Sunday, 25 March 2012

ਅਫ਼ਗਾਨਿਸਤਾਨ ਵਿੱਚ 500 ਸਕੂਲ ਬੰਦ

* ਤਾਲਿਬਾਨ ਦੀਆਂ ਧਮਕੀਆਂ ਕਾਰਨ ਬੱਚੇ ਸਕੂਲ ਜਾਣਾ ਛੱਡੇ

* ਭਾਰਤ ਤੇ ਤੁਰਕੀ ਵਿੱਚ ਅਫ਼ਗਾਨ ਵਿਦਿਆਰਥੀ ਵਧੇ

ਕਾਬੁਲ, 24 ਮਾਰਚ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਹੈ ਕਿ ਅਤਿਵਾਦੀਆਂ ਦੀਆਂ ਧਮਕੀਆਂ ਕਾਰਨ ਦੇਸ਼ ਅੰਦਰ 500 ਤੋਂ ਵੱਧ ਸਕੂਲ ਬੰਦ ਹੋ ਚੁੱਕੇ ਹਨ। ਇਸੇ ਨਾਲ ਉਨ੍ਹਾਂ ਦੱਸਿਆ ਕਿ ਦੇਸ਼ ਦੇ ਵਿਦਿਆਰਥੀਆਂ ਦੀ ਗਿਣਤੀ ਭਾਰਤੀ ਤੇ ਤੁਰਕੀ ਯੂਨੀਵਰਸਿਟੀਆਂ ਵਿੱਚ ਦੁੱਗਣੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ ਉਹ ਅਤਿਵਾਦੀਆਂ ਦੀ ਧਮਕੀ ਅੱਗੇ ਗੋਡੇ ਨਹੀਂ ਟੇਕਣਗੇ।
ਰਾਸ਼ਟਰਪਤੀ ਨੇ ਤਾਲਿਬਾਨ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਨੂੰ ਬੰਦ ਕਰਵਾ ਕੇ ਦੇਸ਼ ਦਾ ਭੱਠਾ ਨਾ ਬਿਠਾਉਣ। ਸਿੱਖਿਆ ਬੰਦ ਹੋਣ ਨਾਲ ਦੇਸ਼ ਦਾ ਭਵਿੱਖ ਹਨੇਰੇ ਵਿੱਚ ਚਲਾ ਜਾਵੇਗਾ। ਅੱਜ ਸਿੱਖਿਆ ਦੇ ਦਮ ‘ਤੇ ਹੋਰ ਮੁਲਕ ਅੱਗੇ ਵਧ ਰਹੇ ਹਨ, ਪਰ ਅਫ਼ਗਾਨਿਸਤਾਨ ਪੱਛੜੇ ਮੁਲਕਾਂ ਦੀ ਕਤਾਰ ਵਿੱਚ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਲੋਕਾਂ ਨੂੰ ਸਿੱਖਿਆ ਦੇਣ ਨਾਲ ਹੀ ਹੋਵੇਗਾ। ਇਸ ਨੂੰ ਤਾਲਿਬਾਨ ਸਣੇ ਹੋਰ ਧਿਰਾਂ ਸਮਝ ਲੈਣ।
ਅਮਾਨੀ ਹਾਈ ਸਕੂਲ ਵਿੱਚ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਇਸ ਸਾਲ 1000 ਹਾਈ ਸਕੂਲ ਗਰੈਜੂਏਟਾਂ ਨੂੰ ਉੱਚ ਸਿੱਖਿਆ ਲਈ ਭਾਰਤ ਤੇ ਤੁਰਕੀ ਭੇਜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਭਾਰਤ ਤੇ ਤੁਰਕੀ ਵਿੱਚ ਗਏ ਵਿਦਿਆਰਥੀਆਂ ਦੀ ਇਹ ਆਮ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਖਰਚਾ ਸਮੇਂ ਸਿਰ ਨਹੀਂ ਮਿਲਦਾ। ਇਸ ਪਾਸੇ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ। ਇਸੇ ਲਈ ਭਾਰਤ ਤੇ ਤੁਰਕੀ ਗਏ ਵਿਦਿਆਰਥੀਆਂ ਦੇ ਉੱਥੇ ਬੈਂਕ ਖਾਤੇ ਖੋਲ੍ਹੇ ਜਾ ਰਹੇ ਹਨ। ਸ੍ਰੀ ਕਰਜ਼ਈ ਨੇ ਕਿਹਾ ਕਿ ਭਾਰਤ ਤੇ ਤੁਰਕੀ ਵਿੱਚ ਭੇਜੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਜਾਵੇਗੀ। ਹੁਣ ਤੱਕ ਅਫ਼ਗਾਨਿਸਤਾਨ ਦੇ 500 ਵਿਦਿਆਰਥੀ ਇਨ੍ਹਾਂ ਮੁਲਕਾਂ ਵਿੱਚ ਉੱਚ ਸਿੱਖਿਆ ਲਈ ਜਾਂਦੇ ਸਨ ਤੇ ਹੁਣ ਇਹ ਗਿਣਤੀ ਹਜ਼ਾਰ ਕਰ ਦਿੱਤੀ ਜਾਵੇਗੀ। ਇਸੇ ਨਾਲ ਸਰਕਾਰ ਨੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਫੰਡ 50 ਲੱਖ ਡਾਲਰ ਤੋਂ ਵਧਾ ਕੇ ਇਕ ਕਰੋੜ ਡਾਲਰ ਕਰ ਦਿੱਤਾ ਹੈ।
ਰਾਸ਼ਟਰਪਤੀ ਨੇ ਅਫ਼ਗ਼ਾਨਿਸਤਾਨ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇਣ ਵਿੱਚ ਕੀਤੇ ਜਾ ਰਹੇ ਸਹਿਯੋਗ ਲਈ ਭਾਰਤ ਤੇ ਤੁਰਕੀ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਜਾਣ ਵਾਸਤੇ ਉਤਸ਼ਾਹਤ ਕਰਦਿਆਂ ਸਲਾਹ ਦਿੱਤੀ ਕਿ ਉਹ ਵਿਦੇਸ਼ੀ ਭਾਸ਼ਾਵਾਂ ਵੀ ਸਿੱਖਣ।

No comments:

Post a Comment