ਬੇਕਾਬੂ ਕਾਰ ਨੇ ਸੜਕ ਕਿਨਾਰੇ ਖੜ੍ਹੇ 5 ਵਿਅਕਤੀ ਕੁਚਲੇ
૿ ਮ੍ਰਿਤਕਾਂ 'ਚ ਪਤੀ-ਪਤਨੀ ਵੀ ਸ਼ਾਮਿਲ ૿ ਬੱਸ ਦੀ ਕਰ ਰਹੇ ਸੀ ਉਡੀਕ
ਤਰਨ ਤਾਰਨ/ਹਰੀਕੇ ਪੱਤਣ, 17 ਜਨਵਰੀ -ਤਰਨ ਤਾਰਨ-ਹਰੀਕੇ ਰਾਸ਼ਟਰੀ ਮਾਰਗ ਨੰ: 15 ਦੇ ਪਿੰਡ ਮਰਹਾਣਾ ਵਿਖੇ ਬਣੇ ਮੈਰਿਜ ਪੈਲੇਸ ਅਰਮਾਨ ਵਿਲ੍ਹਾ ਦੇ ਸਾਹਮਣੇ ਸੜਕ ਕਿਨਾਰੇ ਬੱਸ ਦੀ ਉਡੀਕ ਲਈ ਖੜ੍ਹੇ ਯਾਤਰੀਆਂ 'ਤੇ ਇਕ ਬੇਕਾਬੂ ਕਾਰ ਦੇ ਚੜ੍ਹ ਜਾਣ ਕਾਰਨ ਮੌਕੇ 'ਤੇ ਹੀ ਪਤੀ-ਪਤਨੀ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਕਾਰ ਸਵਾਰਾਂ ਸਮੇਤ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਮਰਹਾਣਾ ਵਿਖੇ ਬਣੇ ਅਰਮਾਨ ਵਿਲ੍ਹਾ ਪੈਲੇਸ ਵਿਚ ਮਰਗ ਦਾ ਭੋਗ ਪੈਣ ਉਪਰੰਤ ਪੈਲੇਸ ਦੇ ਬਾਹਰ ਸੜਕ 'ਤੇ ਕੁਝ ਯਾਤਰੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਉਸ ਵਕਤ ਤਰਨ ਤਾਰਨ ਵੱਲੋਂ ਤੇਜ਼ ਰਫਤਾਰ 'ਤੇ ਆ ਰਹੀ ਇਕ ਕਾਰ ਬੇਕਾਬੂ ਹੋ ਕੇ ਇਨ੍ਹਾਂ ਸੜਕ ਕਿਨਾਰੇ ਖੜ੍ਹੇ ਵਿਅਕਤੀਆਂ ਨੂੰ ਦਰੜਦੀ ਹੋਈ ਦਰਖਤ ਵਿਚ ਜਾ ਵੱਜੀ। ਇਸ ਹਾਦਸੇ ਵਿਚ ਪਤੀ-ਪਤਨੀ ਸਮੇਤ ਪੰਜ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸਰਹਾਲੀ ਵਿਖੇ ਇਲਾਜ ਲਈ ਲਿਜਾਉਣ ਉਪਰੰਤ ਅੰਮ੍ਰਿਤਸਰ ਦੇ ਹਸਪਤਾਲ ਭੇਜ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਥਾਣਾ ਹਰੀਕੇ ਦੇ ਏ.ਐੱਸ.ਆਈ. ਹਰਦਿਆਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜ ਗਏ। ਮ੍ਰਿਤਕ ਵਿਅਕਤੀਆਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਵਾਸੀ ਮਾੜੀ ਥੇਹ ਭਿੱਖੀਵਿੰਡ, ਬਲਬੀਰ ਕੌਰ ਵਾਸੀ ਧਾਰੀਵਾਲ, ਸਕੱਤਰ ਸਿੰਘ ਪੁੱਤਰ ਅੰਗਰੇਜ਼ ਸਿੰਘ, ਨਰਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੁਰ ਸਿੰਘ ਵਜੋਂ ਹੋਈ ਹੈ, ਜਦ ਕਿ ਜ਼ਖ਼ਮੀ ਵਿਅਕਤੀਆਂ ਵਿਚ ਜਰਨੈਲ ਸਿੰਘ ਸੁਰ ਸਿੰਘ, ਹਰਦੀਪ ਸਿੰਘ ਸੁਰ ਸਿੰਘ ਤੋਂ ਇਲਾਵਾ ਕਾਰ ਡਰਾਈਵਰ ਨਰੇਸ਼ ਕੁਮਾਰ ਅਤੇ ਦੋ ਕਾਰ ਸਵਾਰ ਵਿਅਕਤੀ ਸ਼ਾਮਿਲ ਹਨ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰ ਸਵਾਰ ਤਲਵੰਡੀ ਚੌਧਰੀਆਂ ਨੇੜੇ ਕਪੂਰਥਲਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।૿ ਮ੍ਰਿਤਕਾਂ 'ਚ ਪਤੀ-ਪਤਨੀ ਵੀ ਸ਼ਾਮਿਲ ૿ ਬੱਸ ਦੀ ਕਰ ਰਹੇ ਸੀ ਉਡੀਕ
ਨਵੀਂ ਦਿੱਲੀ, 17 ਜਨਵਰੀ -ਭਾਜਪਾ ਦੇ ਸੀਨੀਅਰ ਨੇਤਾ ਐਲ. ਕੇ. ਅਡਵਾਨੀ, ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ ਸਮੇਤ 18 ਹੋਰਨਾ 'ਤੇ ਅਪਰਾਧਿਕ ਸਾਜਿਸ਼ ਦੇ ਦੋਸ਼ ਦਾਇਰ ਕਰਨ ਸਬੰਧੀ ਸੀ.ਬੀ.ਆਈ. ਦੀ ਅਪੀਲ 'ਤੇ ਸੁਣਵਾਈ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਦੀ ਘਟਨਾ ਇਕ ਆਮ ਘਟਨਾ ਸੀ ਅਤੇ ਇਸ 'ਚ 'ਪ੍ਰਸਿੱਧ' ਜਾਂ 'ਅਪ੍ਰਸਿੱਧ' ਵਾਲੀ ਕੋਈ ਗੱਲ ਨਹੀਂ ਹੈ। ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਸਮੇਂ ਵਧੀਕ ਸੋਲਿਸਟਰ ਜਨਰਲ ਨੇ ਕਿਹਾ ਸੀ ਕਿ ਇਹ ਮਾਮਲਾ ਬਾਬਰੀ ਮਸਜਿਸ ਦੇ ਢਾਹੁਣ ਵਰਗੇ 'ਪ੍ਰਸਿੱਧ' ਕੇਸ ਨਾਲ ਸਬੰਧਤ ਹੈ। ਇਸ 'ਤੇ ਜਸਟਿਸ ਐਚ.ਐਲ.ਦੱਤੂ ਅਤੇ ਸੀ.ਕੇ.ਪ੍ਰਸਾਦ 'ਤੇ ਅਧਾਰਿਤ ਬੈਂਚ ਨੇ ਕਿਹਾ ਕਿ ਇਸ ਵਿਚ ਪ੍ਰਸਿੱਧ ਵਰਗਾ ਕੀ ਹੈ? ਇਹ ਇਕ ਘਟਨਾ ਸੀ ਜੋ ਵਾਪਰ ਗਈ ਅਤੇ ਪਾਰਟੀਆਂ ਸਾਡੇ ਸਾਹਮਣੇ ਹਨ। ਮਾਮਲੇ ਦੀ ਸੁਣਵਾਈ ਜਾਰੀ ਨਹੀਂ ਰੱਖੀ ਜਾ ਸਕੀ ਕਿਉਂਕਿ ਕਈ ਪਾਰਟੀਆਂ ਨੇ ਆਪਣਾ ਜਵਾਬ ਅਦਾਲਤ 'ਚ ਦਾਖ਼ਲ ਨਹੀਂ ਸੀ ਕੀਤਾ ਜਿਸ ਕਰ ਕੇ ਸੁਣਵਾਈ ਮਾਰਚ ਤਕ ਟਾਲ ਦਿੱਤੀ ਗਈ। ਪਿਛਲੇ ਸਾਲ 4 ਮਾਰਚ ਨੂੰ ਅਦਾਲਤ ਨੇ ਅਡਵਾਨੀ, ਠਾਕਰੇ, ਕਲਿਆਣ ਸਿੰਘ, ਓਮਾ ਭਾਰਤੀ, ਵਿਨੇ ਕਟਿਆਰ, ਅਸ਼ੋਕ ਸਿੰਘਲ ਅਤੇ ਗਿਰੀਰਾਜ ਕਿਸ਼ੋਰ ਸਮੇਤ 21 ਲੋਕਾਂ ਨੂੰ ਨੋਟਿਸ ਜਾਰੀ ਕਰ ਕੇ ਆਪਣਾ ਪੱਖ ਰੱਖਣ ਲਈ ਕਿਹਾ ਸੀ ਕਿਉਂ ਨਾ ਉਨ੍ਹਾਂ 'ਤੇ ਅਪਰਾਧਿਕ ਸਾਜਿਸ਼ ਦਾ ਮੁਕੱਦਮਾ ਨਾ ਚਲਾਇਆ ਜਾਵੇ। 21 ਮਾਰਚ, 2010 ਨੂੰ ਇਲਾਹਾਬਾਦ ਹਾਈਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਇਨ੍ਹਾਂ ਨੇਤਾਵਾਂ ਵਿਰੁੱਧ ਅਪਰਾਧਿਕ ਸਾਜਿਸ਼ ਦਾ ਮਾਮਲਾ ਚਲਾਇਆ ਜਾਵੇ ਜਿਸ ਨੂੰ ਚੁਣੌਤੀ ਦਿੰਦਿਆਂ ਸੀ.ਬੀ.ਆਈ. ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਨਵੀਂ ਦਿੱਲੀ, 17 ਜਨਵਰੀ -ਸੁਪਰੀਮ ਕੋਰਟ ਨੇ ਅੱਜ ਅਧਿਕਾਰੀਆਂ ਨੂੰ ਲੋੜੀਂਦੀਆਂ ਸਹੁਲਤਾਂ ਨਾਲ ਬੇਘਰੇ ਲੋਕਾਂ ਖਾਸਕਰ ਉੱਤਰੀ ਭਾਰਤ ਜਿਥੇ ਕੜਾਕੇ ਦੀ ਸਰਦੀ ਪੈ ਰਹੀ ਹੈ ਦੇ ਬਚਾਅ ਲਈ ਉਨ੍ਹਾਂ ਨੂੰ ਰਾਤਾਂ ਕੱਟਣ ਲਈ ਰੈਣ ਵਸੇਰੇ ਮੁਹੱਈਆ ਕਰਨ ਲਈ ਉਸ ਦੇ ਹੁਕਮ ਦੀ ਇਨ-ਬਿਨ ਪਾਲਣਾ ਕੀਤੀ ਜਾਵੇ। ਇਕ ਸਵੈਸੇਵੀ ਸੰਗਠਨ ਪੀ ਯੂ. ਸੀ. ਐਲ. ਵਲੋਂ ਦਾਇਰ ਪੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਦਲਬੀਰ ਭੰਡਾਰੀ ਅਤੇ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਮਨੁੱਖੀ ਜੀਵਨ ਦੇ ਬਚਾਅ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਪਟੀਸ਼ਨ ਵਿਚ ਅਦਾਲਤ ਤੋਂ ਮੰਗ ਕੀਤੀ ਗਈ ਸੀ ਕਿ ਉਹ ਸੂਬਾ ਸਰਕਾਰਾਂ ਨੂੰ ਹਦਾਇਤ ਕਰੇ ਕਿ ਉਹ ਲੱਖਾਂ ਬੇਘਰੇ ਲੋਕਾਂ ਨੂੰ ਰਾਤ ਗੁਜ਼ਾਰਨ ਲਈ ਰੈਣ ਵਸੇਰੇ ਉਸਾਰਨ। ਉਨ੍ਹਾਂ ਉੱਤਰੀ ਰਾਜਾਂ ਦੀਆਂ ਸਰਕਾਰਾਂ ਨੂੰ ਕਿਹਾ ਕਿ ਉਸ ਦੇ ਹੁਕਮ ਨੂੰ ਬਿਨਾਂ ਸਮਾਂ ਗਵਾਏ ਲਾਗੂ ਕੀਤਾ ਜਾਵੇ। ਅਦਾਲਤ ਨੇ ਕਿਹਾ ਕਿ ਕੇਵਲ ਠੰਢੀਆਂ ਹਵਾਵਾਂ ਹੀ ਨਹੀਂ ਸਗੋਂ ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਵਰਗੇ ਰਾਜਾਂ 'ਚ ਹੋਈ ਬਰਫ਼ਬਾਰੀ ਨੇ ਬੇਘਰੇ ਅਤੇ ਬੇਸਹਾਰਾ ਲੋਕਾਂ ਦੀਆਂ ਮੁਸਕਲਾਂ ਹੋਰ ਵਧਾ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਰਾਤ ਠਹਿਰਨ ਲਈ ਸਥਾਈ ਜਾਂ ਆਰਜ਼ੀ ਕਿਸਮ ਦੇ ਸ਼ਰਨ ਸਥਾਨ ਮੁਹੱਈਆ ਕੀਤੇ ਜਾਣ। ਇਸੇ ਦੌਰਾਨ 'ਏਮਜ਼' ਦੇ ਅਧਿਕਾਰੀਆਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਆਉਂਦੇ ਗਰੀਬ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਰਾਤ ਠਹਿਰਨ ਲਈ ਆਰਜ਼ੀ ਰੈਣ ਵਸੇਰੇ ਉਸਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਸਖਤ ਸਰਦੀ ਨੂੰ ਦੇਖਦੇ ਹੋਏ ਏਮਜ਼ ਅਧਿਕਾਰੀਆਂ ਨੇ ਸਮਾਜ ਦੇ ਗਰੀਬ ਵਰਗ ਨਾਲ ਸਬੰਧਤ ਮਰੀਜ਼ਾਂ ਦੇ ਰਾਤ ਰੁਕਣ ਵਾਸਤੇ ਰੈਣ ਵਸੇਰੇ ਉਸਾਰੇ ਜਾਣ ਦਾ ਫ਼ੈਸਲਾ ਕੀਤਾ ਹੈ।
No comments:
Post a Comment