Tuesday, 13 March 2012

 ਸਮਝੌਤੇ ਲਈ ਇਸਰਾਈਲ ਪਹਿਲਾਂ ਹਮਲੇ ਬੰਦ ਕਰੇ: ਹਮਾਸ
ਗਾਜ਼ਾ ਸ਼ਹਿਰ, 12 ਮਾਰਚ- ਹਮਾਸ ਨੇ ਅੱਜ ਕਿਹਾ ਕਿ ਮਿਸਰ ਭਾਵੇਂ ਗਾਜ਼ਾ ਖਾੜਕੂਆਂ ਤੇ ਇਸਰਾਈਲ ਵਿਚਕਾਰ ਅਸਥਾਈ ਯੁੱਧਬੰਦੀ ਲਈ ਯਤਨਸ਼ੀਲ ਹੈ ਪਰ ਇਸਰਾਈਲ ਦਾ ਹਮਲਾਵਰ ਰੁਖ ਅਜੇ ਵੀ ਜਾਰੀ ਹੈ। ਇਸ ਦੇ ਨਾਲ ਹੀ ਹਮਾਸ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਸ਼ਾਂਤੀ ਬਹਾਲੀ ਲਈ ਇਸਰਾਈਲ ਨੂੰ ਠੰਡ ਰੱਖਣ ਦੀ ਲੋੜ ਹੈ।
ਹਮਾਸ ਦੇ ਨੁਮਾਇੰਦੇ ਤਾਹਰ-ਅਲ-ਨੁਨੂ ਮੁਤਾਬਕ ਸਾਰੇ ਫਲਸਤੀਨੀ ਧੜੇ ਇਸ ਵੇਲੇ ਚੜ੍ਹਦੀ ਕਲਾ ਵਿਚ ਹਨ। ਇਨ੍ਹਾਂ ਸਾਰੇ ਧੜਿਆਂ ਦਾ  ਵਿਚਾਰ ਹੈ ਕਿ ਸੰਧੀ ਬਾਰੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਇਸਰਾਈਲ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਸ਼ੁਰੂ ਕੀਤੇ ਹਮਲੇ ਸਹੀ ਨਹੀਂ ਹਨ। ਜ਼ਿਕਰਯੋਗ ਹੈ ਕਿ ਇਸਰਾਈਲ ਵੱਲੋਂ ਗਾਜ਼ਾ ’ਤੇ ਕੀਤੇ ਹਵਾਈ ਹਮਲਿਆਂ ਦੌਰਾਨ ਹੁਣ ਤੱਕ ਕਰੀਬ 18 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਜਵਾਬੀ ਕਾਰਵਾਈ ਵਜੋਂ ਖਾੜਕੂਆਂ ਨੇ ਵੀ ਦੱਖਣੀ ਇਸਰਾਈਲ ’ਤੇ 130 ਰਾਕੇਟ ਦਾਗੇ।
ਨੁਨੂ ਮੁਤਾਬਕ ਮਿਸਰੀ ਅਧਿਕਾਰੀਆਂ ਵੱਲੋਂ ਯੁੱਧਬੰਦੀ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਮਿਸਰ ਨੇ ਪਹਿਲਾਂ ਵੀ ਇਸਰਾਈਲ ਅਤੇ ਗਾਜ਼ਾ ਖਾੜਕੂਆਂ ਵਿਚਾਲੇ ਯੁੱਧਬੰਦੀ ਸਮਝੌਤੇ ਕਰਵਾਉਣ ਲਈ ਕਈ ਵਾਰ ਵਿਚੋਲਗਿਰੀ ਕੀਤੀ ਹੈ। ਨੁਮਾਇੰਦੇ ਨੇ ਮਿਸਰੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਹਿੰਸਾ ਦਾ ਇਹ ਦੌਰ ਖਤਮ ਹੋਣ ਦੀ ਆਸ ਜਤਾਈ ਹੈ। ਇਸੇ ਦੌਰਾਨ ਇਸਰਾਈਲ ਸਰਕਾਰ ਨੇ ਪੱਛਮੀ ਕਿਨਾਰੇ ਵਸੀ ਵੱਡੀ ਤੇ ਪੁਰਾਣੀ ਬਸਤੀ ਨੂੰ ਉਠਾ ਕੇ ਨਜ਼ਦੀਕੀ ਨਵੀਂ ਪਹਾੜੀ ’ਤੇ ਭੇਜ ਦਿੱਤਾ ਹੈ। ਸਰਕਾਰ ਵੱਲੋਂ ਇਸ ਬਸਤੀ ਨੂੰ ਗੈਰ-ਕਾਨੂੰਨੀ ਦੱਸਿਆ ਗਿਆ ਹੈ।
-ਏ.ਐਫ.ਪੀ.

ਇਸਰਾਇਲੀ ਹਮਲੇ ’ਚ ਤਿੰਨ ਹੋਰ ਹਲਾਕ

ਗਾਜ਼ਾ ਸ਼ਹਿਰ, 12 ਮਾਰਚ
ਇਸਰਾਈਲ ਵੱਲੋਂ ਗਾਜ਼ਾ ’ਤੇ ਕੀਤੇ ਜਾ ਰਹੇ ਹਮਲਿਆਂ ਦੇ ਅੱਜ ਚੌਥੇ ਦਿਨ ਤਿੰਨ ਹੋਰ ਫਲਸਤੀਨੀ ਮਾਰੇ ਗਏ ਤੇ ਮੌਤਾਂ ਦੀ ਗਿਣਤੀ 18 ਤਕ ਪਹੁੰਚ ਗਈ।
ਇਸਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਰਾਕੇਟਾਂ ਨਾਲ ਹਮਲੇ ਕਰਨ ਵਾਲੇ ਖਾੜਕੂਆਂ ਦਾ ਸਫਾਇਆ ਕਰਨਾ ਜ਼ਰੂਰੀ ਹੈ। ਇਸ ਲਈ ਜਦ ਤਕ ਲੋੜ ਹੈ, ਹਵਾਈ ਹਮਲੇ ਜਾਰੀ ਰੱਖੇ ਜਾਣ। ਅੱਧੀ ਰਾਤ ਤਕ ਫੌਜ ਵੱਲੋਂ ਅੱਠ ਹਵਾਈ ਹਮਲੇ ਕੀਤੇ ਗਏ ਜਿਸ ਦੌਰਾਨ ਤਿੰਨ ਮਾਰੇ ਗਏ ਤੇ 41 ਹੋਰ ਜ਼ਖਮੀ ਹੋ ਗਏ। ਸ਼ੁੱਕਰਵਾਰ ਦੀ ਦੁਪਹਿਰ ਇਸਰਾਈਲ ਵੱਲੋਂ ਖਾੜਕੂਆਂ ਦੇ ਮੁੱਖ ਆਗੂ ਦੇ ਕਤਲ ਤੋਂ ਬਾਅਦ ਖਾੜਕੂਆਂ ਨੇ ਇਸਰਾਈਲੀ ਫੌਜ ਵਿਚਾਲੇ ਤਣਾਅ ਤੇ ਹਿੰਸਾ ਦਾ ਦੌਰ ਜਾਰੀ ਹੈ।

No comments:

Post a Comment