ਪੰਜਾਬ ਨੇ ਕੇਂਦਰ ਨੂੰ ਅਨਾਜ ਦਾ ਸਟਾਕ ਤੁਰੰਤ ਚੁੱਕਣ ਲਈ ਆਖਿਆ
ਕੱਲ੍ਹ ਸੂਬਾ ਖੁਰਾਕ ਸਕੱਤਰਾਂ ਦੀ ਮੀਟਿੰਗ 'ਚ ਮੁੱਦਾ ਉਠਾਉਣ ਦਾ ਫ਼ੈਸਲਾ ਅਨਾਜ ਰੱਖਣ ਲਈ ਥਾਂ ਦੀ ਵੱਡੀ ਘਾਟ ਚੰਡੀਗੜ੍ਹ, 19 ਫਰਵਰੀ -ਪੰਜਾਬ ਸਰਕਾਰ ਕੇਂਦਰ ਨੂੰ ਕਣਕ ਦੀ ਖਰੀਦ ਮੌਸਮ ਤੋਂ ਪਹਿਲਾਂ ਦਾਣਿਆਂ ਦਾ ਭੰਡਾਰ ਤੇਜ਼ੀ ਨਾਲ ਚੁੱਕਣ ਲਈ ਆਖੇਗੀ ਕਿਉਂਕਿ ਸੂਬੇ ਵਿਚ ਅਨਾਜ ਰੱਖਣ ਲਈ ਜਗ੍ਹਾ ਦੀ ਕਮੀ ਚਿੰਤਾਜਨਕ ਪੱਧਰ ਤਕ ਪਹੁੰਚ ਗਈ ਹੈ ਜਿਸ ਨਾਲ ਫ਼ਸਲ ਹੋਣ ਦਾ ਡਰ ਪੈਦਾ ਹੋ ਗਿਆ ਹੈ। ਪੰਜਾਬ ਦੇ ਖ਼ੁਰਾਕ ਸਕੱਤਰ ਡੀ. ਐਸ. ਗਰੇਵਾਲ ਨੇ ਇਥੇ ਦੱਸਿਆ ਕਿ ਅਸੀਂ ਕੇਂਦਰ ਤੋਂ ਚਾਹੁੰਦੇ ਹਾਂ ਕਿ ਉਹ ਬਹੁਤ ਜ਼ਰੂਰੀ ਆਧਾਰ 'ਤੇ ਅਨਾਜ ਨੂੰ ਚੁੱਕਣ ਦੇ ਕੰਮ ਵਿਚ ਤੇਜ਼ੀ ਲਿਆਵੇ ਤਾਂ ਜੋ ਨਵੀਂ ਫ਼ਸਲ ਰੱਖਣ ਲਈ ਸੂਬੇ ਵਿਚ ਅਨਾਜ ਰੱਖਣ ਲਈ ਜਗ੍ਹਾ ਦੀ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਪੰਜਾਬ 21 ਫਰਵਰੀ ਨੂੰ ਕਣਕ ਚੁੱਕਣ ਦੇ ਪ੍ਰਬੰਧਾਂ ਨੂੰ ਲੈ ਕੇ ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਵਲੋਂ ਬੁਲਾਈ ਸੂਬਾ ਖ਼ੁਰਾਕ ਸਕੱਤਰਾਂ ਦੀ ਮੀਟਿੰਗ ਵਿਚ ਇਹ ਮੁੱਦਾ ਉਠਾਵੇਗਾ। ਪਾੰਜਬ ਜਿਹੜਾ ਕੇਂਦਰੀ ਭੰਡਾਰ ਵਿਚ ਕਣਕ ਦਾ 50 ਫ਼ੀਸਦੀ ਯੋਗਦਾਨ ਪਾਉਂਦਾ ਹੈ ਵਲੋਂ ਅਪ੍ਰੈਲ ਵਿਚ ਸ਼ੁਰੂ ਹੋ ਰਹੇ 2012-13 ਦੇ ਹਾੜੀ ਮੌਸਮ ਦੌਰਾਨ 110 ਲੱਖ ਟਨ ਕਣਕ ਖਰੀਦਣ ਦੀ ਆਸ ਹੈ। ਪੰਜਾਬ ਵਿਚ ਦਾਣਿਆਂ ਨੂੰ ਭੰਡਾਰ ਕਰਨ ਦੀ ਸਥਿਤੀ ਦੀ ਅਸਲੀਅਤ ਦਾ ਇਸ ਗੱਲ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਸੂਬੇ ਵਲੋਂ ਫ਼ਸਲਾਂ ਦੇ ਭੰਡਾਰ ਲਈ ਸਾਰੇ ਉਪਲਬਧ ਵਸੀਲੇ ਵਰਤ ਕੇ 30-35 ਲੱਖ ਟਨ ਤਾਜ਼ਾ ਫ਼ਸਲ ਗੈਰ-ਵਿਗਿਆਨਕ ਤਰੀਕੇ ਸ਼ੈਲਰਾਂ, ਮੰਡੀਆਂ ਦੇ ਫੜਾਂ ਅਤੇ ਕਲ੍ਹਾ ਜਗ੍ਹਾ ਰੱਖਣੀ ਪਵੇਗੀ। ਪਿਛਲੇ ਮੌਸਮ ਦੌਰਾਨ ਪੰਜਾਬ ਨੇ 20-22 ਲੱਖ ਟਨ ਕਣਕ ਗੈਰ-ਵਿਗਿਆਨਕ ਤਰੀਕੇ ਨਾਲ ਭੰਡਾਰ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਖੁਲ੍ਹਾ ਭੰਡਾਰ 52 ਲੱਖ ਟਨ ਹੋਣ ਦੇ ਮੁਕਾਬਲੇ ਇਸ ਮੌਸਮ ਦੌਰਾਨ ਜਦੋਂ ਕਣਕ ਦੀ ਖਰੀਦ ਸ਼ੁਰੂ ਹੋਵੇਗੀ ਉਸ ਸਮੇਂ ਕਣਕ ਦਾ ਖੁੱਲ੍ਹਾ ਸਟਾਕ 65 ਲੱਖ ਟਨ ਹੋਵੇਗਾ। ਭੰਡਾਰ ਕਰਨ ਦੇ ਵਧੀਆ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਪੰਜ ਸਾਲਾਂ ਦੌਰਾਨ 86 ਹਜ਼ਾਰ ਟਨ ਕਣਕ ਖਰਾਬ ਹੋ ਗਈ ਸੀ। ਰੇਲਵੇ ਵਿਭਾਗ ਵੀ ਪੰਜਾਬ ਦੀਆਂ ਸਮੱਸਿਆਵਾਂ 'ਚ ਵਾਧਾ ਕਰ ਰਿਹਾ ਹੈ ਕਿਉਂਕਿ ਕਈ ਵਾਰ ਮੰਗ ਕਰਨ ਦੇ ਬਾਵਜੂਦ ਰੇਲਵੇ ਪੰਜਾਬ ਤੋਂ ਦਾਣਿਆਂ ਦੀ ਤੇਜ਼ੀ ਨਾਲ ਢੋਆ-ਢੁਆਈ ਕਰਨ ਲਈ ਲੋੜੀਂਦੇ ਡੱਬੇ ਉਪਲਬਧ ਨਹੀਂ ਕਰਵਾ ਰਿਹਾ। ਭਾਰਤੀ ਖੁਰਾਕ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬੇ ਤੋਂ ਅਨਾਜ ਦੂਸਰੇ ਰਾਜਾਂ ਨੂੰ ਲਿਜਾਣ ਲਈ 22 ਰੇਲ ਡੱਬਿਆਂ ਦੀ ਲੋੜ ਹੈ ਪਰ ਇਸ ਨੂੰ ਕੇਵਲ 17 ਡੱਬੇ ਹੀ ਮਿਲ ਰਹੇ ਹਨ ਜਿਸ ਨਾਲ ਢੋਆ-ਢੁਆਈ ਦੀ ਰਫਤਾਰ ਮੱਠੀ ਚਲ ਰਹੀ ਹੈ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਹਰੇਕ ਮਹੀਨੇ ਘੱਟੋ-ਘੱਟ 20-25 ਲੱਖ ਟਨ ਕਣਕ ਤੇ ਚੌਲਾਂ ਦੀ ਦੂਸਰੇ ਰਾਜਾਂ ਨੂੰ ਢੋਆ-ਢੁਆਈ ਹੋਣੀ ਚਾਹੀਦੀ ਹੈ ਜਦਕਿ ਮੌਜੂਦਾ ਸਮੇਂ ਔਸਤਨ ਸਿਰਫ 14-15 ਲੱਖ ਟਨ ਅਨਾਜ ਹੀ ਸੂਬੇ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ। |
|
ਮਾਮਲਾ ਭਾਰਤੀ ਮਛੇਰਿਆਂ ਦੀ ਹੱਤਿਆ ਦਾ
ਇਟਲੀ ਜਹਾਜ਼ ਅਮਲੇ ਦੇ ਦੋ ਮੈਂਬਰ ਗ੍ਰਿਫ਼ਤਾਰ
ਕੋਚੀ/ਨਵੀਂ ਦਿੱਲੀ, 19 ਫਰਵਰੀ -ਚਾਰ ਦਿਨ ਪਹਿਲਾਂ ਇਟਲੀ ਜਲ ਸੈਨਾ ਦੇ ਇਕ ਜਹਾਜ਼ 'ਚੋਂ ਕੀਤੀ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਭਾਰਤੀ ਮਛੇਰਿਆਂ ਦੇ ਮਾਮਲੇ ਸਬੰਧੀ ਕੋਚੀ ਵਿਖੇ ਅੱਜ ਇਟਲੀ ਜਲ ਸੈਨਾ ਦੇ ਦੋ ਸੈਨਿਕਾਂ ਨੂੰ ਪੁਲਿਸ ਵੱਲੋਂ ਕਤਲ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਲੇਸਟੋਰੇ ਅਤੇ ਸੇਲਵਾਸੁਰੇ ਨੂੰ ਕੱਲ੍ਹ ਕੋਲਮ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸੀਨੀਅਰ ਪੁਲਿਸ ਅਧਿਕਾਰੀ ਕੇ. ਪਦਮਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਅਧਿਕਾਰੀ ਸਮੁੰਦਰੀ ਜਹਾਜ਼ ਦੇ ਕਪਤਾਨ ਅਤੇ ਚਾਲਕ ਦਲ ਦੇ ਹੋਰਨਾਂ ਮੈਂਬਰਾਂ ਦੇ ਬਿਆਨ ਦਰਜ ਕਰ ਰਹੇ ਹਨ। ਇਸੇ ਦੌਰਾਨ ਅੱਜ ਨਵੀਂ ਦਿੱਲੀ ਵਿਖੇ ਇਟਲੀ ਦੇ ਅਧਿਕਾਰੀਆਂ ਦੇ ਇਕ ਵਫਦ ਨੇ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਮੁੱਦੇ ਸਬੰਧੀ ਭਾਰਤੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਵਫਦ ਨੇ ਇਸ ਘਟਨਾ ਦੇ ਦੋਹਾਂ ਪੱਖਾਂ ਬਾਰੇ ਗੱਲਬਾਤ ਕੀਤੀ ਅਤੇ ਆਪਣੇ-ਆਪਣੇ ਪੱਧਰ 'ਤੇ ਇਸਦੀ ਜਾਂਚ ਕਰਨ ਦਾ ਫ਼ੈਸਲਾ ਵੀ ਕੀਤਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਟਲੀ ਦੇ ਵਿਦੇਸ਼ ਵਿਭਾਗ, ਕਾਨੂੰਨ ਅਤੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਨਵੀਂ ਦਿੱਲੀ ਵਿਖੇ ਵਿਦੇਸ਼ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਅਸੀਂ ਉਨ੍ਹਾਂ ਨਾਲ ਬਹੁਤ ਸੰਖੇਪ ਅਤੇ ਉਚਿਤ ਰੂਪ ਨਾਲ ਗੱਲਬਾਤ ਕੀਤੀ ਅਤੇ ਅਸੀਂ ਉਨ੍ਹਾਂ ਅੱਗੇ ਤਰਕਸ਼ੀਲ ਢੰਗ ਨਾਲ ਇਸ ਘਟਨਾ ਸਬੰਧੀ ਆਪਣਾ ਪੱਖ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਨੇ ਇਕ ਸਾਥੀ ਅਤੇ ਵਿਦੇਸ਼ ਮੰਤਰੀ ਦੇ ਤੌਰ 'ਤੇ ਆਸ ਪ੍ਰਗਟਾਈ ਕਿ ਇਟਲੀ ਇਸ ਘਟਨਾ ਦੇ ਸਬੰਧ 'ਚ ਪੂਰਾ ਸਹਿਯੋਗ ਕਰੇਗਾ। ਇਟਲੀ ਦੇ ਵਫਦ ਨੇ ਇਸ ਜਾਂਚ 'ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸ ਘਟਨਾ ਬਾਰੇ ਦੋਵਾਂ ਦੇਸ਼ਾਂ ਨੇ ਆਪਣੇ ਪੱਧਰ 'ਤੇ ਛਾਣਬੀਨ ਕਰਨ ਦਾ ਫੈਸਲਾ ਕੀਤਾ ਕਿ ਅਸਲ 'ਚ ਪਿਛਲੇ ਹਫਤੇ ਕੋਲਮ 'ਚ ਕੀ ਹੋਇਆ ਸੀ।
ਇਟਲੀ ਦੇ ਵਿਦੇਸ਼ ਮੰਤਰੀ ਗੁਈਲੀਓ ਤੇਰਜੀ ਨੇ ਸਨਿਚਰਵਾਰ ਨੂੰ ਕ੍ਰਿਸ਼ਨਾ ਨੂੰ ਫੋਨ ਕੀਤਾ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਟਲੀ ਦੇ ਤੇਲ ਟੈਂਕਰ ਦੇ ਕਪਤਾਨ ਨੂੰ ਭਾਰਤੀ ਏਜੰਸੀਆਂ ਦੇ ਨਾਲ ਸਹਿਯੋਗ ਕਰਨਾ ਪਵੇਗਾ। ਵਿਦੇਸ਼ ਮੰਤਰੀ ਦੇ ਬਿਆਨ ਦੇ ਮੁਤਾਬਿਕ ਕ੍ਰਿਸ਼ਨਾ ਨੇ ਕਿਹਾ ਕਿ ਜੇਕਰ ਇਨਰੀਕਾ ਲੈਕਸੀ ਜਹਾਜ਼ ਦੇ ਕਰਮਚਾਰੀ ਸਾਵਧਾਨ ਹੁੰਦੇ ਅਤੇ ਧੀਰਜ ਦੀ ਜਾਣ-ਪਹਿਚਾਣ ਦਿੰਦੇ ਤਾਂ 2 ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਨਾ ਧੋਣਾ ਪੈਂਦਾ। ਉਨ੍ਹਾਂ ਨੇ ਇਟਲੀ ਦੇ ਵਿਦੇਸ਼ ਮੰਤਰੀ ਨੂੰ ਕਿਹਾ ਕਿ ਸਾਡੀ ਸੂਚਨਾ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਮਛੇਰਿਆਂ ਆਪਣੀ ਕਿਸ਼ਤੀ 'ਤੇ ਕੋਈ ਹਥਿਆਰ ਜਾਂ ਗੋਲਾ ਬਾਰੂਦ ਨਹੀਂ ਰੱਖਿਆ ਹੋਇਆ ਸੀ। ਭਾਰਤੀ ਮਛੇਰੇ ਆਪਣੀ ਕਿਸ਼ਤੀ 'ਤੇ ਇਨ੍ਹਾਂ ਨੂੂੰ ਨਹੀਂ ਰੱਖਦੇ ਬਲਕਿ ਉਸ ਵਿਚ ਸਿਰਫ ਮੱਛੀ ਫੜਨ ਦਾ ਜਾਲ ਹੁੰਦਾ ਹੈ। ਯਾਦ ਰਹੇ ਕਿ ਤਾਮਿਲਨਾਡੂ ਦੇ ਅਜੇਸ਼ ਬਿੰਕੀ (25) ਅਤੇ ਕੇਰਲਾ ਦੇ ਜੇਲਾਸਟਿਨ (45) ਨਾਮਕ 2 ਮਛੇਰਿਆਂ ਨੂੰ ਸਮੁੰਦਰੀ ਡਾਕੂ ਸਮਝ ਕੇ ਇਟਲੀ ਦੇ ਇਸ ਮਾਲ-ਵਾਹਕ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੇ ਬੁੱਧਵਾਰ ਸ਼ਾਮ ਗੋਲੀ ਮਾਰ ਦਿੱਤੀ ਸੀ। ਇਹ ਘਟਨਾ ਅਲਪਪੂਝਾ ਕਿਨਾਰੇ ਤੋਂ ਸਮੁੰਦਰ ਦੇ ਅੰਦਰ ਲਗਭਗ 14 ਮੀਲ ਦੀ ਦੂਰੀ 'ਤੇ ਵਾਪਰੀ ਸੀ। |
|
ਆਸਾਮ 'ਚ ਮਾਓਵਾਦੀਆਂ ਦੇ ਵਧ ਰਹੇ ਪ੍ਰਭਾਵ 'ਤੇ ਚਿੰਤਾ
ਚਿਦੰਬਰਮ ਵੱਲੋਂ ਸਥਿਤੀ ਦਾ ਜਾਇਜ਼ਾ
ਗੁਹਾਟੀ, 19 ਫਰਵਰੀ -ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਆਸਾਮ ਵਿਚ ਮਾਓਵਾਦੀਆਂ ਦੇ ਵਧ ਰਹੇ ਪ੍ਰਭਾਵ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਥੇ ਉੱਚ ਪੱਧਰੀ ਜਾਇਜ਼ਾ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਨੇ ਮਾਓਵਾਦੀਆਂ ਦੇ ਰਾਜ ਦੇ ਅੱਤਵਾਦੀ ਸੰਗਠਨਾਂ ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ ਨਾਲ ਸਬੰਧਾਂ ਉਪਰ ਵੀ ਚਿੰਤਾ ਪ੍ਰਗਟਾਈ ਹੈ । ਆਸਾਮ ਦੇ ਮੁੱਖ ਮੰਤਰੀ ਤਰੁਨ ਗੋਗੋਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੇ ਰਾਜ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਚਿਦੰਬਰਮ ਨੇ ਮਾਓਵਾਦੀਆਂ ਦੀਆਂ ਵਧੀਆਂ ਸਰਗਰਮੀਆਂ ਉਪਰ ਚਿੰਤਾ ਪ੍ਰਗਟ ਕੀਤੀ ਤੇ ਇਸ ਨਾਲ ਨਜਿੱਠਣ ਲਈ ਰਣਨੀਤੀ ਦਾ ਖਰੜਾ ਤਿਆਰ ਕੀਤਾ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਅੱਤਵਾਦ ਦੀ ਸਮੱਸਿਆ, ਆਈ. ਐਸ. ਆਈ. ਦੀ ਸਰਗਰਮ ਹਮਾਇਤ ਨਾਲ ਮਾਓਵਾਦੀਆਂ ਦੇ ਵਧੇ ਪ੍ਰਭਾਵ ਤੇ ਮਾਓਵਾਦੀਆਂ ਦੇ ਉਲਫ਼ਾ ਤੇ ਹੋਰ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਬਾਰੇ ਵਿਸਥਾਰਤ ਗੱਲਬਾਤ ਕੀਤੀ ਗਈ ਤੇ ਇਨ੍ਹਾਂ ਨਾਲ ਨਜਿੱਠਣ ਲਈ ਰਣਨੀਤੀਆਂ ਬਾਰੇ ਵਿਚਾਰ ਵਟਾਂਦਰਾ ਹੋਇਆ। ਚਿਦੰਬਰਮ ਨੇ ਸਰਹੱਦ ਉਪਰ ਨਿਗਰਾਨੀ ਵਧਾਉਣ ਉਪਰ ਜ਼ੋਰ ਦਿੱਤਾ ਕਿਉਂਕਿ ਮਿਆਂਮਾਰ ਉੱਤਰ ਪੂਰਬ ਖਿੱਤੇ ਦੇ ਅੱਤਵਾਦੀਆਂ ਦੇ ਇਕ ਕੇਂਦਰ ਵਜੋਂ ਉਭਰਿਆ ਹੈ। ਉਨ੍ਹਾਂ ਕਿਹਾ ਕਿ ਖਿੱਤੇ ਦੇ ਜ਼ਿਆਦਾਤਰ ਬਾਗੀ ਸੰਗਠਨਾਂ ਦਾ ਆਧਾਰ ਮਿਆਂਮਾਰ ਵਿਚ ਹੀ ਹੈ। ਚਿਦੰਬਰਮ ਨੇ ਸਪੱਸ਼ਟ ਕੀਤਾ ਕਿ ਉਲਫ਼ਾ ਦੇ ਗੱਲਬਾਤ ਵਿਰਧੀ ਧੜੇ ਸਮੇਤ ਸਾਰੇ ਪ੍ਰਮੁੱਖ ਸੰਗਠਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹਨ। ਗੋਗੋਈ ਨੇ ਕਿਹਾ ਦਹਿਸ਼ਤ ਪੈਦਾ ਕਰਨ ਲਈ ਉੱਤਰ ਪੂਰਬੀ ਖਿੱਤੇ ਦੇ ਅੱਤਵਾਦੀਆਂ ਦੀ ਮੱਦਦ ਕਰਨ ਤੋਂ ਬਾਅਦ ਆਈ. ਐਸ. ਆਈ. ਮਾਓਵਾਦੀਆਂ ਨਾਲ ਰਾਬਤਾ ਕਾਇਮ ਕਰਨ ਦੇ ਯਤਨ ਵਿਚ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਮਾਓਵਾਦੀਆਂ ਦਾ ਪ੍ਰਭਾਵ ਵਧ ਰਿਹਾ ਤੇ ਉਹ ਰਾਜ ਵਿਚ ਆਧਾਰ ਕਾਇਮ ਕਰਨ ਦੇ ਯਤਨ ਵਿਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮਾਓਵਾਦੀ ਉਲਫ਼ਾ ਵਰਗੇ ਉੱਤਰ ਪੂਰਬ ਦੇ ਹੋਰ ਬਾਗੀ ਗਰੁੱਪਾਂ ਦੀ ਮੱਦਦ ਲੈ ਰਹੇ ਹਨ ਤੇ ਆਈ. ਐਸ. ਆਈ. ਵੀ ਮਾਓਵਾਦੀਆਂ ਨਾਲ ਸਬੰਧ ਬਣਾਉਣ ਲਈ ਯਤਨਸ਼ੀਲ ਹੈ। ਮੀਟਿੰਗ ਦੌਰਾਨ ਰਾਜ ਸਰਕਾਰ ਨੇ ਅੱਤਵਾਦ ਨਾਲ ਨਜਿੱਠਣ ਲਈ ਹੋਰ ਕੇਂਦਰੀ ਫੋਰਸਾਂ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਅਨੁਸਾਰ ਹਾਲਾਂ ਕਿ ਚਿਦੰਬਰਮ ਨੇ ਕਿਹਾ ਹੈ ਕਿ ਸਥਿਤੀ ਵਿਚ ਸੁਧਾਰ ਹੋਇਆ ਹੈ ਪਰ ਅਸੀਂ ਹੋਰ ਫੋਰਸ ਦੇਣ ਲਈ ਦਬਾਅ ਪਾਇਆ ਹੈ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਅੱਤਵਾਦੀ ਮੁੜ ਸਿਰ ਨਾ ਚੁੱਕ ਸਕਣ। ਉਨ੍ਹਾਂ ਕਿਹਾ ਕਿ ਅਸੀਂ ਕੁੱਲ 125 ਬਟਾਲੀਅਨਾਂ ਦੀ ਮੰਗ ਕੀਤੀ ਹੈ। ਮੀਟਿੰਗ ਵਿਚ ਫੌਜ, ਪੁਲਿਸ ਤੇ ਨੀਮ ਫੌਜੀ ਬਲਾਂ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ। |
No comments:
Post a Comment