Tuesday, 28 February 2012

 ਓਏ ਚੋਰੋਂ ਰੱਬ ਤੋਂ ਤਾਂ ਡਰੋ!
ਮੰਡੀ ਘੁਬਾਇਆ,- ਬੀਤੀ ਰਾਤ ਨੂੰ ਪਿੰਡ ਸੁਖੇਰਾ ਬੋਦਲਾ ਵਿਖੇ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਅਸਥਾਨ ਨੂੰ ਵੀ ਨਹੀਂ ਬਖਸ਼ਿਆਂ ਅਤੇ ਗੁਰਦੁਆਰਾ ਸਾਹਿਬ ਵਿਚੋਂ ਗੋਲਕ ਦਾ ਤੋੜ ਕੇ ਨਗਦੀ ਅਤੇ ਹੋਰ ਸਮਾਨ ਕੱਢ ਕੇ ਲੈ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਕੁਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਗੁਰਦੁਆਰਾ ਸਾਹਿਬ ਵਿਖੇ ਆਇਆ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦਾ ਦਰਵਾਜਾ ਖੁੱਲਿਆ ਪਿਆ ਸੀ ਅਤੇ ਅੰਦਰ ਜਾ ਕੇ ਜਦੋ ਵੇਖਿਆਂ ਤਾ ਚੋਰਾਂ ਨੇ ਗੁਰਦੁਆਰਾ ਸਾਹਿਬ ਵਿਚ ਗੋਲਕ ਟੁੱਟਿਆ ਪਿਆ ਸੀ ਅਤੇ ਗੋਲਕ ਵਿਚਲੇ ਸਾਰੇ ਰੁਪਏ ਚੋਰ ਕੱਢ ਕੇ ਲੈ ਗਏ ਹਨ। ਇਸਦੇ ਨਾਲ ਹੀ ਚੋਰਾਂ ਨੇ ਅੰਦਰ ਪਿਆ ਆਟਾ ਅਤੇ ਹੋਰ ਸਮਾਨ ਵੀ ਲੈ ਗਏ ਹਨ। ਉਧਰ, ਇਸ ਚੋਰੀ ਹੋਣ ਬਾਰੇ ਐਟੀ ਕੁਰੱਪਸ਼ਨ ਦੇ ਜੋਨ ਚੇਅਰਮੈਨ ਸੁਖਵਿੰਦਰ ਸਿੰਘ ਟੋਹੜਾ, ਡਾ.ਨਰਿੰਦਰ ਸਿੰਘ, ਦਲਜੀਤ ਸਿੰਘ, ਸਰਪੰਚ ਅਮਰ ਸਿੰਘ, ਪੰਚ ਦੇਸਾ ਸਿੰਘ, ਹਰਮੇਸ਼ ਸਿੰਘ, ਹਰਜੀਤ ਸਿੰਘ, ਨਿੱਕੂ ਸਿੰਘ ਨੇ ਦੱਸਿਆਂ ਕਿ ਇਸ ਗੁਰਦੁਆਰਾ ਸਾਹਿਬ ਵਿਚੋਂ ਪਹਿਲਾਂ ਵੀ ਇਸੇ ਤਰ੍ਹਾਂ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਜਿਸ ਤੋਂ ਸਮੁੱਚੇ ਪਿੰਡ ਦੇ ਲੋਕ ਪ੍ਰੇਸ਼ਾਨੀ ਵਿਚ ਹਨ। ਉਨ੍ਹਾਂ ਅਰੋਪ ਲਾਇਆਂ ਕਿ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਪੁਲਸ ਪ੍ਰਸ਼ਾਸਨ ਕਥਿਤ ਤੌਰ 'ਤੇ ਲਾਪ੍ਰਵਾਹੀ ਅਤੇ ਚੋਰਾਂ ਨੂੰ ਨਾ ਪਕੜ ਪਾਉਣ ਦੇ ਕਾਰਨ ਹੀ ਚੋਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਰੋਜਾਨਾ ਹੀ ਖੇਤਾਂ ਵਿਚ ਲੱਗੇ ਬਿਜਲੀ ਦੇ ਟ੍ਰਾਂਸਫਾਰਮਰ ਦਾ ਸਮਾਨ ਚੋਰੀ ਹੋ ਰਿਹਾ ਹੈ ਜਿਸ ਤੋਂ ਲੋਕ ਮੁਸੀਬਤਾਂ ਵਿਚ ਪਏ ਹੋਏ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਕਿ ਇਲਾਕੇ ਵਿਚ ਹੋ ਰਹੀਆਂ ਚੋਰੀਆਂ 'ਤੇ ਅੰਕੁਸ਼ ਲਗਾਉਣ ਲਈ ਗਸ਼ਤ ਨੂੰ ਤੇਜ ਕਰਕੇ ਚੋਰ ਗਿਰੋਹ ਨੂੰ ਫੜਿਆਂ ਜਾਵੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਹੋਣ ਰਹੀਆਂ ਚੋਰੀਆਂ  ਤੋਂ ਰਾਹਤ ਮਿਲ ਸਕੇ।

ਨਾਰਵੇ ਦੇ ਦੂਤਘਰ ਸਾਹਮਣੇ ਪ੍ਰਦਰਸ਼ਨ

ਨਵੀਂ ਦਿੱਲੀ ਵਿਚ ਨਾਰਵੇ ਦੇ ਦੂਤਘਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਐਨ. ਆਰ. ਆਈ. ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਭਾਜਪਾ ਆਗੂ ਸੁਸ਼ਮਾ ਸਵਰਾਜ।
ਨਵੀਂ ਦਿੱਲੀ, 27 ਫਰਵਰੀ -ਭਾਜਪਾ ਅਤੇ ਮਾਰਕਸਵਾਦੀ ਪਾਰਟੀ ਅਤੇ ਬੱਚਿਆਂ ਦੇ ਮਾਤਾ-ਪਿਤਾ ਨੇ ਸੋਮਵਾਰ ਨੂੰ ਨਾਰਵੇ ਦੀ ਸਰਕਾਰ ਤੋਂ ਉਨ੍ਹਾਂ ਦੇ ਦੋ ਭਾਰਤੀ ਬੱਚਿਆਂ ਨੂੰ ਵਾਪਸ ਉਨ੍ਹਾਂ ਦੇ ਪਰਿਵਾਰ ਦੇ ਕੋਲ, ਭੇਜਣ ਲਈ ਕਿਹਾ ਹੈ ਜਿਨ੍ਹਾਂ ਨੂੰ ਉੱਚਿਤ ਦੇਖਭਾਲ ਨਾ ਮਿਲਣ ਦੇ ਆਧਾਰ 'ਤੇ ਨਾਰਵੇ ਦੀ ਇਕ ਸੰਸਥਾ ਨੇ ਆਪਣੇ ਕੋਲ ਰੱਖਿਆ ਹੈ। ਤਿੰਨ ਸਾਲ ਅਤੇ ਇਕ ਸਾਲ ਦੇ ਦੋਵਾਂ ਬੱਚਿਆਂ ਦੇ ਨਾਰਵੇ 'ਚ ਰਹਿਣ ਦਾ ਸਮਾਂ ਵਧਾਏ ਜਾਣ 'ਤੇ ਚਿੰਤਾ ਜਤਾਉਂਦੇ ਹੋਏ ਭਾਜਪਾ ਨੇਤਾ ਸੁਸ਼ਮਾ ਸਵਰਾਜ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਨਾਰਵੇ 'ਤੇ ਬੱਚਿਆਂ ਦੀ ਵਾਪਸੀ ਦੇ ਲਈ ਦਬਾਅ ਵਧਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਸਦ ਦੇ ਬਜਟ ਸੈਸ਼ਨ 'ਚ ਇਹ ਮੁੱਦਾ ਉਠਾਵੇਗੀ। ਅਸੀਂ ਆਪਣੇ ਬੱਚਿਆਂ ਨੂੰ ਆਪਣੇ ਘਰ ਵਾਪਸ ਚਾਹੁੰਦੇ ਹਾਂ। ਸਾਡੀ ਸਿਰਫ ਇਹੀ ਹੀ ਮੰਗ ਹੈ। ਬੱਚਿਆਂ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਵੀਜ਼ੇ ਦੀ ਮਿਆਦ 8 ਮਾਰਚ ਨੂੰ ਖਤਮ ਹੋ ਰਹੀ ਹੈ ਉਹ ਉਸ ਤੋਂ ਪਹਿਲਾਂ ਵਾਪਸ ਆ ਜਾਣੇ ਚਾਹੀਦੇ ਹਨ। ਅਸੀਂ ਨਾਰਵੇ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਪ੍ਰਕਿਰਿਆ 'ਚ ਦੇਰੀ ਨਾ ਕਰੇ ਅਤੇ ਸਾਡੇ ਬੱਚਿਆਂ ਨੂੰ ਜਲਦੀ ਵਾਪਸ ਭੇਜ ਦੇਵੇ। ਇਥੇ ਨਾਰਵੇ ਦੂਤਘਰ ਦੇ ਬਾਹਰ ਬੱਚਿਆਂ ਨੂੰ ਪਰਿਵਾਰ ਦੇ ਕੋਲ ਭੇਜਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਉਨ੍ਹਾਂ ਦੇ ਦਾਦਾ ਦਾਦੀ ਦੇ ਨਾਲ ਇਕਜੁੱਟਤਾ ਜਤਾਉਂਦੇ ਹੋਏ ਸ੍ਰੀਮਤੀ ਸਵਰਾਜ ਨੇ ਕਿਹਾ ਕਿ ਜੇਕਰ 12 ਮਾਰਚ ਤੱਕ ਬੱਚੇ ਮਾਤਾ-ਪਿਤਾ ਦੇ ਕੋਲ ਨਹੀਂ ਪਹੁੰਚਦੇ ਹਨ ਤਾਂ ਪਾਰਟੀ ਇਹ ਮੁੱਦਾ ਸੰਸਦ 'ਚ ਉਠਾਵੇਗੀ। ਮਾਰਕਸਵਾਦੀ ਪਾਰਟੀ ਦੀ ਨੇਤਾ ਬ੍ਰਿੰਦਾ ਕਰਾਤ ਨੇ ਵੀ ਇਸ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਨਾਰਵੇ ਸਰਕਾਰ ਇਸ ਮਾਮਲੇ 'ਚ ਅਲੱਗ ਤਰ੍ਹਾਂ ਨਾਲ ਪੇਸ਼ ਆ ਰਹੀ ਹੈ ਅਤੇ ਸਥਾਪਿਤ ਨਿਯਮਾਂ ਦੀ ਅਣਦੇਖੀ ਕਰ ਰਹੀ ਹੈ।
ਭਾਰਤ ਨੇ ਵਿਸ਼ੇਸ਼ ਦੂਤ ਨਾਰਵੇ ਭੇਜਿਆ
ਦੇਸ਼ 'ਚ ਦੋ ਪ੍ਰਵਾਸੀ ਬੱਚਿਆਂ ਨੂੰ ਵਾਪਸ ਲਿਆਉਣ ਲਈ ਦਬਾਅ ਦੇ ਚਲਦਿਆਂ ਭਾਰਤ ਦੇ ਵਿਸ਼ੇਸ਼ ਦੂਤ ਐਮ. ਗਣਪਤੀ ਜਿਹੜੇ ਕਿ ਵਿਦੇਸ਼ ਮੰਤਰਾਲੇ ਦੇ ਪੱਛਮ ਦੇ ਸਕੱਤਰ ਹਨ, ਅੱਜ ਪ੍ਰਕਿਰਿਆ ਨੂੰ ਜਲਦੀ ਖਤਮ ਕਰਨ ਦੇ ਲਈ ਨਾਰਵੇ ਪਹੁੰਚੇ। ਦੂਸਰੇ ਪਾਸੇ ਬੱਚਿਆਂ ਦੇ ਦਾਦਾ-ਦਾਦੀ ਨੇ ਅੱਜ ਤੋਂ 4 ਦਿਨਾਂ ਤੱਕ ਨਾਰਵੇ ਦੂਤ-ਘਰ ਦੇ ਸਾਹਮਣੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।

ਅਫ਼ਗਾਨਿਸਤਾਨ ਦੇ ਹਵਾਈ ਅੱਡੇ 'ਤੇ ਕਾਰ ਬੰਬ ਧਮਾਕਾ-10 ਮਰੇ
ਤਾਲਿਬਾਨ ਨੇ ਕਿਹਾ ਕੁਰਾਨ ਸਾੜਨ ਦਾ ਲਿਆ ਬਦਲਾ

ਜਲਾਲਾਬਾਦ (ਅਫ਼ਗਾਨਿਸਤਾਨ) ਵਿਚ ਹਵਾਈ ਅੱਡੇ ਦੇ ਗੇਟ ਅੱਗੇ ਹੋਏ ਬੰਬ ਧਮਾਕੇ 'ਚ ਤਬਾਹ ਹੋਇਆ ਇਕ ਵਾਹਨ ਨਜ਼ਰ ਆ ਰਿਹਾ ਹੈ।
ਕਾਬੁਲ 27 ਫਰਵਰੀ - ਪੂਰਬੀ ਅਫ਼ਗਾਨਿਸਤਾਨ ਵਿਚ ਜਲਾਲਾਬਾਦ ਹਵਾਈ ਅੱਡੇ ਦੇ ਗੇਟ ਅੱਗੇ ਹੋਏ ਸ਼ਕਤੀਸ਼ਾਲੀ ਕਾਰ ਬੰਬ ਧਮਾਕੇ 'ਚ 9 ਵਿਅਕਤੀ ਮਾਰੇ ਗਏ। ਰਾਜਧਾਨੀ ਦੇ ਉੱਤਰ ਵਿਚ ਇਕ ਅਮਰੀਕੀ ਫੌਜੀ ਅੱਡੇ 'ਚ ਪਵਿੱਤਰ ਕੁਰਾਨ ਦੀ ਬੇਅਦਬੀ ਕੀਤੇ ਜਾਣ ਤੋਂ 6 ਦਿਨਾ ਬਾਅਦ ਇਹ ਕਾਰ ਬੰਬ ਧਮਾਕਾ ਹੋਇਆ ਹੈ। ਧਮਾਕੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। ਤਾਲਿਬਾਨ ਦੇ ਬੁਲਾਰੇ ਜ਼ਬਿਉਲ੍ਹਾ ਮੁਜਾਹਿਦ ਨੇ ਭੇਜੀ ਇਕ ਈ.ਮੇਲ ਵਿਚ ਕਿਹਾ ਹੈ ਕਿ ਇਹ ਧਮਾਕਾ ਕੁਰਾਨ ਸਾੜਣ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਹੈ ਕਿ ਇਹ ਧਮਾਕਾ ਤੜਕਸਾਰ ਉਸ ਵੇਲੇ ਹੋਇਆ ਜਦੋਂ ਹਵਾਈ ਅੱਡੇ  'ਤੇ ਰਾਤ ਵੇਲੇ ਤਾਇਨਾਤ ਕੌਮਾਂਤਰੀ ਫੋਰਸਾਂ ਦੇ ਜਵਾਨ ਆਪਣੀ ਡਿਊਟੀ ਹੋਰ ਜਵਾਨਾਂ ਦੇ ਸਪੁਰਦ ਕਰਕੇ ਜਾਣ ਦੀ ਤਿਆਰੀ ਵਿਚ ਸਨ। ਨੰਗਰਹਾਰ ਸੂਬੇ ਦੀ ਪੁਲਿਸ ਦੇ ਬੁਲਾਰੇ ਹਜ਼ਾਰਡ ਮੁਹੰਮਦ ਨੇ ਕਿਹਾ ਹੈ ਕਿ ਧਮਾਕਾ ਬਹੁਤ ਸ਼ਕਤੀਸ਼ਾਲੀ ਸੀ ਜਿਸ ਵਿਚ 6 ਆਮ ਲੋਕ, 2 ਹਵਾਈ ਅੱਡੇ ਦੇ ਗਾਰਡ ਤੇ ਇਕ ਪੁਲਿਸ ਦਾ ਜਵਾਨ ਮਾਰਿਆ ਗਿਆ ਜਦ ਕਿ 6 ਹੋਰ ਵਿਅਕਤੀ ਜ਼ਖਮੀ ਹੋ ਗਏ।

ਅਫ਼ਗਾਨਿਸਤਾਨ ਵਿਚ ਬੀਤੇ ਦਿਨੀਂ ਅਮਰੀਕੀ ਫੌਜੀ ਅੱਡੇ 'ਤੇ ਕੁਰਾਨ ਦੀ ਬੇਅਦਬੀ ਕਰਨ ਵਿਰੁੱਧ ਲਾਹੌਰ ਵਿਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਪਾਕਿਸਤਾਨੀ ਵਕੀਲ ਅਮਰੀਕਾ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ।

ਨਾਟੋ ਫੋਰਸਾਂ ਦੇ ਬੁਲਾਰੇ ਕੈਪਟਨ ਜਸਟਿਨ ਬਰਾਖਆਫ ਅਨੁਸਾਰ ਧਮਾਕੇ ਵਿਚ ਕੌਮਾਂਤਰੀ ਫੋਰਸਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਵਾਈ ਅੱਡੇ ਦੀ ਵਰਤੋਂ ਫੌਜੀ ਤੇ ਸਿਵਲੀਅਨ ਦੋਨਾਂ ਤਰਾਂ ਦੀਆਂ ਉਡਾਣਾਂ ਲਈ ਕੀਤੀ ਜਾਂਦੀ ਹੈ। ਇਥੇ ਵਰਨਣਯੋਗ ਹੈ ਕਿ ਕੁਰਾਨ ਦੀ ਬੇਅਦਬੀ ਤੋਂ ਬਾਅਦ ਦੇਸ਼ ਭਰ ਵਿਚ ਅਮਰੀਕਾ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ। ਕੁਝ ਥਾਵਾਂ 'ਤੇ ਪ੍ਰਦਰਸ਼ਨਾਂ ਦੌਰਾਨ ਤਾਲਿਬਾਨ ਦਾ ਚਿੱਟਾ ਝੰਡਾ ਵੀ ਲਹਿਰਾਇਆ ਗਿਆ।

ਨਿਪਾਲ ਦੇ ਸਰਕਾਰੀ ਦਫ਼ਤਰਾਂ ਕੋਲ ਬੰਬ ਧਮਾਕਿਆਂ 'ਚ 3 ਮਰੇ

ਕਠਮੰਡੂ (ਨਿਪਾਲ) ਵਿਚ ਬੰਬ ਧਮਾਕੇ ਵਾਲੇ ਸਥਾਨ 'ਤੇ ਪਈ ਇਕ ਲਾਸ਼।
ਕਠਮੰਡੂ, 27 ਫਰਵਰੀ-ਨਿਪਾਲ ਦੀ ਰਾਜਧਾਨੀ ਜਿਥੇ ਪ੍ਰਧਾਨ ਮੰਤਰੀ ਦੇ ਦਫ਼ਤਰ ਸਮੇਤ ਕਈ ਸਰਕਾਰੀ ਦਫ਼ਤਰ ਸਥਿਤ ਹਨ ਵਿਚ ਹੋਏ ਇਕ ਬੰਬ ਧਮਾਕੇ ਵਿਚ ਘੱਟੋ ਘੱਟ ਤਿੰਨ ਵਿਅਕਤੀ ਮਾਰੇ ਗਏ ਅਤੇ 7 ਹੋਰ ਜ਼ਖ਼ਮੀ ਹੋ ਗਏ। ਸਿੰਘਦੁਬਾਰ ਵਿਖੇ ਨਿਪਾਲ ਆਇਲ ਕਾਰਪੋਰੇਸ਼ਨ ਅਤੇ ਕਠਮੰਡੂ ਜ਼ਿਲ੍ਹਾ ਅਦਾਲਤ ਵਿਚਕਾਰ ਸੜਕ 'ਤੇ ਹੋਏ ਬੰਬ ਧਮਾਕੇ ਵਿਚ ਤਿੰਨ ਵਿਅਕਤੀ ਮਾਰੇ ਗਏ। ਹਮਲੇ ਵਿਚ 7 ਵਿਅਕਤੀ ਜ਼ਖ਼ਮੀ ਹੋਏ ਹਨ। ਧਮਾਕੇ ਵਾਲੀ ਥਾਂ ਮੁੱਖ ਸਰਕਾਰੀ ਪ੍ਰਸ਼ਾਸਕੀ ਇਮਾਰਤ ਤੋਂ 100 ਮੀਟਰ ਤੋਂ ਵੀ ਘੱਟ ਦੂਰ ਹੈ। ਇਸ ਸਰਕਾਰੀ ਦਫ਼ਤਰ ਵਿਚ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੰਸਦ ਸਕੱਤਰੇਤ ਮੌਜੂਦ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਘਟਨਾ ਪਿੱਛੋਂ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਧਮਾਕੇ ਦੇ ਤੁਰੰਤ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਇਲਾਕੇ ਨੂੰ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

1994 'ਚ ਹੋਏ 2 ਫਰਜ਼ੀ ਪੁਲਿਸ ਮੁਕਾਬਲਿਆਂ ਦਾ ਖੁਲਾਸਾ

ਚੰਡੀਗੜ੍ਹ ਪ੍ਰੈਸ ਕਲੱਬ ਵਿਚ ਜਾਣਕਾਰੀ ਦਿੰਦੇ ਹੋਏ ਕਰਨਲ ਜੀ. ਐੱਸ. ਸੰਧੂ (ਸੇਵਾ ਮੁਕਤ)
ਅਤੇ ਦਲਬੀਰ ਕੌਰ। -

ਚੰਡੀਗੜ੍ਹ, 27 ਫਰਵਰੀ - ਪੰਜਾਬ ਵਿਚ 1994 'ਚ ਦੋ ਖਾੜਕੂਆਂ ਨੂੰ ਮਰਿਆ ਵਿਖਾਉਣ ਲਈ ਅਤੇ ਉਨ੍ਹਾਂ ਖਾੜਕੂਆਂ ਤੇ ਸਰਕਾਰ ਵੱਲੋਂ ਰੱਖਿਆ ਗਿਆ ਲੱਖਾਂ ਰੁਪਏ ਇਨਾਮ ਹਾਸਿਲ ਕਰਨ ਲਈ ਸੂਬਾ ਪੁਲਿਸ ਨੇ ਗੁਰਦਾਸਪੁਰ ਅਤੇ ਤਰਨਤਾਰਨ ਦੇ 2 ਬੇਗੁਨਾਹ ਨੌਜਵਾਨ ਹੀ ਮਾਰ ਦਿੱਤੇ। ਇਨ੍ਹਾਂ 2 ਨੌਜਵਾਨਾਂ 'ਚੋਂ ਇਕ ਗੁਰਦਾਸਪੁਰ ਦੇ ਕਾਲਾ ਅਫਗਾਨਾ ਪਿੰਡ ਦਾ ਰਹਿਣ ਵਾਲਾ ਸੁਖਪਾਲ ਸਿੰਘ (26) ਸੀ। ਇਸ ਨੌਜਵਾਨ ਨੂੰ ਪੁਲਿਸ ਨੇ ਅਗਸਤ 1994 ਵਿਚ ਰੋਪੜ ਜਿਲ੍ਹੇ 'ਚ ਫਰਜ਼ੀ ਮੁਠਭੇੜ ਦੌਰਾਨ ਮਾਰਿਆ। ਨੌਜਵਾਨ ਨੂੰ ਮਾਰੇ ਜਾਣ ਤੋਂ 3-4 ਦਿਨ ਮਗਰੋਂ ਖ਼ਬਰ ਫੈਲ ਗਈ ਕਿ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਨਾਮ ਦਾ ਖਾੜਕੂ ਪੁਲਿਸ ਨੇ ਰੋਪੜ ਵਿਖੇ ਹੋਈ ਮੁਠਭੇੜ ਵਿਚ ਮਾਰ ਦਿੱਤਾ ਹੈ। ਉਪਰੋਕਤ ਜਾਣਕਾਰੀਆਂ ਦਿੰਦਿਆਂ ਉਸ ਮਾਰੇ ਗਏ ਨੌਜਵਾਨ ਦੀ ਪਤਨੀ ਬੀਬੀ ਦਲਬੀਰ ਕੌਰ (ਹੁਣ ਮ੍ਰਿਤਕ ਨੌਜਵਾਨ ਦੇ ਭਰਾ ਦੀ ਪਤਨੀ) ਅਤੇ ਮਾਝਾ ਐਕਸ ਸਰਵਿਸਮੈੱਨ ਮਨੁੱਖੀ ਅਧਿਕਾਰ ਫਰੰਟ ਦੇ ਚੇਅਰਮੈਨ ਕਰਨਲ ਜੀ. ਐੱਸ. ਸੰਧੂ (ਸੇਵਾਮੁਕਤ) ਨੇ ਦੱਸਿਆ ਕਿ 13 ਅਗਸਤ 1994 ਨੂੰ ਅਵਤਾਰ ਸਿੰਘ ਤਾਰੀ ਨਾਮ ਦਾ ਵਿਅਕਤੀ ਜੋ ਪਟਿਆਲੇ ਜਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਪੁਲਿਸ ਕੈਟ ਸੀ, ਪਿੰਡ ਕਾਲਾ ਅਫਗਾਨਾ ਆਇਆ। ਦਲਬੀਰ ਕੌਰ ਅਨੁਸਾਰ ਅਵਤਾਰ ਸਿੰਘ ਤਾਰੀ ਉਸ ਦੇ ਪਤੀ ਦਾ ਵਾਕਿਫ ਸੀ, ਜੋ ਕਿ 3-4 ਪੁਲਿਸ ਮੁਲਾਜ਼ਮਾਂ ਨਾਲ ਚਿੱਟੀ ਮਾਰੂਤੀ ਕਾਰ ਵਿਚ ਆਇਆ ਸੀ ਅਤੇ ਉਹ ਸਾਰੇ ਉਸ ਦੇ ਪਤੀ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਉਹ ਮਜੀਠਾ ਪੁਲਿਸ ਵਿਚ ਕਿਸੇ ਤਫਤੀਸ਼ ਲਈ ਲੋੜੀਂਦਾ ਹੈ ਅਤੇ ਉਸ ਨੂੰ ਪੁੱਛਗਿੱਛ ਕਰ ਕੇ ਅਗਲੇ ਦਿਨ ਛੱਡ ਦਿਆਂਗੇ। ਦਲੀਬਰ ਕੌਰ ਅਨੁਸਾਰ ਉਸ ਦਾ ਪਤੀ ਅਗਲੇ ਦਿਨ ਘਰ ਵਾਪਿਸ ਨਹੀਂ ਆਇਆ। ਉਨ੍ਹਾਂ ਦੱਸਆ ਕਿ ਕੁੱਝ ਦਿਨ ਬਾਅਦ ਅਖਬਾਰਾਂ ਰਾਹੀਂ ਖਬਰ ਫੈਲ ਗਈ ਕਿ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ, ਜੋ ਬਹੁਤ ਵੱਡਾ ਅੱਤਵਾਦੀ ਸੀ ਪੁਲਿਸ ਨੇ ਮੁਠਭੇੜ ਵਿਚ ਮਾਰ ਦਿੱਤਾ ਹੈ। ਦਲਬੀਰ ਕੌਰ ਅਨੁਸਾਰ ਕੁੱਝ ਦਿਨ ਬੀਤ ਜਾਣ 'ਤੇ ਜਦ ਉਸ ਦਾ ਪਤੀ ਸੁਖਪਾਲ ਸਿੰਘ ਘਰ ਨਹੀਂ ਆਇਆ ਤਾਂ ਉਹ ਅਵਤਾਰ ਸਿੰਘ ਤਾਰੀ ਦੇ ਪਿੰਡ ਗਏ ਅਤੇ ਸੁਖਪਾਲ ਸਿੰਘ ਬਾਰੇ ਪੁੱਛਿਆ ਤਾਂ ਤਾਰੀ ਨੇ ਉਨ੍ਹਾਂ ਨੂੰ ਦੱਸਿਆ ਕਿਸੇ ਅਫਸਰ ਦੇ ਕਹਿਣ ਤੇ ਉਸ ਨੂੰ ਕਿਸੇ ਕੰਮ ਭੇਜਿਆ ਹੈ ਅਤੇ ਕੁੱਝ ਦਿਨਾਂ ਵਿਚ ਹੀ ਉਹ ਵਾਪਿਸ ਆ ਜਾਵੇਗਾ। ਉਸ ਤੋਂ ਬਾਅਦ ਸੁਖਪਾਲ ਸਿੰਘ ਦੇ ਪਰਿਵਾਰ ਨੇ ਮਜੀਠਾ ਪੁਲਿਸ ਤੋਂ ਵੀ ਪਤਾ ਕੀਤਾ ਪਰ ਕੁੱਝ ਪਤਾ ਨਾ ਲੱਗਾ। ਦਲਬੀਰ ਕੌਰ ਅਨੁਸਾਰ ਕਈ ਸਾਲਾਂ ਬਾਅਦ ਅਸੀਂ ਅਖਬਾਰਾਂ ਵਿਚ ਪੜ੍ਹਿਆ ਕਿ ਗੁਰਨਾਮ ਸਿੰਘ ਬੁੰਡਾਲਾ (ਜਿਸ ਦੇ ਨਾਂਅ ਤੇ ਸੁਖਪਾਲ ਸਿੰਘ ਨੂੰ ਮਾਰਿਆ ਗਿਆ ਸੀ), ਜਿਊਂਦਾ ਫੜਿਆ ਗਿਆ ਹੈ ਅਤੇ ਜੇਲ੍ਹ ਵਿਚ ਹੈ। ਦਲਬੀਰ ਕੌਰ ਨੇ ਦੱਸਿਆ ਕਿ ਮੇਰੀ ਸੱਸ ਗੁਰਬਚਨ ਕੌਰ ਉਸ ਨੂੰ ਜੇਲ੍ਹ ਵਿਚ ਜਾ ਕੇ ਮਿਲੀ ਤਾਂ ਉਸ ਨੇ ਦੱਸਆ ਕਿ ਸੁਖਪਾਲ ਸਿੰਘ ਨੂੰ ਉਸ ਦੀ ਥਾਂ ਰੋਪੜ 'ਚ ਫਰਜ਼ੀ ਮੁਠਭੇੜ ਵਿਚ ਮਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਗੁਰਨਾਮ ਸਿੰਘ ਬੁੰਡਾਲਾ ਇਸ ਵੇਲੇ ਪਿੰਡ ਗੁਮਟਾਲਾ ਅੰਮ੍ਰਿਤਸਰ ਵਿਖੇ ਰਹਿ ਰਿਹਾ ਹੈ। ਕਰਨਲ ਸੰਧੂ ਨੇ ਦੱਸਿਆ ਕਿ ਉਪਰੋਕਤ ਪੁਲਿਸ ਕੈਟ ਅਵਤਾਰ ਸਿੰਘ ਤਾਰੀ, ਜੋ ਅਫੀਮ ਫੜੇ ਜਾਣ ਦੇ ਕੇਸ ਵਿਚ ਇਸ ਵੇਲੇ ਕੇਂਦਰੀ ਜੇਲ੍ਹ ਲੁਧਿਆਣਾ 'ਚ ਹੈ, ਉਹ ਸਾਲ 2007 ਵਿਚ ਇਹ ਬੋਲਿਆ ਸੀ ਕਿ ਸੂਬਾ ਪੁਲਿਸ ਵੱਲੋਂ ਸਾਨੂੰ ਪੁਲਿਸ ਦੀ ਵਰਦੀ ਪਵਾ ਕੇ ਨਕਲੀ ਮੁਠਭੇੜਾਂ ਲਈ ਵਰਤਿਆ ਜਾਂਦਾ ਸੀ ਅਤੇ ਹਥਿਆਰਾਂ ਦੀ ਸਮਗਲਿੰਗ ਕਰਵਾਈ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਨਾਗੋਕੇ ਪਿੰਡ ਜਿਲ੍ਹਾ ਤਰਨਤਾਰਨ ਦੇ ਵੀ ਕਿੰਦਰ ਸਿੰਘ ਨਾਮ ਦੇ ਬੇਗੁਨਾਹ ਨੌਜਵਾਨ ਨੂੰ ਪੁਲਿਸ ਨੇ ਫਰਜ਼ੀ ਮੁਠਭੇੜ ਵਿਚ ਮਾਰ ਦਿੱਤਾ ਸੀ ਅਤੇ ਇਹ ਕਹਿ ਦਿੱਤਾ ਸੀ ਕਿ ਖਾੜਕੂ ਹਰਚਰਨ ਸਿੰਘ ਉਰਫ ਗਿਆਨੀ ਮਾਰਿਆ ਗਿਆ ਹੈ, ਗਿਆਨੀ 'ਤੇ 5 ਲੱਖ ਰੁਪਏ ਦਾ ਇਨਾਮ ਸੀ। ਕਿੰਦਰ ਸਿੰਘ ਇਕ ਟਰੱਕ ਡਰਾਈਵਰ ਸੀ ਜਿਸ ਨੂੰ ਪੁਲਿਸ ਟੀਮ ਨੇ ਮੱਧ ਪ੍ਰਦੇਸ਼ ਵਿਚ ਜਾ ਕੇ ਮਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਪਰੋਕਤ ਹਰਚਰਨ ਸਿੰਘ ਉਰਫ ਗਿਆਨੀ ਇਸ ਵੇਲੇ ਛੱਜਲਵਿੱਡੀ ਵਿਖੇ ਰਹਿ ਰਿਹਾ ਹੈ। ਕਰਨਲ ਸੰਧੂ ਨੇ ਕਿਹਾ ਕਿ ਉਹ ਇਹ ਮਸਲਾ ਹਾਈਕੋਰਟ ਵਿਚ ਲਿਜਾ ਕੇ ਸੀ.ਬੀ.ਆਈ ਜਾਂਚ ਦੀ ਮੰਗ ਕਰਨਗੇ। ਇਸ ਮੌਕੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਵੀ ਮੌਜੂਦ ਸਨ।


ਬੱਚਿਆਂ ਨੂੰ ਜਾਮ-ਏ-ਇੰਸਾਂ ਪਿਲਾਉਣ ਸਬੰਧੀ ਕੋਈ
ਵੀ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ!

ਸਰਕਾਰੀ ਗੁਰੂ ਗੋਬਿੰਦ ਸਿੰਘ ਆਦਰਸ਼ ਸਕੂਲ ਅੱਗੇ ਪਹਿਰਾ ਦੇ ਰਹੇ ਪੰਜਾਬ ਪੁਲਿਸ ਦੇ ਜਵਾਨ ਅਤੇ ਪਿੰਡ ਸਾਹਨੇਵਾਲੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੱਚੇ ਤੇ ਉਨ੍ਹਾਂ ਦੇ ਮਾਪੇ।
 ਤਸਵੀਰਾਂ
ਥਾਣਾ ਝੁਨੀਰ ਅੱਗੇ ਪ੍ਰਿੰਸੀਪਲ ਖ਼ਿਲਾਫ਼ ਦਿੱਤੀ ਸ਼ਿਕਾਇਤ ਦੀ ਕਾਪੀ ਦਿਖਾਉਂਦੇ ਹੋਏ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਤੇ ਹੋਰ ਸਿੱਖ ਸੰਗਤਾਂ।
ਮਾਨਸਾ, 27 ਫਰਵਰੀ -ਸਰਕਾਰੀ ਗੁਰੂ ਗੋਬਿੰਦ ਸਿੰਘ ਆਦਰਸ਼ ਸਕੂਲ ਸਾਹਨੇਵਾਲੀ ਦੇ ਬੱਚਿਆਂ ਨੂੰ ਟੂਰ ਦੌਰਾਨ ਡੇਰਾ ਸਿਰਸਾ ਵਿਖੇ ਜਾਮ -ਏ -ਇੰਸਾਂ ਪਿਲਾਉਣ ਅਤੇ ਉਨ੍ਹਾਂ ਦੇ ਗਲ਼ਾਂ ਵਿਚ ਲਾਕਟ ਪਾਉਣ ਦੇ ਮਾਮਲੇ ਸਬੰਧੀ ਮਾਪੇ ਅਤੇ ਇਲਾਕੇ ਦੇ ਲੋਕ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਜਦਕਿ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਹੈ, ਨੇ ਪ੍ਰਿੰਸੀਪਲ ਤੇ ਸਬੰਧਿਤ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੀ 19 ਫਰਵਰੀ ਨੂੰ ਘਟੀ ਇਸ ਘਟਨਾ ਨੂੰ ਲੈ ਕੇ ਸਿੱਖ ਮਾਪੇ ਅਤੇ ਪਿੰਡਾਂ ਦੇ ਲੋਕ ਹੈਰਾਨ ਪ੍ਰੇਸ਼ਾਨ ਹਨ। ਆਦਰਸ਼ ਸਕੂਲ ਜੋ ਬੱਸ ਅੱਡਾ ਝੁਨੀਰ ਦੇ ਕੋਲ ਕਿਰਾਏ ਦੀ ਇਮਾਰਤ ਵਿਚ ਚੱਲ ਰਿਹਾ ਹੈ, ਵਿਚ ਅੱਜ ਬੱਚਿਆਂ ਦੀ ਪੜ੍ਹਾਈ ਪੁਲਿਸ ਦੇ ਪਹਿਰੇ ਹੇਠ ਹੋਈ ਜਦਕਿ ਪ੍ਰਿੰਸੀਪਲ ਸੁਨੀਤਾ ਤਨੇਜਾ ਛੁੱਟੀ 'ਤੇ ਸਨ। 'ਅਜੀਤ' ਵੱਲੋਂ ਝੁਨੀਰ, ਸਾਹਨੇਵਾਲੀ ਅਤੇ ਹੋਰ ਪਿੰਡਾਂ ਵਿਚ ਮਾਪਿਆਂ ਤੇ ਮੋਹਤਬਰਾਂ ਨਾਲ ਗੱਲ ਕੀਤੀ ਪਰ ਕਿਸੇ ਨੇ ਵੀ ਖੁੱਲ੍ਹ ਕੇ ਗੱਲ ਕਰਨ ਦਾ ਹੀਆਂ ਨਹੀਂ ਕੀਤਾ। ਪਿੰਡ ਸਾਹਨੇਵਾਲੀ ਵਿਖੇ ਗੁਰਜੀਤ ਸਿੰਘ ਜਿਸ ਦੀ ਲੜਕੀ ਰਾਜਵੀਰ ਕੌਰ ਤੀਜੀ ਜਮਾਤ ਵਿਚ ਪੜ੍ਹਦੀ ਹੈ ਅਤੇ ਅਵਤਾਰ ਸਿੰਘ ਜਿਸ ਦਾ ਲੜਕਾ ਇੱਕਬਾਲ ਸਿੰਘ ਜੋ ਸੱਤਵੀਂ ਜਮਾਤ ਵਿਚ ਪੜ੍ਹਦਾ ਹੈ, ਨੇ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦਾ ਇਸ ਵਿਚ ਕੋਈ ਕਸੂਰ ਨਹੀਂ ਪਰ ਇੱਕ ਡੇਰਾ ਪ੍ਰੇਮੀ ਰਾਜ ਕੁਮਾਰ ਬਰੇਟਾ ਜੋ ਝੁਨੀਰ ਵਿਖੇ ਪਰਚੂਨ ਦੀ ਦੁਕਾਨ ਕਰਦਾ ਹੈ, ਬੱਚਿਆਂ ਨੂੰ ਪ੍ਰੇਰ ਕੇ ਡੇਰਾ ਸਿਰਸਾ ਵਿਖੇ ਲੈ ਕੇ ਗਿਆ ਸੀ, ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ਹੈ। ਕੁੱਝ ਹੋਰ ਲੋਕਾਂ ਨੇ ਵੀ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਡੇਰਾ ਪ੍ਰੇਮੀ ਤੇ ਹੋਰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਬੱਚਿਆਂ ਨੂੰ ਸਿਰਸਾ ਲਿਆ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਨ ਦੀ ਵੱਡੀ ਗ਼ਲਤੀ ਕੀਤੀ ਹੈ। ਰਾਜਵੀਰ ਕੌਰ, ਸੁਖਪ੍ਰੀਤ ਕੌਰ ਅਤੇ ਇਕਬਾਲ ਸਿੰਘ ਨੇ ਦੱਸਿਆ ਕਿ ਟੂਰ ਦੌਰਾਨ 49 ਬੱਚਿਆਂ ਦੇ ਨਾਲ ਉਨ੍ਹਾਂ ਨੂੰ ਵੀ ਡੇਰਾ ਸਿਰਸਾ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਜਾਮ-ਏ-ਇੰਸਾਂ ਪਿਲਾਉਣ ਤੇ ਲਾਕਟ ਪਾਉਣ ਦੀ ਗੱਲ ਕਹੀ ਗਈ ਪਰ ਉਨ੍ਹਾਂ ਨਾ ਜਾਮ ਪੀਤਾ ਤੇ ਨਾ ਹੀ ਲਾਕਟ ਪਹਿਨਿਆ। ਮਨਪ੍ਰੀਤ ਸਿੰਘ ਝੁਨੀਰ ਜੋ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਦਾ ਛੇਵੀਂ ਜਮਾਤ ਦਾ ਵਿਦਿਆਰਥੀ ਹੈ, ਨੇ ਵੀ ਟੂਰ ਦੀ ਗੱਲ ਮੰਨੀ ਅਤੇ ਉਸ ਨੇ ਅੱਜ ਵੀ ਆਪਣੇ ਗਲ ਵਿਚ ਪਾਇਆ ਲਾਕਟ ਦਿਖਾਇਆ। ਸਾਹਨੇਵਾਲੀ ਦੇ ਪੰਚ ਗੁਰਸੇਵਕ ਸਿੰਘ, ਗੁਲਾਬ ਸਿੰਘ, ਕੁਲਵੰਤ ਸਿੰਘ ਨੇ ਦੋਸ਼ ਲਗਾਇਆ ਕਿ ਕੁੱਝ ਲੋਕ ਪਿਛਲੇ ਸਾਲ ਇਸ ਪਿੰਡ ਵਿਚ ਖੁੱਲ੍ਹੇ ਆਦਰਸ਼ ਸਕੂਲ, ਜਿਸ ਦੀ ਇਮਾਰਤ ਲਗਭਗ ਮੁਕੰਮਲ ਹੈ ਤੇ ਇਸ ਸੈਸ਼ਨ ਤੋਂ ਇਥੇ ਪੜ੍ਹਾਈ ਸ਼ੁਰੂ ਹੋਣੀ ਹੈ, ਨੂੰ ਸਾਜ਼ਿਸ਼ ਤਹਿਤ ਬੰਦ ਕਰਵਾਉਣ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਛੇਤੀ ਹੱਲ ਹੋ ਜਾਣਾ ਚਾਹੀਦਾ ਹੈ ਤਾਂ ਕਿ ਪੇਪਰਾਂ ਦੇ ਦਿਨਾਂ ਵਿਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਦੂਸਰੇ ਪਾਸੇ ਬਾਬਾ ਹਰਦੀਪ ਸਿੰਘ ਚਾਂਦਪੁਰਾ ਮੁੱਖ ਸੇਵਾਦਾਰ ਪੰਥਕ ਸੇਵਾ ਲਹਿਰ (ਦਾਦੂਵਾਲ) ਨੇ ਅੱਜ ਸਿੱਖ ਸੰਗਤਾਂ ਸਮੇਤ ਥਾਣਾ ਝੁਨੀਰ ਵਿਖੇ ਪਹੁੰਚ ਕੇ ਲਿਖਤੀ ਸ਼ਿਕਾਇਤ ਕੀਤੀ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਅਤੇ 49 ਬੱਚਿਆਂ ਨੂੰ ਗੈਰ ਸਟਾਫ਼ ਦੇ ਹਵਾਲੇ ਕਰਨ ਵਾਲੀ ਪ੍ਰਿੰਸੀਪਲ ਖ਼ਿਲਾਫ਼ ਬਣਦੀ ਧਾਰਾ ਅਨੁਸਾਰ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਤੋਂ ਹੀ ਹੋਰ ਕਥਿਤ ਦੋਸ਼ੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਜਾਵੇ। ਵਫ਼ਦ ਵਿਚ ਬਲਵਿੰਦਰ ਸਿੰਘ, ਚਰਨਜੀਤ ਸਿੰਘ, ਪਿਆਰਾ ਸਿੰਘ, ਬਿਕਰਮਜੀਤ ਸਿੰਘ, ਦਵਿੰਦਰ ਸਿੰਘ, ਮਨਮੋਹਨ ਸਿੰਘ ਤੇ ਹੋਰ ਸਿੱਖ ਸੰਗਤਾਂ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਵੀ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਅਤੇ ਘਟਨਾ ਪਿੱਛੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਨੰਗਾ ਕੀਤਾ ਜਾਵੇ। ਸ੍ਰੀ ਸੀ. ਐਸ. ਤਲਵਾੜ ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਪ੍ਰਸ਼ਾਸਨ ਕੋਲ ਅਜੇ ਤੱਕ ਕਿਸੇ ਵੀ ਬੱਚੇ ਦੇ ਮਾਪਿਆਂ ਵੱਲੋਂ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ ਇਸ ਲਈ ਉਹ ਕੋਈ ਵੀ ਕਾਰਵਾਈ ਕਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਆਪਣੇ ਤੌਰ 'ਤੇ ਇਸ ਮਾਮਲੇ ਦੀ ਪੜਤਾਲ ਕਰਵਾਉਣਗੇ। ਸ੍ਰੀ ਪ੍ਰਦੀਪ ਕੁਮਾਰ ਯਾਦਵ ਐਸ. ਐਸ. ਪੀ. ਮਾਨਸਾ ਨੇ ਕਿਹਾ ਕਿ ਥਾਣਾ ਝੁਨੀਰ ਕੋਲ ਇੱਕ ਸਿੱਖ ਜਥੇਬੰਦੀ ਦੀ ਪ੍ਰਿੰਸੀਪਲ ਖ਼ਿਲਾਫ਼ ਸ਼ਿਕਾਇਤ ਪਹੁੰਚ ਗਈ ਹੈ। ਉਹ ਇਸ ਮਾਮਲੇ ਦੀ ਪੜਤਾਲ ਕਰਵਾ ਰਹੇ ਹਨ। ਡੇਰਾ ਪੈਰੋਕਾਰ ਰਾਜ ਕੁਮਾਰ ਬਰੇਟਾ ਨੇ ਕਿਹਾ ਕਿ ਉਹ ਮਾਪਿਆਂ ਦੀ ਸਹਿਮਤੀ ਨਾਲ ਬੱਚਿਆਂ ਨੂੰ ਡੇਰਾ ਸਿਰਸਾ ਵਿਖੇ ਲੈ ਕੇ ਗਏ ਸਨ ਪਰ ਉੱਥੇ ਕਿਸੇ ਵੀ ਬੱਚੇ ਨੂੰ ਜਾਮ-ਏ-ਇੰਸਾਂ ਨਹੀਂ ਪਿਲਾਇਆ ਗਿਆ ਅਤੇ ਨਾ ਹੀ ਲਾਕਟ ਪਹਿਨਾਏ ਗਏ ਹਨ। ਹਰਕੰਵਲਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੇ ਕਿਹਾ ਕਿ ਉਹ 28 ਫਰਵਰੀ ਨੂੰ ਕੋਆਰਡੀਨੇਟਰ ਨੂੰ ਭੇਜ ਕੇ ਇਸ ਮਾਮਲੇ ਦੀ ਪੜਤਾਲ ਕਰਵਾਉਣਗੇ। ਅੱਜ ਪ੍ਰਿੰਸੀਪਲ ਦੇ ਤਬਾਦਲੇ ਦੀ ਅਫ਼ਵਾਹ ਵੀ ਜ਼ੋਰਾਂ 'ਤੇ ਰਹੀ। ਪ੍ਰਿੰਸੀਪਲ ਨਾਲ ਫੋਨ'ਤੇ ਵਾਰ-ਵਾਰ ਗੱਲ ਕਰਨ ਦੀ ਕੋਸ਼ਿਸ਼ ਅਸਫ਼ਲ ਰਹੀ। ਮਹੱਤਵਪੂਰਨ ਗੱਲ ਇਹ ਹੈ ਕਿ ਕੁਝ ਲੋਕ ਇਸ ਘਟਨਾ ਨੂੰ ਰਾਜਨੀਤੀ ਨਾਲ ਜੋੜ ਕੇ ਦੇਖ ਰਹੇ ਹਨ।

ਕਾਰਵਾਈ ਨਾ ਹੋਈ ਤਾਂ ਪ੍ਰਦਰਸ਼ਨ ਕਰਾਂਗੇ-ਸੰਤ ਦਾਦੂਵਾਲ
ਮਾਨਸਾ, 27 ਫਰਵਰੀ -ਸਿੱਖ ਧਰਮ ਦੇ ਉੱਘੇ ਪ੍ਰਚਾਰਕ ਤੇ ਪੰਥਕ ਸੇਵਾ ਲਹਿਰ ਦੇ ਚੇਅਰਮੈਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਝੁਨੀਰ ਨੇੜੇ ਆਦਰਸ਼ ਸਕੂਲ 'ਚ ਸਿੱਖ ਬੱਚਿਆਂ ਨੂੰ ਡੇਰਾ ਸਿਰਸਾ ਵਿਖੇ ਜਾਮ-ਏ-ਇੰਸਾਂ ਪਿਲਾਉਣ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਸਪੱਸ਼ਟ ਕਿਹਾ ਕਿ ਜੇੱਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤਾ ਤਾਂ ਪੰਥਕ ਸੇਵਾ ਲਹਿਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਗਲੇ ਦਿਨਾਂ ਵਿਚ ਕਸਬਾ ਝੁਨੀਰ ਵਿਖੇ ਸਖ਼ਤ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਆਦਰਸ਼ ਸਕੂਲ ਦੀ ਇੱਕ ਪ੍ਰਿੰਸੀਪਲ ਦੀ ਸਹਿਮਤੀ ਨਾਲ ਸਿੱਖ ਬੱਚਿਆਂ ਨੂੰ ਪੰਥ 'ਚੋਂ ਛੇਕੇ ਡੇਰਾ ਸਿਰਸਾ ਦੇ ਮੁਖੀ ਦੀ ਸਾਜ਼ਿਸ਼ ਅਧੀਨ ਜਾਮ-ਏ-ਇੰਸਾਂ ਪਿਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਿੰਸੀਪਲ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਧਰਮ ਤਬਦੀਲ ਕਰਨ ਖ਼ਿਲਾਫ਼ ਪਰਚਾ ਦਰਜ ਕਰਨਾ ਚਾਹੀਦਾ ਹੈ ਉੱਥੇ ਇਸ ਕਾਂਡ ਵਿਚ ਸ਼ਾਮਿਲ ਡੇਰੇ ਦੇ ਸ਼ਰਧਾਲੂਆਂ ਅਤੇ ਹੋਰ ਲੋਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਪੰਜਾਬੀ ਗਾਇਕੀ ਦੇ ਰੰਗਾਂ ਨਾਲ ਅੱਠਵਾਂ ਵਿਰਾਸਤੀ ਮੇਲਾ ਸਮਾਪਤ

ਵਿਰਾਸਤ ਮੇਲੇ ਦੀ ਆਖ਼ਰੀ ਸ਼ਾਮ ਨੂੰ ਗੀਤ ਪੇਸ਼ ਕਰਦਾ ਹੋਇਆ ਗਾਇਕ ਗੋਰਾ ਚੱਕ ਵਾਲਾ,
 (ਸੱਜੇ) ਦੀਪਕ ਢਿੱਲੋਂ ਅਤੇ (ਹੇਠਾਂ) ਨੱਚਦੇ ਸਰੋਤੇ।
ਬਠਿੰਡਾ, 27 ਫਰਵਰੀ -ਸਥਾਨਕ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਚ ਦੇਰ ਰਾਤ ਤੱਕ ਚੱਲੇ ਪੰਜਾਬੀ ਗਾਇਕੀ ਦੇ ਰੰਗਾਂ ਨਾਲ ਅੱਠਵਾਂ ਵਿਰਾਸਤੀ ਮੇਲਾ ਸਮਾਪਤ ਹੋ ਗਿਆ। ਮੇਲੇ ਨੂੰ ਜਿਥੇ ਆਉਣ ਵਾਲੇ ਸਮੇਂ 'ਚ ਮਾਣਕ ਨਿਵਾਸ ਕਰ ਕੇ ਯਾਦ ਕੀਤਾ ਜਾਵੇਗਾ, ਉਥੇ ਮਾੜੇ ਪ੍ਰਬੰਧਾਂ ਖ਼ਾਸਕਰ ਜੈਜੀ. ਬੀ. ਦੁਆਰਾ ਦਿੱਤੀ ਨਸੀਹਤ ਕਰਕੇ ਵੀ ਇਸ ਦੀ ਚਰਚਾ ਹੋਵੇਗੀ। ਭਾਵੇਂ ਮੇਲੇ ਵਿਚ ਸੱਦੇ ਬਠਿੰਡਾ ਜ਼ਿਲ੍ਹੇ ਦੇ ਗਾਇਕਾਂ ਦੀ ਹਾਜ਼ਰੀ ਆਖ਼ਰੀ ਸ਼ਾਮ ਨੂੰ ਵੀ ਦਰਸ਼ਕਾਂ ਦੀਆਂ ਭੀੜਾਂ ਜੁਟਾਉਣ ਵਿਚ ਕਾਮਯਾਬ ਨਹੀਂ ਹੋ ਸਕੀ ਪ੍ਰੰਤੂ ਫ਼ਿਰ ਵੀ ਅੱਧੀ ਦਰਜਨ ਲੋਕ ਗਾਇਕਾਂ ਨੇ ਵਿਰਾਸਤੀ ਪਿੰਡ ਦੀ ਸਟੇਜ ਤੋਂ ਆਪਣੀ ਆਵਾਜ਼ ਦਾ ਜਾਦੂ ਬਖੇਰਦਿਆਂ ਸਰੋਤਿਆਂ ਨੂੰ ਨਚਾਇਆ। ਲੋਕ ਗਾਇਕ ਵੀਰ ਦਵਿੰਦਰ ਨੇ ਆਪਣੇ ਮਕਬੂਲ ਗੀਤ 'ਗੱਡੀ 'ਚ ਦੋਨਾਲੀ ਰੱਖਾਂ ਬਾਰਾਂ ਬੋਰ ਦੀ, ਟੁੱਟੇ ਦਿਲਾਂ ਦੀ ਦਵਾਈ ਤੇ ਕੁੜਤੀ, ਗੋਰਾ ਚੱਕਵਾਲਾ ਨੇ 'ਦੋ ਦਿਨ ਨਾ ਰੁੱਸ ਕੇ ਬੋਲੀ, ਜੋੜੀਆਂ ਬਣਾਈ ਰੱਖਂ ਜੋੜੀਆਂ, ਦੀਪਕ ਢਿੱਲੋਂ ਨੇ ਮਣਕੇ ਟੁੱਟਦੇ ਜਾਂਦੇ ਆ ਅਤੇ ਮੈ ਮੰਗ ਕਿਸੇ ਹੋਰ ਦੀ'' ਆਦਿ ਗੀਤਾਂ ਨਾਲ ਹਾਜ਼ਰੀ ਲਵਾਈ।

ਅਧਿਆਪਕਾ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
ਨਿਹਾਲ ਸਿੰਘ ਵਾਲਾ/ਸਮਾਧਭਾਈ, 27 ਫਰਵਰੀ -ਪਿੰਡ ਰੌਂਤਾ ਵਿਖੇ ਸਰਕਾਰੀ ਸਕੂਲ ਦੀ ਅਧਿਆਪਕਾ ਨੂੰ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਗੰਭੀਰ ਰੂਪ ਵਿਚ ਜ਼ਖ਼ਮਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਵਾਸੀ ਭਰਥਲਾ ਮਡੇਰ (ਸੰਗਰੂਰ) ਜੋ ਕਿ ਸਰਕਾਰੀ ਹਾਈ ਸਕੂਲ ਰੌਂਤਾ ਵਿਖੇ ਬਤੌਰ ਅਧਿਆਪਕਾ ਡਿਉਟੀ ਨਿਭਾਅ ਰਹੀ ਹੈ, ਜਦੋਂ ਸਕੂਲ ਤੋਂ ਛੁੱਟੀ ਹੋਣ 'ਤੇ ਇਨੋਵਾ ਗੱਡੀ ਤੇ ਵਾਪਿਸ ਆਪਣੇ ਪਿੰਡ ਜਾ ਰਹੀ ਸੀ ਤਾਂ ਰਸਤੇ ਵਿਚ ਖੜੇ ਦੋ ਮੋਟਰਸਾਇਕਲ ਸਵਾਰ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ 'ਤੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦੇ ਡਰਾਇਵਰ ਤੋਂ ਗੱਡੀ ਬੇਕਾਬੂ ਹੋ ਕੇ ਖੱਡਿਆਂ ਵਿਚ ਡਿੱਗੀ। ਜਿਸ ਤੋਂ ਬਾਅਦ ਉਕਤ ਹਥਿਆਰਬੰਦ ਵਿਅਕਤੀਆਂ ਨੇ ਅਧਿਆਪਕਾ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਤੇ ਇੱਕ ਗੋਲੀ ਉਸ ਦੇ ਮੱਥੇ 'ਤੇ ਅਤੇ ਦੂਸਰੀ ਲੱਤ 'ਚ ਲੱਗੀ। ਘਟਨਾ ਦਾ ਪਤਾ ਲੱਗਦਿਆ ਹੀ ਐੱਸ. ਐੱਸ. ਪੀ. ਮੋਗਾ ਇੰਦਰਵੀਰ ਸਿੰਘ, ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਕੇ. ਡੀ. ਸਰਮਾ, ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਚੀਮਾ, ਐੱਸ. ਪੀ.(ਡੀ) ਨਰਿੰਦਰ ਸਿੰਘ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਧੋਖਾਧੜੀ ਮਾਮਲੇ 'ਚ ਵਿਜੀਲੈਂਸ ਮੁਲਾਜ਼ਮ ਗ੍ਰਿਫ਼ਤਾਰ
ਪਤਨੀ ਅਤੇ ਭਰਾ ਵਿਰੁੱਧ ਵੀ ਮਾਮਲਾ ਦਰਜ
ਫ਼ਾਜ਼ਿਲਕਾ, 27 ਫਰਵਰੀ- ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿਚ ਵਿਜੀਲੈਂਸ ਵਿਭਾਗ ਦੇ ਇਕ ਮੁਲਾਜ਼ਮ, ਉਸ ਦੀ ਪਤਨੀ ਅਤੇ ਉਸ ਦੇ ਭਰਾ ਵਿਰੁੱਧ ਮਾਮਲਾ ਦਰਜ ਕਰ ਕੇ ਸੁਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਕੀਲ ਚੰਦ ਪੁੱਤਰ ਰਾਮ ਚੰਦ ਵਾਸੀ ਟੀ. ਵੀ. ਟਾਵਰ ਕਾਲੋਨੀ ਬਾਬਾ ਨਾਮਦੇਵ ਨਗਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਕੋਲ 7 ਕਨਾਲ ਪ੍ਰੋਵੇਸ਼ਨਲ ਗੌਰਮਿੰਟ ਦੀ ਜ਼ਮੀਨ ਪਿੰਡ ਚੱਕ ਖੀਵਾ ਤਹਿਸੀਲ ਜਲਾਲਾਬਾਦ ਵਿਚ ਹੈ। ਉਸ ਨੇ ਕਿਹਾ ਕਿ ਸੁਰਿੰਦਰ ਕੁਮਾਰ ਪੁੱਤਰ ਦੇਸ ਰਾਜ ਜੋ ਕਿ ਵਿਜੀਲੈਂਸ ਵਿਚ ਮੁਲਾਜ਼ਮ ਹੈ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਉਸ ਕੋਲ ਆਇਆ ਤਾਂ ਕਹਿਣ ਲੱਗੇ ਉਹ ਉਸ ਦੀ ਜ਼ਮੀਨ ਪੱਕੀ ਕਰਵਾ ਦੇਵੇਗਾ। ਜਿਸ 'ਤੇ ਉਨ੍ਹਾਂ ਉਸ ਕੋਲੋਂ 1 ਲੱਖ 80 ਹਜ਼ਾਰ ਰੁਪਏ ਲੈ ਲਏ ਪਰ ਨਾ ਹੀ ਜ਼ਮੀਨ ਪੱਕੀ ਕਰਵਾਈ ਅਤੇ ਨਾ ਹੀ ਪੈਸੇ ਮੋੜੇ ਸਗੋਂ ਹੋਰ ਪੈਸੇ ਉਧਾਰ ਵੀ ਲੈ ਲਏ। ਥਾਣਾ ਸਿਟੀ ਪੁਲਿਸ ਨੇ ਜਾਂਚ ਤੋਂ ਬਾਅਦ ਸੁਰਿੰਦਰ ਕੁਮਾਰ, ਉਸ ਦੀ ਪਤਨੀ ਅਮਨਦੀਪ ਕੌਰ ਤੇ ਭਰਾ ਰਾਕੇਸ਼ ਕੁਮਾਰ ਖ਼ਿਲਾਫ਼ ਧਾਰਾ 420,120 ਬੀ. ਅਧੀਨ ਮਾਮਲਾ ਦਰਜ ਕਰ ਕੇ ਸੁਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਭਰਾ ਅਤੇ ਮਾਮੇ ਨੇ ਮਿਲ ਕੇ ਕੀਤਾ ਨੌਜਵਾਨ ਦਾ ਕਤਲ

ਥਾਣਾ ਛਾਜਲੀ ਦੀ ਪੁਲਿਸ ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀ।
ਛਾਜਲੀ, 27 ਫਰਵਰੀ :- ਥਾਣਾ ਛਾਜਲੀ ਦੀ ਪੁਲਿਸ ਨੇ ਬੀਤੀ 21 ਫਰਵਰੀ ਦੀ ਰਾਤ ਇੱਕ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸਲਝਾਉਣ ਦਾ ਦਾਅਵਾ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੱਦਿਆਂ ਥਾਣਾ ਛਾਜਲੀ ਦੇ ਇੰਚਾਰਜ ਸ੍ਰ: ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਪਿੰਡ ਸੰਗਤੀਵਾਲ ਦੇ ਗੁਰਪ੍ਰੀਤ ਸਿੰਘ ਪੁੱਤਰ ਭਰਪੂਰ ਸਿੰਘ ਦਾ ਉਸ ਦੇ ਸਕੇ ਭਰਾ ਅਤੇ ਮਾਮੇ ਨੇ ਮਿਲ ਕੇ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਉਹ ਆਪਣੀ ਮਾਤਾ, ਭਰਾ ਅਤੇ ਭਰਜਾਈ ਨਾਲ ਹਰ ਰੋਜ਼ ਕਲੇਸ਼ ਰੱਖਦਾ ਸੀ ਜਿਸ ਤੋਂ ਸਾਰਾ ਪਰਿਵਾਰ ਦੁੱਖੀ ਸੀ। ਮ੍ਰਿਤਕ ਦਾ ਮਾਮਾ ਜਰਨੈਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਰੀਗੜ ਅਤੇ ਉਸ ਦਾ ਇੱਕ ਸਾਥੀ ਨਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਹਰੀਗੜ੍ਹ ਥਾਣਾ ਦਿੜ੍ਹਬਾ ਉਸ ਰਾਤ ਆਪਣੇ ਆਪਣੇ ਭਾਣਜੇ ਗੁਰਪ੍ਰੀਤ ਸਿੰਘ ਨੂੰ ਸਮਝਾਉਣ ਲਈ ਪਿੰਡ ਸੰਗਤੀਵਾਲਾ ਵਿਖੇ ਆਏ ਹੋਏ ਸਨ ਜਿਥੇ ਜਰਨੈਲ ਸਿੰਘ ਨੇ ਆਪਣੇ ਭਾਣਜੇ ਸੋਮਾ ਸਿੰਘ ,ਗੁਰਪ੍ਰੀਤ ਸਿੰਘ ਅਤੇ ਨਰਿੰਦਰ ਸਿੰਘ ਨਾਲ ਘਰ ਦੇ ਇੱਕ ਕਮਰੇ ਵਿੱਚ ਬੈਠ ਕੇ ਇੱਕਠਿਆਂ ਬੈਠ ਕੇ ਸਰਾਬ ਪੀਤੀ ਅਤੇ ਰਾਤ ਨੂੰ ਕਰੀਬ 9 ਵਜੇ ਜਰਨੈਲ ਸਿੰਘ, ਸੋਮਾ ਸਿੰਘ ਦਾ ਗੁਰਪ੍ਰੀਤ ਸਿੰਘ ਨਾਲ ਕਿਸੇ ਗੱਲ 'ਤੇ ਤਕਰਾਰ ਹੋ ਗਿਆ। ਇਸ ਦੌਰਾਨ ਉਨ੍ਹਾਂ ਦੋਵਾਂ ਨੇ ਗੁਰਪ੍ਰੀਤ ਸਿੰਘ ਨੂੰ ਬੈੱਡ 'ਤੇ ਸੁੱਟ ਕੇ ਉਸ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਭਰਾ ਸੋਮਾ ਸਿੰਘ ਅਤੇ ਮਾਮਾ ਜਰਨੈਲ ਸਿੰਘ ਨੇ ਲਾਸ਼ ਦਾ ਸਸਕਾਰ ਕਰ ਕੇ ਹੱਡੀਆਂ ਅਤੇ ਰਾਖ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇਸ ਸਬੰਧੀ ਥਾਣਾ ਛਾਜਲੀ ਦੀ ਪੁਲਿਸ ਨੇ ਨਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਹਰੀਗੜ੍ਹ ਦੇ ਬਿਆਨਾ ਦੇ ਅਧਾਰ 'ਤੇ ਭਾਰਤੀ ਦੰਡਵਾਲੀ ਦੀ ਧਾਰਾ 302, 201, 506 ਅਤੇ 34 ਤਹਿਤ ਸੋਮਾ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਸੰਗਤੀਵਾਲ ਤੇ ਜਰਨੈਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਰੀਗੜ੍ਹ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ-6 ਜ਼ਖ਼ਮੀ

ਤਪਾ ਵਿਖੇ ਹੋਏ ਸੜਕ ਹਾਦਸੇ ਦੌਰਾਨ ਸਿਵਲ ਹਸਪਤਾਲ ਬਰਨਾਲਾ ਵਿਚੋਂ
ਜ਼ਖਮੀਆਂ ਨੂੰ ਰੈਫਰ ਕੀਤੇ ਜਾਣ ਦਾ ਦ੍ਰਿਸ਼।
ਬਰਨਾਲਾ/ਤਪਾ ਮੰਡੀ 27 ਫਰਵਰੀ- ਅੱਜ ਉਸ ਸਮੇਂ ਖੁਸ਼ੀ ਦਾ ਮਾਹੌਲ ਗ਼ਮੀ ਵਿੱਚ ਤਬਦੀਲ ਹੋ ਗਿਆ ਜਦੋਂ ਤਪਾ ਦੇ ਰਾਸ਼ਟਰੀ ਮਾਰਗ ਬਰਨਾਲਾ-ਬਠਿੰਡਾ 'ਤੇ ਬਣੇ ਰਾਇਲ ਪੈਲੇਸ ਵਿਚੋਂ ਇੱਕ ਵਿਆਹ ਦੇ ਪ੍ਰੋਗਰਾਮ ਤੋਂ ਵਾਪਸ ਜਾ ਰਹੇ ਪਰਿਵਾਰ ਦੀ ਕਾਰ ਅਤੇ ਟਰੱਕ ਦੀ ਟੱਕਰ ਵਿਚ ਇੱਕ ਬੱਚੇ ਅਤੇ ਉਸ ਦੇ ਪਿਤਾ ਦੀ ਮੌਤ ਹੋ ਜਾਣ ਅਤੇ 6 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰ ਦਾਸ ਕੋਲ ਇਕ ਪਰਿਵਾਰ ਦੇ ਮੈਂਬਰ ਜੋ ਜੈਨ ਕਾਰ ਵਿਚ ਸਵਾਰ ਸਨ ਦੀ ਰਾਮਪੁਰੇ ਵੱਲੋਂ ਆ ਰਹੇ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ ਜਿਨ੍ਹਾਂ ਨੂੰ ਗੰਭੀਰ ਜਖ਼ਮੀ ਹਾਲਤ ਵਿੱਚ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ। ਸਿਵਲ ਹਸਪਤਾਲ ਵਿਖੇ ਪਹੁੰਚਣ ਤੋਂ ਬਾਅਦ ਸੱਟਾਂ ਦਾ ਤਾਬ ਨਾ ਝੱਲਦੇ ਹੋਏ ਗੁਰਸੇਵਕ ਸਿੰਘ ਵਾਸੀ ਰਾਮਪੁਰਾ ਅਤੇ ਉਸ ਦੇ ਪੰਜ ਸਾਲਾ ਬੱਚੇ ਲਭੀ ਦੀ ਮੌਤ ਹੋ ਗਈ ਜਦਕਿ ਚਰਨਜੀਤ ਕੌਰ ਪਤਨੀ ਗੁਰਸੇਵਕ ਸਿੰਘ, ਪ੍ਰੀਤੀ ਪੁੱਤਰੀ ਗੁਰਸੇਵਕ ਸਿੰਘ, ਛੋਟੀ ਕੌਰ ਪਤਨੀ ਲਖਵੀਰ ਸਿੰਘ ਵਾਸੀ ਮੀਹਾਂ ਨੂੰ ਸਿਵਲ ਹਸਪਤਾਲ ਵਿਖੇ ਮੁੱਢਲੀ ਸਹਾਇਤਾ ਦੇਣ ਉਪਰੰਤ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਨਿਰਮਲ ਸਿੰਘ ਅਤੇ ਉਸ ਦਾ ਪੁੱਤਰ ਨਵਦੀਪ ਸਿੰਘ ਵੀ ਜਖ਼ਮੀ ਹੋ ਗਏ ਜਿੰਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਰਨਾਲਾ ਵਿਖੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਪੋਸਟ ਗਰੈਜੂਏਟ ਪ੍ਰਵੇਸ਼ ਪ੍ਰੀਖਿਆ 'ਚ ਧਵਲ
ਕੌਸ਼ਲ ਅਤੇ ਨਿਧੀ ਰਾਣੀ ਅਵੱਲ

ਧਵਲ ਕੌਸ਼ਲ, ਪਿਊਸ਼ ਮਿੱਤਲ ਅਤੇ ਗੁਰਬੀਰ ਸਿੰਘ ਭੰਡਾਰੀ ਨੇ ਜਿਨ੍ਹਾਂ ਨੇ ਮੈਡੀਕਲ ਦਾਖਲੇ 'ਚ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਫ਼ਰੀਦਕੋਟ, 27 ਫ਼ਰਵਰੀ -ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵੱਲੋਂ ਸਾਲ 2012 ਲਈ ਪੋਸਟ ਗਰੈਜੂਏਟ ਇੰਨਟਰੈਂਸ ਟੈਸਟ (ਪੀ. ਜੀ. ਈ. ਟੀ.) ਪ੍ਰੀਖਿਆ ਵਿਚ ਮੈਡੀਕਲ ਵਿਚ ਲੜਕਿਆਂ ਨੇ ਬਾਜ਼ੀ ਮਾਰੀ ਜਦਕਿ ਡੈਂਟਲ ਵਿਚ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੀਖਿਆ ਵਿਚ ਐੱਮ. ਡੀ, ਐੱਮ. ਐੱਸ ਅਤੇ ਐੱਮ. ਡੀ. ਐੱਸ ਨਾਲ ਸੰਬੰਧਿਤ ਕੋਰਸ ਸ਼ਾਮਿਲ ਸਨ। ਇਹ ਨਤੀਜਾ ਪ੍ਰੀਖਿਆ ਤੋਂ ਅੱਠ ਘੰਟੇ ਦੇ ਅੰਦਰ-ਅੰਦਰ ਐਤਵਾਰ ਦੇਰ ਰਾਤ ਐਲਾਨਣ ਦਾ ਰਿਕਾਰਡ ਕਾਇਮ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਐੱਸ. ਐੱਸ. ਗਿੱਲ ਨੇ ਕਿ ਇਸ ਪ੍ਰੀਖਿਆ ਲਈ 2837 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਅਤੇ 2071 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਇਸ ਪ੍ਰੀਖਿਆ ਵਿਚ ਮੈਡੀਕਲ ਵਿਚ ਧਵਲ ਕੌਸ਼ਲ ਪੁੱਤਰ ਅਸ਼ੋਕ ਕੌਸ਼ਲ ਵਾਸੀ ਜਲੰਧਰ ਨੇ 664 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਪਿਊਸ਼ ਮਿੱਤਲ ਪਟਿਆਲਾ ਨੇ 648 ਅੰਕ ਲੈ ਕੇ ਦੂਸਰਾ ਸਥਾਨ, ਬਠਿੰਡਾ ਦੇ ਗੁਰਬੀਰ ਸਿੰਘ ਭੰਡਾਰੀ ਨੇ 636 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਸੰਦੀਪ ਸਿੰਘ ਨੇ 592 ਅੰਕ ਪ੍ਰਾਪਤ ਕਰ ਕੇ ਚੌਥਾ ਸਥਾਨ ਪ੍ਰਾਪਤ ਕੀਤਾ ਜਦਕਿ ਅਨੁਸੂਚਿਤ ਜਾਤੀ ਕੈਟਾਗਰੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਡੈਂਟਲ ਵਿਚ ਨਿਧੀ ਰਾਣੀ ਪੁੱਤਰੀ ਅਸ਼ਰੂ ਰਾਮ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੇ 688 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਨੂਰ ਭੁੱਲਰ ਪਟਿਆਲਾ ਨੇ 680 ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ, ਅਮਨਦੀਪ ਕੌਰ ਮੋਹਾਲੀ ਨੇ 673 ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਅਤੇ ਫਗਵਾੜ੍ਹਾ ਦੀ ਰੂਬੀਕਾ ਸੱਲਨ ਨੇ 624 ਅੰਕ ਪ੍ਰਾਪਤ ਕਰ ਕੇ ਚੌਥਾ ਸਥਾਨ ਅਤੇ ਅਨੁਸੂਚਿਤ ਜਾਤੀ ਕੈਟਾਗਰੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸੱਤਪਾਲ ਸਿੰਘ ਵੀ ਹਾਜ਼ਰ ਸਨ।

ਸਿੱਖਿਆ ਦਾ ਅਧਿਕਾਰ ਬਣਿਆ ਮਜ਼ਾਕ
ਫ਼ਿਰੋਜ਼ਪੁਰ, 27 ਫਰਵਰੀ - ਬੇਸ਼ੱਕ ਕੇਂਦਰ ਸਰਕਾਰ ਨੇ ਵਿੱਦਿਆ ਤੋਂ ਵਿਹੂਣੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ 6 ਤੋਂ 14 ਸਾਲ ਦੇ ਬੱਚਿਆਂ ਨੂੰ ਅੱਠ ਸਾਲਾਂ ਦੀ ਪੜ੍ਹਾਈ ਦਾ ਹੱਕ ਦੇਣ ਵਾਲਾ ਲਾਜ਼ਮੀ ਸਿੱਖਿਆ ਦਾ ਐਕਟ ਸਾਲ 2009 ਬਣਾ ਕੇ ਲਾਗੂ ਤਾਂ ਕਰ ਦਿੱਤਾ ਹੈ, ਪਰ ਕੇਂਦਰ ਅਤੇ ਰਾਜ ਸਰਕਾਰਾਂ ਵਿਚ ਇਸ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਨੂੰ ਲਾਗੂ ਕਰਵਾਉਣ ਲਈ ਬਜਟ ਅਤੇ ਹੋਰ ਪ੍ਰਬੰਧਕੀ ਅਮਲ ਲਈ ਅਜੇ ਤੱਕ ਅਜਿਹੀ ਕੋਈ ਠੋਸ ਨੀਤੀ ਸਾਹਮਣੇ ਨਹੀ ਆਈ। ਇਸ ਕਾਨੂੰਨ ਨੂੰ ਪੂਰਨ ਤੌਰ 'ਤੇ ਅਮਲੀ ਰੂਪ ਦੇਣ ਲਈ ਅਧਿਕਾਰਾਂ ਪ੍ਰਤੀ ਸਰਕਾਰੀ ਤੇ ਨਿੱਜੀ ਸਕੂਲਾਂ ਕੋਲ ਲੋੜੀਂਦੀ ਜਾਣਕਾਰੀ ਨਹੀਂ ਅਤੇ ਨਾ ਹੀ ਗੜਬੜਾਉਣ ਵਾਲੇ ਵਿੱਤੀ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਕੋਈ ਯੋਜਨਾ ਹੈ। ਐਕਟ ਤੋਂ ਲਾਭ ਲੈਣ ਵਾਲੇ ਗਰੀਬ ਮਾਪੇ ਵੀ ਮਿਲੇ ਅਧਿਕਾਰ ਤੋਂ ਬਿਲਕੁਲ ਅਨਜਾਣ ਹਨ। ਸੂਬੇ ਦੇ ਹਜ਼ਾਰਾਂ ਸਰਕਾਰੀ ਅਤੇ ਨਿੱਜੀ ਸਕੂਲ ਇਸ ਐਕਟ ਨੂੰ ਲੈ ਕੇ ਅਜੇ ਤੱਕ ਭੰਬਲਭੂਸੇ ਵਿਚ ਫਸੇ ਹੋਏ ਹਨ ਕਿ ਉਨ੍ਹਾਂ ਦਾ ਕੀ-ਕੀ ਅਧਿਕਾਰ ਖੇਤਰ ਹੈ। ਨਿੱਜੀ ਸਕੂਲਾਂ ਵੱਲੋਂ ਵੱਧ ਤੋਂ ਵੱਧ ਨਵੇਂ ਦਾਖਲੇ ਕਰਨ ਪ੍ਰਤੀ ਸਿਰਤੋੜ ਯਤਨ ਵਿੱਢ ਦਿੱਤੇ ਗਏ ਹਨ ਪਰ ਸਰਕਾਰੀ ਸਕੂਲਾਂ ਵਿਚ ਕੀਤੇ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਥੇ ਪਹਿਲਾਂ ਹੀ 80 ਪ੍ਰਤੀਸ਼ਤ ਤੋਂ ਵੱਧ ਪੱਛੜੀਆਂ ਜਾਤੀਆਂ ਤੇ ਅਨੁਸੂਚਿਤ ਜਾਤੀਆਂ ਦੇ ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਹਨ, ਸਕੂਲਾਂ ਦੇ ਮੁਖ ਅਧਿਆਪਕ ਪ੍ਰਿੰਸੀਪਲ ਅਤੇ ਸਟਾਫ਼ ਇਸ ਐਕਟ ਦੀਆਂ ਮੁੱਢਲੀਆਂ ਸ਼ਰਤਾਂ ਤੋਂ ਜਾਣੂ ਹਨ, ਪਰ ਸਮੱਸਿਆ ਇਹ ਹੈ ਕਿ 6 ਤੋਂ 14 ਸਾਲ ਦੇ ਅੱਠਵੀਂ ਤੱਕ ਪੜ੍ਹਦੇ ਬੱਚਿਆਂ ਤੋਂ ਕੋਈ ਵੀ ਫੀਸ ਨਾ ਲੈਣ ਕਾਰਨ ਇੰਨ੍ਹਾਂ ਸਕੂਲਾਂ ਵਿਚ ਬਿਜਲੀ, ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਉਪਲਬਧ ਨਹੀਂ ਹੋ ਰਹੀਆਂ। ਜਿਥੋਂ ਤੱਕ ਨਿੱਜੀ ਸਕੂਲਾਂ ਦੀ ਗੱਲ ਹੈ, ਇਸ ਐਕਟ ਅਨੁਸਾਰ ਇੰਨ੍ਹਾਂ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ 25 ਪ੍ਰਤੀਸ਼ਤ ਦਾਖਲੇ, ਪੱਛੜੀਆਂ ਜਾਤੀਆਂ, ਅਨੁਸੂਚਿਤ ਜਾਤੀਆਂ ਅਤੇ ਸਮਾਜ ਦੇ ਹੋਰ ਦੱਬੇ-ਕੁਚਲੇ ਲੋਕਾਂ ਲਈ ਜੋ ਕੇਂਦਰ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਰੀਬੀ ਰੇਖਾ ਤੋਂ ਥੱਲੇ ਹਨ, ਲਈ ਲਾਜ਼ਮੀ ਕੀਤੇ ਗਏ ਹਨ। ਐਕਟ ਦੀਆਂ ਮੱਦਾਂ ਅਨੁਸਾਰ ਇੰਨ੍ਹਾਂ ਬੱਚਿਆਂ ਤੇ ਖਰਚ ਹੋਣ ਵਾਲੀ ਰਾਸ਼ੀ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸਾਂਝੇ ਰੂਪ ਵਿਚ ਦਿੱਤੀ ਜਾਂਦੀ ਹੈ। ਵੱਖ-ਵੱਖ ਸੈਮੀਨਾਰਾਂ ਰਾਹੀਂ ਨਿੱਜੀ ਸਕੂਲਾਂ ਨੂੰ ਸਿੱਖਿਆ ਵਿਭਾਗ ਰਾਹੀਂ ਦਾਖਲੇ ਕਰਨ ਦੇ ਨਿਰਦੇਸ਼ ਤਾਂ ਦਿੱਤੇ ਗਏ ਹਨ, ਪਰ ਵਿੱਤੀ ਪ੍ਰਬੰਧ ਨਾ ਹੋਣ ਕਰ ਕੇ ਇਨ੍ਹਾਂ ਨੇ ਅਜੇ ਚੁੱਪ ਵੱਟੀ ਹੋਈ ਹੈ। ਸਿੱਖਿਆ ਐਕਟ ਦੀਆਂ ਸ਼ਰਤਾਂ ਅਨੁਸਾਰ ਇੰਨ੍ਹਾਂ 25 ਪ੍ਰਤੀਸ਼ਤ ਵਿਦਿਆਰਥੀਆਂ ਤੋਂ ਕੋਈ ਵੀ ਫ਼ੀਸ ਵਸੂਲੀ ਨਹੀਂ ਕੀਤੀ ਜਾ ਸਕਦੀ, ਜੇ ਕੋਈ ਨਿੱਜੀ ਸਕੂਲ ਫ਼ੀਸ ਲੈਂਦਾ ਹੈ ਤਾਂ 10 ਗੁਣਾ ਵਾਪਸ ਕਰੇਗਾ, ਜੇ ਫ਼ੀਸ ਕਰ ਕੇ ਬੱਚੇ ਨੂੰ ਸਕੂਲੋਂ ਕੱਢਦਾ ਹੈ ਤਾਂ 50 ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਇਸ ਤੋਂ ਬਿਨ੍ਹਾਂ ਰਾਜ ਜਾਂ ਕੇਂਦਰੀ ਬੋਰਡਾਂ ਤੋਂ ਆਗਿਆ ਬਿਨਾਂ ਕੋਈ ਸਕੂਲ ਹੋਂਦ ਵਿਚ ਨਹੀਂ ਆ ਸਕਦਾ, ਕਿਸੇ ਬੋਰਡ ਤੋਂ ਮਾਨਤਾ ਲਏ ਬਿਨ੍ਹਾਂ ਚੱਲਣ ਵਾਲੇ ਸਕੂਲਾਂ ਨੂੰ 1 ਲੱਖ ਤੱਕ ਜੁਰਮਾਨਾ ਤੇ ਫ਼ਿਰ ਨਾ ਸੁਧਰਨ 'ਤੇ 10 ਹਜ਼ਾਰ ਹਰ ਰੋਜ਼ ਜੁਰਮਾਨਾ ਹੋ ਸਕਦਾ ਹੈ। ਪੰਜਾਬ ਅੰਦਰ ਨਵੇਂ ਦਾਖਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ, ਪਰ ਲੱਖਾਂ ਮਾਪਿਆਂ ਤੱਕ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਉਹ ਹੁਸ਼ਿਆਰ ਅਤੇ ਪ੍ਰਭਾਵਿਤ ਬਾਲਾਂ ਨੂੰ ਚੰਗੇ ਨਿੱਜੀ ਸਕੂਲਾਂ ਵਿਚ ਕਿਵੇਂ ਦਾਖਲ ਕਰਵਾਉਣ। ਇਸ ਸਬੰਧ ਵਿਚ ਸਰਕਾਰੀ ਸੁਸਤੀ ਅਜੇ ਬਰਕਰਾਰ ਹੈ ਕਿਉਂਕਿ ਸਿੱਖਿਆ ਵਿਭਾਗ ਦੇ ਜੁਬਾਨੀ-ਕੁਲਾਮੀ ਹੁਕਮਾਂ ਨੂੰ ਕੋਈ ਵੀ ਮੰਨਣ ਨੂੰ ਤਿਆਰ ਨਹੀਂ। ਮਾਨਤਾ ਪ੍ਰਾਪਤ ਅਤੇ ਐਫੀਲੀਏਟਡ ਸਕੂਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਗਦੀਸ਼ ਰਾਏ ਸ਼ਰਮਾ, ਜਨਰਲ ਸਕੱਤਰ ਨਰਿੰਦਰ ਕੇਸਰ ਨੇ ਦੱਸਿਆ ਕਿ ਅਜੇ ਪੰਜਾਬ ਸਰਕਾਰ ਹੀ ਹਨੇਰੇ ਵਿਚ ਹੈ ਕਿ ਸਾਡੀ ਕੀ ਜ਼ਿੰਮੇਵਾਰੀ ਹੈ। ਉਨ੍ਹਾਂ ਐਕਟ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਗਰੀਬ 25 ਪ੍ਰਤੀਸ਼ਤ ਵਿਦਿਆਰਥੀ ਪੜ੍ਹਾਉਣ ਨੂੰ ਤਿਆਰ ਹਨ, ਪਰ ਸਰਕਾਰ ਐਕਟ ਦੀਆਂ ਮੱਦਾ ਅਨੁਸਾਰ ਜੋ ਬਜਟ ਪ੍ਰਤੀ ਵਿਦਿਆਰਥੀ ਖਰਚ ਹੁੰਦਾ ਹੈ ਦੇਵੇ, ਮੁਫ਼ਤ ਦੀ ਚੌਂਕੀਦਾਰੀ ਉਹ ਨਹੀਂ ਕਰ ਸਕਦੇ। ਇਸ ਐਕਟ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਵਕਾਲਤ ਕਰਦਿਆਂ ਸਿੱਖਿਆ ਸੁਧਾਰ ਕਮੇਟੀ ਪੰਜਾਬ ਦੇ ਬੁਲਾਰੇ ਸ੍ਰੀ ਹੰਸ ਰਾਜ ਅਤੇ ਰਾਜ ਕਿਸ਼ੋਰ ਕਾਲੜਾ ਨੇ ਕਿਹਾ ਕਿ ਇਸ ਐਕਟ ਨੂੰ ਅਮਲੀ ਰੂਪ ਵਿਚ ਲਾਗੂ ਕਰ ਸਾਰਥਿਕ ਨਤੀਜੇ ਪ੍ਰਾਪਤ ਕਰਨ ਲਈ ਕੇਂਦਰ ਸਰਕਾਰ ਇਸ ਅਧਿਕਾਰ ਨੂੰ ਸਮਵਰਤੀ ਸੂਚੀ ਵਿਚੋਂ ਕੱਢ ਕੇ ਆਪਣੇ ਹੱਥੀਂ ਪੂਰੀ ਜਿੰਮੇਵਾਰੀ ਲਵੇ ਕਿਉਂਕਿ ਪੰਜਾਬ ਦੀ ਆਰਥਿਕ ਹਾਲਤ ਪਹਿਲਾਂ ਹੀ ਚੰਗੀ ਨਹੀਂ, ਇਸ ਕਰਕੇ ਵਿੱਤੀ ਪ੍ਰਬੰਧ ਇਸ ਐਕਟ ਵਿਚ ਸਭ ਤੋਂ ਵੱਡਾ ਰੋੜ੍ਹਾ ਸਾਬਿਤ ਹੋ ਰਿਹਾ ਹੈ।

ਬੀ. ਐੱਸ. ਐੱਫ. ਵੱਲੋਂ 10 ਕਰੋੜ ਦੀ ਹੈਰੋਇਨ
'ਤੇ ਪਾਕਿ ਕੰਪਨੀ ਦਾ ਸਿੰਮ ਬਰਾਮਦ

ਜਲਾਲਾਬਾਦ, 27 ਫਰਵਰੀ -ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੇ ਪੈਂਦੇ ਪਿੰਡ ਸੰਤੋਖ ਸਿੰਘ ਵਾਲਾ ਚੌਂਕੀ ਤੋਂ ਅੱਜ ਸਵੇਰੇ ਬੀ. ਐੱਸ. ਐੱਫ. ਦੀ 30 ਬਟਾਲੀਅਨ ਨੇ 2 ਕਿੱਲੋਗਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਜਵਾਨਾਂ ਨੇ ਪਾਕਿ ਮੋਬਾਈਲ ਕੰਪਨੀ ਦਾ ਸਿੰਮ ਵੀ ਬਰਾਮਦ ਕੀਤਾ ਹੈ। ਕਮਾਂਡਟ ਸ. ਐੱਸ. ਪੀ. ਐੱਸ. ਸੰਧੂ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਜਵਾਨਾਂ ਨੇ ਅੱਜ ਸਵੇਰੇ 8 ਵਜੇ ਪਿੰਡ ਸੰਤੋਖ ਸਿੰਘ ਵਾਲਾ ਵਿਖੇ ਜਦੋਂ ਤਲਾਸ਼ੀ ਮੁਹਿੰਮ 'ਤੇ ਸਨ ਤਾਂ ਪਿੰਡ 'ਚ ਸੁੱਕੀ ਨਹਿਰ ਦੇ ਲਾਗੇ ਇੱਕ ਬੇਰੀ ਦੇ ਦਰਖ਼ਤ ਥੱਲੇ ਪਏ ਇੱਕ ਇੰਜਨ ਨੂੰ ਪਰੇ ਹਟਾਇਆ ਤਾਂ ਇਸ ਦੇ ਹੇਠਾਂ ਨੀਲੇ ਰੰਗ ਦਾ ਪਾਲੀਥਿਨ ਦਾ ਇੱਕ ਲਿਫ਼ਾਫ਼ਾ ਮਿਲਿਆ, ਜਿਸ ਵਿਚੋਂ 2 ਪੈਕਟ ਹੈਰੋਇਨ ਦੇ ਬਰਾਮਦ ਹੋਏ ਜਿਨ੍ਹਾਂ ਦਾ ਵਜ਼ਨ ਕਰੀਬ 2 ਕਿੱਲੋਗਰਾਮ ਸੀ ਅਤੇ ਉਸ ਉੱਪਰ 888 ਅਫ਼ਗਾਨ ਫ਼ੈਕਟਰੀ ਦਾ ਮਾਰਕਾ ਲੱਗਿਆ ਹੋਇਆ ਸੀ। ਇਸ ਦੇ ਨਾਲ ਹੀ ਹੀ ਇਕ ਪਾਕਿਸਤਾਨੀ ਮੋਬਾਈਲ ਕੰਪਨੀ ਜੌਂਨਗ ਦਾ ਸਿੰਮ ਵੀ ਬਰਾਮਦ ਹੋਇਆ।

ਜੱਟ ਭਾਈਚਾਰੇ ਵੀ ਰਾਖਵੇਂਕਰਨ ਨੂੰ ਲੈ ਕੇ
ਪੰਜਾਬ 'ਚ 29 ਤੋਂ ਸੰਘਰਸ਼ ਸ਼ੁਰੂ-ਭਾਵੜਾ

ਜਥੇਦਾਰ ਕਰਨੈਲ ਭਾਵੜਾ ਗੱਲਬਾਤ ਦੌਰਾਨ ਅਤੇ ਹੋਰ।
ਫ਼ਿਰੋਜ਼ਪੁਰ, 27 ਫਰਵਰੀ - ਦੇਸ਼ ਦੇ ਅੰਨ੍ਹ ਭੰਡਾਰ ਭਰਨ ਲਈ ਮਿੱਟੀ ਨਾਲ ਮਿੱਟੀ ਹੋ ਸੋਨਾ ਉਗਾਉਣ ਵਾਲੇ ਜੱਟ ਭਾਈਚਾਰੇ ਨੇ ਦੇਸ਼ ਵਿਚੋਂ ਭੁੱਖਮਰੀ ਦੂਰ ਕਰ ਖੁਸ਼ਹਾਲੀ ਲਿਆ ਦਿੱਤੀ ਪਰ ਸਰਕਾਰਾਂ ਦੀ ਅਣਦੇਖੀ ਅਤੇ ਵਿਤਕਰੇ ਭਰੇ ਵਤੀਰੇ ਸਦਕਾ ਦੇਸ਼ ਦਾ ਅੰਨ੍ਹ ਉਗਾਉਣ ਵਾਲਾ ਜੱਟ ਖੁਦ ਕੰਗਾਲ ਹੋ ਖੁਦ ਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ, ਪ੍ਰੰਤੂ ਰਾਜ ਅਤੇ ਕੇਂਦਰ ਸਰਕਾਰਾਂ ਹੱਕ ਦੇਣ ਦੀ ਬਜਾਏ ਕੁੰਭਕਰਨ ਵਾਲੀ ਨੀਂਦ ਸੁੱਤੀਆਂ ਪਈਆਂ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾਂ ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਦੇ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਭਾਵੜਾ ਨੇ ਹਰਿਆਣਾ 'ਚ ਜਾਂਟ ਭਾਈਚਾਰੇ ਵੱਲੋਂ ਤੇਜ਼ ਕੀਤੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆ ਪੰਜਾਬ ਦੇ ਜੱਟ ਭਾਈਚਾਰੇ ਨੂੰ ਵੀ ਹੱਕਾਂ ਲਈ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਦੇਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਦੇ ਜੱਟ ਭਾਈਚਾਰੇ ਨੂੰ ਹੱਕ ਦਿਵਾਉਣ ਲਈ ਅਤੇ ਵਿਦਿਆਕ ਅਦਾਰਿਆਂ, ਸਰਕਾਰੀ ਨੌਕਰੀਆਂ 'ਚ ਲੋੜੀਦਾ ਰਾਖਵਾਂਕਰਨ ਦਿਵਾਉਣ ਲਈ 29 ਫਰਵਰੀ ਤੋਂ ਸੰਘਰਸ਼ ਵਿੱਢ ਰਹੀ ਹੈ ਜੋ ਜ਼ਿਲ੍ਹਾ ਵਾਰ ਸਮੁੱਚੇ ਸੂਬੇ 'ਚ ਰੋਸ ਧਰਨਾ ਦੇਵੇਗੀ। ਉਨ੍ਹਾਂ ਨੇ ਐਲਾਨ ਕੀਤਾ ਕਿ 29 ਫਰਵਰੀ ਨੂੰ ਜੱਟ ਸੰਘਰਸ਼ ਸੰਮਤੀ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਡੀ. ਸੀ. ਦਫਤਰ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ 1 ਮਾਰਚ ਨੂੰ ਜ਼ਿਲ੍ਹਾ ਫਰੀਦਕੋਟ ਵਿਖੇ ਰੋਸ ਧਰਨਾ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜੱਟ ਭਾਈਚਾਰੇ ਨੂੰ ਬਣਦੇ ਹੱਕ ਨਾ ਦਿੱਤੇ ਗਏ ਤਾਂ ਜਥੇਬੰਦੀ ਰੇਲਾਂ ਅਤੇ ਸੜਕੀ ਆਵਾਜਾਈ ਜਾਮ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਜੰਗੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਗੋਖੀਵਾਲਾ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਸਨਬੀਰ ਸਿੰਘ ਖਲਚੀਆਂ ਪ੍ਰਧਾਨ ਜ਼ਿਲ੍ਹਾ ਯੂਥ ਵਿੰਗ, ਦਵਿੰਦਰ ਸਿੰਘ ਸੂਬਾ ਕਾਹਨ ਚੰਦ ਆਦਿ ਹਾਜ਼ਰ ਸਨ।

ਥਾਣੇਦਾਰ ਨਿਸ਼ਾਨ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

ਪਾਤੜਾਂ, 27 ਫਰਵਰੀ - ਪਿਛਲੇ ਲੰਮੇ ਸਮੇਂ ਤੋਂ ਸਥਾਨਕ ਇਲਾਕੇ ਅੰਦਰ ਪੁਲਿਸ ਵਿਭਾਗ ਵਿਚ ਬਤੌਰ ਸਬ-ਇੰਸਪੈਕਟਰ ਸੇਵਾਵਾਂ ਨਿਭਾ ਰਹੇ ਥਾਣੇਦਾਰ ਨਿਸ਼ਾਨ ਸਿੰਘ ਨੂੰ ਅੱਜ ਸਦਰ ਥਾਣਾ ਪਾਤੜਾਂ ਵਿਖੇ ਉਨ੍ਹਾਂ ਦੀ ਸੇਵਾ ਮੁਕਤੀ ਉੱਤੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਡੀ.ਐਸ.ਪੀ. ਗੁਰਮੇਲ ਸਿੰਘ ਧਾਲੀਵਾਲ ਅਤੇ ਸਦਰ ਥਾਣਾ ਮੁਖੀ ਇੰਸ. ਅਜੈਪਾਲ ਸਿੰਘ ਦੀ ਅਗਵਾਈ ਵਿਚ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਥਾਣੇ ਅੰਦਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਆ ਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਇਸ ਮੌਕੇ ਪੁੱਜੇ ਇਲਾਕੇ ਦੇ ਪਤਵੰਤੇ ਸੱਜਣਾਂ ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਮਾਰਕਿਟ ਕਮੇਟੀ ਪਾਤੜਾਂ ਦੇ ਚੇਅਰਮੈਨ ਸ੍ਰ. ਨਿਰਮਲ ਸਿੰਘ ਹਰਿਆਊ, ਡੀ.ਐਸ.ਪੀ. ਪਾਤੜਾਂ ਸ੍ਰ. ਗੁਰਮੇਲ ਸਿੰਘ ਧਾਲੀਵਾਲ, ਬਲਾਕ ਸੰਮਤੀ ਚੇਅਰਮੈਨ ਜ. ਗੁਰਦੀਪ ਸਿੰਘ ਖਾਂਗ, ਐਸ.ਐਚ.ਓ. ਪਾਤੜਾਂ ਇੰਸ. ਅਜੈਪਾਲ ਸਿੰਘ, ਐਸ.ਐਚ.ਓ. ਘੱਗਾ ਇੰਸ. ਪੁਨੀਤ ਸਿੰਘ ਚਾਹਲ, ਐਸ.ਐਚ.ਓ. ਸ਼ੁਤਰਾਣਾ ਬਲਦੇਵ ਸਿੰਘ, ਚੌਂਕੀ ਇੰਚਾਰਜ ਬਾਦਸ਼ਾਹਪੁਰ ਕਰਨੈਲ ਸਿੰਘ, ਚੌਂਕੀ ਇੰਚਾਰਜ ਠਰੂਆਂ ਲਖਵਿੰਦਰ ਸਿੰਘ ਸੰਧੂ, ਸਿਟੀ ਇੰਚਾਰਜ ਸਾਹਿਬ ਸਿੰਘ ਵਿਰਕ, ਸੀ.ਆਈ.ਏ. ਇੰਚਾਰਜ ਗੁਰਚਰਨ ਸਿੰਘ ਧੌਲਾ, ਭਾਜਪਾ ਆਗੂ ਰਮੇਸ਼ ਕੁੱਕੂ, ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਸਿੰਗਲਾ ਵੱਲੋਂ ਪੁਲਿਸ ਵਿਭਾਗ ਵਿੱਚ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ। ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਪਤਵੰਤੇ ਸੱਜਣਾ ਵੱਲੋਂ ਨਿਸ਼ਾਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।

ਦੋ ਗੈਸ ਸਿਲੰਡਰ ਚੋਰੀ
ਅਜੀਤਗੜ੍ਹ, 27 ਫਰਵਰੀ -ਇਥੋਂ ਦੇ ਫੇਜ਼ 3ਬੀ2 ਦੇ ਇੱਕ ਮਕਾਨ 'ਚੋਂ 2 ਗੈਸ ਸਿਲੰਡਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੁਰਿੰਦਰਜੀਤ ਬੇਦੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਘਰ ਵਿੱਚ ਸੁੱਤਾ ਪਿਆ ਸੀ। ਉਸ ਨੇ ਦੱਸਿਆ ਕਿ ਉਸਦੇ ਘਰ ਦੇ ਪਿਛਲੇ ਪਾਸੇ ਖੁੱਲੀ ਜਗ੍ਹਾ 'ਚ ਦੋ ਸਿਲੰਡਰ ਰੱਖੇ ਹੋਏ ਸਨ। ਜਦੋਂ ਉਸ ਨੇ ਸਵੇਰੇ ਉੱਠਕੇ ਵੇਖਿਆ ਤਾਂ ਸਿਲੰਡਰਾਂ ਨੂੰ ਕੋਈ ਚੋਰੀ ਕਰਕੇ ਲੈ ਗਿਆ ਸੀ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਤੀ ਦੇ ਖਿਲਾਫ਼ ਮਾਰਕੁੱਟ ਕਰਨ ਦਾ ਦੋਸ਼-ਮਾਮਲਾ ਦਰਜ
ਅਜੀਤਗੜ੍ਹ, 27 ਫਰਵਰੀ -ਇਥੋਂ ਦੇ ਸੈਕਟਰ 70 ਦੀ ਵਸਨੀਕ ਤਰਮਿੰਦਰ ਕੌਰ ਨੇ ਆਪਣੇ ਪਤੀ ਦੇ ਖਿਲਾਫ਼ ਮਾਰਕੁੱਟ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਤਰਮਿੰਦਰ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦਾ ਪਤੀ ਵਰਿੰਦਰ ਸਿੰਘ ਜੋ ਕਿ ਸ਼ਰਾਬ ਪੀਣ ਦੀ ਆਦੀ ਹੈ ਅਤੇ ਬਿਨਾਂ ਵਜ੍ਹਾ ਉਸਦੀ ਮਾਰਕੁੱਟਾਈ ਕਰਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸਦੇ ਪਤੀ ਨੇ ਸ਼ਰਾਬ ਪੀ ਕੇ ਉਸ ਨਾਲ ਗਾਲੀ ਗਲੋਚ ਕੀਤੀ ਅਤੇ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਦਿਨ ਦਿਹਾੜੇ ਲੱਖਾਂ ਦੀ ਚੋਰੀ
ਪੰਚਕੂਲਾ, 27 ਫਰਵਰੀ -ਸ਼ਹਿਰ ਵਿਚ ਚੋਰੀ ਦੀਆਂ ਦਿਨ ਦਿਹਾੜੇ ਹੋ ਰਹੀਆਂ ਵਾਰਦਾਤਾਂ ਵਿਚ ਚੋਰਾਂ ਨੇ ਕੱਲ੍ਹ ਦੁਪਹਿਰ ਹੀ ਸਥਾਨਕ ਸੈਕਟਰ 11 ਦੇ ਮਕਾਨ ਨੰਬਰ 1094 ਵਿਚ ਤਾਲਾ ਤੋੜ ਕੇ ਤੀਹ ਹਜ਼ਾਰ ਰੁਪਏ ਦੀ ਨਕਦੀ ਅਤੇ ਤਕਰੀਬਨ 3 ਲੱਖ ਦੇ ਗਹਿਣੇ ਚੋਰੀ ਕਰ ਲਏ। ਉਸ ਸਮੇਂ ਮਕਾਨ ਮਾਲਕ ਵਿਜੇ ਕੁਮਾਰ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਗਿਆ ਹੋਇਆ ਸੀ। ਇਸ ਗੱਲ ਬਾਰੇ ਉਸ ਦੇ ਗੁਆਂਢੀਆਂ ਨੇ ਅਜੇ ਕੁਮਾਰ ਨੂੰ ਫ਼ੋਨ ਤੇ ਦੱਸੀ, ਤਾਂ ਅਜੇ ਕੁਮਾਰ ਨੇ ਘਰ ਆ ਕੇ ਵੇਖਿਆ ਤਾਂ ਘਰ ਵਿਚ ਪਿਆ ਸਮਾਨ ਇੱਧਰ-ਉੱਧਰ ਖਿੱਲਰਿਆ ਪਿਆ ਸੀ। ਪੁਲਿਸ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

Sunday, 26 February 2012

 ਸਪਾ ਦੇ ਨਾਂ 'ਤੇ ਸੈਕਸ ਰੈਕੇਟ ਦਾ ਭੰਡਾਫੋੜ, 9 ਕੁੜੀਆਂ ਗ੍ਰਿਫਤਾਰ
ਜੈਪੁਰ— ਦੁਕਾਨ ਦੇ ਬਾਹਰ ਬੋਰਡ 'ਤੇ ਵੱਡੇ-ਵੱਡੇ ਅੱਖਰਾਂ 'ਚ ਲਿਖਿਆ ਸੀ 'ਸਪਾ ਐਂਡ ਲੂੰਜ'   ਪਰ ਇਸ ਸਪਾ ਦੀ ਹਕੀਕਤ ਕੁਝ ਹੋਰ ਸੀ। ਉਦੈਪੁਰ ਪੁਲਸ ਨੇ ਇਕ ਸਪਾ 'ਚ ਛਾਪਾ ਮਾਰਿਆ ਤਾਂ ਅੰਦਰ ਕੁਝ ਹੋਰ ਹੀ ਗੋਰਖਧੰਦੇ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਸਪਾ ਦੀ ਆੜ ਹੇਠ ਸੈਕਸ ਰੈਕੇਟ ਦਾ ਧੰਦਾ ਚਲਾਇਆ ਜਾ ਰਿਹਾ ਸੀ। ਸਪਾ ਤੋਂ ਪੁਲਸ ਨੇ ਕਈ ਲੜਕੀਆਂ ਨੂੰ ਰੰਗੇ ਹੱਥੀਂ ਜਿਸਮਫਰੋਸ਼ੀ ਕਰਦੇ ਫੜਿਆ। ਉਦੈਪੁਰ ਦੇ ਦੁਰਗਾਨਰਸਰੀ ਰੋਡ 'ਤੇ ਲਾ ਸਪਾ ਲੂੰਜ ਬਣਿਆ ਹੋਇਆ ਹੈ। ਪੁਲਸ ਨੇ ਇਥੋਂ ਸਪਾ ਦੇ ਨਾਂ ਹੇਠ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਭਾਂਡਾ ਭੱਜਿਆ ਹੈ। ਉਦੈਪੁਰ ਪੁਲਸ ਨੇ ਜਦੋਂ ਲਾ ਸਪਾ ਲੂੰਜ 'ਚ ਛਾਪਾ ਮਾਰਿਆ ਤਾਂ ਉਥੇ ਕਈ ਲੜਕੀਆਂ ਮਸਾਜ ਦੇ ਨਾਂ 'ਤੇ ਜਿਸਮਫਰੋਸ਼ੀ ਦਾ ਕੰਮ ਕਰ ਰਹੀਆਂ ਸਨ ਜਿਨ੍ਹਾਂ ਨੂੰ ਪੁਲਸ ਨੇ ਰੰਗੇ ਹੱਥੀਂ ਫੜ ਲਿਆ।
ਪੁਲਸ ਮੁਤਾਬਕ ਉਸ ਨੂੰ ਕਈ ਦਿਨਾਂ ਤੋਂ ਸੂਜਨਾ ਮਿਲ ਰਹੀ ਸੀ ਕਿ ਉਦੈਪੁਰ ਸ਼ਹਿਰ 'ਚ ਕੁਝ ਸਪਾ ਅਤੇ ਮਸਾਜ ਪਾਰਲਰਾਂ 'ਚ ਸੈਕਸ ਰੈਕੇਟ ਦਾ ਧੰਦਾ ਖੁੱਲ੍ਹੇਆਮ ਚੱਲ ਰਿਹਾ ਹੈ। ਪੁਲਸ ਨੂੰ ਮੁਖਬਿਰ ਤੋਂ ਸੂਚਨਾ ਮਿਲੀ ਕਿ ਦੁਰਗਾ ਨਰਸਰੀ ਰੋਡ 'ਤੇ ਲਾ ਸਪਾ ਲੂੰਜ ਮਸਾਜ ਪਾਰਲਰ 'ਚ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੈ। ਮੁਖਬਿਰ ਦੀ ਸੂਚਨਾ 'ਤੇ ਪੁਲਸ ਨੇ ਇਕ ਪੁਖਤਾ ਯੋਜਨਾ ਬਣਾਈ। ਪੁਲਸ ਨੇ ਇਕ ਨਕਲੀ ਗ੍ਰਾਹਕ ਤਿਆਰ ਕੀਤਾ। ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਪੁਲਸ ਦਾ ਹੀ ਇਕ ਕਾਂਸਟੇਬਲ ਸਾਦੇ ਕੱਪੜਿਆਂ 'ਚ ਗਾਹਕ ਬਣ ਕੇ ਸਪਾ ਅੰਦਰ ਗਿਆ। ਪੁਲਸ ਮੁਤਾਬਕ ਪਾਰਲਰ ਦੇ ਕਾਊਂਟਰ 'ਤੇ ਦੋ ਹਜ਼ਾਰ ਰੁਪਏ 'ਚ ਸੌਦਾ ਤੈਅ ਕੀਤਾ ਗਿਆ। ਇਸ ਤੋਂ ਬਾਅਦ ਗ੍ਰਾਹਕ ਬਣੇ ਕਾਂਸਟੇਬਲ ਨੂੰ ਇਕ ਛੋਟੇ ਜਿਹੇ ਕਮਰੇ 'ਚ ਲਿਜਾਇਆ ਗਿਆ ਜਿੱਥੇ ਐਸ਼ੋ-ਆਰਾਮ ਦੀਆਂ ਸਾਰੀਆਂ ਸਹੂਲਤਾਂ ਸਨ। ਪੁਲਸ ਮੁਤਾਬਕ ਉਸ ਕਮਰੇ 'ਚ ਮਸਾਜ ਦੇ ਨਾਂ 'ਤੇ ਸੈਕਸ ਰੈਕੇਟ ਦਾ ਖੇਲ ਚੱਲਦਾ ਸੀ। ਕਮਰੇ 'ਚ ਪਹੁੰਚਣ ਤੋਂ ਬਾਅਦ ਕਾਂਸਟੇਬਲ ਨੇ ਫੋਨ ਰਾਹੀਂ ਆਪਣੇ ਸਾਥੀਆਂ ਨੂੰ ਛਾਪਾ ਮਾਰਨ ਦਾ ਇਸ਼ਾਰਾ ਕੀਤਾ। ਆਪਣੇ ਜਵਾਨ ਦਾ ਇਸ਼ਾਰਾ ਮਿਲਦੇ ਹੀ ਪੁਲਸ ਨੇ ਸਪਾ ਅੰਦਰ ਛਾਪਾ ਮਾਰਿਆ ਅਤੇ ਰੰਗੇ ਹੱਥੀਂ ਇਨ੍ਹਾਂ ਲੜਕੀਆਂ ਨੂੰ ਦਬੋਚ ਲਿਆ।
ਫੜੀਆਂ ਗਈਆਂ ਲੜਕੀਆਂ 'ਚੋਂ ਦੋ ਮਣੀਪੁਰ ਦੀਆਂ ਰਹਿਣ ਵਾਲੀਆਂ ਹਨ। ਇਕ ਨਾਗਾਲੈਂਡ ਦੀ ਰਹਿਣ ਵਾਲੀ ਹੈ ਅਤੇ ਇਕ ਨੇਪਾਲ ਅਤੇ ਜੈਪੁਰ ਦੀ ਰਹਿਣ ਵਾਲੀ ਹੈ। ਇਨ੍ਹਾਂ ਸਾਰੀਆਂ ਲੜਕੀਆਂ ਦੀ ਉਮਰ 19 ਤੋਂ 32 ਸਾਲ ਤੱਕ  ਹੈ। ਪੁਲਸ ਨੇ ਸਪਾ ਦੇ ਛਾਪੇ 'ਚ ਕੁਲ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚ ਇਕ ਗ੍ਰਾਹਕ ਵੀ ਫੜਿਆ ਗਿਆ। ਪੁਲਸ ਦੀ ਮੰਨੀਏ ਤਾਂ ਰੇਡ ਦੌਰਾਨ ਆਰ. ਸੀ. ਏ. ਕਾਲਜ 'ਚ ਅਸਿਸਟੈਂਟ ਰਿਸਰਚ ਆਫਿਸਰ ਦੇ ਅਹੁਦੇ 'ਤੇ ਕੰਮ ਕਰਨ ਵਾਲੇ ਇਕ ਸ਼ਖਸ ਨੂੰ ਇਤਰਾਜ਼ਯੋਗ ਹਾਲਤ 'ਚ ਰੰਗੇ ਹੱਥੀਂ ਫੜਿਆ ਗਿਆ। ਪੁਲਸ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਸਪਾ ਮਾਲਕ ਲੋਕੇਂਦਰ ਚੌਧਰੀ ਹੈ।
 ਹਾਰ ਗਈ ਟੀਮ ਇੰਡੀਆ
ਆਸਟ੍ਰੇਲੀਆ ਨੇ ਭਾਰਤ ਖਿਲਾਫ ਅੱਜ ਸਿਡਨੀ ਕ੍ਰਿਕਟ ਗਰਾਉਂਡ 'ਤੇ ਖੇਡੇ ਜਾ ਰਹੇ ਤਿਕੋਣੀ ਇਕ ਦਿਨਾ ਕ੍ਰਿਕਟ ਲੜੀ ਦੇ ਮੈਚ ਵਿਚ ਭਾਰਤ ਨੂੰ ਵਿਕਟ ਨਾਲ ਮਾਤ ਦਿੱਤੀ।ਆਸਟ੍ਰੇਲੀਆ ਵੱਲੋਂ ਬਣਾਏ ਗਏ 252 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ 39.3 ਓਵਰ ਵਿਚ 165 ਦੌੜਾਂ ਬਣਾ ਕੇ ਆਲ ਆਉਟ ਹੋ ਗਈ। ਭਾਰਤ ਦੇ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਅੱਜ ਇਕ ਵਾਰ ਫਿਰ ਫਲਾਪ ਸਾਬਿਤ ਹੋਏ ਅਤੇ ਦੂਸਰੇ ਓਵਰ ਦੀ ਆਖਰੀ ਗੇਂਦ 'ਤੇ 5 ਰਨ ਬਣਾ ਕੇ ਬੇਨ ਹਿਲਫੇਨਹਾਸ ਦਾ ਸ਼ਿਕਾਰ ਬਣੇ। ਭਾਰਤ ਵੱਲੋਂ ਪਾਰੀ ਦੀ ਸ਼ੁਰੂਆਤ ਕਰਨ ਉੱਤਰੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਵੀ 14 ਰਨ ਬਣਾ ਕੇ 7ਵੇਂ ਓਵਰ ਦੀ ਆਖਰੀ ਗੇਂਦ 'ਤੇ ਰਨ ਆਉਟ ਹੋ ਗਏ। ਇਸ ਸਮੇਂ ਭਾਰਤ ਦੇ 2 ਵਿਕਟ 'ਤੇ 35 ਰਨ ਸਨ। ਭਾਰਤ ਦਾ ਕੋਈ ਵੀ ਬੱਲੇਬਾਜ਼ ਲੰਬੀ ਪਾਰੀ ਖੇਡਣ ਵਿਚ ਨਾਕਾਮ ਰਿਹਾ। ਭਾਰਤ ਵੱਲੋਂ ਗੌਤਮ ਗੰਭੀਰ 23 ਅਤੇ ਵਿਰਾਟ ਕੋਹਲੀ 21 ਰਨ ਬਣਾ ਕੇ ਆਉਟ ਹੋਏ। ਇਸ ਤੋਂ ਇਲਾਵਾ ਸੁਰੇਸ਼ ਰੈਨਾ ਸਿਰਫ 8 ਰਨ ਬਣਾ ਕੇ ਪਵੇਲੀਅਨ ਪਰਤ ਗਏ।
ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (68), ਮੈਥਿਊ ਵੇਡ (56) ਅਤੇ ਡੇਵਿਡ ਹਸੀ (54) ਦੇ ਅਰਧ ਸੈਂਕੜਿਆਂ ਨਾਲ ਆਸਟ੍ਰੇਲੀਆ ਨੇ ਭਾਰਤ ਖਿਲਾਫ ਮੈਚ ਵਿਚ ਅੱਜ ਇੱਥੇ 252 ਰਨ ਦਾ ਚੁਣੌਤੀਪੂਰਨ ਸਕੋਰ ਬਣਾਇਆ ਹੈ।
ਆਸਟ੍ਰੇਲੀਆ 40 ਓਵਰਾਂ ਵਿਚ 205 ਰਨ ਬਣਾ ਕੇ ਵੱਡੇ ਸਕੋਰ ਵੱਲ ਵੱਧ ਰਿਹਾ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਆਖਰੀ 10 ਓਵਰਾਂ ਵਿਚ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ ਸਿਰਫ 47 ਰਨ ਦਿੱਤੇ ਅਤੇ 4 ਵਿਕਟ ਚਟਕਾਏ। ਵਾਰਨਰ ਨੇ 66 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ 68 ਰਨ ਬਣਾਏ।
ਮੇਜ਼ਬਾਨ ਟੀਮ ਨੇ ਆਪਣੇ 3 ਵਿਕਟ 57 ਰਨ 'ਤੇ ਗਵਾ ਦਿੱਤੇ ਸਨ ਪਰ ਵਾਰਨਰ ਨੇ ਡੇਵਿਡ ਹਸੀ ਨਾਲ ਮਿਲ ਕੇ ਚੌਥੇ ਵਿਕਟ ਲਈ 50 ਰਨ ਦੀ ਅਹਿਮ ਸਾਂਝੇਦਾਰੀ ਕੀਤੀ। ਡੇਵਿਡ ਹਸੀ ਅਤੇ ਵੇਡ ਫਿਰ ਟੀਮ ਦੇ ਸਕੋਰ ਨੂੰ 201 ਰਨ ਤੱਕ ਲੈ ਗਏ। ਇਸ ਦੇ ਬਾਅਦ ਆਸਟ੍ਰੇਲੀਆ ਨੇ ਨਿਯਮਿਤ ਅੰਤਰਾਲ ਵਿਚ ਵਿਕਟ ਗਵਾਏ।
ਭਾਰਤ ਵੱਲੋਂ ਪਾਰਟ ਟਾਈਮ ਸਪਿਨਰ ਵਰਿੰਦਰ ਸਹਿਵਾਗ ਨੇ 9 ਓਵਰ ਵਿਚ 43 ਰਨ ਦੇ ਕੇ 3 ਵਿਕਟ ਲਏ। ਮੱਧਮ ਤੇਜ਼ ਗੇਂਦਬਾਜ਼ ਪ੍ਰਵੀਣ ਕੁਮਾਰ ਨੇ 37 ਰਨ 'ਤੇ 2 ਵਿਕਟ ਲਏ ਜਦੋਂ ਕਿ ਰਵਿੰਦਰ ਜਡੇਜਾ ਦੇ ਖਾਤੇ ਵਿਚ 1 ਵਿਕਟ ਆਇਆ।

ਇਸਲਾਮਾਬਾਦ, 25 ਫਰਵਰੀ -ਪਾਕਿ ਪ੍ਰਸ਼ਾਸਨ ਨੇ ਅੱਜ ਰਾਤ ਐਬਟਾਬਾਦ ਵਿਖੇ ਸਥਿਤ ਓਸਾਮਾ ਬਿਨ ਲਾਦੇਨ ਦੀ ਹਵੇਲੀ ਨੂੰ ਨਸ਼ਟ ਕਰ ਦਿੱਤਾ। ਪਿਛਲੇ ਸਾਲ ਮਈ 'ਚ ਅਮਰੀਕਾ ਨੇ ਰਾਤੋ ਰਾਤ ਕਮਾਂਡੋ ਕਾਰਵਾਈ ਕਰਕੇ ਇਸੇ ਹਵੇਲੀ 'ਚ ਦੁਨੀਆ ਦੇ ਸਭ ਖਤਰਨਾਕ ਅੱਤਵਾਦੀ ਨੂੰ ਮਾਰ ਮੁਕਾਇਆ ਸੀ। 'ਰੇਡੀਓ ਪਾਕਿਸਤਾਨ' ਨੇ ਟਵਿਟਰ 'ਤੇ ਲਿਖਿਆ ਕਿ ਉਸਾਮਾ ਦੀ ਹਵੇਲੀ ਨਸ਼ਟ ਕਰ ਦਿੱਤੀ ਗਈ ਹੈ। ਸਥਾਨਕ ਲੋਕਾਂ ਅਤੇ ਮੀਡੀਆ ਨੇ ਦੱਸਿਆ ਕਿ ਭਾਰੀ ਮਸ਼ੀਨਾਂ ਅਤੇ ਕਈ ਕਰੇਨਾਂ ਨਾਲ ਪਾਕਿ ਸੈਨਿਕ ਅਕੈਡਮੀ ਤੋਂ ਕੇਵਲ 800 ਗਜ ਦੂਰ ਸਥਿਤ ਇਸ ਹਵੇਲੀ ਨੂੰ ਨਸ਼ਟ ਕੀਤਾ ਗਿਆ। ਲਾਦੇਨ ਦੇ ਮਾਰੇ ਜਾਣ ਦੇ ਬਾਅਦ ਤੋਂ ਹੀ ਇਹ ਹਵੇਲੀ ਪਾਕਿ ਸੈਨਾ ਦੇ ਕਬਜ਼ੇ 'ਚ ਸੀ। ਖਬਰ ਹੈ ਕਿ ਸਰਕਾਰ ਨੇ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਨੂੰ ਲਾਦੇਨ ਦਾ ਪਤਾ ਦੱਸਣ ਵਾਲੇ ਡਾਕਟਰ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਹਨ। 'ਡਾਨ' ਅਖਬਾਰ ਅਨੁਸਾਰ ਡਾ. ਸ਼ਕੀਲ ਅਫਰੀਦੀ ਅਤੇ ਉਸ ਦੀ ਪਤਨੀ ਇਮਰਾਨਾ ਦੇ ਬੈਂਕ ਖਾਤੇ ਸੀਲ ਕਰਨ ਦੇ ਨਾਲ ਹੀ ਪਿਸ਼ਾਵਰ ਦੇ ਹਯਾਤਬਾਦ 'ਚ ਉਨ੍ਹਾਂ ਦਾ ਮਕਾਨ ਵੀ ਜ਼ਬਤ ਕਰ ਲਿਆ ਹੈ।
ਇਸਲਾਮਾਬਾਦ, 25 ਫਰਵਰੀ -ਪਾਕਿਸਤਾਨ ਦੇ ਕਰਾਚੀ 'ਚ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਭਾਰਤੀ ਮਛੇਰਿਆਂ ਨੂੰ ਇਥੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਅਖ਼ਬਾਰ 'ਡਾਨ' ਨਿਊਜ਼ ਨੇ ਸਨਿਚਰਵਾਰ ਨੂੰ ਦੱਸਿਆ ਕਿ ਮੇਰੀਟਾਈਮ ਸਕਿਉਰਿਟੀ ਏਜੰਸੀ ਨੇ ਪਾਕਿਸਤਾਨੀ ਇਲਾਕੇ 'ਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਵਾਲੇ ਇਨ੍ਹਾਂ ਮਛੇਰਿਆਂ ਨੂੰ ਹਿਰਾਸਤ 'ਚ ਲਿਆ ਸੀ ਅਤੇ ਉਨ੍ਹਾਂ ਦੀਆਂ ਮੱਛੀ ਫੜਨ ਦੀਆਂ ਤਿੰਨ ਕਿਸ਼ਤੀਆਂ ਜ਼ਬਤ ਕਰ ਲਈਆਂ ਸਨ। ਤਿੰਨਾਂ ਨੂੰ ਸ਼ੁੱਕਰਵਾਰ ਨੂੰ ਕਰਾਚੀ 'ਚ ਇਕ ਨਿਆਇਕ ਅਧਿਕਾਰੀ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਤਿੰਨਾਂ ਨੂੰ ਨਿਆਂਇਕ ਹਿਰਾਸਤ 'ਚ ਭੇਜਦੇ ਹੋਏ ਪੁਲਿਸ ਤੋਂ ਉਨ੍ਹਾਂ ਦੇ ਖਿਲਾਫ਼ ਪਾਕਿਸਤਾਨੀ ਦੰਡ ਪ੍ਰਕਿਰਿਆ ਨਿਯਮਾਂਵਲੀ ਅਧੀਨ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਕੋਲਕਾਤਾ, 25 ਫਰਵਰੀ-ਪੱਛਮੀ ਬੰਗਾਲ 'ਚ ਸਿਲੀਗੁੜੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਅੱਜ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.8 ਦਰਜ ਕੀਤੀ ਗਈ। ਖੇਤਰੀ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਕਿ ਭੁਚਾਲ ਦੇ ਝਟਕੇ ਦੁਪਹਿਰ 'ਚ 2 ਵੱਜ ਕੇ 16 ਮਿੰਟ 'ਤੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਭਾਰਤ ਬੰਗਲਾਦੇਸ਼ ਸਰਹੱਦ 'ਤੇ ਉੱਤਰੀ ਬੰਗਾਲ 'ਚ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭੁਚਾਲ ਦੇ ਝਟਕੇ ਜਲਪਾਈਗੁੜੀ ਜ਼ਿਲ੍ਹੇ 'ਚ ਵੀ ਮਹਿਸੂਸ ਕੀਤੇ ਗਏ। ਭੁਚਾਲ ਦੇ ਕਾਰਨ ਖੇਤਰ 'ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਨਸਬੰਦੀ ਤੋਂ ਬਾਅਦ ਗਰਭਵਤੀ ਨੇ ਲੜਕੀ ਨੂੰ
ਜਨਮ ਦੇਣ ਤੋਂ ਬਾਅਦ ਤੋੜਿਆ ਦਮ

ਤਰਨ ਤਾਰਨ, 25 ਫਰਵਰੀ -ਤਰਨ ਤਾਰਨ ਦੇ ਪਿੰਡ ਬਾਠ ਦੀ ਰਹਿਣ ਵਾਲੀ ਇਕ ਗਰਭਵਤੀ ਔਰਤ ਦੀ ਅੱਜ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਉਸ ਨੇ ਕੁਝ ਸਮਾਂ ਪਹਿਲਾਂ ਨਸਬੰਦੀ ਕਰਵਾਈ ਸੀ। ਇਸ ਔਰਤ ਨੂੰ ਪਹਿਲਾਂ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਵੱਡੇ ਆਪ੍ਰੇਸ਼ਨ 'ਤੇ ਇਸ ਮਹਿਲਾ ਨੇ ਇਕ ਲੜਕੀ ਨੂੰ ਜਨਮ ਦਿੱਤਾ, ਜੋ ਕਿ ਹੁਣ ਤੱਕ ਠੀਕ ਠਾਕ ਹੈ। ਹਾਲਤ ਗੰਭੀਰ ਹੋਣ 'ਤੇ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਔਰਤ ਦੀ ਮੌਤ ਤੋਂ ਭੜਕੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਅਤੇ ਹੋਰ ਸਟਾਫ ਦੇ ਖਿਲਾਫ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਸਿਵਲ ਹਸਪਤਾਲ ਵਿਖੇ ਰੋਸ ਮੁਜ਼ਾਹਰਾ ਵੀ ਕੀਤਾ। ਦੂਜੇ ਪਾਸੇ ਸਿਵਲ ਸਰਜਨ ਡਾ: ਕਰਨਜੀਤ ਸਿੰਘ ਨੇ ਲਾਪਰਵਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਆਪਣੇ ਡਾਕਟਰਾਂ ਦਾ ਹੀ ਪੱਖ ਪੂਰਦੇ ਕਿਹਾ ਕਿ ਇਸ ਔਰਤ ਦੇ ਖੂਨ ਵਿਚੋਂ ਸੈੱਲ ਖਤਮ ਹੋਣ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ ਸੀ, ਜਿਸ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ, ਪਰ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਔਰਤ ਨੂੰ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ। ਵਰਣਨਯੋਗ ਹੈ ਕਿ ਪਿੰਡ ਬਾਠ ਦੇ ਰਹਿਣ ਵਾਲੇ ਸਤਨਾਮ ਸਿੰਘ ਦੀ ਪਤਨੀ ਮਨਜੀਤ ਕੌਰ ਦਾ ਸਾਢੇ ਚਾਰ ਸਾਲ ਪਹਿਲਾਂ ਸਰਕਾਰੀ ਹਸਪਤਾਲ ਝਬਾਲ ਵਿਖੇ ਨਸਬੰਦੀ ਦਾ ਆਪ੍ਰੇਸ਼ਨ ਕੀਤਾ ਗਿਆ ਸੀ। ਨਸਬੰਦੀ ਆਪ੍ਰੇਸ਼ਨ ਕਰਵਾਉਣ ਦੇ ਬਾਵਜੂਦ ਵੀ ਗਰਭਵਤੀ ਹੋਣ 'ਤੇ ਜਦ ਇਸ ਪੀੜ੍ਹਤ ਪਰਿਵਾਰ ਨੂੰ ਕਿਸੇ ਕੋਲੋਂ ਇਨਸਾਫ ਨਾ ਮਿਲਿਆ ਤਾਂ ਇਨ੍ਹਾਂ ਨੇ ਅਦਾਲਤ ਰਾਹੀਂ ਸੰਬੰਧਿਤ ਡਾਕਟਰਾਂ ਉਪਰ ਕੇਸ ਵੀ ਕੀਤਾ ਸੀ ਅਤੇ ਅਦਾਲਤ ਵੱਲੋਂ ਇਸ ਔਰਤ ਨੂੰ 30 ਹਜ਼ਾਰ ਰੁਪਏ ਦੀਆਂ ਦਵਾਈਆਂ ਦਾ ਖਰਚਾ ਹਰਜਾਨੇ ਵਜੋਂ ਦਿਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਉਸ ਦੀ ਪਤਨੀ ਮਨਜੀਤ ਕੌਰ ਦੇ ਦਰਦਾਂ ਸ਼ੁਰੂ ਹੋਣ ਕਾਰਨ ਉਸ ਨੂੰ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਵਿਚ ਲੈ ਆਇਆ, ਜਿਥੇ ਉਸ ਦੀ ਪਤਨੀ ਨੂੰ ਦਵਾਈ ਦੇ ਕੇ ਡਾਕਟਰਾਂ ਘਰ ਵਾਪਿਸ ਭੇਜ ਦਿੱਤਾ, ਪਰ ਉਸ ਦੀ ਪਤਨੀ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਹ ਉਸ ਨੂੰ ਪ੍ਰਾਈਵੇਟ ਡਾਕਟਰ ਕੋਲ ਲੈ ਗਿਆ, ਜਿਥੇ ਡਾਕਟਰ ਨੇ ਨਸਬੰਦੀ ਦਾ ਆਪ੍ਰੇਸ਼ਨ ਹੋਣ ਕਾਰਨ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ।, ਫਿਰ ਉਹ ਆਪਣੀ ਪਤਨੀ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਲੈ ਆਇਆ। ਤਰਨ ਤਾਰਨ ਸਿਵਲ ਹਸਪਤਾਲ ਵਿਖੇ ਉਸ ਦੀ ਪਤਨੀ ਦਾ ਆਪ੍ਰੇਸ਼ਨ ਕਰਨ 'ਤੇ ਉਸ ਨੇ ਇਕ ਲੜਕੀ ਨੂੰ ਜਨਮ ਦਿੱਤਾ। ਆਪ੍ਰੇਸ਼ਨ ਤੋਂ ਬਾਅਦ ਉਸਦੀ ਪਤਨੀ ਦੀ ਹਾਲਤ ਜ਼ਿਆਦਾ ਖਰਾਬ ਹੋਣ 'ਤੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਸਤਨਾਮ ਸਿੰਘ ਨੇ ਦੱਸਿਆ ਕਿ ਉਥੇ ਜਾਣ 'ਤੇ ਉਸ ਦੀ ਪਤਨੀ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਅਤੇ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ, ਜਿਸ ਕਾਰਨ ਉਸ ਦੀ ਪਤਨੀ ਦੀ ਇਕ ਪ੍ਰਾਈਵੇਟ ਹਸਪਤਾਲ ਵਿਚ ਮੌਤ ਹੋ ਗਈ। ਪੀੜ੍ਹਤ ਪਰਿਵਾਰ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਸਿਵਲ ਸਰਜਨ ਡਾ: ਕਰਨਜੀਤ ਸਿੰਘ ਨੇ ਕਿਹਾ ਕਿ ਇਸ ਮਹਿਲਾ ਦੇ ਖੂਨ ਵਿਚ ਸੈੱਲ ਖਤਮ ਹੋ ਚੁੱਕੇ ਸਨ, ਜਿਸ ਕਾਰਨ ਉਸਦੇ ਸਰੀਰ ਵਿਚੋਂ ਖੂਨ ਨਹੀਂ ਰੁਕ ਰਿਹਾ ਸੀ, ਉਨ੍ਹਾਂ ਨੇ ਡਾਕਟਰਾਂ ਦੀ ਲਾਪਰਵਾਹੀ ਹੋਣ ਤੋਂ ਸਿੱਧੇ ਤੌਰ 'ਤੇ ਇਨਕਾਰ ਕੀਤਾ ਹੈ।

ਸਿਹਤ ਘੁਟਾਲੇ ਸਬੰਧੀ ਦੂਸਰੇ ਦਿਨ ਵੀ ਯੂ.ਪੀ. 'ਚ ਛਾਪੇ

ਲਖਨਊ, 25 ਫਰਵਰੀ-ਉੱਤਰ ਪ੍ਰਦੇਸ਼ ਵਿਚ ਅੱਜ ਦੂਸਰੇ ਦਿਨ ਵੀ ਸੀ.ਬੀ.ਆਈ ਨੇ ਬਹੁ ਕਰੋੜੀ ਕੌਮੀ ਦਿਹਾਤੀ ਸਿਹਤ ਮਿਸ਼ਨ ਘੁਟਾਲੇ ਸਬੰਧੀ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਰਾਜ ਵਿਚ 23 ਸਥਾਨਾਂ 'ਤੇ ਛਾਪੇ ਮਾਰੇ ਤੇ ਤਲਾਸ਼ੀਆਂ ਲਈਆਂ। ਵਿਸ਼ੇਸ਼ ਤੌਰ 'ਤੇ ਮੁੱਖ ਮੈਡੀਕਲ ਅਫਸਰ ਤੇ ਵਧੀਕ ਸੀ.ਐਮ.ਓ ਦੇ ਦਫਤਰਾਂ ਤੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ ਗਈ। ਰਾਜਧਾਨੀ ਵਿਚ ਤਿੰਨ ਥਾਵਾਂ 'ਤੇ ਛਾਪੇ ਮਾਰੇ ਗਏ। ਡਾ ਆਰ .ਐਸ ਵਰਮਾ ਦੀ ਓਮ ਨਗਰ, ਡਾ ਐਸ.ਕੇ ਸ਼ਿਲੋਇਆ ਦੀ ਨਿਊ ਹੈਦਰਾਬਾਦ ਕਲੋਨੀ ਤੇ ਡਾ. ਹਰੀਸ਼ ਚੰਦਰ ਦੀ ਸਰੋਜਨੀਨਗਰ ਸਥਿੱਤ ਰਿਹਾਇਸ਼ 'ਤੇ ਛਾਪੇ ਮਾਰੇ ਗਏ। ਵਾਰਾਨਸੀ ਵਿਚ 4, ਗੋਰਖਪੁਰ , ਗੌਂਡਾ ਤੇ ਮੇਰਠ ਵਿਚ 2-2 ਥਾਵਾਂ ਦੀ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਭਰਿਆਚ, ਸ਼ਾਰਾਵਸਤੀ, ਕਾਨਪੁਰ, ਝਾਂਸੀ, ਗਾਜ਼ੀਆਬਾਦ, ਬਸਤੀ ਤੇ ਕਨੌਜ ਜਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਗਈ। ਬੀਤੇ ਦਿਨ ਵੀ ਸੀ.ਬੀ.ਆਈ ਵੱਲੋਂ ਸਿਹਤ ਵਿਭਾਗ ਦੇ ਅਫਸਰਾਂ ਅਤੇ ਦਵਾਈਆਂ ਤੇ ਸਰਜੀਕਲ ਸਾਜ ਸਮਾਨ ਸਪਲਾਈ ਕਰਨ ਵਾਲਿਆਂ ਦੇ ਲਖਨਊ, ਬਾਹਰੈਚ, ਮੇਰਠ, ਵਾਰਾਨਸੀ ਤੇ ਬਲੀਆ ਸਥਿੱਤ ਦਫਤਰਾਂ ਤੇ ਰਿਹਾਈਸ਼ੀ ਥਾਵਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ ਸਨ।

ਵਿਰਾਸਤੀ ਮੇਲੇ ਦਾ ਦੂਜਾ ਦਿਨ ਜਾਗੋ ਤੇ ਗਾਇਕਾਂ ਦੇ ਨਾਂਅ ਰਿਹਾ
ਬਠਿੰਡਾ.- 25 ਫਰਵਰੀ ૿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਯਾਦ ਨੂੰ ਸਮਰਪਿਤ ਵਿਰਾਸਤ ਮੇਲੇ ਦਾ ਦੂਸਰਾ ਦਿਨ ਵੀ ਪੂਰਾ ਜਾਹੋ-ਜਲਾਲ ਵਿਚ ਰਿਹਾ। ਵਿਰਾਸਤੀ ਜਲੂਸ ਦੀ ਸਮਾਪਤੀ ਉਪਰੰਤ ਵਿਰਾਸਤੀ ਪਿੰਡ ਜੈਪਾਲਗੜ੍ਹ (ਬਠਿੰਡਾ) ਵਿਖੇ ਸ਼ਾਮ ਨੂੰ ਮੇਲੇ ਦਾ ਰਸਮੀਂ ਉਦਘਾਟਨ ਸ਼੍ਰੀ ਕੇ.ਕੇ. ਯਾਦਵ, ਡਿਪਟੀ ਕਮਿਸ਼ਨਰ ਬਠਿੰਡਾ, ਸ਼੍ਰੀ ਐਸ.ਕੇ. ਅਗਰਵਾਲ ਜ਼ਿਲ੍ਹਾ ਸ਼ੈਸ਼ਨ ਜੱਜ ਅਤੇ ਸ਼੍ਰੀ ਐਲ.ਕੇ. ਨਈਅਰ ਇੰਨਕਮ ਟੈਕਸ ਕਮਿਸ਼ਨਰ ਮੁੰਬਈ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ: ਹਰਜੀਤ ਸਿੰਘ ਚੀਫ਼ ਜ਼ੁਡੀਸ਼ੀਅਲ ਮੈਜਿਸਟਰੇਟ ਬਠਿੰਡਾ, ਭਾਈ ਹਰਵਿੰਦਰ ਸਿੰਘ ਖਾਲਸਾ ਚੀਫ਼ ਆਰਗੇਨਾਈਜ਼ਰ ਫਾਉਂਡੇਸ਼ਨ, ਕੁੰਵਰਭੀਮ ਸਿੰਘ, ਕੇ.ਪੀ.ਐਸ. ਬਰਾੜ, ਰਜਿੰਦਰ ਸਿਘੰ ਆਈ.ਏ.ਐਸ., ਨਰਿੰਦਰਪਾਲ ਸਿੰਘ ਐਡਵੋਕੇਟ, ਚਮਕੌਰ ਸਿੰਘ ਮਾਨ ਮੀਡੀਆ ਕਮੇਟੀ ਮੈਂਬਰ, ਇੰਦਰਜੀਤ ਸਿੰਘ, ਡਾ: ਓਮ ਪ੍ਰਕਾਸ਼ ਸ਼ਰਮਾ, ਸੁਖਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਥਰਮਲ, ਬਲਜੀਤ ਸਿੰਘ ਬਰਾੜ, ਮਿੱਠੂ ਸਿੰਘ ਬਰਾੜ, ਡੀ. ਸੀ. ਸ਼ਰਮਾ ਆਦਿ ਕਮੇਟੀ ਮੈਂਬਰ ਹਾਜ਼ਰ ਸਨ।
ਸ਼ਾਮ ਨੂੰ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਬਠਿੰਡਾ ਤੋਂ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੀ ਰਿਹਾਇਸ਼ ਤੋਂ ਵੱਖੋ-ਵੱਖ ਦੋ ਜਾਗੋ ਕੱਢੀਆਂ ਗਈਆਂ। ਜੋਕਿ ਬਠਿੰਡਾ ਸ਼ਹਿਰ ਵਿਚੋਂ ਹੁੰਦੀ ਹੋਈਆਂ, ਦੇਰ ਰਾਤ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਪਹੁੰਚੀਆਂ। ਜਿੰਨ੍ਹਾਂ ਦੀ ਅਗਵਾਈ ਕ੍ਰਮਵਾਰ ਜਗਤਾਰ ਸਿੰਘ ਅਤੇ ਬੀਬੀ ਜਸਵੀਰ ਕੌਰ ਥਰਮਲ ਨੇ ਕੀਤੀ। ਰਾਤ ਨੂੰ ਲੋਕ ਗਾਇਕ ਰਾਜਾ ਸਿੱਧੂ-ਬੀਬੀ ਰਾਜਵਿੰਦਰ ਕੌਰ, ਕਨਵਰ ਮਾਨ ਅਤੇ ਬਿੱਕਾ ਮਨਿਹਾਰ ਨੇ ਆਪਣੀ ਕਲਾਂ ਦਾ ਬਹੁਤ ਹੀ ਖੂਬਸੂਰਤ ਢੰਗ ਨਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਮੀਡੀਆ ਕਮੇਟੀ ਮੈਂਬਰ ਦਲਜੀਤ ਸਿੰਘ ਕੜਵਲ, ਰਜਿੰਦਰ ਸਿੰਘ ਭਾਰੀ, ਡਿਪਟੀ ਮੇਅਰ ਬੀਬੀ ਗੁਰਮਿੰਦਰਪਾਲ ਕੌਰ ਮਾਂਗਟ ਨੇ ਵੀ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬੀ ਪਹਿਰਾਵੇ ਵਿਚ ਸਜੀਆਂ ਦੋ ਬੱਚੀਆਂ ਕੋਮਲਪ੍ਰੀਤ ਮਾਨ ਅਤੇ ਰੀਤ ਰੋਪੜ ਲੋਕਾਂ ਦੀ ਖਿੱਚ ਦਾ ਕੇਂਦਰ ਰਹੀਆਂ। ਮੀਡੀਆ ਕਮੇਟੀ ਦੇ ਮੈਂਬਰ ਚਮਕੌਰ ਸਿੰਘ ਮਾਨ ਤੇ ਦਲਜੀਤ ਸਿੰਘ ਕੜਵਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮੇਲੇ ਵਿਚ ਲੋਕਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਤੇ ਅੱਜ ਮੇਲੇ ਦੇ ਦੂਜੇ ਦਿਨ ਮਾਪਿਆਂ ਨੇ ਆਪਣਿਆਂ ਬੱਚਿਆ ਸਮੇਤ ਸ਼ਿਰਕਤ ਕੀਤੀ ਅਤੇ ਮੇਲੇ ਦੌਰਾਨ
ਪ੍ਰਦਰਸ਼ਿਤ ਪੁਰਾਤਨ ਲੋਕ ਕਲਾਵਾਂ, ਪੁਰਾਤਨ ਵਸਤੂਆਂ ਬਾਰੇ ਵਿਸਥਾਰ ਵਿਚ ਦਸਦਿਆਂ ਆਪ ਇੰਨ੍ਹਾਂ ਵਸਤੂਆਂ ਨਾਲ ਵਿਚਰਨ ਬਾਰੇ ਦੱਸਿਆ। ਮੇਲੇ ਵਿਚ 'ਚਿੱਬ ਕੱਢ ਬਾਬੇ' ਦੀ ਪ੍ਰਦਰਸ਼ਿਤ ਕੀਤੀ ਝਾਕੀ ਨੂੰ ਵੇਖਣ ਲਈ ਸਾਰਾ ਦਿਨ ਭੀੜ ਰਹੀ।

ਪਟਨਾ ਵਿਖੇ ਪੰਜਾਬ ਦੀਆਂ ਮੁਟਿਆਰਾਂ ਨਹਿਰੂ ਯੁਵਾ ਕੇਂਦਰ ਬਿਹਾਰ ਦੇ ਰਾਸ਼ਟਰਪਤੀ ਕੈਂਪ ਮੌਕੇ 'ਗਿੱਧਾ' ਪੇਸ਼ ਕਰਦੀਆਂ ਹੋਈਆਂ।

ਕੋਲਕਾਤਾ 'ਚ ਇਕ ਸਮਾਗਮ 'ਚ ਹਿੱਸਾ ਲੈਂਦੇ ਹੋਏ ਨੋਬਲ ਪੁਰਸਕਾਰ ਜੇਤੂ ਅਮ੍ਰਿਤਿਆ ਸੇਨ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਭਤੀਜੇ ਦੀ ਪਤਨੀ ਕ੍ਰਿਸ਼ਨਾ ਬੋਸ ਅਤੇ ਉਸ ਦਾ ਪੁੱਤਰ ਸੁਗਾਤਾ ਬੋਸ ਅਤੇ ਪ੍ਰਸਿੱਧ ਚਿੱਤਰਕਾਰ ਸੁਭਪਰਸਾਨਿਆ।
ਭਨਿਆਰੇ ਦੇ ਗੰਨਮੈਨਾਂ ਵੱਲੋਂ ਪਾਏ ਕੇਸ 'ਚੋਂ 7 ਬਰੀ
ਨੂਰਪੁਰ ਬੇਦੀ- 25 ਫਰਵਰੀ ૿ ਐੱਸ. ਡੀ. ਜੇ. ਐਮ. (ਸੀਨੀਅਰ ਡਵੀਜ਼ਨ) ਅਨੰਦਪੁਰ ਸਾਹਿਬ ਦੀ ਅਦਾਲਤ ਨੇ ਬਹੁ-ਚਰਚਿਤ ਪਿਆਰਾ ਸਿੰਘ ਭਨਿਆਰਾ ਦੇ ਤਤਕਾਲੀ ਗੰਨਮੈਨਾਂ ਵੱਲੋਂ 2002 ਵਿਚੇ ਇਸ ਖੇਤਰ ਦੇ 7 ਵਿਅਕਤੀਆਂ ਖ਼ਿਲਾਫ਼ ਕੀਤੇ ਗਏ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਸਾਰਿਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਵਰਨਣਯੋਗ ਹੈ ਕਿ 11 ਦਸੰਬਰ 1999 ਨੂੰ ਖੇਤਰ ਦੇ ਅੱਡਾ ਬੈਂਸਾਂ ਵਿਚ ਪਿਆਰਾ ਸਿੰਘ ਭਨਿਆਰਾ ਤੇ ਉਸ ਦੇ ਗੰਨਮੈਨਾਂ ਵੱਲੋਂ ਡਾ: ਕਮਲਜੀਤ ਸਿੰਘ ਅਤੇ ਦਰਸ਼ਨ ਸਿੰਘ ਨਾਮੀ ਵਿਅਕਤੀਆਂ ਦੀ ਕੀਤੀ ਕੁੱਟਮਾਰ ਅਤੇ ਅਗਵਾ ਦੇ ਚਰਚਿਤ ਕੇਸ ਦੀ ਕੜੀ ਨਾਲ ਉਕਤ ਪੱਖ ਨੂੰ ਜੋੜਦਿਆਂ 2002 ਵਿਚ ਇਕ ਵੱਖਰੇ ਬਿਆਨ ਰਾਹੀਂ ਉਸ ਦੇ ਗੰਨਮੈਨਾਂ ਹੌਲਦਾਰ ਹਰਜਿੰਦਰ ਸਿੰਘ ਤੇ ਕਾਂਸਟੇਬਲ ਲਛਮਣ ਦਾਸ ਵੱਲੋਂ 7 ਵਿਅਕਤੀਆਂ, ਡਾ: ਕਮਲਜੀਤ ਸਿੰਘ, ਕਾਮਰੇਡ ਮੋਹਣ ਸਿੰਘ ਧਮਾਣਾ, ਦਰਸ਼ਨ ਸਿੰਘ ਭਾਉਵਾਲ, ਕਾਮਰੇਡ ਦਵਿੰਦਰ ਸਰਥਲੀ, ਰਾਣਾ ਐਂਚਲ ਸਿੰਘ, ਨੰਬਰਦਾਰ ਕਰਨ ਸਿੰਘ ਤੇ ਸੰਤੋਖ ਸਿੰਘ ਦੇ ਖ਼ਿਲਾਫ਼ ਵਰਦੀਆਂ ਪਾੜਨ, ਕੁੱਟਮਾਰ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਵਿਘਨ ਪਾਉਣ ਦੇ ਦੋਸ਼ ਲਗਾਏ ਸਨ। ਜਿਸ ਤਹਿਤ ਉਕਤ ਸੱਤਾਂ ਵਿਰੁੱਧ ਧਾਰਾ 353, 323, 506, 148 ਤੇ 149 ਕੇਸ ਦਰਜ ਕਰਵਾਇਆ ਸੀ। ਮਾਨਯੋਗ ਜੱਜ ਸ੍ਰੀ ਕੇਵਲ ਕ੍ਰਿਸ਼ਨ ਨੇ ਕੇਸ ਨੂੰ ਝੂਠਾ ਦੱਸਦਿਆਂ ਉਕਤ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਵਰਦੀਆਂ ਪਾੜਨ, ਕੁੱਟਮਾਰ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਵਿਘਨ ਪਾਉਣ ਦੇ ਦੋਸ਼ ਲਗਾਏ ਸਨ। ਜਿਸ ਤਹਿਤ ਉਕਤ ਸੱਤਾਂ ਵਿਰੁੱਧ ਧਾਰਾ 353, 323, 506, 148 ਤੇ 149 ਕੇਸ ਦਰਜ ਕਰਵਾਇਆ ਸੀ। ਮਾਨਯੋਗ ਜੱਜ ਸ੍ਰੀ ਕੇਵਲ ਕ੍ਰਿਸ਼ਨ ਨੇ ਕੇਸ ਨੂੰ ਝੂਠਾ ਦੱਸਦਿਆਂ ਉਕਤ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ।
ਔਰਤ ਅਜੇ ਵੀ ਮਜਬੂਰ ਹੈ ਪਤੀ ਦੀ ਕੁੱਟਮਾਰ ਸਹਿਣ ਲਈ
ਸ੍ਰੀ ਮੁਕਤਸਰ ਸਾਹਿਬ. 25 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਪੰਜਾਬ ਵਿਚ ਵੱਡੀ ਗਿਣਤੀ 'ਚ ਔਰਤਾਂ ਦੀ ਉਨ੍ਹਾਂ ਦੇ ਪਤੀਆਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ। ਜਿੱਥੇ ਅਨਪੜ੍ਹ ਔਰਤਾਂ ਇਹ ਜ਼ੁਲਮ ਸਹਿ ਰਹੀਆਂ ਹਨ, ਉੱਥੇ ਪੜ੍ਹੀਆਂ-ਲਿਖੀਆਂ, ਨੌਕਰੀ ਕਰਦੀਆਂ ਅਤੇ ਰਾਜਨੀਤਿਕ ਖੇਤਰ ਵਿਚ ਆਈਆਂ ਕਈ ਔਰਤਾਂ ਵੀ ਆਪਣੇ ਪਤੀਆਂ ਦੀ ਕੁੱਟਮਾਰ ਦਾ ਸ਼ਿਕਾਰ ਹਨ। ਪੜ੍ਹ-ਲਿਖ ਕੇ ਵੀ ਕਈ ਔਰਤਾਂ ਗ਼ੁਲਾਮਾਂ ਵਾਲੀ ਜ਼ਿੰਦਗੀ ਜੀਅ ਰਹੀਆਂ ਹਨ। ਪੁਲਿਸ ਵਿਭਾਗ ਵੱਲੋਂ ਚਲਾਏ ਜਾ ਰਹੇ 'ਵੁਮੈਨ ਸੈੱਲ' ਜ਼ਿਲ੍ਹਾ ਮੁਕਤਸਰ ਦੇ ਮੈਂਬਰ ਅਤੇ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਪੰਜਾਬ ਦੇ ਸੂਬਾ ਕਨਵੀਨਰ ਡਾ: ਨਰੇਸ਼ ਪਰੂਥੀ ਨੇ ਦੱਸਿਆ ਕਿ ਆਪਣੇ ਪਤੀਆਂ ਤੋਂ ਤੰਗ ਪ੍ਰੇਸ਼ਾਨ ਸੈਂਕੜੇ ਔਰਤਾਂ ਇਨਸਾਫ਼ ਤੇ ਹੱਕ ਲੈਣ ਲਈ ਪੁਲਿਸ ਦਾ ਸਹਾਰਾ ਲੈ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਬਣਾਏ ਗਏ ਵੁਮੈਨ ਸੈਲਾਂ ਵਿਚ ਹਰ ਸਾਲ 6 ਹਜ਼ਾਰ ਦੇ ਕਰੀਬ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਪੁਲਿਸ ਥਾਣਿਆਂ ਵਿਚ ਮਾਮਲੇ ਵੱਖਰੇ  ਜਾਂਦੇ ਹਨ, ਜਦਕਿ ਪੰਚਾਇਤੀ ਤੌਰ 'ਤੇ ਹੋਣ ਵਾਲੇ ਰਾਜ਼ੀਨਾਮੇ ਵੀ ਇਸ ਤੋਂ ਅਲੱਗ ਹਨ। ਜੋ ਵੇਰਵੇ ਮਿਲ ਰਹੇ ਹਨ ਉਨ੍ਹਾਂ ਅਨੁਸਾਰ ਪਤੀ-ਪਤਨੀਆਂ ਦੇ ਝਗੜਿਆ ਕਾਰਨ ਅਨੇਕਾਂ ਘਰ ਟੁੱਟ ਚੁੱਕੇ ਹਨ ਅਤੇ ਟੁੱਟ ਰਹੇ ਹਨ। ਨਿੱਕੇ-ਨਿੱਕੇ ਝਗੜਿਆਂ ਤੋਂ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ ਅਤੇ ਅਜਿਹੇ ਜੋੜਿਆਂ ਦੇ ਬੱਚਿਆਂ ਦਾ ਭਵਿੱਖ ਵੀ ਕਈ ਵਾਰ ਖਰਾਬ ਹੋ ਜਾਂਦਾ ਹੈ। ਭਾਵੇਂ ਪੰਜਾਬ ਵਿਚ ਔਰਤਾਂ ਦੇ ਹੱਕਾਂ ਲਈ ਕਈ ਔਰਤਾਂ ਦੀਆਂ ਜਥੇਬੰਦੀਆਂ ਬਣੀਆਂ ਹੋਈਆਂ ਹਨ ਅਤੇ ਉਹ ਦੁਖੀ ਔਰਤ ਦੇ ਨਾਲ ਖੜ੍ਹਦੀਆਂ ਵੀ ਹਨ, ਪਰ ਇਸ ਦੇ ਬਾਵਜੂਦ ਵੀ ਸੈਂਕੜੇ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀਆਂ ਵੱਲੋਂ ਘਰ ਅੰਦਰ ਹੀ ਕੁੱਟਿਆ ਮਾਰਿਆ ਜਾਂਦਾ ਹੈ ਅਤੇ ਉਹ ਵਿਚਾਰੀਆਂ ਡਰਦੀਆਂ ਬਾਹਰ ਕਿਸੇ ਕੋਲ ਗੱਲ ਵੀ ਨਹੀਂ ਕਰ ਸਕਦੀਆਂ ਅਤੇ ਅੰਦਰੇ-ਅੰਦਰ ਹੀ ਗਿੱਲੇ ਗੋਹੇ ਵਾਂਗ ਧੁਖਣ ਲਈ ਮਜਬੂਰ ਹਨ।

ਮਾਮਲਾ ਖਾੜਕੂ ਸਵਰਨ ਸਿੰਘ ਦੀ ਮੌਤ ਦਾ
ਪੁਲਿਸ ਅਧਿਕਾਰੀਆਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ

ਗੁਰਦਾਸਪੁਰ. - 25 ਫਰਵਰੀ ૿ ਪੰਜਾਬ ਅੰਦਰ ਖਾੜਕੂਵਾਦ ਦੇ ਦਿਨਾਂ ਦੌਰਾਨ ਕਰੀਬ 20 ਸਾਲ ਪਹਿਲਾਂ 1993 ਵਿਚ ਇਸ ਜ਼ਿਲ੍ਹੇ ਦੇ ਪਿੰਡ ਲਾਧੂਪੁਰ ਦੇ ਇਕ ਨੌਜਵਾਨ ਸਵਰਨ ਸਿੰਘ ਨੂੰ ਪਿੰਡ ਦੇ ਮੋਬਤਬਰਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਦੇ ਹਵਾਲੇ ਕਰਨ ਤੋਂ ਅਗਲੇ ਦਿਨ ਹੀ ਪੁਲਿਸ ਹਿਰਾਸਤ ਵਿਚੋਂ ਭਗੌੜਾ ਕਰਾਰ ਦੇ ਕੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਕਥਿਤ ਦੋਸ਼ਾਂ ਵਿਚ ਸ਼ਾਮਿਲ ਤਿੰਨ ਪੁਲਿਸ ਅਧਿਕਾਰੀਆਂ ਦੀਆਂ ਜ਼ਮਾਨਤਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸ੍ਰੀਮਤੀ ਹਰਵੀਨ ਭਾਰਦਵਾਜ ਵਧੀਕ ਸੈਸ਼ਨ ਜੱਜ ਗੁਰਦਾਸਪੁਰ ਦੀ ਅਦਾਲਤ ਨੇ ਥਾਣਾ ਦੋਰਾਂਗਲਾ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਮਲਕੀਤ ਸਿੰਘ, ਕਾਹਨੂੰਵਾਨ ਥਾਣੇ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਕਰਮਜੀਤ ਸਿੰਘ ਅਤੇ ਉਸ ਸਮੇਂ ਸੀ. ਏ. ਸਟਾਫ਼ ਗੁਰਦਾਸਪੁਰ ਦੇ ਇੰਚਾਰਜ ਸਬ ਇੰਸਪੈਕਟਰ ਮਹਿੰਦਰ ਸਿੰਘ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰਨ ਸਮੇਂ ਕਿਹਾ ਹੈ ਕਿ ਦੋਸ਼ੀਆਂ ਵੱਲੋਂ ਕੀਤਾ ਗਿਆ ਜੁਰਮ ਬਹੁਤ ਹੀ ਗੰਭੀਰ ਕਿਸਮ ਦਾ ਹੈ। ਜ਼ਿਕਰਯੋਗ ਹੈ ਕਿ ਪੁਲਿਸ ਦੀਆਂ ਨਜ਼ਰਾਂ ਵਿਚ ਖਾੜਕੂ ਰਹੇ ਸਰਵਨ ਸਿੰਘ ਦੀ ਪਤਨੀ ਰਵਿੰਦਰ ਕੌਰ ਵੱਲੋਂ ਉਕਤ ਪੁਲਿਸ ਅਧਿਕਾਰੀਆਂ ਖਿਲਾਫ਼ ਕਤਲ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਸਬੰਧ ਵਿਚਸ਼ਿਕਾਇਤ ਮਾਨਯੋਗ ਅਦਾਲਤ ਕੋਲ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪਤੀ ਨੂੰ ਪੁਲਿਸ ਵੱਲੋਂ ਮਾਰ ਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਸੀ।ੲਸ ਦੇ ਬਾਅਦ 31-12-1992 ਨੂੰ ਉਕਤ ਖਾੜਕੂ ਦੇ ਪਿਤਾ ਗੁਰਚਰਨ ਸਿੰਘ, ਭਰਾ ਬਖਤਾਵਰ ਸਿੰਘ,ਪਿੰਡ ਲਾਧੂਪੁਰ ਦੇ ਸਰਪੰਚ ਰਘਬੀਰ ਸਿੰਘ ਅਤੇ ਮੈਂਬਰ ਪੰਚਾਇਤ ਰਤਨ ਸਿੰਘ ਵੱਲੋਂ ਸਰਵਨ ਸਿੰਘ ਨੂੰ ਉਸ ਸਮੇਂ ਸਰਹੱਦੀ ਰੇਂਜ ਅੰਮ੍ਰਿਤਸਰ ਦੇ ਡੀ. ਆਈ. ਜੀ. ਡੀ. ਆਰ. ਭੱਟੀ ਦੇ ਦਫ਼ਤਰ ਵਿਚ 31 ਦਸੰਬਰ, 1992 ਨੂੰ ਪੇਸ਼ ਕੀਤਾ ਗਿਆ ਸੀ। ਸਰਵਨ ਸਿੰਘ ਦੇ ਦਿੱਲੀ ਪੁਲਿਸ ਵਿਚੋਂ ਸੇਵਾ ਮੁੱਕਤ ਭਰਾ ਬਖਤਾਵਰ ਸਿੰਘ ਨੇ ਦੱਸਿਆ ਕਿ 1 ਜਨਵਰੀ, 1993 ਨੂੰ ਥਾਣਾ ਗੁਰਦਾਸਪੁਰ ਵਿਖੇ ਸ਼ਾਮ ਦੇ 6.30 ਵਜੇ ਤੱਕ ਸਵਰਨ ਸਿੰਘ ਹਵਾਲਾਤ ਵਿਚ ਬੰਦ ਸੀ ਤੇ ਥੋੜ੍ਹੀ ਦੇਰ ਬਾਅਦ ਥਾਣੇਦਾਰ ਕਰਮਜੀਤ ਸਿੰਘ, ਥਾਣੇਦਾਰ ਮਲਕੀਤ ਸਿੰਘ ਅਤੇ ਥਾਣੇਦਾਰ ਮਹਿੰਦਰ ਸਿੰਘ ਉਸ ਨੂੰ ਸੀ. ਆਈ. ਏ. ਸਟਾਫ ਲੈ ਗਏ। ਉਥੇ ਉਸ 'ਤੇ ਬਹੁਤ ਤਸ਼ੱਦਦ ਕੀਤਾ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਉਸ ਦੇ ਭਰਾ ਦੀ ਲਾਸ਼ ਨੂੰ ਇਕ ਗੱਡੀ ਵਿਚ ਸੁੱਟ ਕੇ ਉਥੋਂ ਲੈ ਗਈ। ਪਰ ਪੁਲਿਸ ਨੇ ਕਹਾਣੀ ਘੜ ਲਈ ਕਿ ਉਹ ਉਸ ਨੂੰ ਹਥਿਆਰਾਂ ਦੀ ਰਿਕਵਰੀ ਵਾਸਤੇ ਲਿਜਾ ਰਹੀ ਸੀ ਕਿ ਦੋਰਾਂਗਲਾ ਥਾਣੇ ਅੰਦਰ ਨੌਮਨੀ ਨਾਲੇ ਕੋਲ ਖਾੜਕੂਆਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਅਤੇ ਖਾੜਕੂ ਸਵਰਨ ਸਿੰਘ ਫਰਾਰ ਹੋ ਗਿਆ। ਸਰਵਨ ਸਿੰਘ ਦੀ ਪਤਨੀ ਵੱਲੋਂ 2006 ਵਿਚ ਗੁਰਦਾਸਪੁਰ ਦੀ ਅਦਾਲਤ ਵਿਚ ਉਕਤ ਪੁਲਿਸ ਅਧਿਕਾਰੀਆਂ ਖਿਲਾਫ਼ ਫੌਜਦਾਰੀ ਕੇਸ ਕਰ ਦਿੱਤਾ ਸੀ। ਅਦਾਲਤ ਵੱਲੋਂ 22 ਸਤੰਬਰ, 2011 ਨੂੰ ਉਕਤ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਵਿਚ ਪੇਸ਼ ਹੋਣ ਵਾਸਤੇ ਸੰਮਨ ਭੇਜੇ ਸਨ, ਪਰ ਉਹ ਸੰਮਨਾਂ ਦੀ ਤਾਮੀਲ ਨਹੀਂ ਕਰ ਰਹੇ ਸਨ। 24 ਜਨਵਰੀ, 2012 ਨੂੰ ਸ੍ਰੀਮਤੀ ਹਰਵੀਨ ਭਾਰਦਵਾਜ ਵਧੀਕ ਸੈਸ਼ਨ ਜੱਜ ਗੁਰਦਾਸਪੁਰ ਦੀ ਅਦਾਲਤ ਵੱਲੋਂ ਉਕਤ ਥਾਣੇਦਾਰਾਂ ਨੂੰ ਗ੍ਰਿਫਤਾਰ ਕਰਨ ਲਈ ਵਰੰਟ ਕੱਢੇ ਗੲ ਸਨ।

14ਵੀਂ ਵਿਧਾਨ ਸਭਾ 'ਚ ਗਠਜੋੜ ਦੀ ਸਰਕਾਰ ਬਣੇਗੀ-ਬਾਦਲ

ਅਨੰਦਪੁਰ ਸਾਹਿਬ- 25 ਫਰਵਰੀ ૿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਅਤੇ ਕੁਝ ਸਮਾਂ ਸ਼ਬਦ ਕੀਰਤਨ ਵੀ ਸੁਣਿਆ। ਅਕਾਲ ਪੁਰਖ ਵੱਲੋਂ ਉਨ੍ਹਾਂ ਨੂੰ ਬਖਸ਼ੀ ਸੇਵਾ ਲਈ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸੁਰਜੀਤ ਸਿੰਘ ਰੱਖੜਾ, ਦਲਜੀਤ ਸਿੰਘ ਚੀਮਾ, ਗੁਰਮੋਹਨ ਸਿੰਘ ਵਾਲੀਆ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ, ਠੇਕੇਦਾਰ ਗੁਰਨਾਮ ਸਿੰਘ ਹਾਜਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਸੰਖੇਪ ਜਿਹੀ ਗੱਲਬਾਤ ਦੌਰਾਨ ਚੋਣ ਉਪਰੰਤ ਬਣਨ ਵਾਲੀ ਸਥਿਤੀ ਸਬੰਧੀ ਗੱਲ ਕਰਦਿਆਂ ਸ: ਬਾਦਲ ਨੇ ਕਿਹਾ ਹੈ ਕਿ 14ਵੀਂ ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਬਣੇਗੀ। ਭਾਜਪਾ ਆਗੂਆਂ ਵੱਲੋਂ ਚੋਣ ਨਤੀਜਿਆਂ ਸਬੰਧੀ ਕੀਤੀਆਂ ਟਿੱਪਣੀਆਂ ਸਬੰਧੀ ਕੋਈ ਜਵਾਬ ਦੇਣ ਤੋਂ ਨਾ ਕਰਦਿਆਂ ਕਿਹਾ ਹੈ ਕਿ ਇਸ ਸਬੰਧੀ ਭਾਜਪਾ ਆਗੂ ਹੀ ਕੁਝ ਦੱਸ ਸਕਦੇ ਹਨ। ਲੰਗੜੀ ਵਿਧਾਨ ਸਭਾ ਹੋਂਦ 'ਚ ਆਉਣ 'ਤੇ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਲੈਣ ਸਬੰਧੀ ਪ੍ਰਸ਼ਨ ਦਾ ਉੱਤਰ ਦਿੰਦਿਆਂ ਉਨ੍ਹਾਂ ਕਿਹਾ ਹੈ ਕਿ ਅਜਿਹੀ ਸਥਿਤੀ ਪੈਦਾ ਹੋਣ 'ਤੇ ਪਾਰਟੀ ਹਾਈਕਮਾਨ ਜੋ ਫ਼ਾਸਲੇ ਕਰੇਗੀ ਉਸੇ ਅਨੁਸਾਰ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਵੱਲੋਂ ਸ: ਬਾਦਲ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਸਨਮਾਨ ਵਜੋਂ ਭੇਟ ਕੀਤੇ। ਉਪਰੰਤ ਸ: ਬਾਦਲ ਨੇ ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ ਦਾ ਦੌਰਾ ਕੀਤਾ ਅਤੇ ਇਥੋਂ ਦੀ ਨਾਮਵਰ ਸਿੱਖਿਆ ਸੰਸਥਾ ਸ੍ਰੀ ਦਸਮੇਸ਼ ਅਕੈਡਮੀ ਦੇ ਟਰੱਸਟ ਦੀ ਅਕੈਡਮੀ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੁੱਚਾ ਸਿੰਘ ਮਸਤ ਏ. ਡੀ. ਸੀ. ਰੂਪਨਗਰ, ਜਤਿੰਦਰ ਸਿੰਘ ਔਲਖ ਐੱਸ. ਐੱਸ. ਪੀ. ਰੂਪਨਗਰ, ਸ਼ਵਿੰਦਰਪਾਲ ਸਿੰਘ ਬੈਂਸ ਐੱਸ. ਪੀ. (ਡੀ), ਮੈਡਮ ਹਰਗੁਣਜੀਤ ਕੌਰ ਐੱਸ. ਡੀ. ਐੱਮ. ਅਨੰਦਪੁਰ ਸਾਹਿਬ, ਹਰਪ੍ਰੀਤ ਸਿੰਘ ਮੰਡੇਰ ਉਪ ਪੁਲਿਸ ਕਪਤਾਨ, ਰਜਨ ਸਿੰਘ ਨਾਇਬ ਤਹਿਸੀਲਦਾਰ, ਹਰਮਨੋਹਰ ਸਿੰਘ, ਰਣਬੀਰ ਸਿੰਘ ਕਲੋਤਾ ਵਧੀਕ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੁਖਵਿੰਦਰ ਸਿੰਘ, ਗੁਰਮੁੱਖ ਸਿੰਘ, ਅਕਾਲੀ ਆਗੂ ਮਨਜੀਤ ਸਿੰਘ ਬਾਸੋਵਾਲ ਆਦਿ ਤੋਂ ਇਲਾਵਾ ਹੋਰ ਕਈ ਅਕਾਲੀ ਆਗੂ ਹਾਜ਼ਰ ਸਨ।

ਬਾਈਕ ਐਕਸਪੋ ਦੇ ਦੂਜੇ ਦਿਨ ਨਾਮਵਰ ਸ਼ਖਸੀਅਤਾਂ ਨੇ ਪਾਈ ਫੇਰੀ


ਲੁਧਿਆਣਾ, 25 ਫਰਵਰੀ-ਬਾਈਕ ਐਕਸਪੋ-2012 ਪ੍ਰਦਰਸ਼ਨੀ ਦੇ ਦੂਜੇ ਦਿਨ ਵੱਖ-ਵੱਖ ਸਾਈਕਲ ਕੰਪਨੀਆਂ ਵੱਲੋਂ ਪ੍ਰਦਰਸ਼ਨ ਕੀਤੇ ਸਾਈਕਲਾਂ ਦੇ ਨਵੀਨ ਮਾਡਲ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਹੀਰੋ ਸਾਈਕਲਜ਼, ਏਵਨ ਸਾਈਕਲਜ਼, ਹਾਈ ਬਰਡ ਸਾਈਕਲਜ਼, ਐੱਸ. ਕੇ. ਬਾਈਕ, ਨੀਲਮ ਸਾਈਕਲਜ਼, ਲੀਡਰਜ਼ ਐੱਲ. ਏ ਸਮੇਤ ਇਕ ਦਰਜਨ ਤੋਂ ਵਧੇਰੇ ਸਾਈਕਲ ਕੰਪਨੀਆਂ ਵੱਲੋਂ ਤਿਆਰ ਸਾਈਕਲਜ਼ ਅਤੇ ਰਿਕਸ਼ਾ ਮਿਆਰ ਪੱਖੋਂ ਉਚ ਗੁਣਵਤਾ ਦਾ ਪ੍ਰਗਟਾਵਾ ਕਰ ਰਹੇ ਹਨ। ਅੱਜ ਪ੍ਰਦਰਸ਼ਨੀ ਵਿਚ ਜਥੇਦਾਰ ਹੀਰਾ ਸਿੰਘ ਗਾਬੜੀਆ, ਨਗਰ ਨਿਗਮ ਦੇ ਮੇਅਰ ਸ: ਹਾਕਮ ਸਿੰਘ ਗਿਆਸਪੁਰਾ, ਨਗਰ ਨਿਗਮ ਦੇ ਕਮਿਸ਼ਨਰ ਸ: ਐੱਮ. ਐੱਸ. ਜੱਗੀ, ਜਲੰਧਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀ ਬੀ. ਕੇ. ਗੁਪਤਾ, ਸੀਨੀਅਰ ਕੌਂਸਲਰ ਅਤੇ ਵਿਤ ਠੇਕਾ ਕਮੇਟੀ ਦੇ ਮੈਂਬਰ ਸ: ਪਾਲ ਸਿੰਘ ਗਰੇਵਾਲ ਸਮੇਤ ਪਤਵੰਤਿਆਂ ਨੇ ਸਾਈਕਲ ਪ੍ਰਦਰਸ਼ਨੀ ਨੂੰ ਵੇਖਿਆ। ਉਨ੍ਹਾਂ ਨਾਲ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਡਾਇਰੈਕਟਰ ਸ: ਮਨਜੀਤ ਸਿੰਘ ਖਾਲਸਾ, ਪ੍ਰਧਾਨ ਸ: ਗੁਰਮੀਤ ਸਿੰਘ ਕੁਲਾਰ, ਜਨਰਲ ਸਕੱਤਰ ਸ: ਸੁਰਿੰਦਰ ਸਿੰਘ ਚੌਹਾਨ ਵੀ ਮੌਜੂਦ ਸਨ। ਇਸ ਮੌਕੇ ਜਥੇਦਾਰ ਗਾਬੜੀਆ ਨੇ ਸਾਈਕਲ ਸਨਅਤ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਈਕਲ ਸਨਅਤ ਜੋ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ ਵਾਤਾਵਰਣ ਲਈ ਵੀ ਲਾਹੇਵੰਦ ਹੈ। ਸ: ਹਾਕਮ ਸਿੰਘ ਗਿਆਸਪੁਰਾ ਮੇਅਰ ਨਗਰ ਨਿਗਮ ਨੇ ਸਾਈਕਲ ਪ੍ਰਦਰਸ਼ਨੀ ਵੇਖਣ ਉਪਰੰਤ ਕਿਹਾ ਕਿ ਲੁਧਿਆਣਾ ਦੀ ਸਾਈਕਲ ਸਨਅਤ ਨੇ ਦੁਨੀਆਂ ਭਰ ਵਿਚ ਆਪਣੇ ਉਤਪਾਦਾਂ ਸਦਕਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਨਗਰ ਨਿਗਮ ਦੇ ਕਮਿਸ਼ਨਰ ਸ: ਐੱਮ. ਐੱਸ. ਜੱਗੀ ਨੇ ਸਾਈਕਲ ਪ੍ਰਦਰਸ਼ਨੀ ਵਿਚ ਪੁੱਜ ਕੇ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਆਪ ਵੀ ਸਾਈਕਲ ਚਲਾ ਕੇ ਲੋਕਾਂ ਨੂੰ ਵਾਤਾਵਰਣ ਸ਼ੁਧ ਕਰਨ ਦਾ ਸੁਨੇਹਾ ਦਿੱਤਾ। ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ: ਜੋਗਾ ਸਿੰਘ ਦਿਉਲ ਨੇ ਫੋਕਲ ਪੁਆਇੰਟ ਦੇ ਸਨਅਤਕਾਰਾਂ ਨਾਲ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਦੀ ਸਾਈਕਲ ਸਨਅਤ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਆਮ ਲੋਕਾਂ ਵਿਚ ਸਾਈਕਲ ਚਲਾਉਣ ਦੇ ਰੁਝਾਣ ਵਿਚ ਵਾਧਾ ਹੋਵੇਗਾ। ਸਾਈਕਲ ਨਾਲ ਸਟੰਟ ਕਰਨ ਵਾਲਿਆਂ ਨੇ ਐਕਸਪੋ 'ਚ ਪਹੁੰਚੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਸੰਤ ਪਰਮਜੀਤ ਸਿੰਘ ਸੇਵਾ ਸਿਮਰਨ ਅਤੇ ਸਿੱਖ ਧਰਮ
ਦੇ ਅਣਮੋਲ ਹੀਰਾ ਸਨ-ਗਿਆਨੀ ਗੁਰਬਚਨ ਸਿੰਘ


ਮਾਹਿਲਪੁਰ, 25 ਫਰਵਰੀ - ਸੰਤ ਪਰਮਜੀਤ ਸਿੰਘ ਬੁੰਗਾ ਵਾਲਿਆਂ ਦੇ ਨਮਿਤ ਅੰਤਿਮ ਅਰਦਾਸ ਮੌਕੇ ਅੱਜ ਸਿੱਖ ਪੰਥ ਦੀਆਂ ਅਤੇ ਧਾਰਮਿਕ, ਰਾਜਨੀਤਿਕ ਅਤੇ ਵੱਖ ਵੱਖ ਜੱਥੇਬੰਦੀਆਂ ਦੀਆਂ ਸਿਰਮੌਰ ਹਸਤੀਆਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਪਹਿਲਾਂ ਖੁੱਲੇ ਮੈਦਾਨ ਵਿਚ ਸਜਾਏ ਦੀਵਾਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਪੰਥ ਪ੍ਰਸਿੱਧ ਕੀਤਰਨੀ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇ. ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਨੇ ਕਿਹਾ ਕਿ ਸੰਤ ਪਰਮਜੀਤ ਸਿੰਘ ਬੁੰਗੇ ਵਾਲੇ ਸਿੱਖ ਪੰਥ ਦੀ ਸਿਰਮੌਰ ਹਸਤੀ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸੇਵਾ ਸਿਮਰਨ ਅਤੇ ਸਿੱਖ ਧਰਮ ਦੇ ਵਿਕਾਸ ਵਿਚ ਹੀ ਬਤੀਤ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਸ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸਿੱਖ ਧਰਮ ਵਿਚ ਥੋੜ੍ਹੇ ਸਮੇਂ ਤੋਂ ਫ਼ੈਲੀਆਂ ਮੰਹਿਗੀਆਂ ਰਸਮਾਂ ਅਤੇ ਕੁਰੀਤੀਆਂ ਨੇ ਸਿੱਖ ਧਰਮ ਅਤੇ ਪੰਜਾਬੀ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ ਜਿਸ ਤੋਂ ਬਚਣ ਦੀ ਲੋੜ ਹੈ। ਇਸ ਮੌਕੇ ਸੰਤ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਨੇ ਕਿਹਾ ਕਿ ਸੰਤ ਪਰਮਜੀਤ ਸਿੰਘ ਨੇ ਟਕਸਾਲ ਵਿਚ ਵੀ ਰਹਿ ਕੇ ਸੰਤ ਸਮਾਜ ਦੀ ਏਕਤਾ ਲਈ ਹਮੇਸ਼ਾ ਹੀ ਨਿੱਗਰ ਕੋਸ਼ਿਸ਼ਾਂ ਕੀਤੀਆਂ ਸਨ। ਇਸ ਮੌਕੇ ਭਾਈ ਰਾਜੇਸ਼ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਗਤਾਰ ਸਿੰਘ ਸ੍ਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਬਲਦੀਪ ਸਿੰਘ ਡੇਰਾ ਭਾਈ ਜਵਾਲਾ ਸਿੰਘ ਦਿੱਲੀ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਦੌਰਾਨ ਗਿਆਨੀ ਤਰਲੋਚਨ ਸਿੰਘ ਸਿੰਘ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਇਕਬਾਲ ਸਿੰਘ ਸਿੰਘ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ, ਹੈੱਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਸ੍ਰੀ ਹਜ਼ੂਰ ਸਾਹਿਬ, ਸੰਤ ਸਰਬਜੋਤ ਸਿੰਘ ਬੇਦੀ ਅੰਸ਼ ਬੰਸ਼ ਗੁਰੂ ਨਾਨਕ ਦੇਵ ਜੀ ਊਨਾ ਸਾਹਿਬ, ਗਿਆਨੀ ਜਸਵੀਰ ਸਿੰਘ ਰੋਡੇ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ, ਜੱਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਸੰਤ ਲਖਵੀਰ ਸਿੰਘ ਬਲੌਂਗੀ ਵਾਲੇ, ਸੰਤ ਦਇਆ ਸਿੰਘ ਦਲ ਬਾਬਾ ਵਿਧੀ ਚੰਦ, ਸੰਤ ਧਰਮ ਸਿੰਘ ਦਮਦਮੀ ਟਕਸਾਲ, ਸੰਤ ਭਾਗ ਸਿੰਘ ਪ੍ਰਧਾਨ ਦੁਆਬਾ ਨਿਰਮਲ ਮੰਡਲ, ਸੰਤ ਹਰੀ ਸਿੰਘ ਜ਼ੀਰੇ ਵਾਲੇ, ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸੰਤ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸਵਰਨਜੀਤ ਸਿੰਘ ਪਠਲਾਵੇ ਵਾਲੇ, ਬਾਬਾ ਮੀਹਾਂ ਸਿੰਘ, ਸੰਤ ਜਸਵੰਤ ਸਿੰਘ ਨੇਕੀ ਵਾਲੇ, ਸਵਾਮੀ ਸ਼ੰਕਰਾਨੰਦ ਪੱਦੀ ਮਟ ਵਾਲੀ, ਸੰਤ ਬਲਵੰਤ ਸਿੰਘ ਹਰਖੋਵਾਲ, ਬਾਬਾ ਖੜਕ ਸਿੰਘ, ਸਵਾਮੀ ਹਰਨਾਮ ਸਿੰਘ, ਸੰਤ ਮਨਜੀਤ ਸਿੰਘ ਹਰਖੋਵਾਲ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਮੇਜਰ ਸਿੰਘ, ਸੰਤ ਬਲਵੀਰ ਸਿੰਘ ਭੰਗੂ, ਸੰਤ ਮਹਾਂਵੀਰ ਸਿੰਘ, ਸੰਤ ਕੁਲਜੀਤ ਸਿੰਘ ਪਾਉਂਟਾ ਸਾਹਿਬ, ਬਾਬਾ ਸੰਤਾ ਸਿੰਘ ਨਿਰਮਲ ਸੰਪਰਦਾਇ, ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਕੇਸਗੜ੍ਹ ਸਾਹਿਬ, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਸ੍ਰੀ ਫ਼ਤਿਹਗੜ੍ਹ ਸਾਹਿਬ ਨੇ ਵੀ ਸੰਤ ਪਰਮਜੀਤ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ। ਇਸ ਮੌਕੇ ਬੀਬੀ ਜਸਪ੍ਰੀਤ ਕੌਰ, ਦਿਲਦੀਪ ਕੌਰ, ਸਤਨਾਮ ਸਿੰਘ, ਦਲੇਰ ਕੌਰ, ਪ੍ਰਭਜੋਤ ਕੌਰ, ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ, ਬੀਬੀ ਰਣਜੀਤ ਕੌਰ, ਅਮਿਤੋਜ ਸਿੰਘ, ਜੋਬਨਜੋਤ ਸਿੰਘ, ਅਮਰਜੀਤ ਸਿੰਘ ਚੌਹਾਨ, ਸ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ: ਹਰਦੇਵ ਸਿੰਘ ਕੋਠੇ ਜੱਟਾਂ, ਸਰਵਣ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਕਮੇਟੀ, ਅਮਰਜੀਤ ਸਿੰਘ ਚਾਵਲਾ, ਜਸਜੀਤ ਸਿੰਘ ਥਿਆੜਾ, ਜਤਿੰਦਰ ਸਿੰਘ ਲਾਲੀ ਬਾਜਵਾ, ਅਰਵਿੰਦਰ ਸਿੰਘ ਰਸੂਲਪੁਰ, ਤਾਰਾ ਸਿੰਘ ਸੱਲਾਂ, ਚੈਨ ਸਿੰਘ, ਮਹਿੰਦਰ ਸਿੰਘ ਹੁਸੈਨਪੁਰ, ਇੰਦਰਪਾਲ ਸਿੰਘ, ਪ੍ਰਿੰ ਰਾਮ ਸਿੰਘ, ਹਰਬੰਸ ਸਿੰਘ ਮੰਝਪੁਰ, ਚੂਹੜ ਸਿੰਘ ਧਮਾਈ ਅਤੇ ਹੋਰ ਸੰਗਤ ਵੀ ਹਾਜ਼ਰ ਸੀ। ਮੰਚ ਸੰਚਾਲਨ ਦੇ ਫ਼ਰਜ਼ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ ਫ਼ਤਿਹਗੜ੍ਹ ਸਾਹਿਬ ਨੇ ਬਾਖ਼ੂਬੀ ਨਿਭਾਏ। ਅਰਦਾਸ ਗਿਅਨੀ ਤਰਲੋਚਨ ਸਿੰਘ ਨੇ ਕੀਤੀ।

ਓਸਾਮਾ ਦਾ ਪਤਾ ਦੱਸਣ ਵਾਲੇ ਡਾਕਟਰ ਦੇ ਖਾਤੇ ਜ਼ਬਤ
ਇਸਲਾਮਾਬਾਦ, 25 ਫਰਵਰੀ -ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਦਾ ਕਥਿਤ ਤੌਰ 'ਤੇ ਪਤਾ ਦੱਸਣ ਵਾਲੇ ਪਾਕਿਸਤਾਨ ਦੇ ਇਕ ਡਾਕਟਰ ਦੇ ਬੈਂਕ ਖਾਤੇ ਨੂੰ ਜ਼ਬਤ ਕਰ ਲਏ ਗਏ ਹਨ। ਅਮਰੀਕਾ ਦੀ ਖੁਫੀਆ ਏਜੰਸੀ ਸੀ. ਆਈ. ਏ. ਦੀਆਂ ਹਦਾਇਤਾਂ 'ਤੇ ਡਾਕਟਰ ਨੇ ਓਸਾਮਾ ਦਾ ਪਤਾ ਲਗਾਉਣ ਦੇ ਲਈ ਕਥਿਤ ਤੌਰ 'ਤੇ ਫਰਜ਼ੀ ਪੋਲੀਓ ਮੁਹਿੰਮ ਚਲਾਈ ਸੀ। ਅਖਬਾਰ 'ਡਾਨ' ਦੇ ਅਨੁਸਾਰ ਡਾ: ਸ਼ਕੀਲ ਅਫਰੀਦੀ ਦੀ ਪਿਸ਼ਾਵਰ ਸਮੇਤ ਹਯਾਤਬਾਦ, ਸ਼ੰਮੀ ਰੋਡ ਅਤੇ ਸਡਾਰ ਸਥਿਤ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਪਾਕਿਸਤਾਨ ਸਥਿਤ ਡਾਕਟਰ ਅਤੇ ਉਸ ਦੀ ਪਤਨੀ ਇਮਰਾਨਾ ਗਫੂਰ ਦੇ ਸਾਰੇ ਬੈਂਕ ਖਾਤਿਆਂ ਨੂੰ ਜ਼ਬਤ ਕਰ ਲਿਆ ਗਿਆ ਹੈ। ਡਾਕਟਰ ਦੇ ਪਿਸ਼ਾਵਰ ਦੇ ਹਯਾਤਬਾਦ ਇਲਾਕੇ 'ਚ ਸਥਿਤ ਮਕਾਨ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪਿਛਲੇ ਸਾਲ ਮਈ 'ਚ ਇਸਲਾਮਾਬਾਦ ਦੇ ਕੋਲ ਅੱਬਟਾਬਾਦ 'ਚ ਅਮਰੀਦੀ ਕਮਾਂਡੋ ਨੇ ਓਸਾਮਾ ਨੂੰ ਮਾਰ ਸੁੱਟਿਆ ਸੀ ਜਦੋਂ ਕਿ ਪਾਕਿਸਤਾਨ ਵਾਰ-ਵਾਰ ਓਸਾਮਾ ਦੇ ਠਿਕਾਣਿਆਂ ਦੇ ਬਾਰੇ 'ਚ ਜਾਣਕਾਰੀ ਨਾ ਹੋਣਾ ਪ੍ਰਗਟ ਕਰਦਾ ਰਿਹਾ। ਇਸ ਤੋਂ ਬਾਅਦ ਅਫਰੀਦੀ ਨੂੰ ਕਥਿਤ ਤੌਰ 'ਤੇ ਦੇਸ਼ ਛੱਡ ਕੇ ਭੱਜਦੇ ਸਮੇਂ ਅਫਗਾਨਿਸਤਾਨ ਦੀ ਸਰਹੱਦ ਦੇ ਕੋਲ ਤੋਰਖਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਸਿਹਤ ਘੁਟਾਲੇ ਸਬੰਧੀ ਦੂਸਰੇ ਦਿਨ ਵੀ ਯੂ.ਪੀ. 'ਚ ਛਾਪੇ
ਲਖਨਊ, 25 ਫਰਵਰੀ -ਉੱਤਰ ਪ੍ਰਦੇਸ਼ ਵਿਚ ਅੱਜ ਦੂਸਰੇ ਦਿਨ ਵੀ ਸੀ.ਬੀ.ਆਈ ਨੇ ਬਹੁ ਕਰੋੜੀ ਕੌਮੀ ਦਿਹਾਤੀ ਸਿਹਤ ਮਿਸ਼ਨ ਘੁਟਾਲੇ ਸਬੰਧੀ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਰਾਜ ਵਿਚ 23 ਸਥਾਨਾਂ 'ਤੇ ਛਾਪੇ ਮਾਰੇ ਤੇ ਤਲਾਸ਼ੀਆਂ ਲਈਆਂ। ਵਿਸ਼ੇਸ਼ ਤੌਰ 'ਤੇ ਮੁੱਖ ਮੈਡੀਕਲ ਅਫਸਰ ਤੇ ਵਧੀਕ ਸੀ.ਐਮ.ਓ ਦੇ ਦਫਤਰਾਂ ਤੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ ਗਈ। ਰਾਜਧਾਨੀ ਵਿਚ ਤਿੰਨ ਥਾਵਾਂ 'ਤੇ ਛਾਪੇ ਮਾਰੇ ਗਏ। ਡਾ ਆਰ .ਐਸ ਵਰਮਾ ਦੀ ਓਮ ਨਗਰ, ਡਾ ਐਸ.ਕੇ ਸ਼ਿਲੋਇਆ ਦੀ ਨਿਊ ਹੈਦਰਾਬਾਦ ਕਲੋਨੀ ਤੇ ਡਾ. ਹਰੀਸ਼ ਚੰਦਰ ਦੀ ਸਰੋਜਨੀਨਗਰ ਸਥਿੱਤ ਰਿਹਾਇਸ਼ 'ਤੇ ਛਾਪੇ ਮਾਰੇ ਗਏ। ਵਾਰਾਨਸੀ ਵਿਚ 4, ਗੋਰਖਪੁਰ , ਗੌਂਡਾ ਤੇ ਮੇਰਠ ਵਿਚ 2-2 ਥਾਵਾਂ ਦੀ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਭਰਿਆਚ, ਸ਼ਾਰਾਵਸਤੀ, ਕਾਨਪੁਰ, ਝਾਂਸੀ, ਗਾਜ਼ੀਆਬਾਦ, ਬਸਤੀ ਤੇ ਕਨੌਜ ਜਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਗਈ। ਬੀਤੇ ਦਿਨ ਵੀ ਸੀ.ਬੀ.ਆਈ ਵੱਲੋਂ ਸਿਹਤ ਵਿਭਾਗ ਦੇ ਅਫਸਰਾਂ ਅਤੇ ਦਵਾਈਆਂ ਤੇ ਸਰਜੀਕਲ ਸਾਜ ਸਮਾਨ ਸਪਲਾਈ ਕਰਨ ਵਾਲਿਆਂ ਦੇ ਲਖਨਊ, ਬਾਹਰੈਚ, ਮੇਰਠ, ਵਾਰਾਨਸੀ ਤੇ ਬਲੀਆ ਸਥਿੱਤ ਦਫਤਰਾਂ ਤੇ ਰਿਹਾਈਸ਼ੀ ਥਾਵਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ ਸਨ।
ਸ੍ਰੀਲੰਕਾ 'ਚ ਖਾਨਾਜੰਗੀ ਦੇ ਆਖਰੀ ਪੜਾਅ 'ਚ 8000 ਲੋਕ ਮਾਰੇ ਗਏ
ਕੋਲੰਬੋ, 25 ਫਰਵਰੀ-ਅੱਜ ਜਾਰੀ ਇਕ ਸਰਕਾਰੀ ਰਿਪੋਰਟ ਅਨੁਸਾਰ ਸ੍ਰੀਲੰਕਾ ਦੇ ਤਾਮਿਲ ਵਿਰੋਧੀਆਂ ਦੇ ਵਿਰੁੱਧ ਯੁੱਧ ਦੇ ਆਖਰੀ ਪੜਾਅ 'ਚ ਲਗਭਗ 8000 ਲੋਕ ਮਾਰੇ ਗਏ ਸਨ। ਸ੍ਰੀਲੰਕਾ ਦੇ ਅੰਕੜਾ ਵਿਭਾਗ ਦੁਆਰਾ ਪਹਿਲੀ ਵਾਰ ਇਸ ਸਬੰਧੀ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ 2009 'ਚ ਅੰਦਰੂਨੀ ਖਾਨਾਜੰਗੀ 'ਚ 11,172 ਲੋਕ ਮਾਰੇ ਗਏ ਸਨ। ਅੰਤਰਰਾਸ਼ਟਰੀ ਅਧਿਕਾਰ ਸੰਗਠਿਨ ਦੁਆਰਾ ਇਹ ਅੰਕੜੇ ਲਗਾਏ ਗਏ ਹਨ। ਇਨ੍ਹਾਂ ਵਿਚੋਂ 7,934 ਮੌਤਾਂ ਨੂੰ ਅਸਧਾਰਨ ਸਥਿਤੀਆਂ ਜਦੋਂ ਕਿ 2,523 ਮੌਤਾਂ ਨੂੰ ਕੁਦਰਤੀ ਤੌਰ 'ਤੇ ਦਰਸਾਇਆ ਗਿਆ ਹੈ। ਇਹ ਦੱਸਿਆ ਗਿਆ ਹੈ ਕਿ ਦੇਸ਼ ਦੇ ਉੱਤਰ 'ਚ 2005 ਅਤੇ 2009 ਦੇ ਦਰਮਿਆਨ 22, 329 ਲੋਕ ਮਾਰੇ ਗਏ ਸਨ। ਲਿੱਟੇ ਖਿਲਾਫ ਫੌਜੀ ਕਾਰਵਾਈ 2006 ਦੇ ਮੱਧ 'ਚ ਸ਼ੁਰੂ ਹੋਈ ਅਤੇ 3 ਸਾਲਾਂ ਬਾਅਦ ਮਈ 'ਚ ਖਤਮ ਹੋ ਗਈ। ਫੌਜੀ ਲੜਾਈ ਦੇ ਸਮੇਂ ਦੌਰਾਨ ਕੁੱਲ 4,156 ਲੋਕਾਂ ਦਾ ਪਤਾ ਨਹੀਂ ਲੱਗਾ ਹੈ।
ਫ਼ਾਜ਼ਿਲਕਾ ਹੋਂਦ ਕਾਇਮ ਰੱਖਣ ਲਈ ਕਰ ਰਿਹੈ ਹੈ ਸੰਘਰਸ਼

ਫ਼ਾਜ਼ਿਲਕਾ, 25 ਫਰਵਰੀ - ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਵਸਿਆ ਸ਼ਹਿਰ ਫ਼ਾਜ਼ਿਲਕਾ ਆਪਣੀ ਹੋਂਦ ਕਾਇਮ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਉਦਯੋਗਿਕ ਇਕਾਈਆਂ ਤੋਂ ਸੱਖਣਾ ਇਹ ਜ਼ਿਲ੍ਹਾ ਕਦੇ ਉੱਨ ਦੀ ਮੰਡੀ ਹੋਇਆ ਕਰਦਾ ਸੀ। ਸਮੁੱਚੇ ਏਸ਼ੀਆ ਵਿਚ ਮਸ਼ਹੂਰ ਫ਼ਾਜ਼ਿਲਕਾ ਦੀ ਉੱਨ ਮੰਡੀ ਦੇਸ਼ ਦੀ ਵੰਡ ਤੋਂ ਬਾਅਦ ਦੋਹੀਂ ਹੱਥੀ ਲੁੱਟੀ ਗਈ। ਅੰਗਰੇਜ਼ੀ ਰਾਜ ਵੇਲੇ ਉੱਨ ਦੀ ਖ਼ੁਸ਼ਕ ਬੰਦਰਗਾਹ ਵਜੋਂ ਪ੍ਰਸਿੱਧ ਫ਼ਾਜ਼ਿਲਕਾ ਆਰਥਿਕ ਪੱਖੋਂ ਕਾਫ਼ੀ ਮਜ਼ਬੂਤ ਹੋਇਆ ਕਰਦਾ ਸੀ। ਕਰਾਚੀ ਦੀ ਬੰਦਰਗਾਹ ਤੋਂ ਲੈ ਕੇ ਯੂਰਪ ਤੱਕ ਫ਼ਾਜ਼ਿਲਕਾ ਤੋਂ ਉੱਨ ਦਾ ਵਪਾਰ ਹੁੰਦਾ ਸੀ। ਅੰਗਰੇਜ਼ੀ ਹਕੂਮਤ ਵੇਲੇ ਇਹ ਇੰਗਲੈਂਡ ਤੱਕ ਉਦਯੋਗਿਕ ਇਕਾਈਆਂ ਦਾ ਕੇਂਦਰ ਬਣ ਚੁੱਕਿਆ ਸੀ। ਸੰਨ 1846 ਵਿਚ ਈਸਟ ਇੰਡੀਆ ਕੰਪਨੀ ਦੇ ਅਫ਼ਸਰ ਓਲੀਵਰ ਗਾਰਡਨ ਨੇ ਫ਼ਾਜ਼ਿਲਕਾ 'ਚ ਮਾਰਕੀਟ ਦੀ ਸਥਾਪਨਾ ਕੀਤੀ ਸੀ। ਉਸ ਵੇਲੇ ਇੱਥੇ ਉੱਨ ਦੀਆਂ ਦੋ ਕਿਸਮਾਂ ਸਾਉਣੀ ਕਿਸਮ ਅਤੇ ਦੂਜੀ ਚੇਤਰੀ ਕਿਸਮ ਹੁੰਦੀ ਸੀ। ਇਹ ਮੈਰੀਨੋ ਕਿਸਮ ਦੀ ਭੇਡ ਤੋਂ ਪ੍ਰਾਪਤ ਕੀਤੀ ਜਾਂਦੀ ਸੀ, ਜੋ ਕਿ ਲੰਮੇ ਰੇਸ਼ੇ ਵਾਲੀ ਹੁੰਦੀ ਸੀ। ਵਪਾਰ ਲਈ ਦੂਰ ਦੂਰ ਤੋਂ ਵਪਾਰੀ ਵਰਗ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਮਾਰਵਾੜੀ ਪੇੜੀਵਾਲ, ਅਗਰਵਾਲ ਅਤੇ ਅਰੋੜਵੰਸ਼ ਆਦਿ ਜਾਤੀ ਦੇ ਲੋਕ ਸ਼ਾਮਿਲ ਸਨ। ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਉੱਨ ਦੀਆਂ ਫ਼ੈਕਟਰੀਆਂ ਹੋਂਦ ਵਿਚ ਆਈਆਂ ਸਨ। ਵੈਸਟ ਪੈਂਟੇਂਟ ਪ੍ਰੈੱਸ ਕੰਪਨੀ ਲਿਮਿਟਡ ਇਕ ਅਜਿਹੀ ਕੰਪਨੀ ਸੀ, ਜਿੱਥੇ ਉੱਨ ਦੇ ਕੱਚੇ ਮਾਲ ਦੀ ਪੈਕਿੰਗ ਕੀਤੀ ਜਾਂਦੀ ਸੀ। ਇੰਗਲੈਂਡ ਪੇਂਟੇਂਟ ਪ੍ਰੈੱਸ ਅਤੇ ਦੋ ਲੋਕ ਪ੍ਰੈੱਸ ਪ੍ਰਾਈਵੇਟ ਇੰਟਰਪ੍ਰਾਈਜਜ਼ ਤੋਂ ਗੰਢਾਂ ਤਿਆਰ ਕਰ ਕੇ ਲਿਵਰ ਪੂਲ, ਕਾਨਪੁਰ ਅਤੇ ਹੋਰ ਥਾਵਾਂ 'ਤੇ ਭੇਜੀਆਂ ਜਾਂਦੀਆਂ ਸਨ। ਫ਼ਾਜ਼ਿਲਕਾ ਤੋਂ ਬਣਿਆ ਮਾਲ ਮੁਲਤਾਨ, ਹਵੇਲੀ, ਮਿੰਟਗੁਮਰੀ, ਬਹਾਵਲਪੁਰ ਤੇ ਬੀਕਾਨੇਰ ਵਿਖੇ ਭੇਜਿਆ ਜਾਂਦਾ ਸੀ। ਫ਼ਾਜ਼ਿਲਕਾ ਦੇ ਪਿੰਡ ਜੰਡ ਵਾਲਾ ਭੀਮੇਸ਼ਾਹ ਦੇ ਵਾਸੀ ਬਜ਼ੁਰਗ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਕਾਲਜ ਰੋਡ 'ਤੇ ਸ਼ਿਵਪੁਰੀ ਦੇ ਨੇੜੇ ਇਕ ਵਿਸ਼ਾਲ ਮੈਦਾਨ ਹੁੰਦਾ ਸੀ, ਜਿੱਥੇ ਭੇਡਾਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਸੀ ਅਤੇ ਉੱਨ ਉਤਾਰੀ ਜਾਂਦੀ ਸੀ। ਮੁਲਤਾਨੀ ਚੁੰਗੀ ਦੇ ਨੇੜੇ ਕੁਆਲਿਟੀ ਵਿਚ ਸੁਧਾਰ ਕਰਨ ਲਈ ਖੂਹ 'ਤੇ ਉੱਨ ਨੂੰ ਧੋਹਿਆ ਜਾਂਦਾ ਸੀ। ਇਹ ਕੰਮ ਕਰੀਬ 5 ਏਕੜ ਰਕਬੇ ਵਿਚ ਕੀਤਾ ਜਾਂਦਾ ਸੀ। ਇਹੀ ਕਾਰਨ ਹੈ ਕਿ ਘੰਟਾ ਘਰ ਦੇ ਨੇੜੇ ਪੈਂਦੇ ਬਾਜ਼ਾਰ ਨੂੰ ਉੱਨ ਬਾਜ਼ਾਰ ਕਿਹਾ ਜਾਂਦਾ ਹੈ। ਪ੍ਰੰਤੂ ਫ਼ਾਜ਼ਿਲਕਾ ਅੱਜ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਸਮਾਂ ਬਦਲਿਆ ਅਤੇ ਸਭ ਕੁੱਝ ਬਦਲ ਗਿਆ। ਕਦੇ ਵਪਾਰਕ ਪੱਖੋਂ ਇਕ ਨੰਬਰ 'ਤੇ ਰਹੇ ਫ਼ਾਜ਼ਿਲਕਾ ਦੇ ਲੋਕ ਅੱਜ ਵੀ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰ ਰਹੇ ਹਨ ਕਿ ਇਲਾਕੇ ਅੰਦਰ ਉਦਯੋਗਿਕ ਇਕਾਈਆਂ ਸਥਾਪਿਤ ਕੀਤੀਆਂ ਜਾਣ ਤਾਂ ਜੋ ਇਸ ਜ਼ਿਲ੍ਹੇ ਦੀ ਹੋਂਦ ਕਾਇਮ ਰਹਿ ਸਕੇ।

ਬੱਚੇ 'ਤੇ ਜ਼ੁਲਮ ਢਾਹੁਣ ਵਾਲਾ ਮਤਰੇਆ ਪਿਤਾ ਗ੍ਰਿਫ਼ਤਾਰ
ਜੋਧਪੁਰ, 25 ਫਰਵਰੀ -ਇਕ ਤਿੰਨ ਸਾਲਾ ਬੱਚੇ 'ਤੇ ਬੜੇ ਹੀ ਜ਼ਾਲਮਾਨਾ ਢੰਗ ਨਾਲ ਜ਼ੁਲਮ ਕਰਨ ਵਾਲੇ ਮਤਰੇਏ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੱਚਾ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਹੈ। ਉਸ ਦੇ ਹੱਥਾਂ ਅਤੇ ਪੈਰਾਂ 'ਚ ਫ੍ਰੈਕਚਰ ਹੈ ਅਤੇ ਚਿਹਰੇ ਅਤੇ ਗੁਪਤ ਅੰਗਾਂ 'ਤੇ ਸੜਨ ਨਾਲ ਜ਼ਖਮ ਹੋ ਗਏ ਹਨ। ਸੰਯਮ ਜੈਨ ਨੂੰ ਉਸ ਦੇ ਮਤਰੇਏ ਅਤੇ ਸ਼ਰਾਬੀ ਪਿਤਾ ਨੇ ਸੜਦੀ ਹੋਈ ਸਿਗਰਟ ਨਾਲ ਸੜਿਆ ਅਤੇ ਕੁੱਟਿਆ ਸੀ। ਹੁਣ ਇਹ ਬੱਚਾ ਇਕ ਸਰਕਾਰੀ ਹਸਪਤਾਲ 'ਚ ਜ਼ਿੰਦਗੀ ਮੌਤ ਲਈ ਲੜ ਰਿਹਾ ਹੈ। ਰਾਜਧਾਨੀ ਜੈਪੁਰ ਤੋਂ ਤਕਰੀਬਨ 400 ਕਿ: ਮੀ: ਦੂਰ ਸਥਿਤ ਜੋਧਪੁਰ ਦੇ ਜਾਲੌਰ ਜ਼ਿਲ੍ਹੇ 'ਚ ਸੰਚੌਰ ਦੇ ਨੇੜੇ ਵਿਸ਼ਾਲਾ ਪਿੰਡ ਦਾ ਰਹਿਣ ਵਾਲਾ ਸੰਤਾਮ ਇਥੇ ਉਮੇਦ ਹਸਪਤਾਲ ਦੇ ਆਈ. ਸੀ. ਯੂ. ਕਮਰੇ 'ਚ ਦਾਖਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਹਸਪਤਾਲ 'ਚ ਦਾਖਲ ਜ਼ੁਲਮ ਦਾ ਸ਼ਿਕਾਰ ਦੋ ਸਾਲਾ ਬੱਚੀ ਪੱਲਕ ਦੀ ਤਰ੍ਹਾਂ ਸੰਤਾਮ 'ਚ ਬੇਵਰਤ-ਬੇਬੀ ਸਿੰਡਰੋਮ ਵੀ ਵਿਕਸਤ ਹੋ ਗਿਆ ਹੈ। ਸੰਯਮ ਦਾ ਮਤਰੇਆ ਪਿਤਾ ਕੈਲਾਸ਼ ਜੈਨ ਇਕ ਨੀਮ ਹਕੀਮ ਹੈ ਅਤੇ ਸੰਚੋਰ ਵਿਚ ਇਕ ਗੈਰ-ਕਾਨੂੰਨੀ ਦਵਾਖਾਨਾ ਚਲਾਉਂਦਾ ਹੈ। ਇਕ ਪੁਲਿਸ ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਜਦੋਂ ਕੈਲਾਸ਼ ਨੂੰ ਪਤਾ ਲੱਗਾ ਕਿ ਉਸਦੇ ਵਿਰੁੱਧ ਮਾਮਲਾ ਦਰਜ ਹੋਇਆ ਹੈ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਸੰਚੌਰ 'ਚ ਉਸ ਦਾ ਪਤਾ ਲੱਗਣ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਕੈਲਾਸ਼ ਨੇ ਮੰਨਿਆ ਕਿ ਉਹ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਸ ਨੇ ਬੱਚੇ 'ਤੇ ਜ਼ੁਲਮ ਕੀਤਾ। ਪੁਲਿਸ ਨੇ ਕੈਲਾਸ਼ ਦੀ ਪਤਨੀ ਨਿੱਧੀ ਜੈਨ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ।

ਜੀ-20 ਦੇ ਵਿੱਤ ਮੰਤਰੀਆਂ ਦੀ ਮੈਕਸੀਕੋ 'ਚ ਬੈਠਕ
ਮੈਕਸੀਕੋ, 25 ਫਰਵਰੀ-ਦੁਨੀਆ ਦੇ 20 ਸਭ ਤੋਂ ਵੱਡੇ ਉਦਯੋਗਿਕ ਦੇਸ਼ਾਂ ਦੇ ਸੰਗਠਨ ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਤਿੰਨ ਦਿਨਾਂ ਬੈਠਕ ਇਥੇ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ ਹੈ। ਬੈਠਕ ਆਰਥਿਕ ਸਥਿਰਤਾ 'ਤੇ ਆਧਾਰਿਤ ਹੈ। ਬੈਠਕ ਦੇ ਉਦਘਾਟਨ ਮੌਕੇ ਮੈਕਸੀਕੋ ਦੇ ਕੇਂਦਰੀ ਬੈਂਕ ਦੇ ਗਵਰਨਰ ਅਗਸਟਿਨ ਕਰਸਟੇਨਸ ਨੇ ਦੱਸਿਆ ਕਿ ਇਸ ਦਾ ਮਕਸਦ ਆਰਥਿਕ ਸਥਿਰਤਾ ਨਿਰਧਾਰਿਤ ਕਰਾਉਣ ਦੇ ਲਈ ਸਹਿਯੋਗ ਵਧਾਉਣਾ ਹੈ। ਕਰਸਟੇਨਸ ਨੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਅਤੇ ਯੂਰੋਜ਼ੋਨ ਕਰਜ ਸੰਕਟ 2010 'ਚ ਵਿਸ਼ਵ ਅਰਥ-ਵਿਵਸਥਾ ਦੇ ਲਈ ਖਤਰਾ ਬਣ ਗਏ। ਲਿਹਾਜ਼ਾ ਅੰਤਰਰਾਸ਼ਟਰੀ ਸਮੁਦਾਇ ਨੂੰ ਮੌਜੂਦਾ ਸੰਕਟ ਦੇ ਹੱਲ ਦੇ ਲਈ ਅਤੇ ਨਵੇਂ ਸੰਕਟ ਨੂੰ ਰੋਕਣ ਦੇ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਖਬਰ ਏਜੰਸੀ ਸਿਨਹੂਆ ਅਨੁਸਾਰ ਤਿੰਨ ਦਿਨਾ ਬੈਠਕ ਇਸ ਵਿਸ਼ੇ 'ਤੇ ਆਧਾਰਿਤ ਹੈ ਕਿ ਯੂਰਪੀ ਕਰਜ਼ ਸੰਕਟ ਨਾਲ ਨਜਿੱਠਣ ਦੇ ਲਈ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐਮ. ਐਫ.) 'ਚ ਧਨ ਪਾਇਆ ਜਾਵੇ ਜਾਂ ਨਹੀਂ। ਮੈਕਸੀਕੋ ਦੇ ਉਪ ਵਿੱਤ ਮੰਤਰੀ ਜੇਰਾਰਡੋ ਰਾਡਰਿਗਜ ਨੇ ਕਿਹਾ ਸਾਨੂੂੰ ਉਮੀਦ ਹੈ ਕਿ ਸਹਾਇਤਾ ਪ੍ਰਕਿਰਿਆ ਦੀ ਮਜ਼ਬੂਤੀ ਦੇ ਵਾਅਦੇ ਦਾ ਸੰਕੇਤ ਦੇਣ 'ਚ ਅਸੀਂ ਸਮੱਰਥ ਹੋਵਾਂਗੇ ਅਤੇ ਐਤਵਾਰ ਨੂੰ ਜਦੋਂ ਘੋਸ਼ਣਾ ਪੱਤਰ ਜਾਰੀ ਹੋਵੇਗਾ ਸਾਨੂੰ ਉਮੀਦ ਹੈ ਕਿ ਇਹ ਉਸ ਦੇ ਅਨੁਸਾਰ ਹੋਵੇਗਾ। ਪਰ ਜਾਣਕਾਰਾਂ ਅਨੁਸਾਰ ਬੈਠਕ ਦੇ ਦੌਰਾਨ ਕਿਸੇ ਮਨਜ਼ੂਰੀ 'ਤੇ ਪਹੁੰਚਣਾ ਕਠਿਨ ਹੋਵੇਗਾ ਕਿਉਂਕਿ ਜੀ-20 ਦੇਸ਼ਾਂ ਦੇ ਵਿਚਕਾਰ ਆਈ. ਐਮ. ਐਫ. 'ਚ ਜ਼ਿਆਦਾ ਧਨ ਪਾਉਣ ਦੇ ਮੁੱਦੇ 'ਤੇ ਪੈਦਾ ਹੋਏ ਮਤਭੇਦਾਂ ਨੂੰ ਨੇੜ ਦੇ ਭਵਿੱਖ 'ਚ ਮਿਟਾਇਆ ਨਹੀਂ ਜਾ ਸਕਦਾ।

ਭ੍ਰਿਸ਼ਟਾਚਾਰ ਕਾਰਨ ਉੱਤਰ ਪ੍ਰਦੇਸ਼ ਵਿਚ ਸੱਤਾ
ਤਬਦੀਲੀ ਜ਼ਰੂਰ ਹੋਵੇਗੀ-ਬੀਬੀ ਭੱਠਲ

ਲੁਧਿਆਣਾ, 25 ਫਰਵਰੀ -ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਬਸਪਾ ਸਰਕਾਰ ਵੱਲੋਂ ਕੀਤੇ ਭ੍ਰਿਸ਼ਟਾਚਾਰ ਕਾਰਨ ਸੱਤਾ ਤਬਦੀਲੀ ਦਿਖਾਈ ਦੇ ਰਹੀ ਹੈ ਅਤੇ ਉਥੋਂ ਦੀ ਜਨਤਾ ਵੱਲੋਂ ਕਾਂਗਰਸ ਪਾਰਟੀ ਨੂੰ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਬੀਬੀ ਭੱਠਲ ਜੋ ਕਿ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਪੂਰਨਪੁਰ ਵਿਚ ਕਾਂਗਰਸ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਮੁਤਾਬਿਕ ਕਾਂਗਰਸ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ ਨੇ ਦੱਸਿਆ ਕਿ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਜਨਤਾ ਭਰਵੇਂ ਹੁੰਗਾਰੇ ਦੇ ਰਹੀ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਜਨਤਾ ਬਸਪਾ ਸਰਕਾਰ ਤੋਂ ਦੁਖੀ ਅਤੇ ਪ੍ਰੇਸ਼ਾਨ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਖ-ਵੱਖ ਥਾਵਾਂ ਤੇ ਹੋਈਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਬਸਪਾ ਸਰਕਾਰ ਨਾ ਸਿਰਫ਼ ਜਨਤਾ ਦੇ ਸਰਮਾਏ ਦੀ ਦੁਰਵਰਤੋਂ ਕਰ ਰਹੀ ਹੈ, ਬਲਕਿ ਲੋਕਾਂ ਵਿਚ ਵੰਡੀਆਂ ਪਾ ਕੇ ਆਪਣੇ ਸਿਆਸੀ ਮਨੋਰਥ ਪੂਰੇ ਕਰ ਰਹੀ ਹੈ। ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਵਿਕਾਸ ਦੇ ਨਾਮ ਉਪਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਜਨਤਾ ਨਾਲ ਵਿਸ਼ਵਾਸ਼ਘਾਤ ਕਰ ਰਹੀ ਹੈ। ਬੀਬੀ ਭੱਠਲ ਨੇ ਹਲਕੇ ਦੇ ਅਧੀਨ ਪੈਂਦੇ ਇਲਾਕਿਆਂ ਮਾਧੋਪੁਰ, ਰਾਮ ਨਗਰ, ਸਮਰਾਇਆ, ਕਜਰੀ, ਭਗਵੰਤਪੁਰਾ, ਘਾਟਮਪੁਰ, ਬਰੇਲੀ, ਗਲਬਾਗਿੱਦੀ, ਰਾਏ ਖੇਤਰ, ਦਿਲਾਵਰਪੁਰਾ ਅਤੇ ਗੁੱਡੀ ਸੰਪੂਰਨਸ਼ਾਹ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਬੀਬੀ ਭੱਠਲ ਨਾਲ ਸ: ਬਾਜਵਾ ਤੋਂ ਇਲਾਵਾ ਪਰਤਾਪ ਸਿੰਘ, ਅਮਰੀਕ ਸਿੰਘ, ਗੁਰਮੇਲ ਸਿੰਘ, ਸੁੱਖ ਲਾਲ, ਰਾਮ ਸ਼ਰਨ, ਰਾਮੂ ਯਾਦਵ, ਪ੍ਰਤਾਪ ਸਿੰਘ, ਗੁਰਮੇਲ ਫ਼ੌਜੀ, ਪ੍ਰਕਾਸ਼ ਸਿੰਘ ਅਤੇ ਹਰਨਾਮ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।

Friday, 24 February 2012

 6 ਬੱਚਿਆਂ ਦੀ ਮਾਂ ਭਤੀਜੇ ਨਾਲ ਰੰਗਰਲੀਆਂ ਮਨਾਉਂਦੀ ਫੜੀ
ਜਲੰਧਰ, - ਸੂਰੀਆ ਇਨਕਲੇਵ ਗੇਟ ਦੇ ਕੋਲ ਬੁੱਧਵਾਰ ਦੀ ਦੇਰ ਰਾਤ ਨੂੰ ਸੂਰੀਆ ਇਨਕਲੇਵ ਚੌਕੀ ਦੀ ਪੁਲਸ ਨੇ ਇਕ ਬੰਦ ਕਮਰੇ 'ਚੋਂ 6 ਬੱਚਿਆਂ ਦੀ ਮਾਂ ਨੂੰ ਆਪਣੇ ਹੀ ਭਤੀਜੇ ਨਾਲ ਰੰਗਰਲੀਆਂ ਮਨਾਉਂਦੇ ਕਾਬੂ ਕੀਤਾ ਹੈ। 22 ਸਾਲਾ ਭਤੀਜਾ ਥਾਣਾ ਸ਼ਾਹਕੋਟ ਦੇ ਪਿੰਡ ਬੱਗਾ ਦਾ ਰਹਿਣ ਵਾਲਾ ਹੈ ਜਦਕਿ 5 ਕੁੜੀਆਂ ਤੇ 1 ਮੁੰਡੇ ਦੀ ਮਾਂ 40 ਸਾਲਾ ਚਾਚੀ ਪਿੰਡ ਦਾਨੇਵਾਲ ਦੀ ਵਸਨੀਕ ਹੈ। ਸੂਰੀਆ ਇਨਕਲੇਵ ਚੌਕੀ  ਇੰਚਾਰਜ ਥਾਣੇਦਾਰ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਰਾਤ ਨੂੰ ਗਸ਼ਤ ਦੌਰਾਨ ਪੁਲਸ ਪਾਰਟੀ ਨੇ ਗੇਟ ਨੇੜੇ ਬਣੇ ਕਮਰੇ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਆਵਾਜ਼ ਆਉਣ 'ਤੇ ਸ਼ੱਕ ਹੋਇਆ। ਅੰਦਰ ਜਾ ਕੇ ਦੇਖਿਆ ਤਾਂ ਭਤੀਜਾ ਆਪਣੀ ਚਾਚੀ ਨਾਲ ਹੀ ਰੰਗਰਲੀਆਂ ਮਨਾਉਣ ਵਿਚ ਲੱਗਾ ਹੋਇਆ ਸੀ। ਦੋਵਾਂ ਨੂੰ ਕਾਬੂ ਕਰਕੇ ਪੁਲਸ ਚੌਕੀ ਲਿਆਂਦਾ ਗਿਆ। ਪੁੱਛਗਿੱਛ ਵਿਚ ਉਨ੍ਹਾਂ ਨੇ ਆਪਣੇ ਪਤੇ ਦੱਸੇ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਪਿੰਡ ਦਾਨੇਵਾਲ ਦੇ ਵਾਸੀ ਜੋਗਿੰਦਰ ਨੇ ਚੌਕੀ ਇੰਚਾਰਜ ਦੀ ਮੌਜੂਦਗੀ ਵਿਚ ਦੱਸਿਆ ਕਿ ਉਸਦੀ ਪਤਨੀ ਮਿੰਦੋ (ਨਕਲੀ ਨਾਮ) 14 ਫਰਵਰੀ ਦੀ ਘਰੋਂ ਭੱਜੀ ਹੋਈ ਹੈ। ਉਸਦੀ ਕਈ ਜਗ੍ਹਾ ਭਾਲ ਕਰਨ ਤੋਂ ਬਾਅਦ ਥਾਣਾ ਸ਼ਾਹਕੋਟ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਸੀ। ਉਸਨੇ ਦੱਸਿਆ ਕਿ ਉਸਦਾ ਭਤੀਜਾ ਸੰਦੀਪ ਜੋ ਕਿ ਰਾਜ-ਮਿਸਤਰੀ ਦਾ ਕੰਮ ਕਰਦਾ ਹੈ, 2 ਮਹੀਨੇ ਉਸ ਕੋਲ ਰਹਿਣ ਤੋਂ ਬਾਅਦ ਆਪਣੇ ਘਰ ਵਾਪਸ ਚਲਾ ਗਿਆ ਸੀ। ਇਸੇ ਦੌਰਾਨ ਹੀ ਉਸਦੀ ਆਪਣੀ ਚਾਚੀ ਨਾਲ ਨਾਜਾਇਜ਼ ਸੰਬੰਧ ਵੀ ਬਣ ਗਏ। ਇਹੀ ਕਾਰਨ ਸੀ ਕਿ ਉਸਨੇ ਆਪਣੇ ਭਤੀਜੇ ਨੂੰ ਘਰੋਂ ਕੱਢਿਆ ਸੀ ਪਰ ਇਸਦੇ ਬਾਵਜੂਦ ਵੀ ਦੋਵਾਂ ਨੇ ਆਪਸ ਵਿਚ ਮਿਲਣਾ ਬੰਦ ਨਹੀਂ ਕੀਤਾ ਅਤੇ ਘਰੋਂ ਤਿਆਰੀ ਕਰਕੇ ਫਰਾਰ ਹੋ ਗਏ। ਚੌਕੀ ਇੰਚਾਰਜ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਵਾਂ ਖਿਲਾਫ ਅਵਾਰਾਗਰਦੀ ਐਕਟ ਦੀ ਧਾਰਾ 109 ਤਹਿਤ ਕਾਰਵਾਈ ਕਰਦੇ ਹੋਏ ਕਮਿਸ਼ਨਰ (ਪੁਲਸ) ਦੀ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।
 ਅਜੀਤ ਸਿੰਘ ਦੀ ਰੈਲੀ 'ਚ ਹੋਇਆ ਔਰਤਾਂ ਦਾ ਚੀਰਹਰਣ
ਮੇਰਠ— ਰਾਸ਼ਟਰੀ ਲੋਕਦਲ ਦੇ ਮੁਖੀ ਚੋਧਰੀ ਅਜੀਤ ਸਿੰਘ ਦੀ ਚੋਣ ਰੈਲੀ 'ਚ ਪਹੁੰਚੀਆਂ ਰਾਗਿਨੀ ਕਲਾਕਾਰਾਂ ਨਾਲ ਸ਼ਰਾਰਤੀ ਤੱਤਾਂ ਨੇ ਬਦਸਲੂਕੀ ਕੀਤੀ। ਹਜ਼ਾਰੰ ਲੋਕਾਂ ਦੀ ਮੌਜੂਦਗੀ 'ਚ ਮਹਿਲਾ ਕਲਾਕਾਰਾਂ ਨੂੰ ਮੰਚ ਤੋਂ ਖਿੱਚ ਲਿਆ ਅਤੇ ਉਨ੍ਹਾਂ ਦੇ ਕੱਪੜੇ ਫਾੜ ਦਿੱਤੇ। ਪੁਲਸ ਨੇ ਜੰਮ ਕੇ ਲਾਠੀਆਂ ਚਲਾਈਆਂ ਅਤੇ ਮਹਿਲਾਵਾਂ ਨੂੰ ਨੇੜੇ ਦੇ ਇਕ ਮਕਾਨ 'ਚ ਲਿਜਾ ਕੇ ਕਿਸੇ ਤਰ੍ਹਾਂ ਬਚਾਇਆ। ਸਰਧਨਾ ਦੇ ਫਲਾਵਦਾ 'ਚ ਵੀਰਵਾਰ ਨੂੰ ਆਰ. ਐਲ. ਡੀ.-ਕਾਂਗਰਸ ਉਮੀਦਵਾਰ ਹਾਜੀ ਯਾਕੂਬ ਦੇ ਸਮਰਥਨ ਲਈ ਮਹਿਲਾ ਰਾਗਿਨੀ ਕਲਾਕਾਰਾਂ ਨੂੰ ਬੁਲਾਇਆ ਗਿਆ ਸੀ। ਅਜੀਤ ਦੇ ਭਾਸ਼ਣ ਦੇ ਕੇ ਮੰਚ ਤੋਂ ਉਤਰਨ ਤੋਂ ਬਾਅਦ ਗੀਤ-ਸੰਗੀਤ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ। ਇਸ ਦੌਰਾਨ ਭੀੜ ਬੇਕਾਬੂ ਹੋ ਗਈ ਅਤੇ ਕੁਝ ਲੋਕਾਂ ਨੇ ਮਹਿਲਾਵਾਂ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ। ਕੁਝ ਲੋਕਾਂ ਨੇ ਕਲਾਕਾਰਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਮਹਿਲਾਵਾਂ ਇਧਰ-ਉਧਰ ਭੱਜਣ ਲੱਗੀਆਂ ਤਾਂ ਸ਼ਰਾਰਤੀ ਤੱਤਾਂ ਨੇ ਉਨ੍ਹਾਂ ਨੂੰ ਦਬੋਚ ਲਿਆ ਅਤੇ ਕੱਪੜੇ ਫਾੜ ਦਿੱਤੇ। ਬਚਾਅ 'ਚ ਆਏ ਕਲਾਕਾਰਾਂ ਨੂੰ ਉਨ੍ਹਾਂ ਨੇ ਕੁੱਟਿਆ ਅਤੇ ਭਜਾ ਦਿੱਤਾ। ਦੋਸ਼ ਹੈ ਕਿ ਉਨ੍ਹਾਂ ਤੋਂ 50 ਹਜ਼ਾਰ ਦੀ ਨਕਦੀ ਅਤੇ ਹੋਰ ਸਾਮਾਨ ਲੁੱਟ ਲਿਆ ਗਿਆ। ਸ਼ਰਾਰਤੀ ਤੱਤਾਂ ਦੀ ਇਸ ਹਰਕਤ ਨੂੰ ਦੇਖ ਕੇ ਪੁਲਸ ਅਤੇ ਨੇਤਾਵਾਂ ਦੇ ਪਸੀਨੇ ਛੁੱਟ ਗਏ। ਪੁਲਸ ਨੇ ਮੁਸ਼ਕਿਲ ਨਾਲ ਕਲਾਕਾਰਾਂ ਨੂੰ ਭੀੜ 'ਚੋਂ ਕੱਢਿਆ ਅਤੇ ਨੇੜੇ ਦੇ ਮਕਾਨ 'ਚ ਲੈ ਗਈ। ਇਸ ਤੋਂ ਬਾਅਦ ਜਦੋਂ ਭੀੜ ਸ਼ਾਂਤ ਹੋਈ ਤਾਂ ਸਿਪਾਹੀਆਂ ਨੇ ਸਖਤ ਸੁਰੱਖਿਆ 'ਚ ਉਨ੍ਹਾਂ ਕਲਾਕਾਰਾਂ ਨੂੰ ਕਾਰ ਤੱਕ ਪਹੁੰਚਾਇਆ।

ਇਟਲੀ ਦੇ ਸੁਰੱਖਿਆ ਗਾਰਡਾਂ ਦਾ 7 ਦਿਨਾ ਹੋਰ ਪੁਲਿਸ ਰਿਮਾਂਡ

ਕੋਚੀ ਵਿਖੇ ਇਟਲੀ ਸਮੁੰਦਰੀ ਫੌਜ ਦੇ ਸੁਰੱਖਿਆ ਜਵਾਨਾਂ ਨੂੰ ਪੇਸ਼ੀ ਲਈ ਅਦਾਲਤ 'ਚ ਲਿਜਾਏ ਜਾਣ ਦਾ ਦ੍ਰਿਸ਼।
ਕੋਲਾਮ, 23 ਫਰਵਰੀ-ਦੋ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਪਹਿਲਾ ਦਰਜਾ ਜੁਡੀਸ਼ਲ ਮੈਜਿਸਟਰੇਟ ਨੇ ਇਟਲੀ ਸਮੁੰਦਰੀ ਜਹਾਜ਼ ਦੇ ਦੋ ਸੁਰੱਖਿਆ ਜਵਾਨਾਂ ਨੂੰ 7 ਦਿਨਾ ਲਈ ਮੁੜ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਪੁਲਿਸ ਹਿਰਾਸਤ ਦੌਰਾਨ ਇਟਲੀ ਦੇ ਜਵਾਨ ਲਾਤੋਰੇ ਮੇਸੀਮਿਲਾਨੋ ਅਤੇ ਸਾਲਵਾਤੋਰ ਗਿਰੋਨੇ ਕੋਲੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ।
ਕੇਂਦਰ ਤੇ ਰਾਜ ਸਰਕਾਰ ਨੂੰ ਨੋਟਿਸ
ਕੇਰਲਾ ਹਾਈ ਕੋਰਟ ਨੇ ਇਟਲੀ ਸਰਕਾਰ ਦੇ ਕੌਂਸਲ ਜਨਰਲ ਜਿਆਮਪਾਲੋ ਕੁਟੀਲੋ ਵੱਲੋਂ ਦਾਇਰ ਕੀਤੀ ਪਟੀਸ਼ਨ 'ਤੇ ਕੇਂਦਰ ਤੇ ਕੇਰਲਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਕਤ ਦਾਇਰ ਪਟੀਸ਼ਨ ਵਿਚ ਦੋ ਭਾਰਤੀਆਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਇਟਲੀ ਦੇ ਦੋ ਜਲ ਸੈਨਿਕਾਂ ਖਿਲਾਫ਼ ਦਰਜ ਕੀਤੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਕੇਸ ਦੀ ਸੁਣਵਾਈ ਲਈ 28 ਫਰਵਰੀ ਦੀ ਤਰੀਕ ਨਿਰਧਾਰਿਤ ਕੀਤੀ ਹੈ। ਪਟੀਸ਼ਨ ਵਿਚ ਇਟਲੀ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਗੋਲੀਬਾਰੀ ਦੀ ਘਟਨਾ ਭਾਰਤੀ ਸਮੁੰਦਰੀ ਇਲਾਕੇ ਵਿਚ ਨਹੀਂ ਵਾਪਰੀ ਸਗੋਂ ਅੰਤਰਰਾਸ਼ਟਰੀ ਸਮੁੰਦਰੀ ਇਲਾਕੇ ਵਿਚ ਹੋਈ ਹੈ ਜਿਸ ਦੇ ਆਧਾਰ 'ਤੇ ਕੇਸ ਰੱਦ ਕਰਕੇ ਇਟਲੀ ਦੇ ਜਲ ਸੈਨਿਕਾਂ ਨੂੰ ਰਿਹਾਅ ਕੀਤਾ ਜਾਵੇ। ਦੂਜੇ ਰਾਜ ਸਰਕਾਰ ਨੇ ਕਿਹਾ ਹੈ ਕਿ ਜੇਕਰ ਗ੍ਰਿਫ਼ਤਾਰ ਇਟਲੀ ਦੇ ਗਾਰਡਾਂ ਦੀ ਰਿਹਾਈ ਕੀਤੀ ਜਾਂਦੀ ਹੈ ਤਾਂ ਜਾਂਚ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ।
ਵਿਦੇਸ਼ ਮੰਤਰੀ ਵੱਲੋਂ ਸੰਤੁਸ਼ਟੀ
ਇਥੇ ਸੀ. ਆਈ. ਐਸ. ਐਫ਼. ਦੇ ਗੈਸਟ ਹਾਊਸ ਵਿਚ ਬੰਦ ਇਟਲੀ ਜਲ ਸੈਨਿਕਾਂ ਦਾ ਪਤਾ ਲੈਣ ਪੁੱਜੇ ਇਟਲੀ ਦੇ ਉਪ-ਵਿਦੇਸ਼ ਮੰਤਰੀ ਸਟੀਫ਼ਨ. ਡੀ. ਮਿਸਟੁਰਾ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੁੱਛਗਿੱਛ ਦੌਰਾਨ ਇਟਲੀ ਵੱਲੋ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਪਟਿਆਲਾ, 23 ਫਰਵਰੀ -ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪੀ. ਸੀ. ਐਸ. (ਜੁਡੀਸ਼ੀਅਲ)-2011 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਬਾਰੇ ਕਮਿਸ਼ਨ ਦੇ ਸਕੱਤਰ (ਪ੍ਰੀਖਿਆਵਾਂ) ਵੱਲੋਂ ਦੱਸਿਆ ਗਿਆ ਹੈ ਕਿ ਪੀ. ਸੀ. ਐਸ. (ਜੁਡੀਸ਼ੀਅਲ) 'ਮੇਨ' ਦੇ ਲਿਖਤੀ ਪੇਪਰ 20 ਤੋਂ 22 ਜਨਵਰੀ ਤੱਕ ਇਸੇ ਵਰ੍ਹੇ ਲਏ ਗਏ ਸਨ। ਹੁਣ ਇਨ੍ਹਾਂ 'ਚੋਂ ਸਫਲ ਉਮੀਦਵਾਰਾਂ ਦਾ ਨਤੀਜਾ ਐਲਾਨਿਆ ਗਿਆ ਹੈ।  ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਂਡ ਕੰਪੀਟੀਸ਼ਨ 2009 : ਇਸੇ ਦੌਰਾਨ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਕਮਿਸ਼ਨ ਵਲੋਂ ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਂਡ ਕੰਪੀਟੀਸ਼ਨ 2009 ਦੇ ਮੁੱਖ ਲਿਖਤੀ ਪੇਪਰਾਂ ਦੀਆਂ ਕਾਪੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਕਿ ਜਿਉਂ ਹੀ ਇਹ ਕੰਮ ਮੁਕੰਮਲ ਹੋ ਗਿਆ ਤਾਂ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।  ਸਕਰੀਨਿੰਗ ਟੈਸਟ 4 ਮਾਰਚ ਨੂੰ : ਕਮਿਸ਼ਨ ਵਲੋਂ ਰਾਜ ਦੇ ਲੋਕ ਨਿਰਮਾਣ ਵਿਭਾਗ 'ਚ ਐਸ. ਡੀਜ਼ ਦੀ ਭਰਤੀ ਲਈ ਸਾਰੇ ਯੋਗ ਉਮੀਦਵਾਰਾਂ ਦਾ ਸਕਰੀਨਿੰਗ ਟੈਸਟ 4 ਮਾਰਚ ਨੂੰ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਹੈ ਕਿ ਯੋਗ ਉਮੀਦਵਾਰਾਂ ਨੂੰ ਐਡਮਿਟ ਕਾਰਡ ਭੇਜੇ ਜਾ ਰਹੇ ਹਨ, ਜਿਨ੍ਹਾਂ ਉਮੀਦਵਾਰਾਂ ਨੂੰ 29 ਫਰਵਰੀ ਤੱਕ ਇਹ ਕਾਰਡ ਨਹੀਂ ਮਿਲਦੇ ਉਹ, ਕਮਿਸ਼ਨ ਦੇ ਦਫ਼ਤਰੋਂ ਪਹਿਲੀ ਤੇ ਦੋ ਮਾਰਚ ਨੂੰ ਨਿੱਜੀ ਤੌਰ 'ਤੇ ਦਫ਼ਤਰੀ ਸਮੇਂ ਦੌਰਾਨ ਹਾਸਿਲ ਕਰ ਸਕਦੇ ਹਨ।

ਮੁੱਲਾਂਪੁਰ ਦਾਖਾ, 23 ਫਰਵਰੀ-ਡੀ. ਐਸ. ਪੀ. ਬਲਰਾਜ ਸਿੰਘ ਗਿੱਲ ਅਤੇ ਮੋਨਿਕਾ ਕਪਿਲਾ ਦੇ ਕਾਤਲਾਂ ਨੂੰ ਲੱਭਣ ਵਿਚ ਨਾਕਾਮ ਪੰਜਾਬ ਪੁਲਿਸ ਨੂੰ ਅੱਜ ਉਦੋਂ ਹੋਰ ਨਮੋਸ਼ੀ ਝੱਲਣੀ ਪਈ ਜਦ ਗੈਂਗਵਾਰ ਗਿਰੋਹ ਨਾਲ ਜੁੜੇ ਅੰਮਿਤ ਕੰਬੋਜ ਨੂੰ ਪੇਸ਼ੀ ਦੌਰਾਨ ਮਾਡਲ ਥਾਣਾ ਦੀ ਹਦੂਦ ਵਿਚ ਫਰੀਦਕੋਟ ਪੁਲਿਸ ਤੋਂ ਉਸ ਦੇ ਸਾਥੀ ਛੁਡਵਾ ਕੇ ਲੈ ਗਏ। ਪ੍ਰਾਪਤ ਵੇਰਵਿਆਂ ਅਨੁਸਾਰ ਅਪਰਾਧ ਦੀ ਦੁਨੀਆ ਵਿਚ ਜਾਣੇ-ਪਹਿਚਾਣੇ ਅਮਿਤ ਕੰਬੋਜ ਨੂੰ ਕਿਸੇ ਮਾਮਲੇ ਵਿਚ ਫਰੀਦਕੋਟ ਪੁਲਿਸ ਪੇਸ਼ੀ ਲਈ ਮੁਹਾਲੀ ਲੈ ਕੇ ਗਈ ਸੀ। ਐਚ. ਆਰ 02-2376 ਕਾਰ ਵਿਚ ਪੁਲਿਸ ਪਾਰਟੀ ਜਿਉਂ ਹੀ ਅਮਿਤ ਕੰਬੋਜ ਨੂੰ ਮੁਹਾਲੀ ਤੋਂ ਫਰੀਦਕੋਟ ਲਿਆ ਰਹੀ ਸੀ, ਦਾਖਾ ਨਜ਼ਦੀਕ ਅਮਿਤ ਕੰਬੋਜ ਨੇ ਪੁਲਿਸ ਨੂੰ ਕਿਹਾ ਕਿ ਉਸ ਨੇ ਪਿਸ਼ਾਬ ਕਰਨਾ ਹੈ। ਜਿਉਂ ਹੀ ਕਾਰ ਰੁਕੀ ਪਹਿਲਾਂ ਵਿਉਂਤ ਅਨੁਸਾਰ ਅਮਿਤ ਕੰਬੋਜ ਦੇ ਗਿਰੋਹ ਦੇ ਕਰੀਬ ਅੱਧੀ ਦਰਜਨ ਸਾਥੀ ਪੁਲਿਸ ਪਾਰਟੀ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਆਪਣੇ ਸਾਥੀ ਕੰਬੋਜ ਲੈ ਕੇ ਫਰਾਰ ਹੋ ਗਏ। ਅਮਿਤ ਕੰਬੋਜ ਨੂੰ ਛੁਡਾਉਣ ਲਈ ਇਤਲਾਹ ਫਰੀਦਕੋਟ ਪੁਲਿਸ ਵੱਲੋਂ ਮਾਡਲ ਥਾਣਾ ਦਾਖਾ ਨੂੰ ਦਿੱਤੀ। ਅਪਰਾਧ ਦਾ ਸਰਗਣਾ ਸੀ-ਕੰਬੋਜ, ਮੁਹਾਲੀ ਤੋਂ ਪੇਸ਼ੀ ਬਾਅਦ ਗਿਰੋਹ ਵੱਲੋਂ ਪੁਲਿਸ ਤੋਂ ਮੁਕਤ ਕਰਵਾਇਆ ਕੰਬੋਜ ਗੁਆਂਢੀ ਸੂਬੇ ਹਰਿਆਣਾ ਨਾਲ ਸੰਬੰਧਿਤ ਹੈ। ਸੰਨ 2007 ਵਿਚ ਅਮਿਤ ਉੱਪਰ ਮਾਡਲ ਥਾਣਾ ਦਾਖਾ ਵਿਚ ਮੁਕੱਦਮੇ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਵੱਖੋ-ਵੱਖ ਥਾਣਿਆਂ ਵਿਚ ਕਰੀਬ ਦੋ ਦਰਜਨ ਮੁਕੱਦਮੇ ਦਰਜ ਹਨ। ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਕੰਬੋਜ ਨੂੰ ਛੁਡਾਉਣ ਵਾਲੇ ਗਿਰੋਹ ਦੀ ਭਾਲ ਲਈ ਪੂਰੇ ਜ਼ਿਲ੍ਹੇ ਵਿਚ ਥਾਂ-ਥਾਂ ਨਾਕੇ ਲਗਾ ਕੇ ਚੈਕਿੰਗ ਆਰੰਭ ਹੋਈ ਹੈ। ਪੁਲਿਸ ਨੂੰ ਸ਼ੱਕ-ਪੁਲਿਸ ਨੂੰ ਸ਼ੱਕ ਹੈ ਕਿ ਅਮਿਤ ਕੰਬੋਜ ਦੀਆਂ ਜੜ੍ਹਾਂ ਪਿਛਲੇ ਸਮੇਂ ਪੁਲਿਸ ਮੁਕਾਬਲੇ ਵਿਚ ਬਿਲਗਾ ਥਾਣੇ ਅਧੀਨ ਮਾਰੇ ਗਏ ਗੈਂਗਸਟਰ ਸ਼ਾਦੀਪੁਰ ਵਾਸੀ ਭੁਪਿੰਦਰ ਸਿੰਘ ਭਿੰਦਾ, ਰਾਜਿੰਦਰ ਰੂਬੀ ਦੇ ਗਿਰੋਹ ਨਾਲ ਜੁੜ ਸਕਦੀਆਂ ਹਨ। ਮੁਕੱਦਮਾ ਦਰਜ-ਕੰਬੋਜ ਨੂੰ ਪੇਸ਼ੀ ਦੌਰਾਨ ਕੋਤਾਹੀ ਵਰਤਣ ਵਾਲੇ ਸਿਪਾਹੀ ਸੇਵਕ ਸਿੰਘ, ਹੌਲਦਾਰ ਜਸਵੀਰ ਸਿੰਘ ਵਿਰੁੱਧ ਮਾਡਲ ਥਾਣਾ ਦਾਖਾ ਵਿਚ ਮੁਕੱਦਮਾ ਦਰਜ ਕਰ ਲਿਆ। ਨਿੱਜੀ ਕਾਰ ਚਾਲਕ ਹਰਵਿੰਦਰ ਸਿੰਘ ਨੂੰ ਵੀ ਪੁਲਿਸ ਮੁਕੱਦਮੇ ਵਿਚ ਸ਼ਾਮਿਲ ਕਰ ਲਿਆ।

ਮੁੰਬਈ, 23 ਫਰਵਰੀ -ਕੱਲ੍ਹ ਸ਼ਾਮ ਗ੍ਰਿਫਤਾਰੀ ਤੋਂ ਬਾਅਦ ਰਿਹਾਅ ਕੀਤੇ ਗਏ ਅਦਾਕਾਰ ਸੈਫ਼ ਅਲੀ ਖ਼ਾਨ ਨੇ ਵੀ ਪ੍ਰਵਾਸੀ ਭਾਰਤੀ ਇਕਬਾਲ ਸ਼ਰਮਾ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਆਪਣੀ ਸ਼ਿਕਾਇਤ ਵਿਚ ਸੈਫ਼ ਨੇ ਆਖਿਆ ਕਿ ਇਕਬਾਲ ਨੇ ਪਹਿਲਾਂ ਮੇਰੇ 'ਤੇ ਹਮਲਾ ਕੀਤਾ ਸੀ ਅਤੇ ਆਪਣੇ ਬਚਾਅ ਲਈ ਮੈਂ ਜਵਾਬੀ ਕਾਰਵਾਈ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਇਸ ਸ਼ਿਕਾਇਤ ਦੀ ਛਾਣਬੀਣ ਲਈ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ, ਜਿਨ੍ਹਾਂ ਵਿਚ ਹੋਟਲ ਦੇ ਚਾਰ ਮੁਲਾਜ਼ਮ ਅਤੇ ਇਕਬਾਲ ਦੇ ਪਰਿਵਾਰਕ ਮੈਂਬਰ ਸ਼ਾਮਿਲ ਹਨ। ਦੂਜੇ ਪਾਸੇ ਮੁੰਬਈ ਪੁਲਿਸ ਦੇ ਸਹਾਇਕ ਕਮਿਸ਼ਨਰ ਇਕਬਾਲ ਸ਼ੇਖ ਨੇ ਦੱਸਿਆ ਕਿ ਪੁਲਿਸ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁੱਟੇਜ਼ ਤੋਂ ਵੀ ਇਹ ਜਾਨਣ ਦੀ ਯਤਨ ਕਰ ਰਹੀ ਹੈ ਕਿ ਪਹਿਲ ਸੈਫ਼ ਨੇ ਕੀਤੀ ਜਾਂ ਇਕਬਾਲ ਨੇ। ਇਸੇ ਦੌਰਾਨ ਸੈਫ਼ ਅਲੀ ਖ਼ਾਨ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਇਸ ਗੱਲ ਤੋਂ ਕੋਰਾ ਇਨਕਾਰ ਕੀਤਾ ਕਿ ਫ਼ਿਲਮ 'ਵਿਨੋਦ ਏਜੰਟ' ਨੂੰ ਸਫਲ ਕਰਨ ਲਈ ਇਸ ਘਟਨਾ ਦਾ ਨਾਟਕ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਨਹੀਂ ਚਾਹੁੰਦਾ ਕਿ ਉਸ ਦਾ ਨਾਕਾਰਾਤਮਕ ਪ੍ਰਚਾਰ ਹੋਵੇ। ਜ਼ਿਕਰਯੋਗ ਹੈ ਕਿ ਕੱਲ੍ਹ ਮੁੰਬਈ ਦੇ ਇਕ ਰੈਸਟੋਰੈਂਟ ਵਿਚ ਸੈਫ਼ ਅਲੀ ਖ਼ਾਨ ਨੇ ਪ੍ਰਵਾਸੀ ਭਾਰਤੀ ਇਕਬਾਲ ਸ਼ਰਮਾ ਦੀ ਕੁੱਟਮਾਰ ਕਰ ਦਿੱਤੀ ਸੀ। ਪੁਲਿਸ ਨੇ ਪਰਚਾ ਦਰਜ ਕਰਨ ਤੋਂ ਬਾਅਦ ਸੈਫ਼ ਨੂੰ ਗ੍ਰਿਫ਼ਤਾਰ ਕਰਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ।

ਪਿਸਤੌਲ ਦਿਖਾ ਕੇ ਫਾਰਚੂਨਰ ਗੱਡੀ ਖੋਹੀ
ਫਗਵਾੜਾ, 23 ਫਰਵਰੀ-ਸਥਾਨਕ ਜੀ.ਟੀ ਰੋਡ 'ਤੇ ਪਿੰਡ ਜਮਾਲਪੁਰ ਦੇ ਨੇੜੇ ਬੀਤੀ ਦੇਰ ਰਾਤ ਨੂੰ ਅਣਪਛਾਤੇ ਪਿਸਤੌਲਧਾਰੀ ਲੁਟੇਰਿਆਂ ਨੇ ਇਕ ਫਾਰਚੂਨਰ ਗੱਡੀ ਖੋਹ ਲਈ। ਗੱਡੀ ਵਿੱਚ ਪਏ ਦੋ ਲੱਖ ਰੁਪਏ, ਦੋ ਮੋਬਾਈਲ ਅਤੇ ਇਕ ਲੈਪਟਾਪ ਵੀ ਲੁਟੇਰੇ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ ਇਕ ਸ਼ੈਵਰਲੇਅ ਗੱਡੀ ਵਿਚ ਸਵਾਰ ਸਨ। ਜਾਣਕਾਰੀ ਦੇ ਅਨੁਸਾਰ ਸਿਮਰ ਫਾਈਨਾਂਸ ਕੰਪਨੀ ਦੇ ਮਾਲਕ ਸ੍ਰੀ ਦੀਪਕ ਬਾਲੀ ਪੁੱਤਰ ਸ੍ਰੀ ਧਰਮਪਾਲ ਬਾਲੀ ਵਾਸੀ ਗੁਰਜੀਤ ਨਗਰ ਜਲੰਧਰ ਬੀਤੀ ਰਾਤ ਆਪਣੇ ਇਕ ਸਾਥੀ ਇੰਦਰਜੀਤ ਸਿੰਘ ਦੇ ਨਾਲ ਗੁਰਾਇਆ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਲਈ ਆਪਣੀ ਫਾਰਚੂਨਰ ਗੱਡੀ ਨੰਬਰ ਪੀ.ਬੀ 08 ਏ.ਵਾਈ (ਟੀ) 1040 ਵਿਚ ਜਾ ਰਹੇ ਸਨ। ਦੀਪਕ ਬਾਲੀ ਦੇ ਅਨੁਸਾਰ ਜਦੋਂ ਉਨ੍ਹਾਂ ਦੀ ਗੱਡੀ ਫਗਵਾੜਾ ਦੇ ਪਿੰਡ ਜਮਾਲਪੁਰ ਦੇ ਨੇੜੇ ਪਹੁੰਚੀ ਤਾਂ ਪਿੱਛੋਂ ਇਕ ਸ਼ੈਵਰਲੇਅ ਗੱਡੀ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ। ਉਨ੍ਹਾਂ ਦੇ ਡਰਾਈਵਰ ਨੇ ਉਕਤ ਗੱਡੀ ਦੇ ਨੇੜੇ ਜਾ ਕਿ ਗੱਡੀ ਰੋਕੀ ਅਤੇ ਨੁਕਸਾਨ ਦੇਖਣ ਸਬੰਧੀ ਥੱਲੇ ਉਤਰਿਆ। ਡਰਾਈਵਰ ਬਲਵੰਤ ਸਿੰਘ ਤੋਂ ਬਾਅਦ ਉਹ ਵੀ ਗੱਡੀ ਤੋਂ ਹੇਠਾਂ ਉਤਰ ਆਏ। ਏਨੀ ਦੇਰ ਨੂੰ ਸ਼ੈਵਰਲੇਅ ਸਵਾਰਾਂ ਨੇ ਪਿਸਤੌਲ ਕੱਢ ਲਈ ਅਤੇ ਉਨ੍ਹਾਂ ਨੂੰ ਧਮਕਾ ਕੇ ਗੱਡੀ ਖੋਹ ਕੇ ਫ਼ਰਾਰ ਹੋ ਗਏ। ਦੀਪਕ ਬਾਲੀ ਨੇ ਦੱਸਿਆ ਕਿ ਗੱਡੀ ਵਿਚ ਪਏ ਦੋ ਲੱਖ ਰੁਪਏ ਨਕਦ, ਇਕ ਲੈਪਟਾਪ ਅਤੇ ਉਨ੍ਹਾਂ ਦੇ ਦੋ ਮੋਬਾਈਲ ਫ਼ੋਨ ਵੀ ਲੁੱਟ ਕਿ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਕੇ ਵਾਰਦਾਤ ਦਾ ਜਾਇਜ਼ਾ ਲਿਆ। ਸਦਰ ਪੁਲਿਸ ਨੇ ਇਸ ਘਟਨਾ ਸਬੰਧੀ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨੀਤਾ ਅੰਬਾਨੀ ਵਲੋਂ ਜਲੰਧਰ ਦੇ 'ਯੂਨੀਕ ਹੋਮ' ਦਾ ਦੌਰਾ


ਨੀਤਾ ਅੰਬਾਨੀ ਜਲੰਧਰ ਦੇ ਯੂਨੀਕ ਹੋਮ ਦੇ ਬਾਹਰ ਨੰਨ੍ਹੇ-ਮੁੰਨੇ ਬੱਚਿਆਂ ਨਾਲ ਅਤੇ
(2)
ਬੀਬੀ ਪ੍ਰਕਾਸ਼ ਕੌਰ ਨਾਲ ਖੜ੍ਹੇ ਹਨ।
ਜਲੰਧਰ. 23 ਫਰਵਰੀ ਰਿਲਾਇੰਸ ਇੰਡਸਟਰੀਜ਼ ਲਿਮ: ਦੇ ਕਰਤਾ-ਧਰਤਾ ਮੁਕੇਸ਼ ਅੰਬਾਨੀ ਦੀ ਪਤਨੀ ਅਤੇ ਧੀਰੂ ਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੀ ਚੇਅਰਪਰਸਨ ਸ੍ਰੀਮਤੀ ਨੀਤਾ ਅੰਬਾਨੀ ਅੱਜ ਬਾਅਦ ਦੁਪਹਿਰ ਇਥੇ ਮਾਡਲ ਹਾਊਸ ਜਲੰਧਰ ਦੀ ਤਾਰਾਂਵਾਲੀ ਗਲੀ ਵਿਚ ਸਥਿਤ 'ਯੂਨੀਕ ਹੋਮ' ਵੇਖਣ ਆਏ। ਯਾਦ ਰਹੇ ਇਹ ਅਨਾਥ ਅਤੇ ਬੇਸਹਾਰਾ ਬੱਚਿਆਂ ਦਾ ਰੈਣ-ਬਸੇਰਾ ਹੈ। ਇਸ ਦੀ ਸੰਚਾਲਕਾ ਬੀਬੀ ਪ੍ਰਕਾਸ਼ ਕੌਰ ਹਨ। ਇਸ ਵਿਚ 58 ਬੱਚਿਆਂ ਦਾ ਪਾਲਣ-ਪੋਸਣ ਹੋ ਰਿਹਾ ਹੈ। ਸਭ ਤੋਂ ਛੋਟਾ ਬੱਚਾ ਚਾਰ ਮਹੀਨੇ ਦਾ ਹੈ। ਇਸ ਨੂੰ ਭਾਈ ਘਨੱਈਆ ਜੀ ਟਰੱਸਟ ਵੱਲੋਂ ਚਲਾਇਆ ਜਾ ਰਿਹਾ ਹੈ। ਸ੍ਰੀਮਤੀ ਨੀਤਾ ਅੰਬਾਨੀ ਜਦੋਂ ਯੂਨੀਕ ਹੋਮ ਪੁੱਜੇ ਤਾਂ ਬਾਹਰ ਗਲੀ ਵਿਚ ਪੰਜ ਨੰਨ੍ਹੇ-ਮੁੰਨੇ ਬੱਚਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਆਉਂਦਿਆਂ ਪਹਿਲਾਂ 'ਸਤਿ ਸ੍ਰੀ ਅਕਾਲ' ਕੀਤੀ ਤੇ ਫਿਰ ਬੱਚਿਆਂ ਨੂੰ ਪਿਆਰ ਕੀਤਾ ਅਤੇ ਉਨ੍ਹਾਂ ਵਿਚੋਂ ਇਕ ਨੂੰ ਕੁੱਛੜ ਚੁੱਕ ਕੇ ਬਾਕੀਆਂ ਨਾਲ ਵੀ ਲਾਡ ਲਡਾਇਆ। ਇਹ ਬੱਚੇ ਸਨ ਰੋਮੀ, ਜੀਆ, ਸ਼ਿਵੀ, ਵਨਸੇਰਾ ਤੇ ਸਲੀਨਾ। ਯੂਨੀਕ ਹੋਮ ਵਿਚ ਪ੍ਰਵੇਸ਼ ਕਰਨ 'ਤੇ ਬੀਬੀ ਪ੍ਰਕਾਸ਼ ਕੌਰ ਤੇ ਬੱਚਿਆਂ ਨੇ ਜਿਨ੍ਹਾਂ ਰੰਗ-ਬਰੰਗੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ, ਉਨ੍ਹਾਂ ਦਾ ਸਵਾਗਤ ਕੀਤਾ। ਸਾਰਾ ਯੂਨੀਕ ਹੋਮ ਹੀ ਸਜਾਇਆ ਹੋਇਆ ਸੀ। ਉਨ੍ਹਾਂ ਇਥੇ ਕਾਫੀ ਸਮਾਂ ਬੱਚਿਆਂ ਨਾਲ ਬਿਤਾਇਆ। ਉਨ੍ਹਾਂ ਯੂਨੀਕ ਹੋਮ ਬਾਰੇ ਜਾਣਕਾਰੀ ਵੀ ਲਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਬੱਚੇ ਅੰਦਰ ਰਹਿੰਦੇ ਹਨ, ਕਿਵੇਂ ਉਨ੍ਹਾਂ ਦਾ ਪਾਲਣ-ਪੋਸਣ ਕੀਤਾ ਜਾਂਦਾ ਹੈ। ਉਨ੍ਹਾਂ ਦੀ ਪੜ੍ਹਾਈ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਹੁਣ ਤੱਕ 12 ਲੜਕੀਆਂ ਵਿਆਹੀਆਂ ਜਾ ਚੁੱਕੀਆਂ ਹਨ। ਯਾਦ ਰਹੇ, ਇਥੇ ਸਿਰਫ ਲੜਕੀਆਂ ਹੀ ਰੱਖੀਆਂ ਜਾਂਦੀਆਂ ਹਨ। ਬਾਅਦ ਵਿਚ ਜਦੋਂ ਮੈਡਮ ਅੰਬਾਨੀ ਬਾਹਰ ਆਏ ਤਾਂ ਕਈ ਘੰਟੇ ਤੋਂ ਉਡੀਕ 'ਚ ਖੜ੍ਹੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲੀ ਵਾਰੀ ਜਲੰਧਰ ਤੇ ਯੂਨੀਕ ਹੋਮ (ਬੇਸਹਾਰਿਆਂ ਦਾ ਸਹਾਰਾ) ਵੇਖ ਕੇ ਅਤੇ ਬੱਚਿਆਂ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਹਨ। ਉਨ੍ਹਾਂ ਬੀਬੀ ਪ੍ਰਕਾਸ਼ ਕੌਰ 'ਸੰਚਾਲਕਾ' ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਸੇਵਾ ਦੀ ਮੂਰਤ ਹਨ। ਉਹ ਖੁਦ ਉਨ੍ਹਾਂ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਹ ਬੇਸਹਾਰਾ ਬੱਚਿਆਂ ਦੇ ਪਾਲਣ-ਪੋਸਣ ਦੀ ਜਿਵੇਂ ਸੇਵਾ ਕਰ ਰਹੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਹ ਮੇਰੇ ਸਮੇਤ ਸਾਰਿਆਂ ਦੇ ਪ੍ਰੇਰਨਾ-ਸਰੋਤ ਹਨ। ਆਮ ਔਰਤਾਂ ਨੂੰ ਵੀ ਉਨ੍ਹਾਂ ਵਾਂਗ ਹੀ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੇ ਸੱਦੇ 'ਤੇ ਬੀਬੀ ਪ੍ਰਕਾਸ਼ ਕੌਰ ਜਦੋਂ ਮੁੰਬਈ ਉਨ੍ਹਾਂ ਪਾਸ ਆਏ ਸਨ, ਜਿਥੇ ਉਨ੍ਹਾਂ ਨੂੰ ਐਵਾਰਡ ਪ੍ਰਦਾਨ ਕੀਤਾ ਗਿਆ ਸੀ, ਉਦੋਂ ਮੈਂ ਇਨ੍ਹਾਂ ਨਾਲ ਜਲੰਧਰ ਆਉਣ ਦਾ ਵਾਅਦਾ ਕੀਤਾ ਸੀ। ਸੋ, ਅੱਜ ਮੈਂ ਇਥੇ ਆ ਕੇ ਆਪਣਾ ਕੀਤਾ ਵਾਅਦਾ ਨਿਭਾਇਆ ਹੈ। ਹੁਣ ਮੈਂ ਇਨ੍ਹਾਂ ਨੂੰ ਸਾਰੇ ਬੱਚਿਆਂ ਸਮੇਤ ਮੁੰਬਈ ਆਉਣ ਦਾ ਸੱਦਾ ਦਿੱਤਾ ਹੈ। ਬਾਅਦ ਵਿਚ ਪਤਾ ਲੱਗਾ ਕਿ ਬੀਬੀ ਪ੍ਰਕਾਸ਼ ਕੌਰ ਨੇ ਇਹ ਸੱਦਾ ਸਵੀਕਾਰ ਕਰ ਲਿਆ ਹੈ। ਸ਼ਾਮ ਨੂੰ ਯੂਨੀਕ ਹੋਮ ਦੀ ਨਕੋਦਰ ਰੋਡ ਬਾਦਸ਼ਾਹਪੁਰ (ਨੇੜੇ ਆਲੂ ਫਾਰਮ ਕੋਲ) ਬਣ ਰਹੀ ਨਵੀਂ ਇਮਾਰਤ ਵੇਖਣ ਲਈ ਪੁੱਜੇ। ਉਥੇ ਉਨ੍ਹਾਂ ਬਹੁਤ ਸਾਰਾ ਸਮਾਂ ਬੱਚਿਆਂ ਨਾਲ ਹੱਸ-ਖੇਡ ਕੇ ਬਿਤਾਇਆ। ਉਨ੍ਹਾਂ ਬੱਚਿਆਂ ਨਾਲ ਰਲ ਕੇ ਗੁਜਰਾਤੀ ਗਰਬਾ ਡਾਂਸ ਵੀ ਕੀਤਾ। ਉਨ੍ਹਾਂ ਗੁਜਰਾਤੀ ਵਿਚ ਗੀਤ ਵੀ ਗਾਏ। ਬੱਚਿਆਂ ਨੇ ਵੀ ਗੁਜਰਾਤੀ ਵਿਚ ਤਿਆਰ ਕੀਤੇ ਗੀਤ ਸੁਣਾਏ। ਮੈਡਮ ਨੀਤਾ ਅੰਬਾਨੀ ਨੇ ਬੱਚਿਆਂ ਨੂੰ ਆਪਣੀ ਜੀਵਨ ਕਹਾਣੀ ਵੀ ਸੁਣਾਈ ਅਤੇ ਨਾਲ ਲਿਆਂਦੇ ਖਿਡੌਣੇ ਵੀ ਵੰਡੇ। ਵਾਪਸੀ 'ਤੇ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਮੱਥਾ ਟੇਕਣ ਲਈ ਗਏ, ਜਿਥੇ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਯਾਦ ਰਹੇ ਉਨ੍ਹਾਂ ਦੇ ਯੂਨੀਕ ਹੋਮ ਵਿਚ ਜੋ ਦੋ ਸਮਾਗਮ ਹੋਏ, ਉਨ੍ਹਾਂ ਵਿਚ ਪੱਤਰਕਾਰਾਂ ਨੂੰ ਜਾਣ ਦੀ ਬਿਲਕੁਲ ਮਨਾਹੀ ਸੀ, ਕਿਉਂਕਿ ਇਹ ਸਮਾਗਮ ਉਨ੍ਹਾਂ ਦਾ ਨਿੱਜੀ ਸੀ। ਪਤਾ ਲੱਗਾ ਹੈ ਕਿ ਉਹ ਇਨ੍ਹਾਂ ਬੱਚਿਆਂ ਨੂੰ ਲੈ ਕੇ ਇਕ ਦਸਤਾਵੇਜ਼ੀ (ਡਾਕੂਮੈਂਟਰੀ) ਫ਼ਿਲਮ ਬਣਾ ਰਹੇ ਹਨ। ਇਥੇ ਉਨ੍ਹਾਂ ਫ਼ਿਲਮ ਲਈ ਵੱਖ-ਵੱਖ ਦ੍ਰਿਸ਼ ਫਿਲਮਾਏ। ਯਾਦ ਰਹੇ ਕਿ ਉਹ ਪੰਜਾਬੀ ਪਹਿਰਾਵੇ ਸਲਵਾਰ-ਕਮੀਜ਼ ਵਿਚ ਸਨ।

ਬੈਰਾਗੀ ਮਹਾਂ ਮੰਡਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ
ਫਾਊਂਡੇਸ਼ਨ ਦੀਆਂ ਉੱਤਰ ਪ੍ਰਦੇਸ਼ ਇਕਾਈਆਂ ਦਾ ਗਠਨ

ਲੁਧਿਆਣਾ 23 ਫਰਵਰੀ-ਕੁਲ ਹਿੰਦ ਬੈਰਾਗੀ (ਵੈਸ਼ਨਵ) ਮਹਾਂ ਮੰਡਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਸਾਂਝੀ ਮੀਟਿੰਗ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਜਨਰਲ ਸਕੱਤਰ ਪ੍ਰੋ: ਜੀਵਨ ਦਾਸ ਬਾਵਾ ਦੀ ਪ੍ਰਧਾਨਗੀ ਹੇਠ ਮੰਦਿਰ ਬਾਬਾ ਰਾਮ ਥੰਮਨ, ਜਿੰਗਨੀਆਂ (ਸ਼ਿਵਰਾਜਪੁਰ) ਜ਼ਿਲ੍ਹਾ ਸੀਤਾਪੁਰ ਵਿਖੇ ਹੋਈ। ਇਸ ਸਮੇਂ ਸਰਬਸੰਮਤੀ ਨਾਲ ਨਿਰਭੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਉੱਤਰ ਪ੍ਰਦੇਸ਼ ਦਾ ਪ੍ਰਧਾਨ ਜਦਕਿ ਰਾਮਨਾਥ ਬਾਵਾ ਨੂੰ ਬੈਰਾਗੀ ਮਹਾਂ ਮੰਡਲ ਉੱਤਰ ਪ੍ਰਦੇਸ਼ ਦਾ ਪ੍ਰਧਾਨ ਥਾਪਿਆ ਗਿਆ। ਪ੍ਰੋ: ਜੀਵਨ ਦਾਸ ਬਾਵਾ ਨੇ ਨਿਰਭੈ ਸਿੰਘ ਨੂੰ ਇਕ ਮਹੀਨੇ ਦੇ ਸਮੇਂ ਦੌਰਾਨ ਜਥੇਬੰਦਕ ਢਾਂਚਾ ਬਣਾਉਣ ਲਈ ਕਿਹਾ। ਇਸ ਦੇ ਨਾਲ ਹੀ ਬੈਰਾਗੀ ਮਹਾਂ ਮੰਡਲ ਉੱਤਰ ਪ੍ਰਦੇਸ਼ ਦੇ ਬਲਰਾਮ ਦਾਸ ਬਾਵਾ, ਬਲਬੀਰ ਬਾਵਾ ਅਤੇ ਅਮਰਨਾਥ ਬਾਵਾ ਨੂੰ ਸਰਪ੍ਰਸਤ, ਹੀਰਾ ਲਾਲ ਬਾਵਾ ਅਤੇ ਮਨਦੀਪ ਬਾਵਾ ਉਪ ਪ੍ਰਧਾਨ, ਸਤਨਾਮ ਬਾਵਾ ਜਨਰਲ ਸਕੱਤਰ, ਬਲਵਿੰਦਰ ਦਾਸ ਬਾਵਾ ਅਤੇ ਧਰਮਪਾਲ ਬਾਵਾ ਸਕੱਤਰ ਥਾਪੇ ਗਏ। ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਇਸ ਸਮੇਂ ਕੇਂਦਰੀ ਟਰਾਂਸਪੋਰਟ ਮੰਤਰੀ ਜਤਿਨ ਪ੍ਰਸਾਦ ਨੂੰ ਸੰਸਥਾ ਵੱਲੋਂ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕਰਦਿਆਂ ਸੰਸਥਾ ਦੀਆਂ ਗਤੀਵਿਧੀਆਂ ਅਤੇ ਉਦੇਸ਼ਾਂ ਤੋਂ ਜਾਣੂ ਕਰਵਾਇਆ। ਸ੍ਰੀ ਬਾਵਾ ਨੇ ਕਿਹਾ ਕਿ ਅੱਜ ਲੋੜ ਹੈ ਬੈਰਾਗੀ ਭਾਈਚਾਰੇ ਦੇ ਲੋਕ ਉੱਤਰ ਪ੍ਰਦੇਸ਼ 'ਚ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਆਪਣੀ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ 'ਚ ਪਹਿਚਾਣ ਬਣਾਉਣ। ਇਸ ਮੀਟਿੰਗ ਵਿਚ ਸੰਤ ਨਿਰਮਲ ਸਿੰਘ ਕਾਰ ਸੇਵਾ ਵਾਲੇ, ਚੌਧਰੀ ਦਸੌਧੀ ਰਾਮ ਨੇਤਾ ਗੁਜਰ ਸਮਾਜ, ਅਮਰਦੀਪ ਸਿੰਘ ਗਰੇਵਾਲ ਯੂਥ ਨੇਤਾ, ਰਵਿੰਦਰ ਕੁਮਾਰ ਬਾਵਾ, ਰਜਿੰਦਰ ਕੁਮਾਰ ਬਾਵਾ, ਭਗੀਰਥ ਦਾਸ ਬਾਵਾ, ਰਮੇਸ਼ ਚੰਦ ਬਾਵਾ, ਛਿੰਦਰਪਾਲ ਬਾਵਾ, ਬੀਰਾ ਰਾਮ ਬਾਵਾ, ਪ੍ਰਸ਼ੋਤਮ ਦਾਸ ਬਾਵਾ, ਜੀਤ ਰਾਮ ਬਾਵਾ, ਕਪਲ ਦੇਵ ਬਾਵਾ, ਦੇਸ ਰਾਜ ਬਾਵਾ, ਸ਼ਿਵ ਨਰਾਇਣ ਬਾਵਾ, ਦਲਬੀਰ ਦਾਸ ਬਾਵਾ, ਹੈਪੀ ਬਾਵਾ, ਜਸਵਿੰਦਰ ਪਾਲ ਬਾਵਾ, ਭੁਪਿਦਰ ਪਾਲ ਬਾਵਾ, ਲਖਵਿੰਦਰ ਸਿੰਘ, ਸ਼ਸ਼ਪਾਲ ਬਾਵਾ, ਪ੍ਰੇਮ ਦਾਸ ਅਤੇ ਭਾਗ ਸਿੰਘ ਆਦਿ ਸ਼ਾਮਿਲ ਹੋਏ।

ਆਬੂਧਾਬੀ ਦੀ ਜੇਲ੍ਹ 'ਚ ਬੰਦ 16 ਪੰਜਾਬੀ ਨੌਜਵਾਨਾਂ 'ਤੇ ਕੀਤਾ ਜਾ ਰਿਹੈ ਤਸ਼ੱਦਦ

ਆਬੂਧਾਬੀ ਜੇਲ੍ਹ 'ਚ ਬੰਦ ਨੌਜਵਾਨ ਬਲਵਿੰਦਰ ਸਿੰਘ ਦੀ ਮਾਤਾ ਸ੍ਰੀਮਤੀ ਪਿਆਰੀ, ਨਰਿੰਦਰਜੀਤ ਕੌਰ ਭਰਜਾਈ ਅਤੇ ਪਿੰਡ ਵਾਸੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ।
ਬੰਗਾ. 23 ਫਰਵਰੀ ૿ ਦੁਬਈ 'ਚ ਪਾਕਿਸਤਾਨੀ ਨਾਗਰਿਕ ਮਿਸਰੀ ਖਾਂ ਦੇ ਸਾਲ 2009 'ਚ ਹੋਏ ਕਤਲ 'ਚ ਦੋਸ਼ੀ ਮੰਨੇ ਗਏ 17 ਪੰਜਾਬੀ ਨੌਜਵਾਨਾਂ ਦੀ ਜਾਨ ਬਖਸ਼ੀ ਉਪਰੰਤ ਅਜੇ ਵਤਨ ਵਾਪਸੀ ਸੰਭਵ ਨਹੀਂ ਹੋਈ ਕਿ ਆਬੂਧਾਬੀ ਦੀ ਅਲਬਸ਼ਪਾ ਜੇਲ੍ਹ 'ਚ ਬੰਦ 16 ਹੋਰ ਪੰਜਾਬੀ ਨੌਜਵਾਨਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ 'ਤੇ ਵੀ ਇਕ ਪਾਕਿਸਤਾਨੀ ਨਾਗਰਿਕ ਪਠਾਨ ਮੁਹੰਮਦ ਸ਼ਵੇਤ ਦੇ ਕਤਲ ਦਾ ਦੋਸ਼ ਹੈ। ਅਲਬਸ਼ਪਾ ਜੇਲ੍ਹ 'ਚ ਬੰਦ ਬਲਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਪਿੰਡ ਹੇੜੀਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਾਤਾ ਸ੍ਰੀਮਤੀ ਪਿਆਰੋ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਬਲਵਿੰਦਰ ਸਿੰਘ ਨੂੰ ਜੂਨ 2010 ਦੌਰਾਨ ਕਰਜ਼ਾ ਚੁੱਕ ਕੇ ਆਬੂਧਾਬੀ ਭੇਜਿਆ ਸੀ। ਉਨ੍ਹਾਂ ਜਿਸ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਸੀ ਕਿ 3 ਨਵੰਬਰ 2011 ਦੀ ਰਾਤ ਨੂੰ ਉਨ੍ਹਾਂ ਦੇ ਨਜ਼ਦੀਕ ਹੀ ਇਕ ਕਮਰੇ 'ਚ ਰਹਿ ਰਹੇ 3 ਪੰਜਾਬੀ ਨੌਜਵਾਨਾਂ ਦਾ ਆਪਸ ਵਿਚ ਕਿਸੇ ਗੱਲੋ ਝਗੜਾ ਹੋ ਗਿਆ। ਜਦੋਂ ਇਨ੍ਹਾਂ ਨੌਜਵਾਨਾਂ ਨੂੰ ਛੁਡਾਉਣ ਲਈ ਇਕ ਪਾਕਿਸਤਾਨੀ ਨਾਗਰਿਕ ਪਠਾਨ ਮੁਹੰਮਦ ਸ਼ਵੇਤ ਅੱਗੇ ਆਇਆ ਤਾਂ ਕਿਸੇ ਵਿਅਕਤੀ ਨੇ ਪਿਛੋਂ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ ਅਤੇ ਇਲਾਜ ਦੌਰਾਨ ਉਸ ਦੀ ਇਕ ਹਸਪਤਾਲ 'ਚ 29 ਨਵੰਬਰ 2011 ਨੂੰ ਮੌਤ ਹੋ ਗਈ। ਆਬੂਧਾਬੀ ਪੁਲਿਸ ਵੱਲੋਂ ਇਸ ਕਤਲ ਦੇ ਦੋਸ਼ ਵਿਚ ਬਲਵਿੰਦਰ ਸਿੰਘ ਸਮੇਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਚਾਰ, ਅੰਮਿਤਸਰ ਜ਼ਿਲ੍ਹੇ ਦੇ ਤਿੰਨ, ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ, ਫਰੀਦਕੋਟ, ਬਠਿੰਡਾ, ਫਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਿਆ ਦੇ ਇਕ-ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜ ਦਿੱਤਾ ਜਿਥੇ ਭੁੱਖਿਆ ਰੱਖ ਕੇ ਭਾਰੀ ਤਸ਼ੱਦਦ ਢਾਹਿਆ ਜਾ ਰਿਹਾ ਹੈ। ਪੁਲਿਸ ਦੇ ਇਸ ਤਸ਼ੱਦਦ ਤੋਂ ਡਰਦੇ ਕਈ ਨੌਜਵਾਨ ਜੁਰਮ ਕਬੂਲ ਕਰਨ ਲਈ ਮਜ਼ਬੂਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਨਾਲ ਜੇਲ੍ਹ 'ਚ ਬੰਦ ਹੋਰ ਪੰਜਾਬੀ ਨੌਜਵਾਨਾਂ 'ਚ ਅਮਨਦੀਪ ਸਿੰਘ ਵਾਸੀ ਖੁਰਦ, ਰਾਮ ਸਿੰਘ ਅਤੇ ਰਾਜ ਕੁਮਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਪਰਮਿੰਦਰ ਸਿੰਘ ਵਾਸੀ ਪੰਜ ਗਰਾਈਆਂ ਜ਼ਿਲ੍ਹਾ ਫਰੀਦਕੋਟ, ਰਾਜ ਸਿੰਘ ਵਾਸੀ ਰੱਤਾ ਖੇੜਾ ਜ਼ਿਲ੍ਹਾ ਫਿਰੋਜ਼ਪੁਰ, ਗੁਰਦੇਵ ਸਿੰਘ ਵਾਸੀ ਜੰਡ ਜ਼ਿਲ੍ਹਾ ਅੰਮ੍ਰਿਤਸਰ, ਸੁਖਵੰਤ ਸਿੰਘ ਬੋਨੀ ਵਾਸੀ ਮੀਰਾਕੋਟ ਜ਼ਿਲ੍ਹਾ ਅੰਮ੍ਰਿਤਸਰ, ਸੁਰਜੀਤ ਸਿੰਘ ਵਾਸੀ ਬੁੱਟਰ ਕਲਾ ਜ਼ਿਲ੍ਹਾ ਅੰਮ੍ਰਿਤਸਰ, ਵਿਰਸਾ ਸਿੰਘ ਵਾਸੀ ਚਾੜਕੇ ਜ਼ਿਲ੍ਹਾ ਜਲੰਧਰ, ਅਮਨਦੀਪ ਸਿੰਘ ਵਾਸੀ ਅਲੀਕੇ ਬਠਿੰਡਾ, ਜਤਿੰਦਰ ਸਿੰਘ ਤੇ ਸੰਦੀਪ ਕੁਮਾਰ ਵਾਸੀ ਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਪੇਸ਼ੀ 28 ਫਰਵਰੀ 2012 ਤਹਿ ਕੀਤੀ ਗਈ ਹੈ।

ਪੰਜਾਬ ਦੀਆਂ ਸਮੱਸਿਆਵਾਂ ਨੂੰ ਉਭਾਰ ਕੇ ਆਗੂ ਆਪਣੇ ਹਿੱਤ ਪੂਰਦੇ ਨੇ-ਘੋਲੀਆ

ਜਗਰਾਉਂ, 23 ਫਰਵਰੀ -ਪੰਜਾਬ ਅੰਦਰ ਡੇਢ ਮਹੀਨਾ ਰਹਿ ਕੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਤੇ ਦੇਖਿਆ ਕਿ ਗੁਰੂਆਂ ਤੇ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਦਾ ਕੋਈ ਅਜਿਹਾ ਖੂੰਜਾ ਨਹੀਂ ਹੈ ਜੋ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਨਾ ਰਿਹਾ ਹੋਵੇ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਕੈਨੇਡਾ) ਦੇ ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ ਘੋਲੀਆ ਨੇ ਉਪ ਦਫ਼ਤਰ ਜਗਰਾਉਂ 'ਚ ਪਹੁੰਚ ਕੇ ਕਹੇ। ਉਨ੍ਹਾਂ ਕਿਹਾ ਕਿ ਸਾਡੀ ਧਰਤੀ, ਪਾਣੀ ਤੇ ਹਵਾ ਦੇ ਨਾਲ-ਨਾਲ ਧਰਮ, ਸੱਭਿਆਚਾਰ, ਖੇਡਾਂ, ਸਿੱਖਿਆ ਆਦਿ ਖੇਤਰ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ ਤੇ ਸਭ ਤੋਂ ਦੁੱਖ ਭਰੀ ਗੱਲ ਹੈ ਕਿ ਕੋਈ ਵੀ ਆਗੂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਨਹੀਂ ਆ ਰਿਹਾ, ਸਗੋਂ ਇਨ੍ਹਾਂ ਸਮੱਸਿਆਵਾਂ ਨੂੰ ਉਭਾਰ ਕੇ ਆਪਣੇ ਹਿੱਤਾ ਦੀ ਪੂਰਤੀ ਹੀ ਕਰ ਰਹੇ ਹਨ। ਅਕਾਲੀ ਆਗੂ ਘੋਲੀਆ ਨੇ ਕਿਹਾ ਕਿ ਪੰਜਾਬ ਅੰਦਰ ਜੋ ਖੇਡ ਮੇਲੇ ਹੋ ਰਹੇ ਹਨ ਉਸ 'ਚ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ 'ਚ ਜਾ ਕੇ ਉਹ ਪ੍ਰਚਾਰ ਕਰਨਗੇ ਕਿ ਜਿਹੜੇ ਖੇਡ ਮੇਲਿਆਂ 'ਚ ਖਿਡਾਰੀ ਜਾਂ ਪ੍ਰਬੰਧਕ ਨਸ਼ਿਆਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਨਾ ਦਿੱਤਾ ਜਾਵੇ। ਇਸ ਮੌਕੇ ਅਕਾਲ ਸਹਾਇ ਸਿੱਖ ਇੰਟਰਨੈਸ਼ਨਲ ਜਥੇਬੰਦੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ, ਸੁਖਮੰਦਰ ਸਿੰਘ ਬੁੱਟਰ ਕੈਨੇਡਾ, ਰੋਬਨ ਗਿੱਲ, ਕੁਲਦੀਪ ਸਿੰਘ ਜਗਰਾਉਂ, ਨਛੱਤਰ ਸਿੰਘ, ਜੰਗੀਰ ਸਿੰਘ ਖ਼ਾਲਸਾ ਤੇ ਸ਼ਿਸਪਾਲ ਸਿੰਘ ਆਦਿ ਵੀ ਹਾਜ਼ਰ ਸਨ।