Sunday, 25 March 2012

ਦਿੱਲੀ-ਲਾਹੌਰ ਬੱਸ ਵਿੱਚ ਭਾਰਤੀ ਮੁਸਾਫ਼ਰ ਦੀ ਤਬੀਅਤ ਖ਼ਰਾਬ

ਮੁੱਢਲੀ ਸਹਾਇਤਾ ਤੋਂ ਬਾਅਦ ਪੀ ਜੀ ਆਈ ਰੈਫਰ
ਅੰਬਾਲਾ, 25 ਮਾਰਚ-ਦਿੱਲੀ ਤੋਂ ਲਾਹੌਰ ਜਾ ਰਹੀ ਲਾਹੌਰ-ਦਿੱਲੀ-ਲਾਹੌੌਰ  ‘ਸਦਾਏ ਸਰਹੱਦ’ ਬੱਸ ਵਿਚ ਸਵਾਰ ਇਕ ਭਾਰਤੀ ਨਾਗਰਿਕ ਦੀ ਅਚਾਨਕ ਤਬੀਅਤ ਵਿਗੜ ਗਈ ਜਿਸ ਕਰਕੇ ਇਹ ਬੱਸ ਇਸ ਮੁਸਾਫਰ ਨੂੰ ਲੈ ਕੇ ਅੰਬਾਲਾ ਸ਼ਹਿਰ ਦੇ ਟਰਾਮਾ ਸੈਂਟਰ ਪਹੁੰਚ ਗਈ। ਬੱਸ ਦੇ ਪਹੁੰਚਣ ਨਾਲ ਹੀ ਪੁਲੀਸ ਅਤੇ ਹਸਪਤਾਲ ਦੇ ਸਟਾਫ ਵਿਚ ਹੱਲ ਚੱਲ ਮਚ ਗਈ। ਸੁਰੱਖਿਆ ਦੇ ਮੱਦੇਨਜ਼ਰ ਹਸਪਤਾਲ ਦੇ ਸਾਰੇ ਗੇਟ ਸੀਲ ਕਰ ਦਿੱਤੇ ਗਏ ਅਤੇ ਹਸਪਤਾਲ ਵਿਚ ਮੌਜੂਦ ਰੋਗੀਆਂ ਜਾਂ ਉਨ੍ਹਾਂ ਦੇ ਮਿਲਣ ਵਾਲਿਆਂ ਨੂੰ ਇਕ ਪਾਸੇ ਇਕੱਠੇ ਕਰ ਦਿੱਤਾ ਗਿਆ। ਮਰੀਜ਼ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਬੱਸ ਬਾਕੀ ਮੁਸਾਫਰਾਂ ਨੂੰ ਲੈ ਕੇ ਲਾਹੌਰ ਲਈ ਰਵਾਨਾ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਲਾਹੌਰ ਜਾ ਰਹੀ ਬੱਸ ਜਦੋਂ ਪਿਪਲੀ ਦੇ ਲਾਗੇ ਪਹੁੰਚੀ ਤਾਂ ਇਸ ਵਿਚ ਸਵਾਰ  ਤਾਰੀਕ ਮੁਹੰਮਦ ਨਾਮ ਦੇ ਕੋਲਕਾਤਾ ਦੇ ਰਹਿਣ ਵਾਲੇ ਮੁਸਾਫਰ ਦੀ ਤਬੀਅਤ ਇਕ ਦਮ ਵਿਗੜ ਗਈ। ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ। ਬੱਸ ਦੇ ਇੰਚਾਰਜ ਨੇ ਡੀ.ਸੀ.ਪੀ ਅੰਬਾਲਾ ਸ਼ਸ਼ਾਂਕ ਆਨੰਦ ਨੂੰ ਸੂਚਿਤ ਕੀਤਾ ਅਤੇ ਬੱਸ ਦੇ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਇਥੇ ਪੁਲੀਸ ਦਾ ਬੰਦੋਬਸਤ ਕਰ ਦਿੱਤਾ ਗਿਆ। ਪੌਣੇ 10 ਵਜੇ ਦੇ ਕਰੀਬ ਜਿਉਂ ਹੀ ਪਾਇਲਟ ਜਿਪਸੀ ਦੀ ਅਗਵਾਈ ਵਿਚ ਬੱਸ ਹਸਪਤਾਲ ਪਹੁੰਚੀ ਤਾਂ ਲੋਕ ਇਸ ਇੰਡੋ-ਪਾਕਿ ਬੱਸ ਨੂੰ ਦੇਖ ਕੇ ਹੈਰਾਨ ਰਹਿ ਗਏ। ਇੰਡੋ-ਪਾਕਿ ਬੱਸ ਵਿਚੋਂ ਰੋਗੀ ਨੂੰ ਆਉਂਦਿਆਂ ਦੇਖ ਕੇ ਡਾਕਟਰ ਵੀ ਇਕ ਦਮ ਹਰਕਤ ਵਿਚ ਆ ਗਏ। ਤਾਰੀਕ ਮੁਹੰਮਦ ਦੀ ਪਤਨੀ ਵੀ ਉਸ ਦੇ ਨਾਲ ਸੀ। ਇਹ ਬੱਸ ਕਰੀਬ ਇਕ ਘੰਟਾ ਹਸਪਤਾਲ ਕੈਂਪਸ ਵਿਚ ਖੜੀ ਰਹੀ। ਏਨਾ ਸਮਾਂ ਕਿਸੇ ਵੀ ਰੋਗੀ ਜਾਂ ਉਸ ਨੂੰ ਮਿਲਣ ਵਾਲੇ ਨੂੰ ਹਸਪਤਾਲ ਦੇ ਅੰਦਰ ਨਹੀਂ ਵੜਨ ਦਿੱਤਾ ਗਿਆ। ਡੀ.ਸੀ.ਪੀ ਸੁਸ਼ਾਂਕ ਆਨੰਦ ਵੀ ਮੌਕੇ ’ਤੇ ਪਹੁੰਚੇ ਅਤੇ ਸੁਰੱਖਿਆ ਦੇ ਬੰਦੋਬਸਤ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਕਿਸੇ ਮਰੀਜ਼ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।  ਡੀ.ਸੀ.ਪੀ ਨੇ ਦੱਸਿਆ ਕਿ ਤਾਰੀਕ ਮੁਹੰਮਦ ਨੂੰ ਮੁੱਢਲੀ ਡਾਕਟਰੀ ਸਹਾਇਤਾ  ਦੇ ਕੇ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਪਤਨੀ ਵੀ ਨਾਲ ਹੀ ਗਈ ਹੈ। ਬਾਕੀ ਮੁਸਾਫਰਾਂ ਨੂੰ ਲਾਹੌਰ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਤਾਰੀਕ ਮੁਹੰਮਦ ਦਾ ਇਲਾਜ ਕਰਨ ਵਾਲੇ ਡਾਕਟਰ ਪੰਕਜ ਗਰਗ ਨੇ ਦੱਸਿਆ ਕਿ ਉਸ ਨੂੰ ਪਿਛਲੇ ਇਕ ਮਹੀਨੇ ਤੋਂ ਬੁਖ਼ਾਰ ਚੜ੍ਹ ਰਿਹਾ ਸੀ ਅਤੇ ਫੇਫੜਿਆਂ ਵਿਚ ਨੁਕਸ ਹੋਣ ਕਰਕੇ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ। ਉਸ ਨੇ ਦੱਸਿਆ ਕਿ ਤਾਰੀਕ ਮੁਹੰਮਦ ਟੀ.ਬੀ ਦਾ ਪੁਰਾਣਾ ਰੋਗੀ ਜਾਪਦਾ ਹੈ। ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਸਟੇਬਲ ਕਰਕੇ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਜਿਥੇ ਉਸ ਦੀ ਸਿਹਤ ਦਾ ਮੁਆਇਨਾ ਕੀਤੇ ਜਾਣ ਦੀ ਸੰਭਾਵਨਾ ਹੈ।

No comments:

Post a Comment