
ਜਲਾਲਾਬਾਦ, 21 ਜਨਵਰੀ - ਜਲਾਲਾਬਾਦ ਵਿਧਾਨ ਸਭਾ ਹਲਕਾ ਦੇ ਉਮੀਦਵਾਰ ਸ. ਸੁਖਬੀਰ ਸਿੰਘ ਬਾਦਲ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀ 30 ਜਨਵਰੀ ਨੂੰ ਲੋਕ ਗਠਜੋੜ ਦੇ ਪੱਖ ਵਿਚ ਵੋਟ ਪਾਉਣਗੇ ਅਤੇ 6 ਮਾਰਚ ਨੂੰ ਜਦੋਂ ਵੋਟਾਂ ਦੀ ਗਿਣਤੀ ਹੋਵੇਗੀ ਤਾਂ ਕਾਂਗਰਸ ਦਾ ਨਾਮੋ-ਨਿਸ਼ਾਨ ਵੀ ਨਜ਼ਰ ਨਹੀਂ ਆਵੇਗਾ ਅਤੇ ਅਸੀਂ ਭਾਰੀ ਬਹੁਮਤ ਨਾਲ ਸਰਕਾਰ ਬਣਾ ਕੇ ਪੰਜਾਬ ਨੂੰ ਵਿਕਾਸ ਦੀ ਪੱਟੜੀ 'ਤੇ ਲਿਆਉਣ ਲਈ ਲੋਕਾਂ ਦਾ ਸੁਪਨਾ ਸੱਚ ਕਰਾਂਗੇ। ਹਲਕੇ ਦੇ ਚੋਣ ਦੌਰੇ ਦੌਰਾਨ ਚੱਕ ਪੱਖੀ ਪਿੰਡ ਵਿਚ ਡੇਰਾ ਬਾਬਾ ਰੇਸ਼ਮ ਸਿੰਘ 'ਤੇ ਮੱਥਾ ਟੇਕਣ ਤੋਂ ਬਾਅਦ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕੋਲ ਇਨ੍ਹਾਂ ਚੋਣਾਂ ਵਿਚ ਕੋਈ ਮੁੱਦਾ ਨਹੀਂ ਹੈ, ਜਿਸ ਨਾਲ ਉਹ ਲੋਕਾਂ ਨੂੰ ਲੁਭਾ ਸਕਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਜੀਵਨ ਰਾਜਿਆਂ-ਮਹਾਰਾਜਿਆਂ ਵਰਗਾ ਹੈ ਅਤੇ ਮਹਿਲਾਂ ਵਿਚ ਰਹਿਣ ਵਾਲੇ ਰਾਜੇ ਮਹਾਰਾਜੇ ਆਮ ਅਤੇ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝ ਸਕਦੇ। ਉਨ੍ਹਾਂ ਕਿਹਾ ਕਿ ਉਹ ਸਾਲ 2009 ਵਿਚ ਜਲਾਲਾਬਾਦ ਤੋਂ 80 ਹਜ਼ਾਰ ਵੋਟਾਂ ਨਾਲ ਜਿੱਤੇ ਸਨ ਅਤੇ ਹੁਣ ਲੋਕਾਂ ਦੇ ਪਿਆਰ ਅਤੇ ਸਮਰਥਨ ਦੀ ਬਦੌਲਤ ਆਪਣੀ ਜਿੱਤ ਨੂੰ ਵਧਾਉਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਪਿੰਡਾਂ 'ਚ ਜ਼ਮੀਨਾਂ ਲਈ ਟਿਊਬਵੈੱਲ ਦੇ ਕਨੈਕਸ਼ਨ ਦਿੱਤੇ ਜਾਣਗੇ, ਬਿਜਲੀ ਪੂਰੀ ਦਿੱਤੀ ਜਾਵੇਗੀ ਅਤੇ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਅਤੇ ਕੋਠਾ ਬਣਾਉਣ ਲਈ ਪੈਸੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ 6 ਮਾਰਚ ਤੋਂ ਬਾਅਦ ਫਿਰ ਅਕਾਲੀ-ਭਾਜਪਾ ਦੀ ਸਰਕਾਰ ਹੋਵੇਗੀ ਅਤੇ ਪੰਜਾਬ ਦੇ ਖਜ਼ਾਨੇ ਦੀ ਚਾਬੀ ਤੁਹਾਡੇ ਕੋਲ ਹੋਵੇਗੀ, ਜਿਸ ਨਾਲ ਪੂਰੇ ਹਲਕੇ ਦਾ ਵਿਕਾਸ ਕੀਤਾ ਜਾਵੇਗਾ।
No comments:
Post a Comment