Monday, 20 February 2012


ਪਰਮਜੀਤ ਸਰਨਾ ਦੇ ਖ਼ਿਲਾਫ਼ ਦਫਾ 420 ਦੇ ਤਹਿਤ ਮਾਮਲਾ ਦਰਜ

ਨਵੀਂ ਦਿੱਲੀ, 20 ਫਰਵਰੀ -ਰਾਜਧਾਨੀ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਵਿਖੇ ਉਸਾਰੇ ਗਏ ਸ੍ਰੀ ਗੁਰੂ ਹਰਿਕ੍ਰਿਸ਼ਨ ਹਸਪਤਾਲ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨਿੱਜੀ ਕੰਪਨੀ ਨੂੰ ਸੌਂਪਣ ਦੇ ਵਿਵਾਦਤ ਮਾਮਲੇ'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦੇ ਵਿਰੁੱਧ ਸਨਲਾਈਟ ਕਾਲੋਨੀ ਪੁਲਿਸ ਥਾਣੇ ਵਿਚ 18 ਫਰਵਰੀ 2012 ਨੂੰ ਦਫਾ 420, 468, 471 ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਸਥਾਨਕ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੀ ਸਨਲਾਈਟ ਕਾਲੋਨੀ ਪੁਲਿਸ ਥਾਣੇ ਵੱਲੋਂ ਪਰਮਜੀਤ ਸਿੰਘ ਸਰਨਾ ਦੇ ਖਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਜੱਥੇ: ਕੁਲਦੀਪ ਸਿੰਘ ਭੋਗਲ ਨੇ ਦੋਸ਼ ਲਾਇਆ ਕਿ ਉਪਰੋਕਤ ਮਾਮਲੇ 'ਚ ਸਰਨਾ ਭਰਾਵਾਂ ਨੇ ਭਾਰੀ ਘੁਟਾਲਾ ਕਰ ਕੇ ਗੁਰੂ ਅਤੇ ਸੰਗਤਾਂ ਨਾਲ ਵੱਡਾ ਧਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੁਆਰਾ ਅਦਾਲਤ ਵਿਚ ਪੇਸ਼ ਕੀਤੀ ਗਈ ਰਿਪੋਰਟ ਤੋਂ ਇਹ ਸਾਬਿਤ ਹੁੰਦਾ ਹੈ ਕਿ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਵਾਲੀ ਜ਼ਮੀਨ ਨੂੰ ਦਿੱਲੀ ਡਵੈਲਪਮੈਂਟ ਅਥਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 200 ਬਿਸਤਰੇ ਵਾਲਾ ਚੈਰੀਟੇਬਲ ਹਸਪਤਾਲ ਬਨਾਉਣ ਲਈ ਦਿੱਤਾ ਸੀ ਜਿਸ ਨੂੰ ਦਿੱਲੀ ਕਮੇਟੀ ਪ੍ਰਧਾਨ ਨੇ ਨਿਰਮਾਣ ਦੀ ਸਥਿਤੀ ਵਿਚ ਹੀ ਗਲਤ ਤਰੀਕੇ ਨਾਲ ਟਰੱਸਟ ਬਣਾ ਕੇ ਮਨੀਪਾਲ ਗਰੁੱਪ ਨੂੰ ਵੇਚ ਦਿੱਤਾ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਕੌਮੀ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ, ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਹਿੱਤ, ਦਿੱਲੀ ਪ੍ਰਦੇਸ਼ ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਨਾਂ ਨੇ ਸਰਨਾ ਪਾਸੋਂ ਅਸਤੀਫੇ ਦੀ ਮੰਗ ਕੀਤੀ ਹੈ। ਇਸ ਕਾਨਫਰੰਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਹਰਮਨਜੀਤ ਸਿੰਘ, ਸ: ਜਤਿੰਦਰ ਸਿੰਘ ਸ਼ੰਟੀ, ਕਪਤਾਨ ਇੰਦਰਪ੍ਰੀਤ ਸਿੰਘ, ਡਿੰਪਲ ਚੱਢਾ, ਸਤਨਾਮ ਸਿੰਘ ਔਲਖ, ਹਰਵਿੰਦਰ ਕੇ. ਪੀ., ਹਰਮੀਤ ਕਾਲਕਾ, ਪਰਮਜੀਤ ਰਾਣਾ, ਬੀਬੀ ਸੁਪਰੀਤ ਸਿੰਘ ਤੇ ਹੋਰ ਅਹੁਦੇਦਾਰ ਵੀ ਮੌਜਦ ਸਨ।

ਗੰਨਿਆਂ ਦੀ ਭਰੀ ਟਰਾਲੀ ਤੇ ਟਰੱਕ ਦੀ ਟੱਕਰ

ਐਮਾ ਮਾਂਗਟ, 20 ਫਰਵਰੀ - ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਸਬਾ ਉੱਚੀ ਬੱਸੀ ਨਜ਼ਦੀਕ ਇੱਕ ਟਰੱਕ 'ਤੇ ਗੰਨਿਆਂ ਦੀ ਭਰੀ ਟਰਾਲੀ ਦੀ ਟੱਕਰ ਹੋਣ ਦਾ ਸਮਾਚਾਰ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਕ ਕਿਸਾਨ ਸਰਵਣ ਸਿੰਘ ਆਪਣੀ ਗੰਨਿਆਂ ਦੀ ਭਰੀ ਟਰਾਲੀ ਦਸੂਹਾ ਦੀ ਗੰਨਾ ਮਿੱਲ ਨੂੰ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਇੱਕ ਟਰੱਕ ਜੋ ਕਿ ਕਰੈਸ਼ਰ ਲੈ ਕੇ ਜਲੰਧਰ ਵੱਲ ਨੂੰ ਹੀ ਜਾ ਰਿਹਾ ਸੀ ਤਾਂ ਓਵਰਟੇਕ ਕਰਦਿਆਂ ਟਰਾਲੀ ਨਾਲ ਭਿੜ ਗਿਆ ਸਿੱਟੇ ਵਜੋਂ ਗੰਨਿਆਂ ਦੀ ਭਰੀ ਟਰਾਲੀ ਪਲਟ ਗਈ। ਟਰੈਕਟਰ ਦਾ ਬਹੁਤ ਨੁਕਸਾਨ ਹੋਇਆ। ਸਿੱਟੇ ਵਜੋਂ ਡਰਾਈਵਰ ਸਰਵਣ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ ਦਸੂਹਾ ਪੁਲਿਸ ਇਸਦੀ ਜਾਂਚ ਕਰ ਰਹੀ ਹੈ।

No comments:

Post a Comment