Tuesday, 13 March 2012


ਪੁਲਿਸ ਨਾਲ ਹੋਟਲ 'ਚ ਬੈਠ ਕੇ ਖਾਣਾ ਖਾ ਰਹੇ
ਕੈਦੀਆਂ ਵੱਲੋਂ ਪੱਤਰਕਾਰਾਂ 'ਤੇ ਹਮਲਾ


ਹੋਟਲ ਵਿਚ ਪੁਲਿਸ ਵਾਲਿਆਂ ਨਾਲ ਬੈਠ ਕੇ ਖਾਣਾ ਖਾਂਦੇ ਹੋਏ ਕੈਦੀ ਅਤੇ ਪੱਤਰਕਾਰਾਂ ਵੱਲੋਂ ਕਵਰੇਜ ਕਰਨ 'ਤੇ ਭੜਕੇ ਕੈਦੀ ਇੱਟਾਂ ਚਲਾਉਂਦੇ ਹੋਏ।
ਜਲੰਧਰ.-ਸਥਾਨਕ ਕਚਹਿਰੀ ਕੰਪਲੈਕਸ ਦੇ ਬਾਹਰ ਸਥਿਤ ਇਕ ਹੋਟਲ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੇਸ਼ੀ 'ਤੇ ਲਿਆਂਦੇ ਗਏ ਕੁਝ ਕੈਦੀਆਂ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਵੀ. ਆਈ. ਪੀ ਟ੍ਰੀਟਮੈਂਟ ਦਿੰਦੇ ਹੋਏ ਉਨ੍ਹਾਂ ਨੂੰ ਹੋਟਲ 'ਚ ਖਾਣਾ ਖਿਲਾਉਂਦਿਆਂ ਦੀ ਕਵਰੇਜ਼ ਕਰਨ ਗਏ ਪੱਤਰਕਾਰਾਂ 'ਤੇ ਕੈਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਦੀ ਪਛਾਣ ਪੁਲਿਸ ਵਾਲਿਆਂ ਵਲੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਕੁਲਵਿੰਦਰ ਕੈਲੀ ਵਜੋਂ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਪੁਲਿਸ ਦੀ ਇਕ ਟੋਲੀ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਗ੍ਰਿਫਤਾਰ ਦੋਸ਼ੀਆਂ ਨੂੰ ਪੇਸ਼ੀ ਲਈ ਜਲੰਧਰ ਕਚਹਿਰੀ ਵਿਖੇ ਲਿਆਈ ਸੀ। ਇਸ ਦੌਰਾਨ ਉਨ੍ਹਾਂ ਨਾਲ ਅਤਿ ਅਹਿਮ ਵਿਅਕਤੀਆਂ ਵਰਗਾ ਵਰਤਾਉ ਕਰਦਿਆਂ ਉਨ੍ਹਾਂ ਨੂੰ ਹੋਟਲ 'ਚ ਖਾਣਾ ਖੁਆਉਣ ਸਬੰਧੀ ਪਤਾ ਲੱਗਣ 'ਤੇ ਕੁਝ ਮੀਡੀਆ ਕਰਮਚਾਰੀ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੇ ਹੋਟਲ ਵਿਚ ਪਈਆਂ ਪਲੇਟਾਂ, ਗਿਲਾਸਾਂ ਅਤੇ ਹੋਰ ਸਾਮਾਨ ਨਾਲ ਹਮਲਾ ਕਰ ਦਿੱਤਾ। ਆਪਣੇ ਬਚਾਅ ਲਈ ਮੀਡੀਆ ਕਰਮੀ ਬਾਹਰ ਵੱਲ ਦੌੜੇ ਤਾਂ ਹਮਲਾਵਰਾਂ ਨੇ ਉਨ੍ਹਾਂ ਦਾ ਦੂਰ ਤੱਕ ਪਿੱਛਾ ਕੀਤਾ ਅਤੇ ਸੜਕ ਤੋਂ ਇੱਟਾਂ ਵੀ ਚੁੱਕ ਕੇ ਮਾਰੀਆਂ। ਪਰ ਪੇਸ਼ੀ ਵਾਲੇ ਕੈਦੀਆਂ ਨਾਲ ਆਏ ਪੁਲਿਸ ਕਰਮਚਾਰੀ ਸਿਰਫ ਤਮਾਸ਼ਬੀਨ ਬਣੇ ਰਹੇ। ਇਸ ਹਮਲੇ 'ਚ ਇਕ ਮੀਡੀਆ ਕਰਮੀ ਦੇ ਸਿਰ 'ਤੇ ਗਿਲਾਸ ਲੱਗਣ ਨਾਲ ਉਸ ਨੂੰ ਗੰਭੀਰ ਸੱਟ ਵੀ ਲੱਗ ਗਈ ਜਿਸ ਦਾ ਸਥਾਨਕ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ। ਇਸ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ ਸਿਟੀ 1 ਸ੍ਰੀ ਆਰ. ਕੇ. ਸ਼ਰਮਾ ਮੌਕੇ 'ਤੇ ਪੁੱਜੇ ਅਤੇ ਹਮਲਾ ਕਰਨ ਵਾਲੇ ਕੈਦੀਆਂ ਨੂੰ ਅਦਾਲਤ ਵਿਚੋਂ ਬਾਹਰ ਬੁਲੇ ਕੇ ਉਨ੍ਹਾਂ ਦੀ ਪਛਾਣ ਕਰਵਾਈ ਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਵੀ ਕਾਬੂ ਕਰ ਲਿਆ ਗਿਆ। ਇਸ ਸਬੰਧੀ ਪੱਤਰਕਾਰਾਂ ਨੇ ਥਾਣਾ ਨਵੀਂ ਬਾਰਾਂਦਰੀ ਵਿਖੇ ਸ਼ਿਕਾਇਤ ਦਿੱਤੀ। ਜਾਣਕਾਰੀ ਅਨੁਸਾਰ ਥਾਣਾ ਪੁਲਿਸ ਨੇ ਹਮਲਾਵਰਾਂ ਤੋਂ ਇਲਾਵਾ ਉਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲੇ ਅੱਧੀ ਦਰਜਨ ਤੋਂ ਵਧੇਰੇ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਵੀ ਸਿਫਾਰਸ਼ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਇਸ ਸਬੰਧੀ 4 ਵਿਅਕਤੀਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 308 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਐਸ. ਐਸ. ਪੀ. ਫਰੀਦਕੋਟ ਨੇ ਵੀ ਦੋਸ਼ੀ ਪੁਲਿਸ ਮੁਲਾਜ਼ਮਾਂ ਸਬੰਧੀ ਵਿਭਾਗੀ ਕਾਰਵਾਈ ਲਈ ਜਲੰਧਰ ਪੁਲਿਸ ਕੋਲੋਂ ਰਿਪੋਰਟ ਮੰਗ ਲਈ ਹੈ।

No comments:

Post a Comment