ਪੰਜਾਬ ਤਬਦੀਲੀ ਵੱਲ ਵਧ ਰਿਹਾ ਹੈ-ਅੰਬਿਕਾ ਸੋਨੀ
ਹੁਸ਼ਿਆਰਪੁਰ 30 ਜਨਵਰੀ (ਏਜੰਸੀ)- ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਅੱਜ ਦਾਅਵਾ ਕੀਤਾ ਹੈ ਕਿ ਲੋਕਾਂ ਨੇ ਪੰਜਾਬ ਵਿਚ ਤਬਦੀਲੀ ਲਈ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਤਬਦੀਲੀ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਉਹ ਇਥੋਂ ਨੇੜੇ ਬਜਵਾੜਾ ਵਿਖੇ ਵੋਟ ਪਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ, ਜਿਨ੍ਹਾਂ ਕਾਰਨ ਰਾਜ ਦਿਵਾਲੀਆਪਣ ਦੇ ਕੰਢੇ 'ਤੇ ਆ ਗਿਆ ਹੈ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੀ ਮੁੱਖ ਮੰਤਰੀ ਬਣਨ ਦੀ ਖਾਹਿਸ਼ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਭੱਠਲ ਕਾਂਗਰਸ ਦੀ ਵਫ਼ਾਦਾਰ ਸਿਪਾਹੀ ਹੈ ਤੇ ਉਹ ਯਕੀਨਨ ਹਾਈ ਕਮਾਨ ਦੇ ਨਿਰਣੇ ਦੀ ਪਾਬੰਦ ਰਹੇਗੀ।
ਵੱਧ ਵੋਟਿੰਗ ਲੋਕਤੰਤਰ ਲਈ ਚੰਗਾ ਸੰਕੇਤ-ਕਮਲ ਸ਼ਰਮਾ
ਜਲੰਧਰ, 30 ਜਨਵਰੀ-ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸ੍ਰੀ ਕਮਲ ਸ਼ਰਮਾ ਨੇ ਪੰਜਾਬ ਵਿਚ 77 ਫ਼ੀਸਦੀ ਵੋਟਿੰਗ ਨੂੰ ਲੋਕਤੰਤਰ ਲਈ ਸਿਹਤਮੰਦ ਤੇ ਚੰਗਾ ਸੰਕੇਤ ਦੱਸਿਆ ਹੈ। ਗੱਲਬਾਤ ਕਰਦੇ ਹੋਏ ਸ੍ਰੀ ਸ਼ਰਮਾ ਨੇ ਕਿਹਾ ਕਿ ਲੋਕਾਂ ਨੇ ਭਾਰੀ ਗਿਣਤੀ ਵਿਚ ਘਰਾਂ ਤੋਂ ਨਿਕਲ ਕੇ ਮਤਦਾਨ ਕੀਤਾ ਹੈ ਤੇ ਇਸ ਦਾ ਸਿਹਰਾ ਅਕਾਲੀ-ਭਾਜਪਾ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਨੂੰ ਜਾਂਦਾ ਹੈ। ਲੋਕਾਂ ਦੇ ਵੋਟਾਂ ਪਾਉਣ ਦੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ 6 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਦੀ ਮੁੜ ਸਰਕਾਰ ਬਣੇਗੀ।
ਵੱਧ ਵੋਟਿੰਗ ਅਕਾਲੀ-ਭਾਜਪਾ ਗਠਜੋੜ ਦੇ ਫਾਇਦੇ 'ਚ-ਸ਼ਾਂਤਾ ਕੁਮਾਰ
ਜਲੰਧਰ, 30 ਜਨਵਰੀ - ਭਾਜਪਾ ਦੇ ਇੰਚਾਰਜ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਸ਼ਾਂਤਾ ਕੁਮਾਰ ਨੇ ਰਾਜ ਵਿਚ 77 ਫ਼ੀਸਦੀ ਹੋਈ ਵੋਟਿੰਗ ਨੂੰ ਚੰਗਾ ਸੰਕੇਤ ਦੱਸਦੇ ਹੋਏ ਕਿਹਾ ਹੈ ਕਿ ਰਾਜ ਵਿਚ ਮੁੜ ਅਕਾਲੀ-ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਚੋਣ ਪ੍ਰਕਿਰਿਆ ਸੰਪੰਨ ਹੋਣ ਤੋਂ ਬਾਅਦ ਇਸ ਪੱਤਰਕਾਰ ਨਾਲ ਫ਼ੋਨ 'ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੰਬੇ ਸਮੇਂ ਬਾਅਦ ਜ਼ਿਆਦਾ ਗਿਣਤੀ ਵਿਚ ਵੋਟਿੰਗ ਹੋਈ ਹੈ। ਸ੍ਰੀ ਸ਼ਾਂਤਾ ਕੁਮਾਰ ਤੇ ਚੋਣ ਇੰਚਾਰਜ ਸ੍ਰੀ ਜੇ. ਪੀ. ਨੱਢਾ ਵੋਟਾਂ ਪੈਣ ਤੋਂ ਬਾਅਦ ਵਾਪਸ ਆਪਣੇ ਰਾਜ ਵਿਚ ਪਰਤ ਗਏ ਹਨ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਨੇ ਦਾਅਵਾ ਕੀਤਾ ਹੈ ਕਿ ਨਤੀਜੇ ਅਕਾਲੀ-ਭਾਜਪਾ ਦੇ ਹੱਕ ਵਿਚ ਆਉਣਗੇ ਕਿਉਂਕਿ ਬਿਹਾਰ ਵਿਚ ਵੀ 70 ਫ਼ੀਸਦੀ ਦੇ ਕਰੀਬ ਵੋਟਿੰਗ ਹੋਈ ਸੀ ਤੇ ਵਿਕਾਸ ਦੇ ਮੁੱਦੇ 'ਤੇ ਦੁਬਾਰਾ ਨਿਤਿਸ਼ ਸਰਕਾਰ ਸੱਤਾ ਵਿਚ ਆ ਗਈ ਸੀ।
No comments:
Post a Comment