ਕਰੀਮਪੁਰੀ ਵੱਲੋਂ ਅਸਤੀਫਾ
ਜਲੰਧਰ, 12 ਮਾਰਚ- ਬਹੁਜਨ ਸਮਾਜ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਹੋਈ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਕਬੂਲਦਿਆਂ ਨੈਤਿਕਤਾ ਦੇ ਅਧਾਰ ’ਤੇ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਬਸਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰਿੰਦਰ ਕਸ਼ਅਪ ਨੇ ਲਿਖਤੀ ਤੌਰ ’ਤੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਸ੍ਰੀ ਕਰੀਮਪੁਰੀ ਪਿਛਲੀਆਂ ਦੋ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਹ ਐਲਾਨ ਕਰਦੇ ਆ ਰਹੇ ਸਨ ਕਿ ਬਸਪਾ ਆਪਣੇ ਬਲਬੂਤੇ ’ਤੇ ਪੰਜਾਬ ਵਿੱਚ ਸੱਤਾ ਸੰਭਾਲੇਗੀ,ਪਰ ਇਸ ਵਾਰ ਵੀ ਪਾਰਟੀ ਆਪਣਾ ਵੋਟ ਪ੍ਰਤੀਸ਼ਤ ਨਹੀਂ ਵਧਾ ਸਕੀ। ਪਾਰਟੀ ਦਾ ਦੁਆਬੇ ਵਿੱਚ ਤਕੜਾ ਜਨ-ਅਧਾਰ ਹੋਣ ਅਤੇ ਡੇਰਾ ਬੱਲਾਂ ਵੱਲੋਂ ਪਾਰਟੀ ਉਮੀਦਵਾਰਾਂ ਦੀ ਅੰਦਰਖਾਤੇ ਕੀਤੀ ਗਈ ਹਮਾਇਤ ਦੇ ਬਾਵਜੂਦ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਇਸ ਵਾਰ ਬਸਪਾ ਨੂੰ ਲਗਪਗ ਚਾਰ ਫੀਸਦ ਹੀ ਵੋਟਾਂ ਪਈਆਂ ਜੋ ਇੱਕ ਸਾਲ ਪਹਿਲਾਂ ਬਣੀ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਵੀ ਘੱਟ ਹਨ।
No comments:
Post a Comment