215 ਕਰੋੜ ਖਰਚਣ ਉਪਰੰਤ ਵੀ ਅਬੋਹਰ-ਫ਼ਾਜ਼ਿਲਕਾ ਰੇਲ ਲਾਈਨ 'ਤੇ ਆਵਾਜਾਈ ਚਾਲੂ ਨਾ ਹੋ ਸਕੀ
ਅਬੋਹਰ, 31 ਜਨਵਰੀ -ਸਰਕਾਰੀ ਕੰਮਾਂ ਦੀ ਗਤੀ ਬਹੁਤ ਧੀਮੀ ਹੁੰਦੀ ਹੈ ਇਹ ਪਹਿਲਾਂ ਤਾਂ ਸੁਣਿਆ ਹੀ ਜਾਂਦਾ ਸੀ ਪਰ ਇਸ ਦਾ ਪ੍ਰਤੱਖ ਸਬੂਤ ਮਿਲਦਾ ਹੈ ਅਬੋਹਰ-ਫ਼ਾਜ਼ਿਲਕਾ ਰੇਲ ਲਾਈਨ ਦੇ ਕੰਮ ਤੋਂ। ਸਰਹੱਦੀ ਇਲਾਕਿਆਂ ਨੂੰ ਆਪਸ ਵਿਚ ਜੋੜਨ ਲਈ ਤੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ 1 ਫਰਵਰੀ 2004 ਨੂੰ ਅਬੋਹਰ-ਫ਼ਾਜ਼ਿਲਕਾ ਰੇਲਵੇ ਲਾਈਨ ਦਾ ਨੀਂਹ ਪੱਥਰ ਫ਼ਾਜ਼ਿਲਕਾ ਵਿਖੇ ਉਦੋਂ ਦੇ ਕੇਂਦਰੀ ਰੇਲ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੇ ਰੱਖਿਆ ਸੀ। ਉਦੋਂ ਇਹ ਰੇਲ ਲਾਈਨ ਮਾਰਚ 2007 ਤੱਕ ਕਰੀਬ 87 ਕਰੋੜ ਦੇ ਬਜਟ ਨਾਲ ਨੇਪਰੇ ਚੜ੍ਹ ਕੇ ਚਲ ਜਾਣੀ ਸੀ ਪਰ ਸਰਕਾਰੀ ਕੰਮ 'ਚ ਇੰਨੀ ਸੁਸਤੀ ਵੇਖਣ ਨੂੰ ਮਿਲੀ ਕਿ ਇਹ ਰੇਲ ਲਾਈਨ ਅੱਜ ਵੀ ਚੱਲ ਨਹੀਂ ਸਕੀ ਹੈ। ਕਈ ਕਾਰਨਾਂ ਕਰਕੇ ਇਸ ਲਾਈਨ ਦੇ ਕੰਮ 'ਚ ਹੋਈ ਦੇਰੀ ਕਾਰਨ ਕਰੀਬ 8 ਸਾਲ 'ਚ ਇਸ ਉਤੇ 215 ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ। ਮਾਰਚ 2011 ਦੇ ਕੇਂਦਰੀ ਬਜਟ ਵਿਚ ਮਮਤਾ ਬੈਨਰਜੀ ਵੱਲੋਂ ਇਹ ਰੇਲ ਲਾਈਨ ਫਰਵਰੀ 2012 ਤੱਕ ਚਲਾਉਣ ਦਾ ਫ਼ੈਸਲਾ ਵੀ ਕਰ ਦਿੱਤਾ ਗਿਆ ਸੀ। ਇਹ ਰੇਲਵੇ ਲਾਈਨ ਪਿਛਲੇ 2 ਸਾਲਾਂ ਤੋਂ ਹਰ ਪੱਖੋਂ ਮੁਕੰਮਲ ਹੋ ਚੁੱਕੀ ਹੈ। ਅਬੋਹਰ ਤੋਂ ਫ਼ਾਜ਼ਿਲਕਾ ਤੱਕ 42 ਕਿੱਲੋਮੀਟਰ ਲੰਬੀ ਇਸ ਰੇਲ ਲਾਈਨ 'ਤੇ 5 ਸਟੇਸ਼ਨ ਬੁਰਜ ਮੁਹਾਰ, ਚੁਹੜੀ ਵਾਲਾ ਧੰਨਾ, ਘੱਲੂ, ਖੂਈਖੇੜਾ, ਜੰਡਵਾਲਾ ਖਰਤਾ ਬਣਾਏ ਗਏ ਹਨ ਸਟੇਸ਼ਨਾਂ 'ਤੇ ਫਾਟਕ ਵੀ ਲੱਗ ਚੁੱਕੇ ਹਨ ਅਤੇ ਕੁਆਟਰ ਵੀ ਬਣ ਗਏ ਹਨ। ਬਸ ਦੇਰੀ ਹੈ ਸੀ.ਆਰ.ਐਸ. (ਕਮਿਸ਼ਨਰ ਰੇਲਵੇ ਸੇਫਟੀ) ਦੀ ਜਾਂਚ ਵਿਚ। ਕਿਉਂਕਿ ਸੀ.ਆਰ.ਐਸ. ਰੇਲ ਲਾਈਨਾਂ ਦੀ ਸੁਰੱਖਿਆ ਪੱਖੋਂ ਜਾਂਚ ਕਰਕੇ ਸਰਟੀਫਿਕੇਟ ਪਾਸ ਕਰਦਾ ਹੈ ਕਿ ਹੁਣ ਰੇਲ ਲਾਈਨ ਚੱਲਣਯੋਗ ਹੈ। ਉਹ ਜਾਂਚ ਹੋਣੀ ਇਸ ਰੇਲ ਲਾਈਨ ਦੀ ਬਾਕੀ ਹੈ। ਇਸ ਤੋਂ ਇਲਾਵਾ ਇਸ ਰੇਲਵੇ ਲਾਈਨ 'ਤੇ ਵੱਖ-ਵੱਖ ਤਰ੍ਹਾਂ ਦੀ ਪੋਸਟਾਂ ਭਰਨੀਆਂ ਵੀ ਹਾਲੇ ਬਾਕੀ ਹਨ। 2 ਸਾਲਾਂ ਤੋਂ ਮੁਕੰਮਲ ਹੋਈ ਪਈ ਅਬੋਹਰ-ਫ਼ਾਜ਼ਿਲਕਾ ਰੇਲ ਲਾਈਨ ਚਲਾਉਣ ਵਿਚ ਸਰਕਾਰੀ ਢਿੱਲ ਕਿਉਂ ਹੈ ਇਹ ਕਿਸੇ ਦੇ ਸਮਝ ਨਹੀਂ ਆ ਰਹੀ ਹੈ। ਭਾਰਤੀ ਰੇਲਵੇ ਦੇ ਤਕਨੀਕੀ ਵਿਕਾਸ ਦੀ ਜੇ ਗੱਲ ਕਰੀਏ ਤਾਂ ਇੰਡੀਅਨ ਰੇਲਵੇ ਦੀ ਵੈਬਸਾਈਟ ਵਿਚ ਵੀ ਅਬੋਹਰ-ਫ਼ਾਜ਼ਿਲਕਾ ਲਈ ਗੱਡੀ ਨੰਬਰ 54559/60 ਚੱਲ ਰਹੀ ਹੈ, ਜਿਸ ਦਾ ਸਮਾਂ ਵੀ ਦੱਸਿਆ ਗਿਆ ਹੈ। ਰਾਜਨੀਤਿਕ ਤੌਰ 'ਤੇ ਵੇਖੀਏ ਤਾਂ ਵਿਧਾਨ ਸਭਾ ਚੋਣਾਂ ਲੰਘ ਵੀ ਗਈਆਂ ਪਰ ਕਿਸੇ ਨੇ ਵੀ ਅਬੋਹਰ-ਫ਼ਾਜ਼ਿਲਕਾ ਰੇਲ ਲਾਈਨ ਦੀ ਗੱਲ ਵੀ ਨਹੀਂ ਕੀਤੀ। ਇਸ ਸਬੰਧੀ ਗੱਲਬਾਤ ਕਰਨ 'ਤੇ ਫ਼ਿਰੋਜ਼ਪੁਰ ਰੇਲ ਮੰਡਲ ਦੇ ਇਕ ਸਹਾਇਕ ਕਰਮਚਾਰੀ ਨੇ ਦੱਸਿਆ ਕਿ ਹਾਲੇ ਤੱਕ ਇਸ ਰੇਲ ਲਾਈਨ ਸਬੰਧੀ ਕੋਈ ਚਿੱਠੀ ਪੱਤਰ ਉਨ੍ਹਾਂ ਕੋਲ ਨਹੀਂ ਪਹੁੰਚਿਆ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਇਹ ਰੇਲ ਲਾਈਨ ਕਦੋਂ ਚੱਲੇਗੀ। ਉਨ੍ਹਾਂ ਅਨੁਸਾਰ ਇਸ ਲਾਈਨ ਦੀ ਸੀ.ਆਰ.ਐਸ. ਜਾਂਚ ਹੋਣ ਵਾਲੀ ਹੈ।
No comments:
Post a Comment