Sunday, 25 March 2012

ਪਾਕਿ ਤੋਂ 58 ਸਾਲ ਬਾਅਦ ਪਰਤੀ ਧੰਨੋ ਨੇ ਆਖ਼ਰ ਲੱਭ ਲਏ ਆਪਣੇ ਮਾਂ ਜਾਏ

ਮੋਗਾ, 25 ਮਾਰਚ- ਸਰਹੱਦ ਦੀਆਂ ਪਾਬੰਦੀਆਂ ਵੀ ਧੰਨੋ ਨੂੰ ਉਸ ਦੇ ਨਾਲ ਦੇ ਜੰਮੇ-ਜਾਏ ਸਕੇ ਭਰਾਵਾਂ ਨਾਲ ਮਿਲਣ ਤੋਂ ਰੋਕ ਨਹੀਂ ਸਕੀਆਂ। ਆਖ਼ਰਕਾਰ 58 ਵਰ੍ਹਿਆਂ ਮਗਰੋਂ ਧੰਨੋਂ ਪਾਕਿਸਤਾਨ ਦੇ ਉਕਾੜਾ ਸ਼ਹਿਰ ਤੋਂ ਇੱਥੇ ਆਪਣੀ ਜਨਮ ਭੂਮੀ ਇਤਿਹਾਸਕ ਪਿੰਡ ਡਰੋਲੀ ਭਾਈ ਵਿਖੇ ਪਹੁੰਚ ਕੇ ਆਪਣੇ ਭਰਾਵਾਂ ਦੇ ਸੀਨੇ ਨਾਲ ਆ ਹੀ ਲੱਗੀ। ਪਿੰਡ ਡਰੋਲੀ ਭਾਈ ਦੇ ਛੱਪੜ ਕੰਢੇ ਲੱਗੇ ਬੋਹੜ ਦੇ ਕਿਨਾਰੇ ਵਸੇ ਆਪਣੇ ਪੁਰਾਤਨ ਘਰ ਵਿੱਚ ਆਪਣੇ ਭਰਾਵਾਂ ਬੰਨੂ ਅਤੇ ਬੱਲੂ ਨੂੰ ਅਚਨਚੇਤ ਆ ਮਿਲੀ। ਏਨੇ ਲੰਮੇ ਸਮੇਂ ਬਾਅਦ ਮਿਲਣ ‘ਤੇ ਦੋਵਾਂ ਭਰਾ ਅਤੇ ਭੈਣ ਦੇ ਹੰਝੂ ਵਹਿ ਤੁਰੇ।
87 ਸਾਲਾ ਧੰਨੋ ਜਦੋਂ ਆਪਣੇ ਪੁੱਤਰ ਮੁਕਬੂਲ ਮੁਹੰਮਦ ਨਾਲ ਆਪਣੇ ਜੱਦੀ ਪਿੰਡ ਡਰੋਲੀ ਭਾਈ ਪੁੱਜੀ ਤਾਂ ਪਿੰਡ ਦੀ ਨੁਹਾਰ ਪੂਰੀ ਤਰ੍ਹਾਂ ਬਦਲੀ ਹੋਈ ਸੀ ਪਰ ਉਸ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਉਸ ਸਮੇਂ ਦੇ ਲੋਕਾਂ ਨੂੰ ਯਾਦ ਕਰਕੇ ਤਾਜ਼ਾ ਕੀਤਾ। ਪਿੰਡ ਦੇ ਛੱਪੜ ਕੰਢੇ ਲੱਗੇ ਪਿੱਪਲ ਵਾਲੀ ਥਾਂ ਜਿਸ ‘ਤੇ ਕਦੇ ਉਹ ਖੇਡਿਆ ਕਰਦੀ ਸੀ, ਨੂੰ ਵੇਖ ਕੇ ਉਹ ਭਾਵੁਕ ਵੀ ਹੋਈ।
ਗੱਲਬਾਤ ਕਰਦਿਆਂ ਧੰਨੋ ਨੇ ਦੱਸਿਆ ਕਿ ਉਹ ਦੇਸ਼ ਦੀ ਵੰਡ ਸਮੇਂ ਕੋਈ 22 ਸਾਲਾਂ ਦੀ ਸੀ ਅਤੇ ਉਸ ਦਾ ਨਿਕਾਹ ਪੁਰਾਣੇ ਮੋਗੇ ਦੇ ਬਰਕਤ ਅਲੀ ਨਾਲ ਹੋਇਆ ਸੀ ਅਤੇ ਉਸ ਦੇ ਕੁੱਛੜ ਇੱਕ ਛੋਟਾ ਬਾਲ ਸੀ। ਉਸ ਦੇ ਤਿੰਨ ਦਿਉਰ ਰਹਿਮਤ ਅਲੀ, ਦੀਨ ਮੁਹੰਮਦ ਤੇ ਮੁਹੰਮਦ ਸਾਦਰ ਸਨ। ਖੂਨ ਖਰਾਬਾ ਹੋਣ ਸਮੇਂ ਉਹ ਕੁਝ ਸਮਾਂ ਪਹਿਲਾਂ ਆਪਣੇ ਪੇਕੇ ਆਪਣੇ ਪੁੱਤਰ ਨਿਆਮਤ ਉਰਫ਼ ਤੋਤੀ ਸਮੇਤ ਡਰੋਲੀ ਭਾਈ ਆ ਗਈ ਸੀ। ਉਸ ਨੇ ਦੱਸਿਆ ਕਿ ਮੇਰੇ ਪਤੀ ਅਤੇ ਦਿਉਰ ਸਭ ਉਜਾੜੇ ਸਮੇਂ ਪਾਕਿਸਤਾਨ ਚਲੇ ਗਏ ਸਨ ਅਤੇ ਉਹ ਲਾਹੌਰ ਤੋਂ 120 ਕਿਲੋਮੀਟਰ ਦੂਰ ਉਕਾੜਾ ਵਿਖੇ ਜਾ ਵਸੇ ਸਨ। ਕੁਝ ਸਮੇਂ ਬਾਅਦ ਮੇਰੇ ਪਤੀ ਦੀ ਮੌਤ ਹੋ ਗਈ ਅਤੇ ਮੇਰਾ ਦਿਉਰ ਮੁਹੰਮਦ ਸਾਦਰ ਸੱਤ ਸਾਲ ਬਾਅਦ (1954) ਵਿੱਚ ਮੈਨੂੰ ਆਪਣੇ ਨਾਲ ਪਾਕਿਸਤਾਨ ਲੈ ਗਿਆ। ਮੇਰੇ ਪਤੀ ਦੀ ਮੌਤ ਹੋ ਜਾਣ ਕਾਰਨ ਮੇਰਾ ਨਿਕਾਹ ਮੇਰੇ ਦਿਉਰ ਮੁਹੰਮਦ ਸਾਦਰ ਨਾਲ ਹੀ ਕਰ ਦਿੱਤਾ।
ਪਾਕਿਸਤਾਨ ਜਾਣ ਤੋਂ ਬਾਅਦ ਮੈਂ ਆਪਣੇ ਭਰਾਵਾਂ ਤੇ ਜਨਮ ਭੂਮੀ ਦਾ ਹੇਰਵਾ ਹਰ ਵਕਤ ਮੇਰੇ ਮਨ ‘ਤੇ ਭਾਰੂ ਰਹਿੰਦਾ, ਪਰ ਮੇਰੇ ਭਰਾਵਾਂ ਨੂੰ ਮਿਲਣ ਦਾ ਕੋਈ ਵੀ ਸਬੱਬ ਨਾ ਬਣਿਆ। ਇਸੇ ਹੇਰਵੇ ਕਾਰਨ ਮੇਰੀ ਨਿਗ੍ਹਾ ਵੀ ਜਾਂਦੀ ਰਹੀ।
ਇਧਰ ਪਹੁੰਚਣ ਦੇ ਸਬੱਬ ਬਾਰੇ ਪੁੱਛੇ ਜਾਣ  ‘ਤੇ ਧੰਨੋ ਨੇ ਦੱਸਿਆ ਕਿ ਮੈਨੂੰ ਪਤਾ ਲੱਗਾ ਕਿ ਇੱਕ ਸਮਝੌਤਾ ਐਕਸਪੈ੍ਰਸ ਬੱਸ ਭਾਰਤ-ਪਾਕਿ ਦਰਮਿਆਨ ਚੱਲਦੀ ਹੈ ਅਤੇ ਮੇਰੇ ਡਰੋਲੀ ਵਸਦੇ ਭਰਾ ਦੀ ਨੂੰਹ ਦਾ ਪਿਤਾ ਵੀ ਪਾਕਿਸਤਾਨ ਹੀ ਰਹਿੰਦਾ ਹੈ। ਆਉਂਦੇ ਜਾਂਦੇ ਲੋਕਾਂ ਤੋਂ ਪੁੱਛ ਪੁਛਾ ਕੇ ਮੈਨੂੰ ਮੇਰੇ ਭਰਾ ਦਾ ਟੈਲੀਫੋਨ ਨੰਬਰ ਅੱਜ ਤੋਂ ਕੋਈ ਤਿੰਨ ਸਾਲ ਪਹਿਲਾਂ ਮਿਲ ਗਿਆ ਤੇ ਮੈਂ ਅਕਸਰ ਆਪਣੇ ਭਰਾ ਨਾਲ ਫੋਨ ‘ਤੇ ਗੱਲ ਕਰ ਲੈਂਦੀ।   ਬੜੀ ਭੱਜ–ਨੱਠ ਤੋਂ ਬਾਅਦ ਦੋ ਹਫਤੇ ਪਹਿਲਾਂ ਮੈਨੂੰ ਇੱਕ ਮਹੀਨੇ ਦਾ ਭਾਰਤ ਆਉਣ ਲਈ ਵੀਜ਼ਾ ਮਿਲ ਗਿਆ, ਪਰ ਮੈਂ ਆਪਣੇ ਭਰਾ ਨੂੰ ਇਹ ਤਾਂ ਦੱਸ ਦਿੱਤਾ ਕਿ ਮੈਨੂੰ ਵੀਜ਼ਾ ਮਿਲ ਗਿਆ ਹੈ, ਪਰ ਆਉਣ ਦੀ ਤਰੀਕ ਬਾਰੇ ਅਜੇ ਕੁਝ ਪਤਾ ਨਹੀਂ ਸੀ।
ਧੰਨੋ ਨੇ ਦੱਸਿਆ ਕਿ ਮੇਰੀ ਭਰਾਵਾਂ ਨੂੰ ਮਿਲਣ ਦੀ ਤੜਪ ਨੇ ਮੈਨੂੰ ਵੀਜ਼ੇ ਤੋਂ ਬਾਅਦ ਇੱਕ ਪਲ ਵੀ ਰੁਕਣ ਨਹੀਂ ਦਿੱਤਾ ਤੇ ਮੈਂ ਆਪਣੇ ਭਰਾ ਨੂੰ ਦੱਸੇ ਬਗੈਰ ਆਪਣੇ ਪੁੱਤਰ ਮੁਕਬੂਲ ਮੁਹੰਮਦ ਨਾਲ ਪੁੱਛ ਪੁਛਾ ਕੇ ਆਪਣੇ ਭਰਾ ਦੇ ਘਰ ਡਰੋਲੀ ਭਾਈ ਪਹੁੰਚ ਗਈ ਅਤੇ ਮੈਂ ਆਉਂਦੀ ਨੇ ਹੀ ਆਪਣੇ ਭਰਾ ਨੂੰ ਪਛਾਣ ਲਿਆ। ਉਸ ਨੇ ਹੋਰ ਦੱਸਿਆ ਕਿ ਮੈਂ ਪੁਰਾਣਾ ਮੋਗਾ ਵਿਖੇ ਵਿਆਹੀ ਹੋਈ ਸੀ ਅਤੇ ਮੇਰਾ ਪਤੀ ਪੁਰਾਣਾ ਮੋਗਾ ਦੇ ਇੱਕ ਸ਼ੇਰ ਸਿੰਘ ਸ਼ਾਹੂਕਾਰ ਦੀ ਪ੍ਰਚੂਨ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਉਸ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਆਪਣਾ ਸਹੁਰਾ ਘਰ ਵੀ ਵੇਖੇ।

No comments:

Post a Comment