Tuesday, 31 January 2012

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਸਤਿਕਾਰ ਕਮੇਟੀ ਵੱਲੋਂ ਹਮਲਾ
ਦੋ ਜ਼ਖਮੀ-ਪੁਲਿਸ ਵੱਲੋਂ ਪਰਚਾ ਦਰਜ

ਅੰਮ੍ਰਿਤਸਰ, 31 ਜਨਵਰੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਮਾਮਲੇ 'ਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲਿਕੇਸ਼ਨ ਦਫਤਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ (ਮੁੱਛਲ) ਵੱਲੋਂ ਕਰਮਚਾਰੀਆਂ ਉਪਰ ਜਾਨਲੇਵਾ ਹਮਲਾ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਹੋਏ ਤਿੱਖੇ ਤਕਰਾਰ ਕਾਰਨ ਤਲਵਾਰਾਂ ਚੱਲਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖੀ ਬਲਬੀਰ ਸਿੰਘ ਮੁੱਛਲ ਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਨੇ ਮੁਤਾਬਕ ਪ੍ਰਕਾਸ਼ਨ ਵਿਭਾਗ ਦੇ ਇੰਚਾਰਜ ਕਰਨਜੀਤ ਸਿੰਘ ਨਾਲ ਤਿੱਖਾ ਤਕਰਾਰ ਉਸ ਵੇਲੇ ਗੰਭੀਰ ਰੁਖ ਅਖਤਿਆਰ ਕਰ ਗਿਆ ਜਦ ਬਲਬੀਰ ਸਿੰਘ ਮੁੱਛਲ, ਗੁਰਨਾਮ ਸਿੰਘ ਤੇ ਉਨ੍ਹਾਂ ਦੇ 25-30 ਹਥਿਆਰ ਬੰਦ ਹਿਮਾਇਤੀਆਂ ਨੇ ਕਰਨਜੀਤ ਸਿੰਘ ਸਮੇਤ 6 ਹੋਰ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੇ ਕਮਰੇ ਦਾ ਦਰਵਾਜਾ ਅੰਦਰ ਤੋਂ ਬੰਦ ਕਰਕੇ ਆਪਣੀਆਂ ਜਾਨਾਂ ਬਚਾਈਆਂ। ਉਨ੍ਹਾਂ ਨੇ ਆਪਣੇ ਕਮਰੇ ਅੰਦਰੋਂ ਇਸ ਕਾਂਡ ਦੀ ਸੂਚਨਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਨੂੰ ਦਿੱਤੀ, ਜੋ ਸੂਚਨਾ ਮਿਲਣ 'ਤੇ ਉਹ ਟਾਸਕ ਫੋਰਸ ਸਮੇਤ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਸਟਾਫ਼ ਨਾਲ ਘਟਨਾ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪਹੁੰਚੇ, ਜਿੱਥੇ ਘਮਸਾਨ ਦੀ ਲੜਾਈ ਦੌਰਾਨ ਤਲਵਾਰਾਂ ਤੇ ਇੱਟਾਂ ਰੋੜੇ ਚੱਲਣ ਨਾਲ ਸ਼ਰਧਾਲੂਆਂ ਤੇ ਲੋਕਾਂ ਨੂੰ ਸੁਰੱਖਿਅਤ ਥਾਂ ਵੱਲ ਦੌੜਨ ਲਈ ਮਜ਼ਬੂਰ ਹੋਣਾ ਪਿਆ। ਇਸ ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਭਾਰੀ ਫੋਰਸ ਲੈ ਕੇ ਮੌਕੇ 'ਤੇ ਪਹੁੰਚੇ, ਜਿਥੇ ਉਨ੍ਹਾਂ ਦੋ ਧਿਰਾਂ ਦਰਮਿਆਨ ਹੋ ਰਹੀ ਲੜਾਈ 'ਤੇ ਕਾਬੂ ਪਾਇਆ ਅਤੇ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ 'ਤੇ ਪਰਚਾ ਦਰਜ ਕੀਤਾ।

No comments:

Post a Comment