Tuesday, 13 March 2012


ਪੀ. ਸੀ. ਆਰ. ਇੰਚਾਰਜ ਨੇ ਇੰਸਪੈਕਟਰ 'ਤੇ ਚਲਾਈ ਗੋਲੀ

ਪੀ. ਸੀ. ਆਰ. ਮੁਲਾਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤੇ
ਜਾਣ ਦਾ ਦ੍ਰਿਸ਼।
ਚੰਡੀਗੜ੍ਹ, 12 ਮਾਰਚ - ਚੰਡੀਗੜ੍ਹ ਵਿਖੇ ਰਾਤ ਡੇਢ ਵਜੇ ਦੇ ਲਗਭਗ ਚੰਡੀਗੜ੍ਹ ਪੁਲਿਸ ਦੀ ਪੀ. ਸੀ. ਆਰ. ਜਿਪਸੀ ਈਕੋ 15 ਦੇ ਇੰਚਾਰਜ ਬਲਬੀਰ ਸਿੰਘ ਅਤੇ ਉਸ ਦੇ ਸਾਥੀ ਸਿਪਾਹੀ ਜਗਬੀਰ ਸਿੰਘ ਵੱਲੋਂ ਸੈਕਟਰ 16 ਸਥਿਤ ਐੱਸ. ਐੱਸ. ਪੀ. ਰਿਹਾਇਸ਼ ਨੇੜੇ ਚੰਡੀਗੜ੍ਹ ਪੁਲਿਸ ਦੇ ਹੀ ਇੱਕ ਬਾਵਰਦੀ ਇੰਸਪੈਕਟਰ ਸਤਪਾਲ ਉੱਪਰ ਸਰਵਿਸ ਰਿਵਾਲਵਰ ਨਾਲ ਗੋਲੀਬਾਰੀ ਕਰ ਦਿੱਤੀ ਗਈ। ਪੁਲਿਸ ਅਨੁਸਾਰ ਰਾਤ ਸਵਾ ਬਾਰਾਂ ਵਜੇ ਦੇ ਲਗਭਗ ਬਲਬੀਰ ਸਿੰਘ ਅਤੇ ਜਗਬੀਰ ਸਿੰਘ ਸ਼ਰਾਬੀ ਹਾਲਤ ਵਿਚ ਆਪਣੀ ਪੀ. ਸੀ. ਆਰ. ਜਿਪਸੀ 'ਤੇ ਸੈਕਟਰ 9 ਸਥਿਤ ਪੁਲਿਸ ਕੰਟਰੋਲ ਰੂਮ ਵਿਚ ਆਏ, ਉੱਥੇ ਉਨ੍ਹਾਂ ਕਾਫ਼ੀ ਹੰਗਾਮਾ ਅਤੇ ਗਾਲੀ ਗਲੋਚ ਕੀਤਾ। ਕੰਟਰੋਲ ਰੂਮ ਵੱਲੋਂ ਇਸ ਦੀ ਸੂਚਨਾ ਥਾਣਾ ਸੈਕਟਰ 17 ਨੂੰ ਦਿੱਤੀ ਗਈ ਤਾਂ ਇੰਸਪੈਕਟਰ ਸਤਪਾਲ ਅਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਮੌਕੇ 'ਤੇ ਆਏ ਉਨ੍ਹਾਂ ਨੂੰ ਵੇਖ ਕੇ ਉਪਰੋਕਤ ਦੋਵੇਂ ਮੁਲਾਜ਼ਮ ਜਿਪਸੀ ਲੈ ਕੇ ਦੌੜ ਗਏ। ਜਦੋਂ ਇੰਸਪੈਕਟਰ ਸਤਪਾਲ ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਸੈਕਟਰ 16 ਵਿਚ ਪੁੱਜਾ ਤਾਂ ਐੱਸ. ਐੱਸ. ਪੀ. ਰਿਹਾਇਸ਼ ਨੇੜੇ ਉਕਤ ਦੋਵੇਂ ਪੀ. ਸੀ. ਆਰ. ਮੁਲਾਜ਼ਮ ਜਿਪਸੀ ਸਮੇਤ ਉੱਥੇ ਖੜ੍ਹੇ ਸਨ। ਇੰਸਪੈਕਟਰ ਸਤਪਾਲ ਨੂੰ ਵੇਖ ਕੇ ਪਹਿਲਾਂ ਤਾਂ ਉਨ੍ਹਾਂ ਗਾਲੀ ਗਲੋਚ ਕੀਤੀ ਅਤੇ ਨੇੜੇ ਆਉਣ ਤੋਂ ਵਰਜਿਆ ਅਤੇ ਬਾਅਦ ਵਿਚ ਸਿਪਾਹੀ ਜਗਬੀਰ ਸਿੰਘ ਨੇ ਆਪਣਾ ਸਰਵਿਸ ਰਿਵਾਲਵਰ ਕੱਢ ਲਿਆ ਅਤੇ ਉੱਪਰੋਥਲੀ ਦੋ ਫਾਇਰ ਇੰਸਪੈਕਟਰ ਸਤਪਾਲ ਸਿੰਘ ਵੱਲ ਕਰ ਦਿੱਤੇ। ਇੰਸਪੈਕਟਰ ਸਤਪਾਲ ਨੇ ਕਿਸੇ ਤਰ੍ਹਾਂ ਹੇਠਾਂ ਲੇਟ ਕੇ ਆਪਣਾ ਬਚਾਅ ਕੀਤਾ ਅਤੇ ਵਾਇਰਲੈੱਸ 'ਤੇ ਹੋਰ ਪੁਲਿਸ ਭੇਜਣ ਦੀ ਸੂਚਨਾ ਦਿੱਤੀ। ਇਸ ਪਿੱਛੋਂ ਪੀ. ਸੀ. ਆਰ. ਅਤੇ ਥਾਣਾ ਪੁਲਿਸ ਨੇ ਮਿਲ ਕੇ ਕਾਫ਼ੀ ਤਰੱਦਦ ਪਿੱਛੋਂ ਦੋਵਾਂ ਨੂੰ ਕਾਬੂ ਕੀਤਾ। ਉਨ੍ਹਾਂ ਖ਼ਿਲਾਫ਼ ਇਰਾਦਾ ਕਤਲ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਬੱਜਟ ਇਜਲਾਸ ਦੇ ਪਹਿਲੇ ਦਿਨ ਸੰਸਦ ਭਵਨ ਵਿਖੇ ਕਾਂਗਰਸ ਦੇ ਸੰਸਦ ਮੈਂਬਰ ਸੁਰੇਸ਼ ਕਲਮਾਡੀ ਨਾਲ ਹੱਥ ਮਿਲਾਉਂਦੇ ਹੋਏ ਭਾਜਪਾ ਸੰਸਦ ਮੈਂਬਰ ਰਾਜਨਾਥ ਸਿੰਘ।

ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਕਰੋੜਾਂ ਰੁਪਏ ਦੇ ਘੁਟਾਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਤੇ ਪਾਰਟੀ ਦੇ ਹੋਰ ਵਿਧਾਇਕ।

ਨਵੀਂ ਦਿੱਲੀ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਸੋਨੀਆ ਗਾਂਧੀ ਬਾਰੇ ਲਿਖੀ ਕਿਤਾਬ ਵਿਖਾਉਂਦੇ ਹੋਏ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ।
 
ਪੰਜਾਬ ਦੇ ਭੱਠਾ ਮਜ਼ਦੂਰਾਂ ਵੱਲੋਂ ਸਰਕਾਰ
ਅਤੇ ਭੱਠਾ ਮਾਲਕਾਂ ਖ਼ਿਲਾਫ਼ ਅੰਦੋਲਨ ਸ਼ੁਰੂ


ਰੈਲੀ ਦੌਰਾਨ ਕਾਮਰੇਡ ਤਰਸੇਮ ਜੋਧਾਂ, ਕਾਮਰੇਡ ਰਘੂਨਾਥ ਸਿੰਘ,
ਕਾਮਰੇਡ ਵਿਜੈ ਮਿਸ਼ਰਾ ਤੇ ਹੋਰ।

 
ਰੈਲੀ ਦੌਰਾਨ ਮਜ਼ਦੂਰ ਜਥੇਬੰਦੀਆਂ ਦਾ ਭਾਰੀ ਇਕੱਠ।
ਲੁਧਿਆਣਾ.12 ਮਾਰਚ ਸੀਟੂ ਨਾਲ ਸੰਬੰਧਿਤ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਅੱਜ ਪੰਜਾਬ ਭਰ ਤੋਂ ਆਏ ਭੱਠਾ ਮਜ਼ਦੂਰਾਂ ਵੱਲੋਂ ਦਾਣਾ ਮੰਡੀ ਗਿੱਲ ਰੋਡ ਵਿਖੇ ਰੈਲੀ ਕਰ ਕੇ ਭੱਠਾ ਮਾਲਕਾਂ ਉਪਰ ਮਨਮਾਨੀਆਂ ਦਾ ਦੋਸ਼ ਲਾਉਂਦੇ ਹੋਏ ਅੱਜ ਤੋਂ ਪੂਰੇ ਪੰਜਾਬ ਵਿਚ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਰੈਲੀ ਦੀ ਸਰਪ੍ਰਸਤੀ ਸਤਪਾਲ ਭਾਰਤੀ, ਸ਼ਿੰਦਰ ਸਿੰਘ ਜਵੱਦੀ, ਮਹਿੰਦਰ ਕੁਮਾਰ ਵੱਢੋਆਣਆ, ਇੰਦਰਜੀਤ ਸਿੰਘ ਮੁਕਤਸਰ ਅਤੇ ਹਰੀ ਸਿੰਘ ਪਟਿਆਲਾ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ 11 ਸਾਲਾਂ ਦੌਰਾਨ ਸਿਰਫ ਇਕ ਵਾਰ ਹੀ ਮਜ਼ਦੂਰਾਂ ਦੀ ਘੱਟੋ-ਘੱਟ ਉਜ਼ਰਤ ਵਿਚ ਮਾਮੂਲੀ ਜਿਹਾ ਵਾਧਾ ਕੀਤਾ ਗਿਆ ਹੈ, ਜਦੋਂਕਿ ਦੇਸ਼ ਅੰਦਰ ਇਨ੍ਹਾਂ 11 ਸਾਲਾਂ ਦੌਰਾਨ ਮਹਿੰਗਾਈ ਕਈ ਗੁਣਾਂ ਵੱਧ ਗਈ ਹੈ। ਘੱਟੋ-ਘੱਟ ਉਜਰਤਾਂ ਦੇ ਸਵਾਲ ਤੇ ਪੰਜਾਬ ਦੇਸ਼ ਚੋਂ 18ਵੇਂ ਨੰਬਰ 'ਤੇ ਆ ਖੜ੍ਹਾ ਹੋਇਆ ਹੈ ਅਤੇ ਪੰਜਾਬ ਵਿਚ ਭੱਠਾ ਮਜ਼ਦੂਰਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਕਿਸੇ ਵੀ ਭੱਠੇ ਉਤੇ ਹਾਜ਼ਰੀ ਨਹੀਂ ਲਗਾਈ ਜਾ ਰਹੀ ਤੇ ਭੱਠਾ ਮਾਲਕ ਇੱਟਾਂ ਦੇ ਭਾਅ ਵਿਚ ਚੋਖਾ ਵਾਧਾ ਕਰਕੇ ਜਿਥੇ ਆਮ ਲੋਕਾਂ ਦੀ ਲੁੱਟ ਕਰ ਰਹੇ ਹਨ ਉਥੇ ਉਹ ਮਜ਼ਦੂਰਾਂ ਵੱਲੋਂ ਆਪਣੇ ਖੂਨ-ਪਸੀਨੇ ਅਤੇ ਸਖਤ ਮਿਹਨਤ ਕਰਕੇ ਬਣਾਈਆਂ ਇਨ੍ਹਾਂ ਇੱਟਾਂ ਦੀ ਉਚਿਤ ਉਜ਼ਰਤ ਵੀ ਨਹੀਂ ਦੇ ਰਹੇ।
ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੀ ਸਮੁੱਚੀ ਮਜ਼ਦੂਰ ਜਮਾਤ ਮਹਿੰਗਾਈ, ਬੇਰੁਜ਼ਗਾਰੀ ਦੀ ਭਿਆਨਕ ਮਾਰ ਹੇਠ ਹੈ। ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਵਿਜੈ ਮਿਸ਼ਰਾ ਨੇ ਕਿਹਾ ਕਿ ਅੱਜ ਦੇਸ਼ ਵਿਚ ਪੂੰਜੀਪਤੀਆਂ ਦਾ ਰਾਜ ਹੈ ਅਤੇ ਪੈਸੇ ਦੇ ਸਿਰ ਤੇ ਚੋਣਾਂ ਲੜ ਕੇ ਜਿਥੇ ਪੂੰਜੀਪਤੀ ਦੇਸ਼ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ। ਸੀਟੂ ਦੇ ਸੂਬਾਈ ਆਗੂ ਕਾਮਰੇਡ ਚੰਦਰ ਸ਼ੇਖਰ ਨੇ ਕਿਹਾ ਕਿ ਅੱਜ ਸਮੁੱਚੀ ਟਰੇਡ ਯੂਨੀਅਨ ਲਹਿਰ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਜ਼ੋਰਦਾਰ ਅਤੇ ਤਿੱਖੇ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਰੈਲੀ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਅੱਜ ਤੋਂ ਪੂਰੇ ਪੰਜਾਬ ਅੰਦਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਲਾਲਾ ਝੰਡਾ ਪੰਜਾਬ ਭੱਠਾ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸਤਪਾਲ ਭਾਰਤੀ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰਪਾਲ ਸਿੰਘ, ਜ਼ਿਲ੍ਹਾ ਸਕੱਤਰ ਜਗਦੀਸ਼ ਚੰਦ, ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਸਿੰਘ ਜਵੱਦੀ, ਮਹਿੰਦਰ ਕੁਮਾਰ ਵੱਢੋਆਣਾ, ਚਰਨਜੀਤ ਸਿੰਘ ਹਿਮਾਂਯੂਪੁਰਾ, ਪਰਮਜੀਤ ਸਿੰਘ ਬੱਗਾ ਘਨੌਰ, ਹਰੀ ਸਿੰਘ ਦੌਣ ਕਲਾਂ, ਇੰਦਰਜੀਤ ਸਿੰਘ ਮੁਕਤਸਰ, ਪ੍ਰਕਾਸ਼ ਸਿੰਘ ਹਿੱਸੋਵਾਲ, ਰਣਜੀਤ ਸਿੰਘ ਸਾਇਆਂ, ਪਰਮਜੀਤ ਸਿੰਘ ਪੰਮਾ, ਨਿਰਮਲ ਸਿੰਘ ਨਿੰਮਾ, ਹੁਕਮ ਰਾਜ ਦੇਹੜਕਾ, ਦਰਸ਼ਨ ਸਿੰਘ ਕੰਗਣਵਾਲ, ਕੇਵਲ ਸਿੰਘ ਝਾੜੋਂ, ਜਸਪਾਲ ਸਿੰਘ ਫਰੀਦਕੋਟ, ਪਰਮਿੰਦਰ ਕੁਮਾਰ ਅਲੀਪੁਰ ਕਲਾਂ, ਮਿੰਟੂ ਕੁਮਾਰ, ਬਲਵਿੰਦਰ ਸਿੰਘ ਸਮਾਣਾ, ਹਰਦਿਆਲ ਸਿੰਘ ਨੰਨਹੇੜਾ, ਗੁਲਜ਼ਾਰ ਸਿੰਘ, ਦਰਬਾਰਾ ਸਿੰਘ ਰਣੀਆ ਪੰਜਾਬ ਕਿਸਾਨ ਸਭਾ ਦੇ ਆਗੂ ਰਘਬੀਰ ਸਿੰਘ ਬੈਨੀਪਾਲ, ਨੌਜਵਾਨ ਆਗੂ ਗੁਰਜੀਤ ਸਿੰਘ ਕਾਲਾ, ਨਵਦੀਪ ਜੋਧਾਂ, ਸੀਟੂ ਆਗੂ ਦਲਜੀਤ ਕੁਮਾਰ ਗੋਰਾ, ਸਤਨਾਮ ਸਿੰਘ ਜਵੱਦੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਮੈਂ ਕੋਈ ਗੁਰੂ ਜਾਂ ਸੰਤ ਨਹੀਂ : ਬ੍ਰਹਮਰਿਸ਼ੀ ਕੁਮਾਰ ਸਵਾਮੀ

ਬ੍ਰਹਮਰਿਸ਼ੀ ਕੁਮਾਰ ਸਵਾਮੀ ਅੰਮ੍ਰਿਤਸਰ 'ਚ ਸਮਾਗਮ ਦੌਰਾਨ
ਸ਼ਰਧਾਲੂਆਂ ਦਾ ਸਵਾਗਤ ਕਬੂਲਦੇ ਹੋਏ।
ਅੰਮ੍ਰਿਤਸਰ, 12 ਮਾਰਚ -ਮੈਂ ਕੋਈ ਗੁਰੂ ਸੰਤ ਮਹਾਤਮਾ ਅਤੇ ਬਾਬਾ ਨਹੀਂ, ਬਲਕਿ ਸਾਧਾਰਨ ਵਿਅਕਤੀ ਹਾਂ। ਪ੍ਰਭੂ ਕ੍ਰਿਪਾ ਦੁਖ ਨਿਵਾਰਨ ਸਮਾਗਮਾਂ ਵਿਚ ਜੋ ਵੀ ਨਾਮ ਪਾਠ ਪ੍ਰਦਾਨ ਕੀਤਾ ਜਾਂਦਾ ਹੈ, ਉਹ ਪਾਠ ਮੇਰਾ ਨਹੀਂ ਹੈ, ਬਲਕਿ ਸਾਰੇ ਧਰਮਾਂ ਦੇ ਸ਼ਾਸਤਰਾਂ ਦਾ ਹੈ। ਮੈਂ ਤਾਂ ਇਕ ਡਾਕੀਏ ਦੀ ਤਰ੍ਹਾਂ ਸਾਰੇ ਧਰਮ ਸ਼ਾਸਤਰ ਵਿਚ ਲਿਖੀਆਂ ਕਿਤਾਬਾਂ ਨੂੰ ਲੋਕਾਂ ਨੂੰ ਪ੍ਰਦਾਨ ਕਰ ਰਿਹਾ ਹਾਂ। ਇਹ ਗੱਲ ਬ੍ਰਹਮਰਿਸ਼ੀ ਸ੍ਰੀ ਕੁਮਾਰ ਸਵਾਮੀ ਜੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਹੀ। ਉਨ੍ਹਾਂ ਕਿਹਾ ਕਿ ਨਾਮ ਪਾਠ ਨਾਲ ਸੰਸਾਰ ਦੇ ਜਿਨ੍ਹਾਂ ਲੱਖਾਂ ਕਰੋੜਾਂ ਭੈਣਾਂ-ਭਰਾਵਾਂ ਦੇ ਕਸ਼ਟ ਦੂਰ ਹੋ ਰਹੇ ਹਨ, ਉਹ ਕੇਵਲ ਪ੍ਰਮਾਤਮਾ, ਵਾਹਿਗੁਰੂ, ਅੱਲ੍ਹਾ, ਗਾਡ, ਜੀਸਸ, ਭਗਵਾਨ ਵਾਲਮੀਕ, ਭਗਵਾਨ ਮਹਾਂਵੀਰ ਅਤੇ ਭਗਵਾਨ ਬੁੱਧ ਦੀ ਕਿਰਪਾ ਕਾਰਨ ਹੋਏ ਹਨ। ਮੇਰੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ। ਸ੍ਰੀ ਸਵਾਮੀ ਨੇ ਕਿਹਾ ਕਿ ਜਿਨ੍ਹਾਂ ਲਾਇਲਾਜ ਰੋਗਾਂ ਦਾ ਇਲਾਜ ਮੈਡੀਕਲ ਸਾਇੰਸ ਕੋਲ ਨਹੀਂ ਸੀ, ਉਹ ਲਾਇਲਾਜ ਰੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੀਤਾ, ਵੇਦਾਂ, ਕੁਰਾਨ ਏ ਪਾਕ, ਧੰਪਦ ਜਿਨਵਾਦੀ ਸਹਿਬ ਹੋਰ ਧਰਮ ਸ਼ਾਸਤਰ ਦਾ ਪਾਠ ਕਰਨ ਨਾਲ ਸਹਿਜੇ ਹੀ ਦੂਰ ਹੋ ਰਹੇ ਹਨ। ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਦੀਆਂ ਸਰਕਾਰਾਂ ਗੁਰਸਿੱਖੀ ਮਰਿਆਦਾ ਅਤੇ ਨਾਮ ਪਾਠ ਦੇ ਉਨ੍ਹਾਂ ਪ੍ਰਭਾਵਾਂ ਤੋਂ ਹੈਰਾਨ ਹਨ ਅਤੇ ਭਾਰਤ ਦਾ ਵਾਰ-ਵਾਰ ਸਨਮਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਪ੍ਰਭੂ ਕ੍ਰਿਪਾ ਨਾਂਅ ਦੀ ਪ੍ਰੰਪਰਾ ਨੂੰ ਭੁਲਦੀ ਜਾ ਰਹੀ ਹੈ, ਲੇਕਿਨ ਅੱਜ ਦੁਨੀਆ ਦੇ 150 ਤੋਂ ਵਧੇਰੇ ਦੇਸ਼ਾਂ ਦੇ ਲੱਖਾਂ ਕਰੋੜਾਂ ਲੋਕ ਕੇਵਲ ਨਾਮ ਪਾਠ ਕਾਰਨ ਹੀ ਸਾਡੀ ਪੁਰਾਤਨ ਮਰਿਆਦਾ ਅਤੇ ਸਦ ਗੁਰੂਆਂ ਨੂੰ ਨਮਸਕਾਰ ਕਰ ਰਹੇ ਹਨ।

No comments:

Post a Comment