Monday, 20 February 2012

ਖਾੜਕੂਵਾਦ ਸਮੇਂ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਕ
ਮੈਂਬਰਾਂ ਦੇ ਬਿਆਨ ਦਰਜ
ਖਾਲੜਾ ਮਿਸ਼ਨ ਕਮੇਟੀ ਦੇ ਮੈਂਬਰ ਤੇ ਹੋਰ ਆਗੂ ਵੀ ਪੁੱਜੇ

ਤਰਨ ਤਾਰਨ, 19 ਫਰਵਰੀ -ਖਾੜਕੂਵਾਦ ਦੇ ਸਮੇਂ ਪੰਜਾਬ ਪੁਲਿਸ ਵੱਲੋਂ ਕਰੀਬ 2500 ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਰਾਰ ਦੇ ਕੇ ਸਸਕਾਰ ਕਰ ਦੇਣ ਦੇ ਮਾਮਲੇ 'ਚ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਤਰਨ ਤਾਰਨ ਵਿਖੇ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ 80 ਪੀੜਤ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਗ੍ਰਹਿ ਵਿਭਾਗ ਪੰਜਾਬ ਦੇ ਮੁੱਖ ਸਕੱਤਰ ਸ: ਡੀ. ਐੱਸ. ਬੈਂਸ ਤੋਂ ਇਲਾਵਾ ਡੀ. ਆਈ. ਜੀ. ਰਾਮ ਸਿੰਘ, ਆਈ. ਜੀ. ਡੀ. ਕੇ ਉਪਲ, ਏ. ਡੀ. ਸੀ. ਅੰਮ੍ਰਿਤਸਰ ਸ: ਬਲਜੀਤ ਸਿੰਘ, ਐੱਸ. ਐੱਸ. ਪੀ. ਤਰਨ ਤਾਰਨ ਮਨਮਿੰਦਰ ਸਿੰਘ ਅਤੇ ਇਕ ਸਾਬਕਾ ਸੈਸ਼ਨ ਜੱਜ ਨੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਮੁਲਾਕਾਤ ਕਰ ਬਿਆਨ ਦਰਜ ਕੀਤੇ। ਵਰਣਨਯੋਗ ਹੈ ਕਿ ਖਾੜਕੂਵਾਦ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ, ਤਰਨ ਤਾਰਨ ਅਤੇ ਮਜੀਠਾ ਇਲਾਕੇ ਦੇ ਕਰੀਬ 2500 ਨੌਜਵਾਨਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਲਾਵਾਰਿਸ ਕਰਾਰ ਦੇ ਕੇ ਸਸਕਾਰ ਕਰ ਦਿੱਤਾ ਗਿਆ ਸੀ। ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਸਤੰਬਰ 1995 ਵਿਚ ਹਾਈ ਕੋਰਟ ਵਿਚ ਇਸ ਮਾਮਲੇ ਸਬੰਧੀ ਅਪੀਲ ਕੀਤੀ ਤਾਂ ਪੀੜਤ ਪਰਿਵਾਰਾਂ ਵੱਲੋਂ ਹਲਫੀਆ ਬਿਆਨ ਨਾ ਦਰਜ ਹੋਣ ਕਾਰਨ ਹਾਈਕੋਰਟ ਨੇ ਇਹ ਮਾਮਲਾ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਨੂੰ ਵੀ ਪੰਜਾਬ ਪੁਲਿਸ ਨੇ ਮਾਰ ਦਿੱਤਾ ਗਿਆ ਸੀ। ਮਿਸ਼ਨ ਕਮੇਟੀ ਵੱਲੋਂ ਇਹ ਮਾਮਲਾ ਸੁਪਰੀਮ ਕੋਰਟ ਵਿਚ ਲਿਜਾਇਆ ਗਿਆ, ਜਿਸ 'ਤੇ ਸੁਪਰੀਮ ਕੋਰਟ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਸ ਮਾਮਲੇ ਸਬੰਧੀ ਜਾਂਚ ਕਰ ਕੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕਰਨ ਦੀ ਅਪੀਲ ਕੀਤੀ ਸੀ। ਦੂਜੇ ਪਾਸੇ ਇਸ ਮਾਮਲੇ ਦੀ ਸੀ. ਬੀ. ਆਈ. ਵੱਲੋਂ ਵੀ ਜਾਂਚ ਕੀਤੀ ਜਾ ਰਹੀ ਸੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੀੜਤ ਪਰਿਵਾਰਾਂ ਦੇ ਬਿਆਨ ਦਰਜ ਕਰਨ ਉਪਰੰਤ ਕਰੀਬ 250 ਪਰਿਵਾਰਾਂ ਨੂੰ ਢਾਈ-ਢਾਈ ਲੱਖ ਰੁਪਏ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਾਲ 2007 ਵਿਚ ਪੰਜਾਬ 'ਚ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 1400 ਪੀੜਤ ਪਰਿਵਾਰਾਂ ਨੂੰ 175000/- ਰੁਪਏ ਪ੍ਰਤੀ ਪਰਿਵਾਰ ਨੂੰ ਮੁਆਵਜ਼ਾ ਦਿੱਤਾ। ਬਾਕੀ ਰਹਿੰਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈਂ 80 ਪਰਿਵਾਰਿਕ ਮੈਂਬਰਾਂ ਦੇ ਅੱਜ ਬਿਆਨ ਦਰਜ ਕੀਤੇ ਗਏ। ਇਸ ਮੌਕੇ ਖਾਲੜਾ ਮਿਸ਼ਨ ਕਮੇਟੀ ਦੇ ਜਨ: ਸਕੱਤਰ ਬਲਵਿੰਦਰ ਸਿੰਘ ਝਬਾਲ, ਚੇਅ: ਜਸਬੀਰ ਸਿੰਘ ਪੱਧਰੀ, ਸਰਪ੍ਰਸਤ ਸੁਰਿੰਦਰ ਸਿੰਘ ਘਰਿਆਲਾ ਅਤੇ ਮੁੱਖ ਬੁਲਾਰਾ ਸਤਨਾਮ ਸਿੰਘ ਅਮੀਸ਼ਾਹ ਆਦਿ ਹਾਜ਼ਰ ਸਨ।

No comments:

Post a Comment