ਪੰਜਾਬ ਦੇ ਜੱਟ ਭਾਈਚਾਰੇ ਨੇ ਹਰਿਆਣਾ ਦੇ
ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਸਰਬ ਹਿੰਦ ਜੱਟ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਕਾਰਕੁੰਨ ਰੋਸ ਮਾਰਚ ਕਰਦੇ ਹੋਏ ਅਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਪੁਤਲਾ ਫੂਕਦੇ ਹੋਏ।
ਫ਼ਿਰੋਜ਼ਪੁਰ.- 12 ਮਾਰਚ ૿ ਸਰਬ ਹਿੰਦ ਜੱਟ ਰਾਖਵਾਂਕਰਨ ਸੰਘਰਸ਼ ਕਮੇਟੀ ਪੰਜਾਬ ਨਾਲ ਸਬੰਧਿਤ ਸੈਂਕੜੇ ਕਾਰਕੁੰਨਾਂ ਨੇ ਹਰਿਆਣਾ ਪੁਲਿਸ ਵੱਲੋਂ ਸੂਬੇ ਦੇ ਜੱਟ ਭਾਈਚਾਰੇ 'ਤੇ ਬਿਨਾਂ ਕਾਰਨ ਡਾਂਗਾਂ ਦਾ ਮੀਂਹ ਵਰ੍ਹਾਉਣ ਦੇ ਰੋਸ ਵਜੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਪੁਤਲਾ ਫੂਕਿਆ। ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਸਰਬ ਹਿੰਦ ਜੱਟ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਕਾਰਕੁੰਨ ਰੋਸ ਮਾਰਚ ਕਰਦੇ ਹੋਏ ਅਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਪੁਤਲਾ ਫੂਕਦੇ ਹੋਏ।
ਜਥੇਬੰਦੀ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਭਾਵੜਾ ਦੀ ਅਗਵਾਈ ਵਿਚ ਫ਼ਿਰੋਜ਼ਪੁਰ ਸ਼ਹਿਰ ਬੱਸ ਅੱਡੇ ਤੋਂ ਪੰਜਾਬ ਜੱਟ ਭਾਈਚਾਰੇ ਦੇ ਲੋਕ ਰੋਸ ਮਾਰਚ ਕਰਦੇ ਹੋਏ ਸਥਾਨਕ ਊਧਮ ਸਿੰਘ ਚੌਂਕ ਵਿਖੇ ਪੁੱਜੇ, ਜਿਥੇ ਉਨ੍ਹਾਂ ਹਰਿਆਣਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਘਰਸ਼ ਕਮੇਟੀ ਨਾਲ ਸਬੰਧਿਤ ਵੱਖ-ਵੱਖ ਬੁਲਾਰਿਆਂ ਨੇ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਆਖਿਆ ਕਿ ਆਜ਼ਾਦੀ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਦੇਸ਼ ਦੇ ਜੱਟ ਭਾਈਚਾਰੇ ਨਾਲ ਧੱਕੇ ਕੀਤੇ ਜਾਂਦੇ ਰਹੇ ਹਨ, ਜੋ ਅੱਜ ਤੱਕ ਵੀ ਜਾਰੀ ਹਨ। ਭਾਵੜਾ ਨੇ ਚਿਤਾਵਨੀ ਦਿੱਤੀ ਕਿ ਜੇ ਕਰ ਜੱਟਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਭਾਵੜਾ ਨੇ ਮੰਗ ਕੀਤੀ ਕਿ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੱਟਾਂ ਨੂੰ ਓ. ਬੀ. ਸੀ. ਵਰਗ ਵਿਚ ਸ਼ਾਮਿਲ ਕੀਤਾ ਜਾਵੇ। ਰੋਸ ਮਾਰਚ ਵਿਚ ਜੰਗੀਰ ਸਿੰਘ ਖਹਿਰਾ, ਪ੍ਰਗਟ ਸਿੰਘ ਵਾਹਕੇ, ਦਰਸ਼ਨ ਸਿੰਘ ਸਰਪੰਚ, ਸੁਖਚੈਨ ਸਿੰਘ ਖਹਿਰਾ, ਸੁਖਮਿੰਦਰ ਸਿੰਘ, ਸੁੱਚਾ ਸਿੰਘ, ਗੁਰਵਿੰਦਰ ਸਿੰਘ, ਬਲਕਾਰ ਸਿੰਘ, ਅਮਰ ਸਿੰਘ ਭੂਰੇ ਕਲਾਂ, ਗੁਰਦਿਆਲ ਸਿੰਘ ਵਿਰਕ, ਸੁਖਦੇਵ ਸਿੰਘ ਵਿਰਕ, ਜਗਤਾਰ ਸਿੰਘ ਭੁੱਲਰ, ਕੁਲਵਿੰਦਰ ਸਿੰਘ, ਬਲਕਰਨ ਸਿੰਘ ਆਦਿ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਸੜਕ ਹਾਦਸੇ 'ਚ ਮਾਰੇ ਗਏ ਤਿੰਨ ਜੀਆਂ ਬਾਰੇ
ਦੱਸਦੇ ਹੋਏ ਸ. ਮੋਹਕਮ ਸਿੰਘ।
ਬਟਾਲਾ- 12 ਮਾਰਚ ਅੱਜ ਤੁਗਲਵਾਲਾ ਵਿਖੇ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਣ ਕਰ ਕੇ ਕਾਰ ਸੜਕ ਦੇ ਕਿਨਾਰੇ ਸਫੈਦੇ ਨਾਲ ਜਾ ਟਕਰਾਈ, ਜਿਸ ਕਰ ਕੇ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟ ਮਾਰਟਮ ਦੀ ਪੁੱਜੀਆਂ ਲਾਸ਼ਾਂ ਦੇ ਨਾਲ ਆਏ ਸ. ਮੋਹਕਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਭਰਾ ਸੀਤਲ ਸਿੰਘ ਪੁੱਤਰ ਕਰਮ ਸਿੰਘ, ਭਰਜਾਈ ਸੀਤਲ ਕੌਰ ਪਤਨੀ ਸੀਤਲ ਸਿੰਘ ਅਤੇ ਮਾਤਾ ਗੁਰਬਚਨ ਕੌਰ ਪਤਨੀ ਕਰਮ ਸਿੰਘ ਅੱਜ ਉਨ੍ਹਾਂ ਦੇ ਪਿੰਡ ਭੱਟੀਆ ਡਾਕ. ਗੋਹਤ ਪੋਕਰ ਤੋਂ ਆਪਣੀ ਸਿਟੀ ਹਾਂਡਾ ਕਾਰ ਨੰਬਰ ਪੀ.ਬੀ. 06 ਅੱੈਮ 6166 'ਤੇ ਸਵਾਰ ਹੋ ਕੇ ਬੇਗੋਵਾਲ ਜਾ ਰਹੇ ਸਨ ਅਤੇ ਜਦੋਂ ਉਹ ਤੁਗਲਵਾਲ ਵਿਖੇ ਪਹੁੰਚੀ ਤਾਂ ਅਚਾਨਕ ਇਹ ਭਿਆਨਕ ਹਾਦਸਾ ਵਾਪਰ ਗਿਆ ਤੇ ਇਹ ਤਿੰਨੇ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਲਿਜਾਇਆ ਜਾ ਰਿਹਾ ਸੀ ਕਿ ਇਹ ਰਸਤੇ 'ਚ ਹੀ ਦਮ ਤੋੜ ਗਏ।ਸੜਕ ਹਾਦਸੇ 'ਚ ਮਾਰੇ ਗਏ ਤਿੰਨ ਜੀਆਂ ਬਾਰੇ
ਦੱਸਦੇ ਹੋਏ ਸ. ਮੋਹਕਮ ਸਿੰਘ।
ਅਨੰਦਪੁਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਦਾ ਕਤਲ
ਅਨੰਦਪੁਰ ਸਾਹਿਬ-ਅਨੰਦਪੁਰ ਸਾਹਿਬ ਵਿਖੇ ਸਥਾਨਕ ਵੀ. ਆਈ. ਪੀ. ਰੋਡ ਹੋਲੀਸਿਟੀ ਹੋਟਲ ਦੇ ਸਾਹਮਣੇ ਦਿਨ ਦਿਹਾੜੇ ਇਕ ਨੌਜਵਾਨ ਦਾ ਕਤਲ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਉਕਤ ਸਥਾਨ 'ਤੇ ਦੋ ਕਾਲਜੀਏਟ ਨੌਜਵਾਨਾਂ ਦਾ ਕਿਸੇ ਗੱਲੋਂ ਆਪਸੀ ਤਕਰਾਰ ਹੋ ਗਿਆ। ਇਸੇ ਦੌਰਾਨ ਨੌਬਤ ਹੱਥੋ-ਪਾਈ 'ਤੇ ਪਹੁੰਚ ਗਈ ਅਤੇ ਇਕ ਨੌਜਵਾਨ ਨੇ ਦੂਜੇ ਦੀ ਛਾਤੀ 'ਤੇ ਕਿਸੇ ਤੇਜ਼ ਹਥਿਆਰ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੌਰਵ ਰਾਣਾ ਪੁੱਤਰ ਸੁਰਿੰਦਰ ਸਿੰਘ, ਵਾਸੀ ਪਿੰਡ ਤਰਫ ਮਜਾਰੀ, ਡਾਕਖਾਨਾ ਭਲਾਣ, ਤਹਿ: ਨੰਗਲ, ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਐਸ. ਐਚ. ਓ. ਸੁਖਵਿੰਦਰ ਸਿੰਘ, ਸਿਟੀ ਇੰਚਾਰਜ ਗੁਰਮੁੱਖ ਸਿੰਘ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਥਾਨਕ ਸਿਵਲ ਹਸਪਤਾਲ 'ਚ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਦੋਸ਼ੀ ਵਿਵੇਕ ਕੁਮਾਰ ਪੁੱਤਰ ਪਵਨ ਕੁਮਾਰ, ਵਾਸੀ ਨੂਹੋਂ ਕਾਲੋਨੀ, ਤਹਿਸੀਲ ਘਨੌਲੀ, ਜ਼ਿਲ੍ਹਾ ਰੂਪਨਗਰ ਦੇ ਖ਼ਿਲਾਫ਼ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕਰ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਫਰਾਰ ਹੈ। ਸ਼੍ਰੋਮਣੀ ਕਮੇਟੀ ਵਾਤਾਵਰਨ ਦਿਵਸ ਮਨਾਏਗੀ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ- ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ 14 ਮਾਰਚ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੰਮੂਹ ਗੁਰਦੁਆਰਿਆਂ ਅਤੇ ਸੰਬੰਧਿਤ ਸੰਸਥਾਵਾਂ ਵਿੱਚ ਪੰਜ ਹਜ਼ਾਰ ਬੂਟੇ ਲਗਾ ਕਿ ਇਸ ਦਿਹਾੜੇ ਨੂੰ ਵਾਤਾਵਰਨ ਦਿਵਸ ਦੇ ਤੌਰ 'ਤੇ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਪ੍ਰਬੰਧ ਅਧੀਨ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਹਰੇਕ ਗੁਰਦੁਆਰੇ 'ਚ ਘੱਟੋ ਘੱਟ ਪੰਜ ਹਜ਼ਾਰ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਤੰਦਰੁਸਤ ਤੇ ਖੁਸ਼ਹਾਲ ਜ਼ਿੰਦਗੀ ਜਿਊਣ ਲਈ ਜਿਵੇਂ ਮਨੁੱਖ ਨੂੰ ਭੋਜਨ ਅਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਸ਼ੁੱਧ ਹਵਾ ਦਾ ਹੋਣਾ ਵੀ ਜ਼ਰੂਰੀ ਹੈ। ਸ਼ਹਿਰਾਂ ਵਿੱਚ ਸੰਘਣੀ ਵਸੋਂ ਹੋਣ ਕਾਰਨ ਪਹਿਲਾਂ ਹੀ ਦਰੱਖਤਾਂ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ ਤੇ ਜ਼ਰੂਰਤ ਅਨੁਸਾਰ ਸੜਕਾਂ ਦੀ ਚੌੜਾਈ ਦੌਰਾਨ ਦਰਖੱਤਾਂ ਦਾ ਕਟਾਈ ਦੇ ਨਾਲ ਹੀ ਜੰਗਲਾਂ ਦੀ ਦਿਨੋਂ ਦਿਨ ਹੋ ਰਹੀ ਕਟਾਈ ਕਾਰਨ ਗਲੋਬਲ ਤਪਸ਼ ਵੱਧ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਾਢੇ 9 ਕਿੱਲੋ ਅਫ਼ੀਮ ਅਤੇ 1330 ਕਿੱਲੋ ਪੋਸਤ ਸਮੇਤ 1 ਕਾਬੂ
ਪੁਲਿਸ ਵੱਲੋਂ ਕਾਬੂ ਕੀਤਾ ਸੁਰਜੀਤ ਸਿੰਘ ਲਾਡੀ।
ਅਬੋਹਰ. 12 ਮਾਰਚ ਅੱਜ ਥਾਣਾ ਬਹਾਵਵਾਲਾ ਅਧੀਨ ਪੈਂਦੀ ਚੌਕੀ ਸੀਤੋ ਗੁੰਨੋ ਦੀ ਪੁਲਿਸ ਪਾਰਟੀ ਵੱਲੋਂ 1 ਵਿਅਕਤੀ ਨੂੰ ਸਾਢੇ 9 ਕਿੱਲੋ ਅਫ਼ੀਮ ਅਤੇ 1330 ਕਿੱਲੋ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ। ਜਦੋਂ ਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋਣ 'ਚ ਸਫਲ ਹੋ ਗਿਆ ਹੈ।ਪੁਲਿਸ ਵੱਲੋਂ ਕਾਬੂ ਕੀਤਾ ਸੁਰਜੀਤ ਸਿੰਘ ਲਾਡੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਤੋ ਗੁੰਨੋ ਚੌਕੀ ਇੰਚਾਰਜ ਸੁਰਿੰਦਰ ਸਿੰਘ ਨੇ ਗਸ਼ਤ ਦੌਰਾਨ ਜਦੋਂ ਮੋਢੀ ਖੇੜੇ ਪਿੰਡ ਕੋਲ ਇੱਕ ਮੈਕਸ ਗੱਡੀ ਨੰਬਰ ਆਰ. ਜੇ. 3 ਯੂ. ਏ. 0671 ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਸਾਢੇ 9 ਕਿੱਲੋ ਅਫ਼ੀਮ ਅਤੇ 1330 ਕਿੱਲੋ ਪੋਸਤ ਬਰਾਮਦ ਹੋਇਆ। ਗੱਡੀ ਤੇ ਸਾਮਾਨ ਸਮੇਤ ਫੜੇ ਗਏ ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਲਾਡੀ ਪੁੱਤਰ ਬੱਗਾ ਸਿੰਘ, ਵਾਸੀ ਪਿੰਡ ਸ਼ੇਰਪੁਰ, ਥਾਣਾ ਜ਼ੀਰਾ ਵਜੋਂ ਹੋਈ ਹੈ ਜਦੋਂ ਕਿ ਉਸ ਦਾ ਸਾਥੀ ਕਾਰਜ ਸਿੰਘ ਪੁੱਤਰ ਫ਼ੌਜੀ ਸਿੰਘ ਵਾਸੀ ਸ਼ੇਰਪੁਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਇਨ੍ਹਾਂ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾ ਨੰਬਰ 24 ਦਰਜ ਕੀਤਾ ਗਿਆ ਹੈ।
ਹਰਿਆਣਾ ਦਾ ਜਾਟ ਅੰਦੋਲਨ ਖ਼ਤਮ
ਚੰਡੀਗੜ੍ਹ- 12 ਮਾਰਚ ૿ ਹਰਿਆਣਾ ਜਾਟ ਸੰਘਰਸ਼ ਸੰਮਤੀ ਨੇ ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਦਾ ਕੋਟਾ ਨਿਰਧਾਰਿਤ ਕਰਾਉਣ ਲਈ ਪਿਛਲੇ ਕਈ ਹਫ਼ਤਿਆਂ ਤੋਂ ਜੋ ਅੰਦੋਲਨ ਸ਼ੁਰੂ ਕਰ ਰੱਖਿਆ ਸੀ, ਉਹ ਅੱਜ ਖ਼ਤਮ ਹੋ ਗਿਆ ਅਤੇ ਹਿਸਾਰ ਦੇ ਨੇੜੇ ਇੱਕ ਪਿੰਡ ਵਿਚ ਰੇਲ ਲਾਈਨ 'ਤੇ ਧਰਨਾ ਲਾਈ ਬੈਠੇ ਜਾਟ ਭਾਈਚਾਰੇ ਨਾਲ ਸਬੰਧਿਤ ਲੋਕ ਉੱਥੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ।ਇਹ ਦਾਅਵਾ ਅੱਜ ਇੱਥੇ ਹਰਿਆਣਾ ਸਰਕਾਰ ਦੇ ਇੱਕ ਬੁਲਾਰੇ ਨੇ ਕੀਤਾ। ਇੱਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਸੰਦੀਪ ਨਾਂਅ ਦੇ ਜਿਸ ਨੌਜੁਆਨ ਦੀ 5 ਦਿਨ ਪਹਿਲਾਂ ਪੁਲਿਸ ਤੇ ਅੰਦੋਲਨਕਾਰੀਆਂ ਵਿਚਾਲੇ ਹੋਏ ਟਕਰਾਅ ਵਿਚ ਮੌਤ ਹੋ ਗਈ ਸੀ, ਉਸ ਦਾ ਅੱਜ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ। ਇਸ ਨੌਜੁਆਨ ਦੀ ਲਾਸ਼ ਹਿਸਾਰ ਦੇ ਨੇੜੇ ਤਾਬੂਤ ਵਿਚ ਰੱਖੀ ਹੋਈ ਸੀ ਜਿਸ ਕਾਰਨ ਰੇਲ ਆਵਾਜਾਈ ਰੁਕੀ ਹੋਈ ਸੀ। ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਸੰਦੀਪ ਦੀ ਮੌਤ ਪੁਲਿਸ ਦੀ ਗੋਲੀ ਨਾਲ ਨਹੀਂ ਸੀ ਹੋਈ। ਜਾਟ ਅੰਦੋਲਨ ਨਾਲ ਸੰਬੰਧਿਤ 100 ਤੋਂ ਵੱਧ ਗ੍ਰਿਫ਼ਤਾਰ ਲੋਕਾਂ ਨੂੰ ਰਾਜ ਸਰਕਾਰ ਦੀ ਹਦਾਇਤ 'ਤੇ ਕੱਲ੍ਹ ਰਾਤੀਂ ਹਿਸਾਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਪਰ ਉਨ੍ਹਾਂ ਦੇ ਵਿਰੁੱਧ ਦਰਜ ਕੇਸਾਂ ਦੀ ਅਦਾਲਤੀ ਕਾਰਵਾਈ ਜਾਰੀ ਰਹੇਗੀ। ਨੌਕਰੀਆਂ ਵਿਚ ਜਾਟਾਂ ਲਈ ਰਾਖਵੇਂਕਰਨ ਦਾ ਮਾਮਲਾ ਗੁਪਤਾ ਕਮਿਸ਼ਨ 'ਤੇ ਛੱਡ ਦਿੱਤਾ ਗਿਆ ਹੈ, ਜੋ ਛੇਤੀ ਹੀ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਪੇਸ਼ ਕਰਨ ਵਾਲਾ ਹੈ।
No comments:
Post a Comment