ਕੈਪਟਨ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ
ਪਟਿਆਲਾ, 30 ਜਨਵਰੀ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਅੱਜ ਇਥੇ ਆਪਣੇ ਪਰਿਵਾਰ ਨਾਲ ਵੋਟ ਪਾਉਣ ਤੋਂ ਪਹਿਲਾਂ ਮੋਤੀ ਮਹਿਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਪੰਜਾਬ 'ਚ ਕਾਂਗਰਸ 70 ਤੋਂ ਵੱਧ ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਨਾਕਾਮੀ ਖਾਸ ਕਰਕੇ ਅਮਨ ਕਾਨੂੰਨ ਦੀ ਮੰਦੀ ਹਾਲਤ ਕਾਰਨ ਰਾਜ ਦੇ ਲੋਕ ਬਦਲਾਅ ਚਾਹੁੰਦੇ ਹਨ। ਕੈਪਟਨ ਨੇ ਕਿਹਾ ਕਿ ਅਕਾਲੀ-ਭਾਜਪਾ ਆਗੂਆਂ ਨੇ ਸੂਬੇ ਦੇ ਲੋਕਾਂ ਨੂੰ ਕੁੱਟਣ ਅਤੇ ਲੁੱਟਣ ਵਿਚ ਕੋਈ ਕਸਰ ਨਹੀਂ ਛੱਡੀ ਤੇ ਆਮ ਲੋਕਾਂ ਦੇ ਕਾਰੋਬਾਰਾਂ 'ਤੇ ਕਬਜ਼ੇ ਕਰਕੇ ਉਨ੍ਹਾਂ ਨੂੰ ਵਿਹਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ 'ਰਾਜ ਨਹੀਂ ਸੇਵਾ' ਦਾ ਨਾਅਰਾ ਸਿਰਫ ਪਰਿਵਾਰ ਤੱਕ ਹੀ ਸੀਮਤ ਰਿਹਾ ਹੈ। ਡੇਰਾ ਸਿਰਸਾ ਦੀ ਮਦਦ ਸਬੰਧੀ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਕ ਨਹੀਂ ਸਗੋਂ ਪੰਜਾਬ ਦੇ ਬਹੁਤ ਸਾਰੇ ਡੇਰਿਆਂ 'ਤੇ ਜਾ ਕੇ ਆਸ਼ੀਰਵਾਦ ਲਿਆ ਹੈ ਤੇ ਲੋਕਤੰਤਰ ਵਿਚ ਕਿਸੇ ਤੋਂ ਮਦਦ ਲੈਣੀ ਕੋਈ ਮਾੜੀ ਗੱਲ ਨਹੀਂ ਹੈ। ਬਾਗੀਆਂ ਦੇ ਸਬੰਧ 'ਚ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਵੱਡੀ ਪਾਰਟੀ ਹੈ ਤੇ ਜਦੋਂ ਇਹ ਲੱਗੇ ਕਿ ਸੱਤਾ 'ਚ ਪਾਰਟੀ ਕਾਬਜ ਹੋਣ ਵਾਲੀ ਹੈ ਤਾਂ ਸੁਭਾਵਿਕ ਹੀ ਹੈ ਕਿ ਬਾਗੀ ਸੁਰਾਂ ਪੈਦਾ ਹੋ ਹੀ ਜਾਂਦੀਆਂ ਹਨ, ਪਰ ਸਾਨੂੰ ਕੋਈ ਵੀ ਬਾਗੀਆਂ ਦਾ ਖਤਰਾ ਮਹਿਸੂਸ ਨਹੀਂ ਹੋ ਰਿਹਾ। ਕੈਪਟਨ ਸਿੰਘ ਨੇ ਕਿਹਾ ਕਿ ਆਟਾ ਦਾਲ ਯੋਜਨਾ ਨੂੰ ਜਾਰੀ ਰੱਖਦੇ ਹੋਏ ਕਾਂਗਰਸ ਆਪਣੇ ਚੋਣ ਮਨੋਰਥ ਪੱਤਰ 'ਤੇ ਪੂਰਾ ਪਹਿਰਾ ਦੇਵੇਗੀ। ਕੈਪਟਨ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਪੰਜਾਬ ਦੇ ਵਿਕਾਸ ਲਈ ਲੰਬੀ ਯੋਜਨਾ ਉਲੀਕੀ ਜਾਵੇਗੀ ਤੇ ਬੇਰੁਜ਼ਗਾਰੀ ਦੇ ਹੱਲ ਲਈ ਠੋਸ ਕਦਮ ਉਠਾਏ ਜਾਣਗੇ।
ਮੁਕਤਸਰ, 30 ਜਨਵਰੀ- ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੂੰ ਲੰਬੀ ਹਲਕੇ ਤੋਂ ਇਸ ਵਾਰ ਆਪਣੇ ਭਰਾ ਗੁਰਦਾਸ ਸਿੰਘ ਬਾਦਲ ਦਾ ਸਾਹਮਣਾ ਕਰਨਾ ਪਿਆ ਹੈ, ਨੇ ਕਿਹਾ ਹੈ ਕਿ ਇਹ ਲੜਾਈ ਪਾਰਟੀਆਂ ਵਿਚਾਲੇ ਹੈ ਨਾ ਕਿ ਭਰਾਵਾਂ ਵਿਚਾਲੇ। ਗੁਰਦਾਸ ਬਾਦਲ ਜੋ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਮੁੱਖ ਮੰਤਰੀ ਵਿਰੁੱਧ ਚੋਣ ਮੈਦਾਨ ਵਿਚ ਹਨ, ਬਾਰੇ ਉਨ੍ਹਾਂ ਕਿਹਾ ਕਿ ਮੇਰਾ ਭਰਾ ਪਰਛਾਵੇਂ ਦੀ ਤਰ੍ਹਾਂ ਮੇਰੇ ਨਾਲ ਰਿਹਾ ਹੈ ਤੇ ਹੁਣ ਉਹ ਮੇਰੇ ਵਿਰੁੱਧ ਚੋਣ ਲੜ ਰਿਹਾ ਹੈ। ਪਹਿਲਾਂ ਮੈਨੂੰ ਇਹ ਸਭ ਕੁਝ ਵੇਖ ਕੇ ਬਹੁਤ ਦੁੱਖ ਹੋਇਆ ਸੀ, ਪਰ ਹੁਣ ਇਸ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਹੁਣ ਇਹ ਲੜਾਈ ਪਾਰਟੀਆਂ ਵਿਚਾਲੇ ਹੈ। ਮੁੱਖ ਮੰਤਰੀ ਆਪਣਾ ਵੋਟ ਪਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਪੁੱਤਰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਨੂੰਹ ਹਰਸਿਮਰਤ ਕੌਰ ਸੰਸਦ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦਾ ਰਾਜ ਵਿਚੋਂ ਸਫਾਇਆ ਹੋ ਜਾਵੇਗਾ।
ਲੰਬੀ, 30 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਅੱਜ ਸਾਰੇ ਪੰਜਾਬ ਵਿਚ ਬੜੇ ਉਤਸ਼ਾਹ ਨਾਲ ਘਰਾਂ ਵਿਚੋਂ ਵੋਟਾਂ ਪਾਉਣ ਲਈ ਆਏ, ਜਿਸ ਦਾ ਫ਼ਾਇਦਾ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਇਨ੍ਹਾਂ ਚੋਣਾਂ ਵਿਚ ਇਸ ਗਠਜੋੜ ਨੂੰ ਘੱਟੋ-ਘੱਟ 80 ਤੋਂ 90 ਫੀਸਦੀ ਸੀਟਾਂ ਆਉਣ ਦੀ ਸੰਭਾਵਨਾ ਹੈ। ਅੱਜ ਲੋਕਾਂ ਦੇ ਜੋਸ਼ ਨੂੰ ਦੇਖ ਕੇ ਲੱਗ ਰਿਹਾ ਹੈ ਲੋਕ ਗਠਜੋੜ ਸਰਕਾਰ ਵੱਲੋਂ ਕੀਤੇ ਵਿਕਾਸ ਤੋਂ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਲਗਾਤਾਰ ਦੂਸਰੀ ਵਾਰ ਗਠਜੋੜ ਦੀ ਸਰਕਾਰ ਬਣਾ ਕੇ ਪੰਜਾਬ ਦਾ ਪਿਛਲਾ ਇਤਿਹਾਸ ਬਦਲ ਦੇਣਗੇ।
ਸੰਗਰੂਰ, 30 ਜਨਵਰੀ-ਸਾਬਕਾ ਮੁੱਖ ਮੰਤਰੀ ਅਤੇ ਲਹਿਰਾਗਾਗਾ ਤੋਂ ਕਾਂਗਰਸ ਦੇ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਅਕਾਲੀ-ਭਾਜਪਾ ਗਠਜੋੜ ਨੂੰ ਰੱਦ ਕਰ ਦਿੱਤਾ ਹੈ। ਅੱਜ 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਉਨ੍ਹਾਂ ਨੂੰ ਮਿਲੀਆਂ ਰਿਪੋਰਟਾਂ ਅਨੁਸਾਰ ਕਾਂਗਰਸ ਨੂੰ 80 ਦੇ ਕਰੀਬ ਸੀਟਾਂ ਹਾਸਲ ਹੋਣਗੀਆਂ। ਇਕ ਪ੍ਰਸ਼ਨ ਦੇ ਉਤਰ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਫੈਸਲਾ ਬੀਬੀ ਸੋਨੀਆ ਗਾਂਧੀ ਕਰਨਗੇ। ਹਲਕਾ ਲਹਿਰਾਗਾਗਾ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਵਿਚ ਆਪਣਾ ਵਿਸ਼ਵਾਸ ਮੁੜ ਦੁਹਰਾਇਆ ਹੈ।
ਨਵੀਂ ਦਿੱਲੀ, 30 ਜਨਵਰੀ-ਅੱਜ ਰਾਸ਼ਟਰ ਦੁਆਰਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 64ਵੀਂ ਬਰਸੀ ਉੱਪਰ ਯਾਦ ਕਰਦਿਆਂ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਰਾਸ਼ਟਰਪਿਤਾ ਦੀ ਯਾਦ ਵਿਚ ਅੱਜ ਰਾਜਘਾਟ ਵਿਖੇ ਇਕ ਸਮਾਗਮ ਕੀਤਾ ਗਿਆ, ਜਿਸ ਵਿਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੁਆਰਾ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮਹਾਤਮਾ ਗਾਂਧੀ ਲਈ ਉਨ੍ਹਾਂ ਦੇ ਰਾਸ਼ਟਰ ਨੂੰ ਦਿੱਤੇ ਯੋਗਦਾਨ ਬਦਲੇ 2 ਮਿੰਟ ਦਾ ਮੌਨ ਵੀ ਰੱਖਿਆ ਗਿਆ।
ਇਸਲਾਮਾਬਾਦ, 30 ਜਨਵਰੀ -ਪਾਕਿਸਤਾਨ ਵਿਚ ਸੰਸਦੀ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਇਸ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਈ ਵਿਚ ਬੱਜਟ ਪੇਸ਼ ਕੀਤੇ ਜਾਣ ਤੋਂ ਬਾਅਦ ਇਸ 'ਤੇ ਵਿਰੋਧੀ ਦਲਾਂ ਨਾਲ ਚਰਚਾ ਕੀਤੀ ਜਾਵੇਗੀ। ਸਵਿਟਜ਼ਰਲੈਂਡ ਦੇ ਦਾਵੋਸ ਵਿਚ ਆਰਥਿਕ ਮੰਚ ਦੀ ਬੈਠਕ ਤੋਂ ਪਰਤਣ ਬਾਅਦ ਗਿਲਾਨੀ ਨੇ ਅਖ਼ਬਾਰ 'ਡਾਨ' ਨੂੰ ਦੱਸਿਆ ਕਿ ਪਾਕਿਸਤਾਨ ਵਿਚ ਸੰਸਦੀ ਚੋਣਾਂ ਅਕਤੂਬਰ ਜਾਂ ਨਵੰਬਰ ਵਿਚ ਹੋ ਸਕਦੀਆਂ ਹਨ, ਪਰ ਇਸ ਬਾਰੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਵਿਰੋਧੀ ਦਲਾਂ ਨਾਲ ਗੱਲਬਾਤ ਕਰੇਗੀ।
No comments:
Post a Comment