ਬਟਾਲਾ.25 ਮਾਰਚ ਦਿਨੋ-ਦਿਨ ਵਧ ਰਹੇ ਵਾਹਨਾਂ ਦੀ ਗਿਣਤੀ ਨਾਲ ਸੜਕਾਂ 'ਤੇ ਟਰੈਫਿਕ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਟਰੈਫਿਕ ਦੀ ਸਮੱਸਿਆ ਕੇਵਲ ਇਕ ਸ਼ਹਿਰ ਦੀ ਨਹੀਂ, ਬਲਕਿ ਸਾਰਾ ਮੁਲਕ ਹੀ ਇਸ ਦੀ ਗ੍ਰਿਫ਼ਤ 'ਚ ਆ ਚੁੱਕਾ ਹੈ, ਪਰ ਛੋਟੇ ਤੇ ਤੰਗ ਇਲਾਕੇ ਵਾਲੇ ਸ਼ਹਿਰਾਂ 'ਚ ਟਰੈਫਿਕ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ, ਅਜਿਹੀ ਹੀ ਗੰਭੀਰ ਟਰੈਫਿਕ ਦੀ ਸਮੱਸਿਆ ਬਟਾਲਾ 'ਚੋਂ ਲੰਘਦੀ ਜਰਨੈਲੀ ਸੜਕ 'ਤੇ ਸਥਿਤ ਗਾਂਧੀ ਚੌਕ ਦੀ ਹੈ, ਜਿਥੇ ਦਿਨ-ਰਾਤ ਵਾਹਨਾਂ ਦੀ ਆਵਾਜਾਈ ਬਣੀ ਰਹਿੰਦੀ ਹੈ, ਜਿਸ ਰਫ਼ਤਾਰ ਨਾਲ ਵਾਹਨਾਂ ਦੀ ਗਿਣਤੀ ਵਧੀ ਹੈ, ਉਸ ਪੱਧਰ ਤੱਕ ਨਾ ਤਾਂ ਇਸ ਚੌਕ ਦਾ ਘੇਰਾ ਖੁੱਲ੍ਹਾ ਕੀਤਾ ਗਿਆ ਹੈ ਤੇ ਨਾ ਹੀ ਸੜਕਾਂ ਦੀ ਚੌੜਾਈ ਵਧਾਈ ਗਈ। ਗਾਂਧੀ ਚੌਕ ਦੇ ਦੋਹੀਂ ਪਾਸੀਂ ਡਵਾਈਡਰ ਬਣਾ ਕੇ ਵੰਨ ਵੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਡਵਾਈਡਰ ਵੀ ਹਾਦਸਿਆਂ ਦਾ ਕਾਰਨ ਬਣੇ ਪਏ ਹਨ। ਇਕ ਤਾਂ ਗਾਂਧੀ ਚੌਕ ਨਜ਼ਦੀਕ ਹੀ ਬੱਸ ਸਟੈਂਡ ਹੈ, ਦੂਜੀ ਮੁਸੀਬਤ ਡੇਰਾ ਰੋਡ 'ਤੇ ਰੇਲਵੇ ਲਾਈਨ 'ਤੇ ਬਣੇ ਪੁਲ ਨੇ ਖੜ੍ਹੀ ਕਰ ਰੱਖੀ ਹੈ, ਕਿਉਂਕਿ ਉਕਤ ਪੁਲ ਤੋਂ ਬੜੀ ਤੇਜ਼ੀ ਨਾਲ ਵਾਹਨ ਸਿੱਧੇ ਗਾਂਧੀ ਚੌਕ 'ਚ ਪ੍ਰਵੇਸ਼ ਕਰਕੇ ਟਰੈਫਿਕ ਵਿਚ ਰੁਕਾਵਟ ਖੜ੍ਹੀ ਕਰਦੇ ਹਨ। ਇਸ ਚੌਕ ਦੀ ਹਾਲਤ ਏਨੀ ਤਰਸਯੋਗ ਬਣ ਚੁੱਕੀ ਹੈ ਕਿ ਇਸ ਚੌਕ ਨੂੰ ਹੁਣ ਤੱਕ ਟਰੈਫਿਕ ਕੰਟਰੋਲ ਲਾਈਟਾਂ ਵੀ ਰਾਸ ਨਹੀਂ ਆਈਆਂ, ਇਥੇ ਇਹ ਵੀ ਵਰਨਣਯੋਗ ਹੈ ਕਿ ਸ਼ਹਿਰ 'ਚ ਕੇਵਲ ਇਸੇ ਚੌਕ 'ਚ ਟ੍ਰੈਫਿਕ ਲਾਈਟਾਂ ਹਨ। ਸਿਰਫ ਟਰੈਫਿਕ ਪੁਲਿਸ ਵਾਲੇ ਹੀ ਟਰੈਫਿਕ ਕੰਟਰੋਲ ਕਰਨ ਦੇ ਆਹਰ 'ਚ ਦਿਨ-ਰਾਤ ਲੱਗੇ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਵੀ ਚੌਕ ਵਿਚ ਕਈ-ਕਈ ਘੰਟੇ ਟਰੈਫਿਕ ਰੁਕੀ ਰਹਿੰਦੀ ਹੈ। ਟਰੈਫਿਕ ਦੀ ਇਹ ਗੰਭੀਰ ਸਮਸਿਆ ਗਾਂਧੀ ਚੌਕ ਤੋਂ ਲੈ ਕੇ ਜਲੰਧਰ ਰੋਡ 'ਤੇ ਕਾਦੀਆਂ ਚੌਕ, ਗੁਰਦਾਸਪੁਰ ਰੋਡ 'ਤੇ ਸਿੰਬਲ ਚੌਕ, ਅੰਮ੍ਰਿਤਸਰ ਰੋਡ 'ਤੇ ਬਾਈਪਾਸ ਚੌਕ, ਡੇਰਾ ਬਾਬਾ ਨਾਨਕ ਰੋਡ 'ਤੇ ਹੈ, ਜਿਥੇ ਵਾਹਨਾਂ ਦਾ ਅਸਾਨੀ ਨਾਲ ਲੰਘਣਾ ਸੌਖੀ ਨਹੀਂ। ਭਾਵੇਂ ਕਿ ਸ਼ਹਿਰ ਦੇ ਬਾਹਰ ਬਾਈਪਾਸ ਵੀ ਬਣਿਆ ਹੋਇਆ ਹੈ, ਪਰ ਕੁਝ ਥਾਂਵਾਂ ਤੋਂ ਬਾਈਪਾਸ ਦੀ ਹਾਲਤ ਖਸਤਾ ਤੇ ਸੜਕ ਦਾ ਕੰਮ ਉਸਾਰੀ ਅਧੀਨ ਹੋਣ ਕਰਕੇ ਵੱਡੇ-ਵੱਡੇ ਟਰਾਲੇ ਤੇ ਟਰੱਕ ਵੀ ਸ਼ਹਿਰ ਦੀ ਸੰਘਣੀ ਆਬਾਦੀ ਦੀਆਂ ਕਾਲੋਨੀਆਂ 'ਚੋਂ ਲੰਘਦੇ ਹਨ। ਇਥੇ ਹੀ ਬੱਸ ਨਹੀਂ ਦੋ ਪਹੀਏ ਵਾਹਨ ਚਾਲਕ ਤੇ ਮਿੰਨੀ ਬੱਸਾਂ ਵਾਲੇ ਸ਼ਹਿਰ ਵਿਚ ਟਰੈਫਿਕ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ ਹਨ, ਜਦ ਕੋਈ ਮਿੰਨੀ ਬੱਸ ਬੱਸ ਸਟੈਂਡ ਤੋਂ ਰਵਾਨਾ ਹੁੰਦੀ ਹੈ ਤਾਂ ਉਕਤ ਬੱਸਾਂ ਵਾਲੇ ਅਣ ਅਧਿਕਾਰਤ ਥਾਂਵਾਂ ਤੋਂ ਬੱਸਾਂ ਰੋਕ ਕੇ ਸਵਾਰੀਆਂ ਚੜ੍ਹਾਉਂਦੇ ਹਨ ਤੇ ਉਨ੍ਹਾਂ ਦੇ ਪਿਛੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ।
No comments:
Post a Comment