Monday, 20 February 2012

ਚੰਡੀਗੜ੍ਹ, 19 ਫਰਵਰੀ - ਕੇਂਦਰੀ ਵਿੱਤ ਮੰਤਰੀ ਪ੍ਰਣਾਬ ਮੁਖਰਜੀ ਨੇ ਬੈਂਕਾਂ ਨੂੰ ਜੋਰ ਦੇ ਕੇ ਕਿਹਾ ਹੈ ਕਿ ਉਹ ਆਮ ਆਦਮੀ ਨੂੰ ਈ-ਬੈਂਕਿੰਗ ਸਹੂਲਤ ਦੇ ਕੇ ਦੇਸ਼ ਦੇ ਸਰਬਪੱਖੀ ਵਿਕਾਸ ਵਿਚ ਯੋਗਦਾਨ ਪਾਉਣ। ਵਿੱਤ ਮੰਤਰੀ ਗੁੜਗਾਉਂ ਵਿਖੇ ਸੈਕਟਰ 32 ਵਿਚ ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ) ਦੇ ਨਵੇਂ ਕਾਰਪੋਰੇਟ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ। ਹਰਿਆਣਾ ਵਿਚ ਓਰੀਐਂਟਲ ਬੈਂਕ ਆਫ ਕਾਮਰਸ ਕਾਰਪੋਰੇਟ ਦਫਤਰ ਖੋਲ੍ਹਣ ਵਾਲੀ ਸਰਕਾਰੀ ਖੇਤਰ ਦੀ ਪਹਿਲੀ ਬੈਂਕ ਬਣ ਗਈ ਹੈ। ਇਸੇ ਹੀ ਇਮਾਰਤ ਵਿਚ ਮੁਖਰਜੀ ਨੇ ਈ-ਲਾਬੀ ਦਾ ਉਦਘਾਟਨ ਵੀ ਕੀਤਾ ਜੋ ਗਾਹਕਾਂ ਨੂੰ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਏਗੀ।

ਗੜ੍ਹਸ਼ੰਕਰ 'ਚ ਬਜ਼ੁਰਗ ਜੋੜੇ ਦੀ ਹੱਤਿਆ
ਅਣਪਛਾਤੇ ਵਿਅਕਤੀਆਂ ਵੱਲੋਂ ਘਟਨਾ ਨੂੰ ਅੰਜ਼ਾਮ

ਗੜ੍ਹਸ਼ੰਕਰ, 19 ਫਰਵਰੀ - ਦੇਰ ਰਾਤ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਸੜਕ 'ਤੇ ਸਰਕਾਰੀ ਰੈਸਟ ਹਾਊਸ ਦੇ ਬਿਲਕੁਲ ਨਜ਼ਦੀਕ ਅਣਪਛਾਤੇ ਵਿਅਕਤੀਆਂ ਨੇ ਇਕ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ। ਇਹ ਵਾਰਦਾਤ ਕਰੀਬ ਅੱਠ ਤੋਂ ਨੌਂ ਵਜੇ ਦਰਮਿਆਨ ਹੋਈ ਦੱਸੀ ਜਾਂਦੀ ਹੈ। ਕਤਲ ਕੀਤੇ ਗਏ ਬਜ਼ੁਰਗ ਜੋੜੇ ਦੀ ਪਹਿਚਾਣ ਸਤਪ੍ਰਕਾਸ਼ ਬੇਦੀ (72) ਅਤੇ ਡਾ: ਗੁਰਚਰਨ ਕੌਰ ਬੇਦੀ (70) ਵਜੋਂ ਹੋਈ ਹੈ। ਇਹ ਦੋਵੇਂ ਪਿੰਡ ਰਾਮਪੁਰ ਬਿਲੜੋਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਬੇਟੇ ਡਾ: ਗੁਰਮਿੰਦਰ ਸਿੰਘ ਵੱਲੋਂ ਸਧਾਰਨ ਹਾਲਚਾਲ ਪੁੱਛਣ ਲਈ ਫ਼ੋਨ ਕੀਤਾ ਗਿਆ ਸੀ। ਫ਼ੋਨ ਨਾ ਸੁਨਣ 'ਤੇ ਉਨ੍ਹਾਂ ਦੀ ਰਿਹਾਇਸ਼ ਦੇ ਸਾਹਮਣੇ ਰਹਿੰਦੇ ਅਜਵਿੰਦਰ ਸਿੰਘ ਨੂੰ ਫ਼ੋਨ ਕੀਤਾ ਤਾਂ ਅਜਵਿੰਦਰ ਸਿੰਘ ਨੇ ਘਰ ਜਾ ਕੇ ਵੇਖਿਆ ਤੇ ਹਾਲਾਤ ਨੂੰ ਦੇਖਦਿਆਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਐਸ. ਐਸ. ਪੀ. ਬਲਕਾਰ ਸਿੰਘ ਸਿੱਧੂ, ਐਸ. ਪੀ. (ਡੀ) ਜਗਮੋਹਣ ਸਿੰਘ, ਥਾਣਾ ਮੁਖੀ ਗੜ੍ਹਸ਼ੰਕਰ ਇੰਸਪੈਕਟਰ ਰਾਜ ਕੁਮਾਰ, ਥਾਣਾ ਮੁਖੀ ਮਾਹਿਲਪੁਰ ਕਮਲ ਸਿੰਘ, ਇੰਚਾਰਜ ਸੀ. ਆਈ. ਏ., ਡੀ.ਐਸ.ਪੀ. ਗੜ੍ਹਸ਼ੰਕਰ ਮਨਜੀਤ ਸਿੰਘ ਢਿੱਲੋਂ ਨੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਕਾਤਲ ਜਾਂਦੇ ਹੋਏ ਹਰੇ ਰੰਗ ਦੀ ਪੁਰਾਣੀ ਓਪਨਐਸਟਰਾ ਗੱਡੀ ਨੰਬਰ ਸੀ.ਐਚ. 03 ਯੂ 5872 ਵੀ ਲੈ ਗਏ।
ਨਵੀਂ ਦਿੱਲੀ, 19 ਫਰਵਰੀ-ਆਮਦਨ ਟੈਕਸ ਵਿਭਾਗ ਨੇ ਵਿਸ਼ਵ ਦੇ ਸਭ ਤੋਂ ਅਮੀਰ ਕ੍ਰਿਕਟ ਸੰਗਠਨ ਭਾਰਤੀ ਕ੍ਰਿਕਟ ਬੋਰਡ ਤੋਂ 2009-10 ਸਾਲ ਲਈ ਉਸ ਦੇ ਆਮਦਨ ਮੁਲਾਂਕਣ ਅਨੁਸਾਰ 413 ਕਰੋੜ ਰੁਪਏ ਤੋਂ ਵਧ ਟੈਕਸ ਮੰਗਿਆ ਹੈ ਜਿਸ ਵਿਚੋਂ ਕੇਵਲ 41 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਹ ਪ੍ਰਗਟਾਵਾ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਦੇ ਜਵਾਬ ਵਿਚ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਬੋਰਡ ਇਕ ਉਪਕਾਰੀ ਸੰਗਠਨ ਵਜੋਂ ਟੈਕਸ ਛੋਟ ਲੈਂਦਾ ਰਿਹਾ ਹੈ ਪਰ ਹੁਣ ਇਹ ਛੋਟ ਵਾਪਸ ਲੈ ਲਈ ਗਈ ਹੈ ਕਿਉਂਕਿ ਹੁਣ ਉਸ ਦੀ ਕਮਾਈ ਕਾਰੋਬਾਰੀ ਆਮਦਨੀ ਤਹਿਤ ਆ ਗਈ ਹੈ। ਸੁਭਾਸ਼ ਅਗਰਵਾਲ ਨਾਮੀ ਕਾਰਕੁੰਨ ਦੇ ਜਵਾਬ ਵਿਚ ਵਿਭਾਗ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟ ਬੋਰਡ ਨੇ ਸਾਲ 2009-10 ਲਈ ਆਮਦਨੀ ਦਾ ਮੁਲਾਂਕਣ 964 ਕਰੋੜ ਰੁਪਏ ਤੋਂ ਵਧ ਕੀਤਾ ਹੈ ਜਿਸ ਵਾਸਤੇ ਵਿਭਾਗ ਨੇ 413 ਕਰੋੜ ਰੁਪਏ ਤੋਂ ਵਧ ਟੈਕਸ ਵਜੋਂ ਮੰਗੇ ਹਨ ਪੰਰਤੂ ਅਜੇ ਤੱਕ 41.19 ਕਰੋੜ ਹੀ ਜਮ੍ਹਾਂ ਕਰਵਾਏ ਗਏ ਹਨ ਜਦ ਕਿ 2010-11 ਤੇ 2011-12 ਦੀ ਆਮਦਨੀ ਦਾ ਮੁਲਾਂਕਣ ਅਜੇ ਕੀਤਾ ਜਾਣਾ ਹੈ।

ਲੁਧਿਆਣਾ, 19 ਫਰਵਰੀ-ਸਥਾਨਕ ਢੰਡਾਰੀ ਖੁਰਦ ਵਿਚ ਬੀਤੀ ਦੇਰ ਸ਼ਾਮ ਤਿੰਨ ਅਣਪਛਾਤੇ ਅਗਵਾਕਾਰਾਂ ਵੱਲੋਂ ਇਕ ਠੇਕੇਦਾਰ ਦੀ 6 ਸਾਲਾ ਮਾਸੂਮ ਬੱਚੀ ਨੂੰ ਅਗਵਾ ਕਰ ਲਿਆ।ੁੰ ਜਾਣਕਾਰੀ ਅਨੁਸਾਰ ਇਕ ਫੈਕਟਰੀ ਵਿਚ ਬਤੌਰ ਠੇਕੇਦਾਰੀ ਕਰਦੇ ਅਰਜਨ ਸਿੰਘ ਦੀ 6 ਸਾਲਾ ਲੜਕੀ ਨੀਸ਼ਾ ਕੁਮਾਰੀ ਬੀਤੀ ਸ਼ਾਮ ਆਪਣੇ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਹੀ ਸੀ ਕਿ ਇਸ ਦੌਰਾਨ ਉਥੇ ਇਕ ਪਲਸਰ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆਏ ਅਤੇ ਉਸਨੇ ਨੀਸ਼ਾ ਨੂੰ ਚੁੱਕ ਲਿਆ। ਨੀਸ਼ਾ ਨੇ ਰੌਲਾ ਪਾਇਆ ਪਰ ਅਗਵਾਕਾਰ ਉਸਨੂੰ ਅਗਵਾ ਕਰਕੇ ਲੈ ਗਏ। ਬੱਚਿਆਂ ਨੇ ਇਸ ਬਾਰੇ ਨੀਸ਼ਾ ਦੇ ਘਰ ਵਾਲਿਆਂ ਨੂੰ ਦੱਸਿਆ। ਸੂਚਨਾ ਮਿਲਦੇ ਉਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਅਗਵਾ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸ਼ਹਿਰ ਵਿਚ ਨਾਕਾਬੰਦੀ ਕਰਕੇ ਖਾਸ ਕਰਕੇ ਪਲਸਰ ਮੋਟਰਸਾਈਕਲ ਨੂੰ ਚੈਕ ਕੀਤਾ ਪਰ ਅਗਵਾਕਾਰਾਂ ਦਾ ਪਤਾ ਨਹੀਂ ਲੱਗਿਆ। ਅਰਜਨ ਸਿੰਘ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਢੰਡਾਰੀ ਖੁਰਦ ਰਹਿ ਰਿਹਾ ਹੈ। ਜਾਂਚ ਕਰ ਰਹੇ ਐਸ. ਐਚ. ਓ. ਸ੍ਰੀ ਅਰਵਿੰਦਪੁਰੀ ਨੇ ਦੱਸਿਆ ਕਿ ਅਗਵਾਕਾਰਾਂ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਪੁਲਿਸ ਪਾਰਟੀਆਂ ਭੇਜੀਆਂ ਹਨ। ਪੁਲਿਸ ਇਸ ਮਾਮਲੇ ਵਿਚ ਨਿੱਜੀ ਰੰਜਿਸ਼ ਸਮੇਤ ਕੁਝ ਹੋਰ ਥਿਊਰੀਆਂ ਤੇ ਕੰਮ ਕਰ ਰਹੀ ਹੈ। ਪੁਲਿਸ ਨੇ ਇਸ ਸਬੰਧੀ ਧਾਰਾ 363/366 ਅਧੀਨ ਕੇਸ ਦਰਜ ਕੀਤਾ ਹੈ।
ਸਥਾਨਕ ਢੰਡਾਰੀ ਇਲਾਕੇ ਵਿਚ ਬੀਤੀ ਸ਼ਾਮ ਅਗਵਾ ਕੀਤੀ 6 ਸਾਲਾ ਬੱਚੀ ਦੇ ਅਗਵਾਕਾਰ ਪੁਲਿਸ ਪਾਸੋਂ 3 ਲੱਖ ਰੁਪਏ ਦੀ ਫਿਰੌਤੀ ਲੈਣ ਉਪਰੰਤ ਚਕਮਾ ਦੇ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਬੱਚੀ ਨਿਸ਼ਾ ਦੇ ਅਗਵਾਕਾਰਾਂ ਵੱਲੋਂ ਅੱਜ ਦੇਰ ਸ਼ਾਮ ਉਸ ਦੇ ਪਿਤਾ ਪਾਸੋਂ 5 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਪਰ ਸੌਦਾ 3 ਲੱਖ ਵਿਚ ਤੈਅ ਹੋਇਆ। ਅਗਵਾਕਾਰ ਨੇ ਇਹ ਫਿਰੌਤੀ ਦੀ ਰਕਮ ਫੋਕਲ ਪੁਆਇੰਟ ਥਾਣੇ ਦੇ ਨੇੜੇ ਖੜ੍ਹੇ ਇਕ ਸਾਈਕਲ 'ਤੇ ਰੱਖਣ ਲਈ ਕਿਹਾ। ਦੱਸੇ ਗਏ ਸਮੇਂ ਅਤੇ ਥਾਂ 'ਤੇ ਖੜ੍ਹੇ ਸਾਈਕਲ 'ਤੇ ਪੁਲਿਸ ਨੇ 3 ਲੱਖ ਦੀ ਨਕਦੀ ਵਾਲਾ ਥੈਲਾ ਰੱਖ ਦਿੱਤਾ ਅਤੇ ਆਸ-ਪਾਸ ਸਾਦਾ ਕੱਪੜਿਆਂ ਵਿਚ ਪੁਲਿਸ ਤਾਇਨਾਤ ਕਰ ਦਿੱਤੀ। ਅਗਵਾਕਾਰ ਉਥੇ ਆਇਆ ਉਸ ਨੇ ਨਕਦੀ ਵਾਲਾ ਥੈਲਾ ਚੁੱਕਿਆ ਤੇ ਸਾਈਕਲ 'ਤੇ ਹੀ ਫਰਾਰ ਹੋ ਗਿਆ। ਜਦ ਕਿ ਉੱਚ ਅਧਿਕਾਰੀਆਂ ਸਮੇਤ ਹੋਰ ਪੁਲਿਸ ਅਧਿਕਾਰੀ ਦੇਖਦੇ ਰਹਿ ਗਏ। ਪੁਲਿਸ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ। 4 ਅਗਵਾਕਾਰਾਂ ਨਾਲ ਪੁਲਿਸ ਵੱਲੋਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਮੋਬਾਈਲ ਬੰਦ ਕਰ ਦਿੱਤੇ। ਅਗਵਾ ਕੀਤੀ ਲੜਕੀ ਦੇ ਪਿਤਾ ਪਾਸ ਏਨੀ ਵੱਡੀ ਰਕਮ ਦਾ ਇੰਤਜ਼ਾਮ ਕਰਨਾ ਔਖਾ ਸੀ ਅਤੇ ਇਸ ਕੰਮ ਵਿਚ ਵੀ ਪੁਲਿਸ ਨੇ ਉਸਦੀ ਮਦਦ ਕੀਤੀ। ਇਸ ਦੌਰਾਨ ਡੀ. ਸੀ.ਪੀ. ਸ੍ਰੀ ਆਸ਼ੀਸ਼ ਚੌਧਰੀ ਨੇ ਦੱਸਿਆ ਕਿ ਪੁਲਿਸ ਅਗਵਾਕਾਰਾਂ ਦੇ ਨੇੜੇ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਵੇਗੀ। ਦੇਰ ਰਾਤ ਤੱਕ ਨਾ ਤਾਂ ਬੱਚੀ ਅਤੇ ਨਾ ਹੀ ਉਸ ਦੇ ਅਗਵਾਕਾਰਾਂ ਬਾਰੇ ਪਤਾ ਲੱਗ ਸਕਿਆ ਸੀ।

ਜਲੰਧਰ, 19 ਫਰਵਰੀ -ਰਾਜ ਦੇ ਕਈ ਹਿੱਸਿਆਂ ਵਿਚ ਸੀ ਫਾਰਮਾਂ ਦੇ ਗ਼ਾਇਬ ਹੋਣ ਕਰਕੇ ਸਨਅਤਕਾਰਾਂ ਤੇ ਵਪਾਰੀਆਂ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ ਤੇ ਉਹ ਆਪਣਾ ਵੈਟ ਰਿਫੰਡ ਲੈਣ ਲਈ ਕਈ ਮਹੀਨਿਆਂ ਤੋਂ ਮਾਰੇ-ਮਾਰੇ ਫਿਰ ਰਹੇ ਹਨ ਜਦ ਕਿ ਵਿਭਾਗ ਵੱਲੋਂ ਵੈਟ ਰਿਫੰਡ ਸੀ ਫਾਰਮ ਲਏ ਬਿਨਾਂ ਜਾਰੀ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ। ਸਨਅਤਕਾਰ ਤੇ ਵਪਾਰੀ ਜਦੋਂ ਦੂਸਰੇ ਰਾਜਾਂ ਵਿਚ ਜਾ ਕੇ ਸਾਮਾਨ ਦੀ ਖ਼ਰੀਦ ਕਰਦੇ ਹਨ ਤਾਂ ਉਨ੍ਹਾਂ ਨੂੰ ਸੀ ਫਾਰਮ ਦੇਣਾ ਪੈਂਦਾ ਹੈ ਤੇ ਜੇਕਰ ਪੰਜਾਬ ਵਿਚ ਉਹ ਸਾਮਾਨ ਦੀ ਵਿੱਕਰੀ ਕਰਦੇ ਹਨ ਤਾਂ ਉਨ੍ਹਾਂ ਨੂੰ ਸੀ ਫਾਰਮ ਲੈਣੇ ਪੈਂਦੇ ਹਨ। ਇਸ ਵੇਲੇ ਰਾਜ ਦੇ ਕਈ ਦਫ਼ਤਰਾਂ ਵਿਚ ਸੀ ਫਾਰਮ ਮੌਜੂਦ ਨਹੀਂ ਹਨ। ਸਨਅਤਕਾਰ ਆਗੂ ਸ: ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਸਨਅਤਕਾਰ ਕਾਫ਼ੀ ਸਮੇਂ ਤੋਂ ਦਫ਼ਤਰਾਂ ਵਿਚ ਚੱਕਰ ਮਾਰ ਰਹੇ ਹਨ ਪਰ ਉਨ੍ਹਾਂ ਨੂੰ ਸੀ ਫਾਰਮ ਨਹੀਂ ਦਿੱਤੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਾਸਿਕ ਤੋਂ ਛੱਪਕੇ ਆਉਣ ਵਾਲੇ ਸੀ ਫਾਰਮਾਂ ਦੀ ਗਿਣਤੀ ਘਟੀ ਹੈ ਜਿਸ ਕਰਕੇ ਇਹ ਸਮੱਸਿਆ ਖੜ੍ਹੀ ਹੋ ਰਹੀ ਹੈ। ਸੀ ਫਾਰਮ ਨਾ ਮਿਲਣ ਕਰਕੇ ਰਾਜ ਵਿਚ ਇਸ ਵੇਲੇ ਸਨਅਤਕਾਰ ਤੇ ਵਪਾਰੀਆਂ ਦਾ 600 ਕਰੋੜ ਰੁਪਏ ਦੇ ਕਰੀਬ ਵੈਟ ਦਾ ਰਿਫੰਡ ਫਸਿਆ ਪਿਆ ਹੈ। ਵੈਟ ਰਿਫੰਡ ਨਾ ਮਿਲਣ ਕਰਕੇ ਸਨਅਤਕਾਰ ਵਿੱਤੀ ਸੰਕਟ ਵਿਚ ਫਸੇ ਪਏ ਹਨ। ਵਿਭਾਗ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਸਨਅਤਕਾਰ, ਵਪਾਰੀ ਹਲਫ਼ੀਆ ਬਿਆਨ ਦੇ ਕੇ 75 ਫ਼ੀਸਦੀ ਵੈਟ ਰਿਫੰਡ ਪ੍ਰਾਪਤ ਕਰ ਸਕਦੇ ਹਨ ਤੇ ਉਹ ਸੀ ਫਾਰਮ ਬਾਅਦ ਵਿਚ ਉਪਲਬਧ ਕਰਵਾ ਦੇਣ। ਇਕ ਵਾਰ ਤਾਂ ਵਿਭਾਗ ਨੇ ਇਹ ਹਲਫ਼ੀਆ ਬਿਆਨ ਲੈ ਲਏ ਸਨ ਪਰ ਹੁਣ ਫਿਰ ਸੀ ਫਾਰਮਾਂ ਦੀ ਮੰਗ ਕੀਤੀ ਜਾ ਰਹੀ ਹੈ। ਸਨਅਤਕਾਰ ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਵੈਟ ਨੂੰ 2005 ਵਿਚ ਸਰਲ ਕਹਿਕੇ ਲਾਗੂ ਕੀਤਾ ਸੀ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਏ. ਵੇਣੂਪ੍ਰਸਾਦ ਨਾਲ ਇਸ ਮਾਮਲੇ 'ਤੇ ਗੱਲ ਨਹੀਂ ਹੋ ਸਕੀ।

ਰਾਜਕੋਟ, 19 ਫਰਵਰੀ  -ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ 'ਚ ਸਥਿਤ ਪ੍ਰਸਿੱਧ ਭਵਨਾਥ ਮੰਦਿਰ 'ਚ ਚੱਲ ਰਹੇ ਮਹਾਸ਼ਿਵਰਾਤੀ ਮੇਲੇ ਦੌਰਾਨ ਅੱਜ ਰਾਤ ਭਗਦੜ ਮਚ ਜਾਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ 2 ਔਰਤਾਂ ਅਤੇ 2 ਬੱਚੇ ਵੀ ਸ਼ਾਮਿਲ ਹਨ ਅਤੇ ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਾਸ਼ਿਵਰਾਤੀ ਦੇ ਤਿਉਹਾਰ ਸਬੰਧੀ ਵੱਡੀ ਦੀ ਗਿਣਤੀ 'ਚ ਸ਼ਰਧਾਲੂ ਭਵਨਾਥ ਮੰਦਿਰ 'ਚ ਪੁਹੰਚੇ ਹੋਏ ਹਨ ਅਤੇ ਦੇਰ ਰਾਤ ਇਕ ਚਾਰ ਪਹੀਆਂ ਵਾਹਨ ਬਰੇਕ ਫੇਲ ਹੋ ਜਾਣ ਕਾਰਨ ਸ਼ਰਧਾਲੂਆਂ 'ਤੇ ਜਾ ਚੜ੍ਹਿਆ, ਜਿਸ ਕਾਰਨ ਉਥੇ ਭਗਦੜ ਮਚ ਗਈ। ਰਾਹਤ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਪਰ ਭੀੜ ਹੋਣ ਕਾਰਨ ਬਚਾਅ ਕੰਮਾਂ 'ਚ ਰੁਕਾਵਟ ਆਈ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਪਹੁੰਚਾ ਦਿੱਤਾ ਗਿਆ ਹੈ। ਹਾਦਸੇ ਸਮੇਂ ਮੰਦਿਰ 'ਚ 10 ਹਜ਼ਾਰ ਦੇ ਕਰੀਬ ਸ਼ਰਧਾਲੂ ਹਾਜ਼ਰ ਸਨ। ਗੁਜਰਾਤ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਸ੍ਰੀਨਗਰ, 19 ਫਰਵਰੀ -ਜੰਮੂ-ਕਸ਼ਮੀਰ ਵਿਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਸ਼ਹਿਰ 'ਚ ਅੱਜ ਰਾਤ ਅੱਤਵਾਦੀਆਂ ਨੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਉਮਰ ਰਾਸ਼ੀਦ (23) ਵਜੋਂ ਹੋਈ ਹੈ, ਜਿਸ ਨੂੰ ਅੱਤਵਾਦੀਆਂ ਨੇ ਉਸ ਦੇ ਘਰ ਦੇ ਨੇੜੇ ਗੋਲੀਆਂ ਮਾਰ ਦਿੱਤੀਆਂ। ਉਸ ਨੂੰ ਤਰੁੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਹਵਾਈ ਫ਼ੌਜ 71 ਹੋਰ ਹਥਿਆਰਬੰਦ ਹੈਲੀਕਾਪਟਰ ਖਰੀਦੇਗੀ
ਨਵੀਂ ਦਿੱਲੀ, 19 ਫਰਵਰੀ -ਦਰਮਿਆਨੀ ਲਿਫਟ ਵਾਲੇ ਹੈਲੀਕਾਪਟਰਾਂ ਦੇ ਬੇੜੇ ਨੂੰ ਮਜ਼ਬੂਤ ਕਰਨ ਲਈ ਭਾਰਤੀ ਹਵਾਈ ਫ਼ੌਜ ਗ੍ਰਹਿ ਮੰਤਰਾਲੇ ਲਈ 12 ਹੈਲੀਕਾਪਟਰਾਂ ਸਮੇਤ 71 ਹੋਰ ਐਮ ਆਈ-17 ਵੀ 5 ਹੈਲੀਕਾਪਟਰ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਇਹ ਹੈਲੀਕਾਪਟਰ ਉਨ੍ਹਾਂ 80 ਹੈਲੀਕਾਪਟਰਾਂ ਤੋਂ ਵੱਖਰੇ ਹੋਣਗੇ ਜਿਨ੍ਹਾਂ ਦਾ ਰੂਸ ਨੂੰ ਪਹਿਲਾਂ ਹੀ ਆਰਡਰ ਦਿੱਤਾ ਹੋਇਆ ਹੈ। ਐਮ ਆਈ-17 ਵੀ 5 ਹੈਲੀਕਾਪਟਰ ਹਥਿਆਰਬੰਦ ਹੈਲੀਕਾਪਟਰਾਂ ਦੇ ਵਰਗ ਵਿਚ ਹੀ ਹੈ ਅਤੇ ਇਸ ਦੀ ਹਮਲਾ ਕਰਨ ਦੀ ਕਾਫੀ ਸਮਰਥਾ ਹੈ। ਇਸ ਦੇ ਨਵੀਨਤਮ ਅਤੇ ਜ਼ਿਆਦਾ ਸ਼ਕਤੀਸ਼ਾਲੀ ਇੰਜਣ ਇਸ ਦੀ ਉਚਾਈਆਂ 'ਤੇ ਭਾਰ ਲਿਜਾਣ ਦੀ ਸਮਰਥਾ ਨੂੰ ਵਧਾਉਂਦੇ ਹਨ। ਇਸ ਤੋਂ ਪਹਿਲਾਂ ਜਿਨ੍ਹਾਂ 80 ਹੈਲੀਕਾਪਟਰਾਂ ਦਾ ਰੂਸ ਨੂੰ ਆਰਡਰ ਦਿੱਤਾ ਹੋਇਆ ਹੈ ਉਸ ਦੇ ਪਹਿਲੇ ਬੈਚ ਨੂੰ ਸ਼ੁਕਰਵਾਰ ਰੱਖਿਆ ਮੰਤਰੀ ਨੇ ਰਸਮੀ ਰੂਪ ਵਿਚ ਹਵਾਈ ਫ਼ੌਜ ਵਿਚ ਸ਼ਾਮਿਲ ਕੀਤਾ। 71 ਹੈਲੀਕਾਪਟਰਾਂ ਵਿਚੋਂ 59 ਹਵਾਈ ਫ਼ੌਜ ਨੂੰ ਉਸ ਦਾ ਪੁਰਾਣੇ ਐਮ ਆਈ-8 ਅਤੇ ਐਮ. ਆਈ-17 ਵੀ ਹੈਲੀਕਾਪਟਰਾਂ ਨੂੰ ਬਦਲਣ ਲਈ ਦਿੱਤੇ ਜਾਣਗੇ ਅਤੇ 6 ਸਰਹੱਦੀ ਸੁਰੱਖਿਆ ਬਲ ਨੂੰ ਦਿੱਤੇ ਜਾਣਗੇ। ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਕੀ 6 ਹੈਲੀਕਾਪਟਰ ਦੂਸਰੇ ਕੇਂਦਰੀ ਹਥਿਆਰਬੰਦ ਬਲਾਂ ਵਿਚ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਹਵਾਈ ਫ਼ੌਜ ਨੇ ਕੇਵਲ 59 ਹੈਲੀਕਾਪਟਰਾਂ ਦੀ ਮੰਗ ਕੀਤੀ ਸੀ ਪਰ ਗ੍ਰਹਿ ਮੰਤਰਾਲੇ ਦੀ ਬੇਨਤੀ 'ਤੇ ਉਸ ਦੀਆਂ ਲੋੜਾਂ ਨੂੰ ਰੱਖਿਆ ਮੰਤਰਾਲੇ ਦੀ ਤਜਵੀਜ਼ ਨਾਲ ਜੋੜ ਦਿੱਤਾ ਗਿਆ।

ਇਸਲਾਮਾਬਾਦ, 19 ਫਰਵਰੀ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਇਥੇ ਕਿਹਾ ਕਿ ਪਾਕਿ ਵੱਲੋਂ ਭਾਰਤ ਨੂੰ ਸਭ ਤੋਂ ਵੱਧ ਤਰਜ਼ੀਹੀ ਦੇਸ਼ (ਐਮ. ਐਫ. ਐਨ.) ਦਾ ਦਰਜਾ ਦੇਣ ਸਬੰਧੀ ਫੈਸਲੇ ਦਾ ਗਲਤ ਅਰਥ ਸਮਝਿਆ ਜਾ ਰਿਹਾ ਹੈ, ਜਦੋਂਕਿ ਇਸ ਦਾ ਮੰਤਵ ਕੇਵਲ ਇਹ ਯਕੀਨੀ ਬਣਾਉਣਾ ਹੈ ਕਿ ਦੋਵਾਂ ਦੇਸ਼ਾਂ ਦੇ ਵਪਾਰਕ ਮਾਮਲਿਆਂ ਸਬੰਧੀ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਲੋਕ ਐਮ. ਐਫ. ਐਨ. ਦਾ ਅਰਥ ਸਹੀਂ ਨਹੀਂ ਸਮਝ ਸਕੇ।  ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗਿਲਾਨੀ ਨੇ ਕਿਹਾ ਕਿ ਤੁਸੀਂ ਐਮ. ਐਫ. ਐਨ. ਦਾ ਅਰਥ ਸਭ ਤੋਂ ਚਹੇਤਾ ਮਿੱਤਰ ਸਮਝਦੇ ਹੋ, ਪਰ ਇਸ ਦਾ ਅਸਲ ਅਰਥ ਦੁਵੱਲੇ ਵਪਾਰਕ ਸਬੰਧਾਂ 'ਚ ਕੋਈ ਵਿਤਕਰਾ ਨਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪਾਕਿਸਤਾਨ ਬਣਿਆ ਸੀ, ਉਸ ਵੇਲੇ ਤੋਂ ਹੀ ਭਾਰਤ ਨੂੰ ਇਹ ਦਰਜਾ ਦਿੱਤਾ ਗਿਆ ਹੈ। ਸਾਡੇ ਕਰੀਬ 100 ਦੇਸ਼ਾਂ ਨਾਲ ਅਜਿਹੇ ਸਬੰਧ ਹਨ ਅਤੇ ਭਾਰਤ ਉਨ੍ਹਾਂ 'ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਸੰਘੀ ਮੰਤਰੀ ਮੰਡਲ ਵਣਜ ਮੰਤਰਾਲੇ ਨੂੰ ਆਗਿਆ ਦਿੰਦਾ ਹੈ ਕਿ ਉਹ ਵਪਾਰਕ ਮੁੱਦਿਆਂ ਸਬੰਧੀ ਭਾਰਤ ਨਾਲ ਸਮਝੌਤੇ ਕਰ ਸਕੇ।
ਭੋਪਾਲ, 19 ਫਰਵਰੀ- ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਕਦੀਂ ਵੀ ਆਪਣੇ ਜੀਵਨ 'ਚ ਕੋਈ ਵੀ ਵਿਵਾਦਪੂਰਨ ਬਿਆਨ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਸਮਝ 'ਚ ਇਹ ਗੱਲ ਨਹੀਂ ਆਉਂਦੀ ਕਿ ਉਨ੍ਹਾਂ ਨੂੰ ਮੀਡੀਆ 'ਚ ਵਿਵਾਦ ਪਸੰਦ ਨੇਤਾ ਕਿਉਂ ਕਿਹਾ ਜਾਂਦਾ ਹੈ। ਮੀਡੀਆ 'ਚ ਖ਼ਬਰਾਂ ਪੜ੍ਹਨ ਨਾਲ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਹਮੇਸ਼ਾ ਵਿਵਾਦਪੂਰਨ ਬਿਆਨ ਦਿੰਦੇ ਹਨ। ਇਸ ਤਰ੍ਹਾਂ ਹੋ ਸਕਦਾ ਹੈ ਕਿ ਉਨ੍ਹਾਂ ਦੇ ਬਿਆਨਾਂ ਨਾਲ ਥੋੜ੍ਹਾ-ਬਹੁਤ ਵਿਵਾਦ ਹੋਇਆ ਹੋਵੇ, ਪਰ ਹਰ ਵਾਰੀ ਅੰਤ 'ਚ ਉਹ ਹੀ ਸਹੀ ਸਾਬਤ ਹੋਏ ਹਨ। ਬਾਟਲਾ ਹਾਊਸ 'ਤੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਬਾਟਲਾ ਹਾਊਸ ਮੁਕਾਬਲਾ ਫਰਜ਼ੀ ਸੀ ਅਤੇ ਉਹ ਆਪਣੇ ਇਸ ਬਿਆਨ 'ਤੇ ਕਾਇਮ ਹਨ। ਉਨ੍ਹਾਂ ਨੇ ਸਿਰਫ ਵਿਵਾਦ ਖੜ੍ਹਾ ਕਰਨ ਲਈ ਬਾਟਲਾ ਹਾਊਸ ਮੁਕਾਬਲੇ ਨੂੰ ਫਰਜ਼ੀ ਨਹੀਂ ਕਿਹਾ ਸੀ। ਉਨ੍ਹਾਂ 'ਤੇ ਇਹ ਦੋਸ਼ ਵੀ ਲੱਗਦਾ ਹੈ ਕਿ ਉਹ ਸਿਰਫ ਹਿੰਦੂ ਅੱਤਵਾਦ ਦੇ ਬਾਰੇ ਹੀ ਗੱਲ ਕਰਦੇ ਹਨ ਅਤੇ ਮੁਸਲਿਮ ਅੱਤਵਾਦ ਦੇ ਬਾਰੇ ਕੁਝ ਨਹੀਂ ਕਹਿੰਦੇ। ਜਿਹੜੇ ਲੋਕ ਇਹ ਦੋਸ਼ ਲਗਾਉਦੇ ਹਨ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਜਦੋਂ ਉਹ ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਿਮੀ ਅਤੇ ਬਜਰੰਗ ਦਲ 'ਤੇ ਪਾਬੰਦੀ ਲਗਾਉਣ ਦੀ ਸਿਫਾਰਸ਼ ਕੀਤੀ ਸੀ। ਉਹ ਹਰ ਤਰ੍ਹਾਂ ਦੇ ਕੱਟੜਪੁਣੇ ਦੇ ਖ਼ਿਲਾਫ ਹਨ, ਭਾਵੇ ਉਸ ਦਾ ਧਰਮ ਕੋਈ ਵੀ ਹੋਵੇ। ਉਹ ਉਨ੍ਹਾਂ ਲੋਕਾਂ 'ਚੋਂ ਨਹੀਂ ਹਨ ਜੋ ਆਪਣੇ ਬਿਆਨ ਤੋਂ ਪਲਟ ਜਾਂਦੇ ਹਨ।

ਨਵੀਂ ਦਿੱਲੀ, 19 ਫਰਵਰੀ -ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਨੇ ਉੱਤਰ ਪ੍ਰਦੇਸ਼ 'ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਫ਼ਿਰਕੂ ਰੰਗਤ ਦੇ ਦਿੱਤੀ ਹੈ ਅਤੇ ਇਸ ਦ੍ਰਿਸ਼ਟੀਕੋਣ ਨੂੰ ਇਸ ਤੱਥ ਨਾਲ ਬਲ ਮਿਲਦਾ ਹੈ ਕਿ ਘੱਟ ਗਿਣਤੀਆਂ ਲਈ ਉਪ-ਕੋਟਾ 'ਤੇ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਅਤੇ ਬੇਨੀ ਪ੍ਰਸਾਦ ਵਰਮਾ ਵੱਲੋਂ ਦਿੱਤੇ ਗਏ ਬਿਆਨਾਂ ਦਾ ਗਾਂਧੀ ਪਰਿਵਾਰ ਨੇ ਸਮਰਥਨ ਕੀਤਾ ਹੈ। ਉਨ੍ਹਾਂ ਆਪਣੇ ਬਲਾਗ 'ਚ ਲਿਖਿਆ ਕਿ ਇਸ ਤੋਂ ਪਹਿਲਾਂ ਕਦੇਂ ਵੀ ਕਾਂਗਰਸ ਜਾਂ ਉਸ ਦੇ ਨੇਤਾਵਾਂ ਨੇ ਵਿਧਾਨ ਸਭਾ ਚੋਣਾਂ ਨੂੰ ਐਨਾਂ ਜ਼ਿਆਦਾ ਫ਼ਿਰਕੂ ਰੰਗ ਨਹੀਂ ਦਿੱਤਾ ਸੀ ਜਿੰਨਾ ਕਿ ਉੱਤਰ ਪ੍ਰਦੇਸ਼ ਚੋਣਾਂ 'ਚ ਕੀਤਾ ਹੈ। ਦਿਗੇਵਿਜੇ ਵੱਲੋਂ ਦਿੱਤਾ ਗਿਆ ਬਿਆਨ ਕਿ ਬਾਟਲਾ ਹਾਊਸ ਮੁਕਾਬਲਾ ਫਰਜ਼ੀ ਸੀ, ਇਸ ਦੀ ਇਕ ਉਦਾਹਰਣ ਹੈ। ਉਨ੍ਹਾਂ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਜਨ ਸਭਾ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਕਿਹਾ ਸੀ ਕਿ ਉਹ ਆਪਣੇ ਮੰਤਰੀਆਂ 'ਤੇ ਲਗਾਮ ਕੱਸਣ ਅਤੇ ਖੁਰਸ਼ੀਦ ਨੂੰ ਹਟਾਉਣ। ਇਹ ਮਹੱਤਵਪੂਰਨ ਹੈ ਕਿ ਜਿਥੇ ਪਾਰਟੀ ਨੇ ਖੁਰਸ਼ੀਦ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ ਉਥੇ ਗਾਂਧੀ ਪਰਿਵਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਹੈ। 

ਵਾਸ਼ਿੰਗਟਨ, 19 ਫਰਵਰੀ -8 ਮਾਰਚ ਤੋਂ ਇੰਟਰਨੈੱਟ ਸੇਵਾ ਬੰਦ ਹੋ ਸਕਦੀ ਹੈ। ਦਰਅਸਲ ਇਕ ਵਾਇਰਸ ਨੇ 100 ਦੇਸ਼ਾਂ ਦੇ ਲੱਖਾਂ ਕੰਪਿਊਟਰਾਂ ਨੂੰ ਕੁਰੱਪਟ ਕਰ ਦਿੱਤਾ ਹੈ। ਇਹ ਵਾਇਰਸ ਟ੍ਰੋਜਨ ਕੈਟਾਗਰੀ ਦਾ ਹੈ। ਇਹ ਵਾਇਰਸ ਡੋਮੇਨ ਨੇਮ ਸਿਸਟਮ (ਡੀ. ਐਨ. ਐਸ.) ਦੀ ਸੈਟਿੰਗ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਅਮਰੀਕੀ ਖੁਫ਼ੀਆ ਏਜੰਸੀ ਐਫ. ਬੀ. ਆਈ. ਦਿਨ-ਰਾਤ ਇਕ ਕਰ ਰਹੀ ਹੈ। ਅਦਾਲਤ ਨੇ ਐਫ. ਬੀ. ਆਈ. ਨੂੰ 8 ਮਾਰਚ ਤੱਕ ਇਸ ਸਮੱਸਿਆ ਤੋਂ ਨਿਜਾਤ ਪਾਉਣ ਦਾ ਸਮਾਂ ਦਿੱਤਾ ਹੈ। 8 ਮਾਰਚ ਤੋਂ ਉਹ ਕੰਪਿਊਟਰ ਜੋ ਇਸ ਵਾਇਰਸ ਨਾਲ ਗ੍ਰਸਤ ਹਨ ਉਹ ਇੰਟਰਨੈੱਟ ਐਕਸੈੱਸ ਨਹੀਂ ਕਰ ਪਾਉਣਗੇ। ਐਫ. ਬੀ. ਆਈ. ਨੇ ਡੀ. ਐਨ. ਐਸ. ਚੇਂਜਰ, ਨੈੱਟਵਰਕ ਨੂੰ ਬੰਦ ਕਰ ਦਿੱਤਾ ਹੈ ਅਤੇ ਉਸਦੀ ਜਗ੍ਹਾ ਸਰੋਗੇਟ ਸਰਵਰ ਲਗਾ ਦਿੱਤਾ ਹੈ ਪਰ ਐਫ. ਬੀ. ਆਈ. ਇਸ ਨੂੰ ਅਸਥਾਈ ਹੱਲ ਦੱਸ ਰਹੀ ਹੈ। ਐਫ. ਬੀ. ਆਈ. ਨੇ ਸਰੋਗੇਟ ਸਰਵਰ ਇਸ ਲਈ ਲਗਾਇਆ ਹੈ ਤਾਂ ਕਿ ਕੰਪਨੀਆਂ ਸਰਵਰ ਨੂੰ ਪ੍ਰਭਾਵਿਤ ਕਰਨ ਵਾਲੇ ਵਾਇਰਸ ਨੂੂੰ ਹਟਾ ਦੇਣ। ਇਨ੍ਹਾਂ ਕੰਪਨੀਆਂ ਦੇ ਕੋਲ ਮਾਲਵੇਯਰ ਨੂੰ ਹਟਾਉਣ ਦਾ ਸਿਰਫ 120 ਦਿਨਾਂ ਦਾ ਸਮਾਂ ਹੈ।

ਨਵੀਂ ਦਿੱਲੀ, 19 ਫਰਵਰੀ - ਸਿੱਖਿਆ 'ਚ ਮੁੱਢਲੇ ਸੁਧਾਰ ਯੋਜਨਾ ਨੂੰ ਅੱਗੇ ਵਧਾਉਣ ਨਾਲ ਜੁੜੇ ਸਰਬ ਸਿੱਖਿਆ ਅਭਿਆਨ, ਸੈਕੰਡਰੀ ਸਿੱਖਿਆ ਅਭਿਆਨ, ਰਾਸ਼ਟਰੀ ਸਾਂਝੀ ਪ੍ਰਵੇਸ਼ ਪ੍ਰੀਖਿਆ, ਪੇਸ਼ੇਵਰ ਸਿੱਖਿਆ ਪ੍ਰੋਗਰਾਮ ਵਰਗੇ ਵਿਸ਼ਿਆਂ 'ਤੇ ਚਰਚਾ ਕਰਨ ਲਈ 22 ਫਰਵਰੀ ਨੂੰ ਰਾਜਾਂ ਦੇ ਸਿੱਖਿਆ ਮੰਤਰੀਆਂ ਦੀ ਬੈਠਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬੈਠਕ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਕਪਿਲ ਸਿੱਬਲ ਕਰਨਗੇ। ਇਸ ਬੈਠਕ 'ਚ 12ਵੀਂ ਯੋਜਨਾ ਤਹਿਤ ਸਰਕਾਰੀ ਕਾਲਜਾਂ ਦੀ ਸਥਾਪਨਾ ਅਤੇ ਉਸ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਵੀ ਚਰਚਾ ਕੀਤੀ ਜਾਵੇਗੀ।

ਰਾਂਚੀ, 19 ਫਰਵਰੀ -ਝਾਰਖੰਡ ਦੇ ਗਿਰੀਦੀਹ ਜ਼ਿਲ੍ਹੇ 'ਚ ਨਕਸਲੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਘੱਟੋ-ਘੱਟ 6 ਮਜ਼ਦੂਰਾਂ ਨੂੰ ਅਗਵਾ ਕਰ ਲਿਆ ਅਤੇ 4 ਵਾਹਨਾਂ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਅੱਜ ਦੱਸਿਆ ਕਿ ਨਕਸਲੀਆਂ ਨੇ ਗਿਰੀਦੀਹ ਜ਼ਿਲ੍ਹੇ ਦੇ ਬਡਬਰਾ ਪਿੰਡ 'ਚ 2 ਰੋਡ ਰੋਲਰ ਅਤੇ 2 ਟਰੈਕਟਰਾਂ ਨੂੰ ਅੱਗ ਲਾ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਘਟਨਾ ਦਾ ਕਾਰਨ ਨਕਸਲੀਆਂ ਦੀ ਪੈਸੇ ਦੀ ਮੰਗ ਪੂਰੀ ਨਾ ਕਰਨਾ ਹੋ ਸਕਦਾ ਹੈ। ਨਕਸਲੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

No comments:

Post a Comment