Monday, 20 February 2012

ਟੈਟੂ ਖੁਦਵਾਉਣ ਦਾ ਸ਼ੌਂਕ ਨੌਜਵਾਨਾਂ ਦੇ ਰੁਜ਼ਗਾਰ 'ਚ ਬਣਿਆ ਅੜਿੱਕਾ
ਅਬੋਹਰ- 19 ਫਰਵਰੀ ૿ ਪੱਛਮੀ ਦੇਸ਼ਾਂ ਦੀ ਚਕਾਚੌਂਧ ਉਨ੍ਹਾਂ ਪੰਜਾਬੀ ਗੱਭਰੂਆਂ ਲਈ ਮਾੜੀ ਸਾਬਿਤ ਹੋ ਰਹੀ ਹੈ ਜਿਨ੍ਹਾਂ ਨੇ ਬਾਲੀਵੁੱਡ ਕਲਾਕਾਰਾਂ ਅਤੇ ਪੰਜਾਬੀ ਕਬੱਡੀ ਖਿਡਾਰੀਆਂ ਦੀ ਰੀਸ ਕਰਦਿਆਂ ਆਪਣੇ ਮੋਢਿਆਂ ਅਤੇ ਗਰਦਨਾਂ ਉੱਪਰ ਟੈਟੂ ਖੁਦਵਾਏ ਹੋਏ ਹਨ। ਇਹ ਟੈਟੂ ਇਨ੍ਹਾਂ ਪੰਜਾਬੀ ਗੱਭਰੂਆਂ ਦੀ ਰੋਜ਼ੀ ਰੋਟੀ ਵਿਚ ਵੱਡਾ ਅੜਿੱਕਾ ਬਣੇ ਹਨ, ਜਿਸ ਦੀ ਮਿਸਾਲ ਪਿਛਲੇ ਦਿਨੀਂ ਭਾਰਤੀ ਸੈਨਾ ਦੀ ਹੋਈ ਖੁੱਲ੍ਹੀ ਭਰਤੀ ਦੌਰਾਨ ਦੇਖਣ ਨੂੰ ਮਿਲੀ, ਜਿਥੇ ਸੈਨਾ ਅਧਿਕਾਰੀਆਂ ਵੱਲੋਂ ਉਨ੍ਹਾਂ ਗੱਭਰੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ਸਰੀਰ 'ਤੇ ਵੱਖ-ਵੱਖ ਤਰ੍ਹਾਂ ਦੇ ਟੈਟੂ ਖੁਦਵਾਏ ਹੋਏ ਸਨ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਭਾਰਤੀ ਫ਼ੌਜ ਵੱਲੋਂ ਮਾਲਵੇ ਦੇ ਇੱਕ ਜ਼ਿਲ੍ਹੇ ਵਿਚ ਕਈ ਜ਼ਿਲ੍ਹਿਆਂ ਦੀ ਸਾਂਝੀ ਖੁੱਲ੍ਹੀ ਭਰਤੀ ਰੱਖੀ ਗਈ ਸੀ, ਜਿਸ ਵਿਚ ਕਰੀਬ 23 ਹਜ਼ਾਰ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਭਰਤੀ ਵਿਚ ਉਮੀਦਵਾਰਾਂ ਲਈ ਸੋਲ੍ਹਾਂ ਸੌ ਮੀਟਰ ਦੌੜ, ਸੰਤੁਲਨ ਬਣਾ ਕੇ ਤੁਰਨਾ, ਬੀਮ ਲਾਉਣਾ, ਡੂੰਘੀ ਖਾਈ ਪਾਰ ਕਰਨੀ ਆਦਿ ਸ਼ਰਤਾਂ ਰੱਖੀਆਂ ਗਈਆਂ ਸਨ, ਪਰ ਸੈਨਾ ਅਧਿਕਾਰੀਆਂ ਨੇ ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਟੈੱਸਟਾਂ ਵਿਚ ਆਪਣੀ ਕਾਰਗੁਜ਼ਾਰੀ ਦਿਖਾਉਣ ਤੋਂ ਪਹਿਲਾਂ ਹੀ ਭਰਤੀ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਜਿਨ੍ਹਾਂ ਨੇ ਆਪਣੇ ਡੋਲਿਆਂ ਜਾਂ ਗਰਦਨਾਂ ਉੱਪਰ ਟੈਟੂ ਖੁਦਵਾਏ ਹੋਏ ਸਨ। ਹੁਣ ਜਦੋਂ ਕਿ ਭਰਤੀ ਵਿਚ ਨੌਜਵਾਨਾਂ ਲਈ ਟੈਟੂ ਅੜਿੱਕਾ ਬਣੇ ਹਨ ਤਾਂ ਵੱਡੀ ਗਿਣਤੀ ਵਿਚ ਨੌਜਵਾਨ ਇਨ੍ਹਾਂ ਨੂੰ ਸਰੀਰ ਤੋਂ ਹਟਾਵਾ ਰਹੇ ਹਨ। 

ਬਰਖ਼ਾਸਤ ਡੀ. ਐੱਸ. ਪੀ. ਖੱਟੜਾ ਦੀਆਂ ਸੇਵਾਵਾਂ ਬਹਾਲ
ਸ੍ਰੀ ਮੁਕਤਸਰ ਸਾਹਿਬ.- 19 ਫਰਵਰੀ ૿ ਦੋਸ਼ੀਆਂ ਨੂੰ ਭਜਾਉਣ ਵਿਚ ਸਹਾਇਤਾ ਕਰਨ ਦੇ ਕੇਸ ਵਿਚ ਨੌਕਰੀ ਤੋਂ ਬਰਖ਼ਾਸਤ ਚਲ ਰਹੇ ਉੱਪ ਪੁਲਿਸ ਕਪਤਾਨ ਭੁਪਿੰਦਰ ਸਿੰਘ ਖੱਟੜਾ ਪੀ. ਪੀ. ਐੱਸ. ਵੱਲੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚੋਂ ਕਾਨੂੰਨੀ ਜੰਗ ਜਿੱਤੇ ਜਾਣ ਮਗਰੋਂ ਬੀਤੀ ਸ਼ਾਮ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਸ੍ਰੀ ਖੱਟੜਾ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ।
ਵਰਣਨਯੋਗ ਹੈ ਕਿ ਪਾਲ ਕੌਰ ਪੁੱਤਰੀ ਇੰਦਰ ਸਿੰਘ ਵਾਸੀ ਢੁੱਡੀ ਫ਼ਰੀਦਕੋਟ ਦਾ ਵਿਆਹ 15 ਵਰ੍ਹੇ ਪਹਿਲਾਂ ਅਮਰਜੀਤ ਸਿੰਘ ਪੁੱਤਰ ਗੀਟਨ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋਂ ਵਰ੍ਹਾ ਕੁ ਮਗਰੋਂ ਅਮਰਜੀਤ ਸਿੰਘ ਅਮਰੀਕਾ ਚਲਾ ਗਿਆ ਸੀ। ਪਾਲ ਕੌਰ ਅਨੁਸਾਰ ਜੂਨ 2001 ਵਿਚ ਅਮਰਜੀਤ ਸਿੰਘ ਵਾਪਸ ਭਾਰਤ ਆਇਆ ਅਤੇ ਉਸ ਦੇ ਭਾਈ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਜਦੋਂਕਿ ਕਿ ਇਸੇ ਦੌਰਾਨ ਉਹ ਗੁਰਮੀਤ ਕੌਰ ਉਰਫ ਰਾਣੀ ਜੋ ਕਿ ਉਸ ਦੀ ਭਰਜਾਈ ਦੀ ਭਾਣਜੀ ਸੀ ਨਾਲ ਵਿਆਹ ਕਰਵਾ ਕੇ ਉਸ ਨੂੰ ਅਮਰੀਕਾ ਲੈ ਗਿਆ ਸੀ। ਸਮੇਂ ਦੇ ਪੁਲਿਸ ਕਪਤਾਨ ਦੇ ਹੁਕਮਾਂ 'ਤੇ ਅਮਰਜੀਤ ਸਿੰਘ, ਉਸ ਦੀ ਦੂਜੀ ਪਤਨੀ ਗੁਰਮੀਤ ਕੌਰ, ਭਰਾ ਆਤਮਾ ਸਿੰਘ ਅਤੇ ਭਰਜਾਈ ਕੁਲਦੀਪ ਕੌਰ 'ਤੇ ਧਾਰਾ 148/420/498-ਏ ਅਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ।
ਤਫਤੀਸ਼ ਦੌਰਾਨ ਅਮਰਜੀਤ ਸਿੰਘ ਅਤੇ ਗੁਰਮੀਤ ਕੌਰ ਦੇ ਪਾਸਪੋਰਟ ਪੁਲਿਸ ਨੇ ਜ਼ਬਤ ਕਰ ਲਏ ਸਨ ਪਰ ਕੁਝ ਸਮੇਂ ਬਾਅਦ ਹੀ ਇਹ ਪਾਸਪੋਰਟ ਕਥਿਤ ਰੂਪ ਵਿਚ ਪੁਲਿਸ ਦੀ ਮੱਦਦ ਨਾਲ ਫਾਈਲ ਵਿਚੋਂ ਕੱਢ ਕੇ ਅਮਰਜੀਤ ਸਿੰਘ ਤੇ ਗੁਰਮੀਤ ਕੌਰ ਅਮਰੀਕਾ ਚਲੇ ਗਏ ਅਤੇ ਵਾਪਸ ਪਾਸਪੋਰਟ ਫਿਰ ਭਾਰਤ ਭੇਜ ਕੇ ਪੁਲਿਸ ਫਾਈਲ ਨਾਲ ਨੱਥੀ ਕਰ ਦਿੱਤੇ ਗਏ ਸਨ। ਉਸ ਸਮੇਂ ਦੇ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਕਰਵਾਈ ਜਾਂਚ ਮਗਰੋਂ ਡੀ. ਐੱਸ. ਪੀ. ਭੁਪਿੰਦਰ ਸਿੰਘ ਖੱਟੜਾ, ਮੇਜਰ ਸਿੰਘ ਐੱਸ. ਅੱੈਚ. ਓ., ਰਾਜਬੀਰ ਸਿੰਘ ਏ. ਐੱਸ. ਆਈ ਅਤੇ ਬਲਵੀਰ ਸਿੰਘ ਹੌਲਦਾਰ (ਦੋਵੇਂ ਕੇਸ ਦੇ ਤਫਤੀਸ਼ੀ ਅਧਿਕਾਰੀ) ਖਿਲਾਫ ਧਾਰਾ 192/201/420/465/ 466/468/471 ਅਤੇ 120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ, ਜਿਸ 'ਤੇ ਸ਼ੈਸ਼ਨ ਜੱਜ ਫ਼ਰੀਦਕੋਟ ਵੱਲੋਂ ਭੁਪਿੰਦਰ ਸਿੰਘ ਖੱਟੜਾ ਅਤੇ ਮੇਜਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਕੈਦ ਅਤੇ ਜੁਰਮਾਨੇ ਦੀਆਂ ਸਜ਼ਾਵਾਂ ਦਿੱਤੀਆਂ ਸਨ, ਜਿਸ ਦੇ ਆਧਾਰ 'ਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਹੀ ਦੋਵਾਂ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਸ੍ਰੀ ਖਟੜਾ ਨੇ ਸ਼ੈਸ਼ਨ ਜੱਜ ਦੇ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ ਜਿਥੇ ਉਨ੍ਹਾਂ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਗਿਆ।
ਸਮਝੌਤਾ ਐਕਸਪ੍ਰੈੱਸ ਧਮਾਕਾ
ਕਮਲ ਚੌਹਾਨ ਦੇ ਪਿਤਾ ਵੱਲੋਂ ਰਾਸ਼ਟਰੀ ਮਨੁੱਖੀ
ਹੱਕ ਕਮਿਸ਼ਨ ਕੋਲ ਸ਼ਿਕਾਇਤ
ਪੰਚਕੂਲਾ-19 ਫਰਵਰੀ ਕੌਮੀ ਜਾਂਚ ਏਜੰਸੀ ਵੱਲੋਂ ਸਮਝੌਤਾ ਐਕਸਪ੍ਰੈੱਸ ਧਮਾਕੇ ਵਿਚ ਗ੍ਰਿਫ਼ਤਾਰ ਕੀਤੇ ਗਏ ਕਮਲ ਚੌਹਾਨ ਦੇ ਪਿਤਾ ਰਾਧੇ ਸ਼ਾਮ ਨੇ ਰਾਸ਼ਟਰੀ ਮਨੁੱਖੀ ਹੱਕ ਕਮਿਸ਼ਨ ਕੋਲ ਉਸ ਨੂੰ ਨਿਰਦੋਸ਼ ਦੱਸਦਿਆਂ ਤੇ ਏਜੰਸੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ। ਕਮਲ ਚੌਹਾਨ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਦਿਪਾਲਪੁਰ, ਜ਼ਿਲ੍ਹਾ ਇੰਦੌਰ, ਮੱਧ ਪ੍ਰਦੇਸ਼ ਵੱਲੋਂ ਉਸ ਨੂੰ ਇਹ ਲਿਖਤੀ ਸਬੂਤ ਦਿੱਤਾ ਗਿਆ ਹੈ ਕਿ ਏਜੰਸੀ 10 ਫਰਵਰੀ ਨੂੰ ਚੌਹਾਨ ਨੂੰ ਥਾਣੇ ਤੋਂ ਲੈ ਗਈ ਸੀ, ਪਰ ਉਸ ਦੀ ਗ੍ਰਿਫ਼ਤਾਰੀ 13 ਫਰਵਰੀ ਨੂੰ ਨੋਇਡਾ ਤੋਂ ਦਿਖਾਈ ਹੈ। ਉਸ ਨੂੰ ਨੋਇਡਾ ਤੋਂ ਟਰਾਂਜ਼ਿਟ ਰਿਮਾਂਡ ਲੈ ਕੇ 14 ਫਰਵਰੀ ਨੂੰ ਪੰਚਕੂਲਾ ਪੇਸ਼ ਕੀਤਾ ਹੈ, ਜੋ ਕਿ ਗ਼ਲਤ ਹੈ। ਇਸ ਲਈ ਏਜੰਸੀ ਦੇ ਅਧਿਕਾਰੀ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਦਰਖਾਸਤ ਵਿਚ 10 ਫਰਵਰੀ ਤੋਂ 13 ਫਰਵਰੀ ਤੱਕ ਉਸ ਨੂੰ ਕਿੱਥੇ ਲਿਜਾਇਆ ਗਿਆ, ਦੀ ਅਸਲੀਅਤ ਜਾਣਨ ਲਈ ਮੋਬਾਈਲ ਟਾਵਰਾਂ ਦੀ ਸਥਿਤੀ, ਇੰਦੌਰ ਅਤੇ ਦਿੱਲੀ ਹਵਾਈ ਅੱਡਿਆਂ 'ਤੇ ਲੱਗੇ ਸੀ. ਸੀ. ਟੀਵੀ. ਕੈਮਰਿਆਂ ਦੀ ਰਿਪੋਰਟ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਇਸ ਕਾਰਵਾਈ ਵਿਚ ਸਰਕਾਰੀ ਵਰਤੀਆਂ ਗਈਆਂ ਗੱਡੀਆਂ ਦੀ ਲਾਗ-ਬੁੱਕ ਵਿਚਲੀ ਜਾਣਕਾਰੀ ਵੀ ਮੰਗੀ ਹੈ, ਜਿੱਥੋਂ ਏਜੰਸੀ ਅਧਿਕਾਰੀਆਂ ਦੀ ਇਨ੍ਹਾਂ ਦਿਨਾਂ ਵਿਚ ਜਿੱਥੇ ਜਿੱਥੇ ਵੀ ਗਏ ਹਨ, ਜਾਣਕਾਰੀ ਮਿਲ ਸਕੇ। ਵਰਨਣਯੋਗ ਹੈ ਕਿ ਪਿੰਡ ਦੀਵਾਨ, ਜ਼ਿਲ੍ਹਾ ਪਾਣੀਪਤ ਦੇ ਰੇਲਵੇ ਸਟੇਸ਼ਨ 'ਤੇ ਸਮਝੌਤਾ ਐਕਸਪ੍ਰੈਸ ਰੇਲ ਗੱਡੀ 'ਚ ਇਹ ਧਮਾਕਾ 2007 ਵਿਚ ਹੋਇਆ ਸੀ, ਜਿਸ ਵਿਚ 68 ਵਿਅਕਤੀ ਮਾਰੇ ਗਏ ਸਨ ਅਤੇ ਇਨ੍ਹਾਂ ਵਿਚ ਜ਼ਿਆਦਾ ਪਾਕਿਸਤਾਨੀ ਨਾਗਰਿਕ ਸਨ।

No comments:

Post a Comment