ਪੀ.ਜੀ.ਕਾਲਜ ਦੇ ਵਿਦਿਆਰਥੀ ਦੀ ਚਾਕੂ ਮਾਰ ਕੇ ਹੱਤਿਆ
ਅੰਬਾਲਾ, 12 ਮਾਰਚ ਅੰਬਾਲਾ ਛਾਉਣੀ ਦੇ ਸਰਕਾਰੀ (ਪੀ.ਜੀ.) ਕਾਲਜ ਦੇ ਇਕ ਵਿਦਿਆਰਥੀ ਦੀ ਅੱਜ ਦਿਨ ਦਿਹਾੜੇ ਕੁਝ ਨੌਜਵਾਨਾਂ ਨੇ ਕਾਲਜ ਦੇ ਬਾਹਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਐਮ.ਏ. ਹਿੰਦੀ ਸਮੈਸਟਰ ਪਹਿਲਾ ਦਾ ਵਿਦਿਆਰਥੀ ਸੀ। ਅੱਜ ਜਦੋਂ ਉਹ ਕਾਲਜ ਖਤਮ ਕਰਕੇ ਘਰ ਜਾ ਰਿਹਾ ਸੀ ਤਾਂ ਇਸੇ ਦੌਰਾਨ ਕੁਝ ਨੌਜਵਾਨ ਮੋਟਰ ਸਾਈਕਲ ’ਤੇ ਆਏ ਅਤੇ ਉਸ ਉਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਜਟਵਾੜ ਪਿੰਡ ਦਾ ਕੇਵਲ ਸਿੰਘ ਛਾਉਣੀ ਦੇ ਸਰਕਾਰੀ ਕਾਲਜ ਵਿੱਚ ਪੜ੍ਹਦਾ ਸੀ ਤੇ ਅੱਜ ਜਦੋਂ ਉਹ ਕਾਲਜ ਤੋਂ ਵਾਪਸ ਘਰ ਜਾ ਰਿਹਾ ਸੀ ਤਾਂ ਕਾਲਜ ਲਾਗੇ ਮੋਟਰ ਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਉਸ ਉਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕੇਵਲ ਸਿੰਘ ਦੇ ਪੈਰਾਂ ’ਤੇ ਵਾਰ ਕੀਤੇ। ਉਸ ਨੇ ਜਾਨ ਬਚਾਉਣ ਲਈ ਭੱਜਣਾ ਸ਼ੁਰੂ ਕੀਤਾ, ਜਦੋਂ ਉਹ ਬਾਜ਼ਾਰ ਵਿੱਚ ਪੁੱਜਿਆ ਤਾਂ ਹਮਲਾਵਰਾਂ ਨੇ ਉਸ ਨੂੰ ਰੋਕ ਲਿਆ ਅਤੇ ਚਾਕੂਆਂ ਨਾਲ ਉਸ ਦੀ ਛਾਤੀ ’ਤੇ ਵਾਰ ਕੀਤੇ। ਲਹੂ ਲੁਹਾਣ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਸੀ.ਪੀ. ਗ੍ਰਾਮੀਣ, ਪੁਲੀਸ ਦੇ ਹੋਰ ਅਧਿਕਾਰੀ ਅਤੇ ਫੋਰੈਂਸਿਕ ਮਾਹਿਰ ਵੀ ਮੌਕੇ ’ਤੇ ਪਹੁੰਚੇ। ਮ੍ਰਿਤਕ ਦਾ ਪਿਤਾ ਜਸਮੇਰ ਸਿੰਘ, ਮਾਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਹਸਪਤਾਲ ਪਹੁੰਚ ਗਏ ਪ੍ਰੰਤੂ ਸਦਮੇ ਵਿਚ ਹੋਣ ਕਰਕੇ ਉਹ ਬਿਆਨ ਦੇਣ ਦੇ ਸਮਰੱਥ ਨਹੀਂ ਸਨ। ਪੁਲੀਸ ਦਾ ਕਹਿਣਾ ਹੈ ਕਿ ਮਾਪਿਆਂ ਦੇ ਬਿਆਨ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੀ ਮਾਂ ਅਤੇ ਭੈਣ ਸਦਮਾ ਨਾ ਸਹਾਰਦਿਆਂ ਬੇਹੋਸ਼ ਹੋ ਗਈਆਂ। ਕੁਝ ਦਿਨ ਪਹਿਲਾਂ ਵਿਦਿਆਰਥੀਆਂ ਦੀ ਲੜਾਈ ਹੋਈ ਸੀ ਜਿਸ ਬਾਰੇ ਪੁਲੀਸ ਸਾਰਾ ਕੁਝ ਜਾਣਦੀ ਹੈ। ਕੇਵਲ ਸਿੰਘ 29 ਫਰਵਰੀ ਨੂੰ ਗ੍ਰਿਫ਼ਤਾਰ ਹੋਇਆ ਸੀ ਤੇ ਹੁਣ ਜ਼ਮਾਨਤ ’ਤੇ ਸੀ ਇਸ ਦੇ ਬਾਵਜੂਦ ਪੁਲੀਸ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ। ਇਹ ਕਤਲ ਪੁਰਾਣੀ ਰੰਜਿਸ਼ ਤਹਿਤ ਕੀਤਾ ਗਿਆ ਜਾਪਦਾ ਹੈ। ਦਿਨ ਦਿਹਾੜੇ ਹੋਏ ਇਸ ਕਤਲ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ ਹੈ। ਇਸ ਘਟਨਾ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮ੍ਰਿਤਕ ਦਾ ਭਰਾ ਵੀ ਇਸੇ ਕਾਲਜ ਵਿਚ ਪੜ੍ਹਦਾ ਹੈ।
No comments:
Post a Comment