ਵੋਟਰਾਂ ਨੇ ਸ਼ਾਂਤਮਈ ਤੇ ਰਿਕਾਰਡ ਮਤਦਾਨ ਕਰਕੇ
ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ
ਮੋਗਾ, 31 ਜਨਵਰੀ -ਬੀਤੇ ਕੱਲ੍ਹ 30 ਜਨਵਰੀ ਨੂੰ ਪਈਆਂ ਵਿਧਾਨ ਸਭਾ ਚੋਣਾਂ ਵਿਚ ਹੋਈ ਰਿਕਾਰਡਤੋੜ ਪੋਲਿੰਗ ਦੇ ਨਤੀਜੇ 6 ਮਾਰਚ ਨੂੰ ਕੁੱਝ ਵੀ ਹੋਣ ਪਰ ਜੋ ਇਸ ਵਾਰ ਚੋਣ ਕਮਿਸ਼ਨ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਵਾਈ ਗਈ ਹੈ ਜਿਸ ਦੀ ਬਦੌਲਤ ਹੀ ਇਹ ਰਿਕਾਰਡ ਵੋਟ ਪੋਲਿੰਗ ਹੋਈ ਹੈ ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਦਾ ਲੋਕਤੰਤਰ ਬੇਹੱਦ ਮਜ਼ਬੂਤ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਮਜ਼ਬੂਤ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਹਰ ਚੋਣ ਕਮਿਸ਼ਨ ਵੱਲੋਂ ਵੱਡੇ ਚੋਣ ਸੁਧਾਰ ਲਿਆਂਦੇ ਜਾ ਰਹੇ ਹਨ ਉਹ ਕਾਬਲੇ ਤਾਰੀਫ ਅਤੇ ਲੋਕ ਹਿੱਤੂ ਹਨ। ਇਸ ਵਾਰ ਜਿਸ ਤਰ੍ਹਾਂ ਹਰ ਉਮੀਦਵਾਰ ਨੇ ਚੋਣ ਕੁਮਿਸ਼ਨ ਦੇ ਡੰਡੇ ਤੋਂ ਡਰਦਿਆਂ ਆਪਣੇ ਆਪ ਨੂੰ ਜ਼ਾਬਤੇ ਵਿਚ ਰੱਖਿਆ ਅਤੇ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਕੀਤੀ ਗਈ ਸਖਤ ਚੌਕਸੀ ਕਾਰਨ ਨਸ਼ਿਆਂ ਦਾ ਬੋਲਬਾਲੇ 'ਤੇ ਵੱਡੀ ਪੱਧਰ 'ਤੇ ਲਗਾਮ ਲੱਗੀ ਅਤੇ ਲੋਕਾਂ ਨੂੰ ਸ਼ੋਰ ਪ੍ਰਦੂਸ਼ਣ ਤੋਂ ਰਾਹਤ ਮਿਲੀ ਜਦੋਂ ਕਿ ਪਹਿਲਾਂ ਚੋਣ ਦੌਰਾਨ ਉਮੀਦਵਾਰਾਂ ਵੱਲੋਂ ਟੇਡੇ ਮੇਡੇ ਢੰਗ ਨਾਲ ਆਪਣੇ ਚੋਣ ਖਰਚਿਆਂ ਨੂੰ ਛੁਪਾ ਕੇ ਇਸ ਕਦਰ ਚੋਣ ਪ੍ਰਚਾਰ ਕੀਤਾ ਜਾਂਦਾ ਸੀ ਕਿ ਉਸ ਤੋਂ ਹਰ ਵੋਟਰ ਪ੍ਰੇਸ਼ਾਨ ਹੋ ਕੇ ਇਸ ਚੋਣ ਪ੍ਰਕਿਰਿਆ ਦਾ ਨਿੰਦਾ ਕਰਦਾ ਹੋਇਆ ਪੋਲਿੰਗ ਬੂਥ 'ਤੇ ਜਾਣ ਤੋਂ ਕੰਨੀ ਕਤਰਾਉਂਦਾ ਸੀ ਪਰ ਇਸ ਵਾਰ ਇਸ ਸਭ ਕੁੱਝ ਤੋਂ ਮਿਲੀ ਰਾਹਤ ਨੇ ਵੋਟਰ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਜੇਕਰ ਨੀਅਤ ਸਾਫ ਹੋਵੇ ਤਾਂ ਕੁੱਝ ਵੀ ਸੰਭਵ ਹੈ। ਇਸ ਲਈ ਵੋਟਰਾਂ ਨੇ ਇਸ ਵਾਰ ਪੂਰੇ ਉਤਸਾਹ ਨਾਲ ਪੋਲਿੰਗ ਸਟੇਸ਼ਨ 'ਤੇ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕਰਦਿਆਂ ਲੋਕਤੰਤਰ ਨੂੰ ਮਜ਼ਬੂਤ ਕਰਦਿਆਂ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਵੱਡੇ ਸੁਧਾਰਾਂ 'ਤੇ ਮੋਹਰ ਲਾ ਦਿੱਤੀ। ਇਸ ਵਾਰ ਜੋ ਹਰ ਉਮੀਦਵਾਰ ਦੀ ਜਿੱਤ ਹਾਰ ਦੀ ਸਥਿੱਤੀ ਸਪੱਸ਼ਟ ਨਹੀਂ ਹੋ ਰਹੀ ਉਸ ਦਾ ਕਾਰਨ ਵੀ ਇਹੀ ਹੈ ਕਿ ਇਸ ਵਾਰ ਵੋਟਰਾਂ ਨੇ ਬੇਹੱਦ ਸੁਚੇਤ ਹੋ ਕੇ ਆਪਣੇ ਆਪ ਨੂੰ ਸਾਹਮਣੇ ਲਿਆਂਦਾ ਜਦੋਂ ਕਿ ਪਹਿਲਾਂ ਵੋਟਰਾਂ ਦੇ ਉਲਾਰ ਅਤੇ ਵਿਰੋਧ ਦਾ ਕੁੱਝ ਹੱਦ ਤੱਕ ਅੰਦਾਜ਼ਾ ਲੱਗ ਜਾਂਦਾ ਸੀ ਪਰ ਪੰਜਾਬ ਦੇ ਚੰਗੇਰੇ ਭਵਿੱਖ ਲਈ ਇਹ ਚੰਗਾ ਸੰਕੇਤ ਹੈ ਕਿ ਇਸ ਵਾਰ ਹਰ ਪਾਰਟੀ ਨੇ ਚੋਣ ਪੰਜਾਬ ਦੇ ਵਿਕਾਸ, ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਮੁੱਦੇ ਨੂੰ ਲੈ ਕੇ ਲੜੀਆਂ ਹਨ ਜੋ ਕਿ ਇਕ ਚੰਗਾ ਰੁਝਾਨ ਹੈ। ਜ਼ਿਲ੍ਹਾ ਮੋਗਾ ਦੇ ਚਾਰ ਵਿਧਾਨ ਸਭਾ ਹਲਕਿਆਂ ਮੋਗਾ, ਧਰਮਕੋਟ, ਬਾਘਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੀ ਗੱਲ ਕਰੀਏ ਤਾਂ ਇਥੇ ਉਮੀਦਵਾਰਾਂ ਵਿਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਮੋਗਾ ਅਤੇ ਬਾਘਾ ਪੁਰਾਣਾ 'ਤੇ ਕਾਂਗਰਸ, ਨਿਹਾਲ ਸਿੰਘ ਵਾਲਾ 'ਤੇ ਆਜ਼ਾਦ ਅਤੇ ਧਰਮਕੋਟ ਹਲਕੇ 'ਤੇ ਅਕਾਲੀ ਉਮੀਦਵਾਰ ਦਾ ਕਬਜ਼ਾ ਸੀ ਪਰ ਇਸ ਵਾਰ ਨਵੀਂ ਹਲਕਾਬੰਦੀ ਨੇ ਸਾਰੀਆਂ ਗਿਣਤੀਆਂ ਨੂੰ ਬੇਹੱਦ ਪ੍ਰਭਾਵਤ ਕੀਤਾ ਹੈ ਅਤੇ ਕਈ ਉਮੀਦਵਾਰਾਂ ਨੂੰ ਆਪਣੇ ਹਲਕੇ ਵੀ ਬਦਲਣੇ ਪਏ ਜਿਸ ਕਾਰਨ ਉਮੀਦਵਾਰਾਂ ਨੂੰ ਸਖਤ ਮਿਹਨਤ ਕਰਨੀ ਪਈ ਕਿਉਂਕਿ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਲਈ ਸਮਾਂ ਵੀ ਬੇਹੱਦ ਘੱਟ ਦਿੱਤਾ ਗਿਆ। ਇਸ ਵਾਰ ਵੋਟਾਂ ਦੀ ਗਿਣਤੀ ਵਿਚ 1 ਮਹੀਨੇ ਦਾ ਸਮਾਂ ਰਹਿੰਦਾ ਹੋਣ ਕਰਕੇ ਜਿੱਥੇ ਉਮੀਦਵਾਰਾਂ ਨੂੰ ਇਕ ਮਹੀਨਾ ਦਿਲ ਦੀ ਧੜਕਣ ਨੂੰ ਕਾਬੂ ਵਿਚ ਰੱਖਣਾ ਹੋਵੇਗਾ ਉਥੇ ਸਮੱਰਥਕਾਂ ਅਤੇ ਵੋਟਰਾਂ ਦੀਆਂ ਕਿਆਸ ਅਰਾਈਆਂ ਨਿੱਤ ਦਿਨ ਬਦਲਣਗੀਆਂ ਅਤੇ ਜਿੱਤ ਹਾਰ ਨੂੰ ਲੈ ਕੇ ਸ਼ਰਤਾਂ ਦਾ ਰੁਝਾਨ ਵੀ ਸਾਹਮਣੇ ਆਵੇਗਾ। ਇਨ੍ਹਾਂ ਚੋਣਾਂ ਵਿਚ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਇਕ ਡੇਰੇ ਵੱਲੋਂ ਕਾਂਗਰਸ ਦੀ ਹਮਾਇਤ ਕਰਨ ਨਾਲ ਚਾਰੇ ਸੀਟਾਂ 'ਤੇ ਸਥਿੱਤੀ ਦਿਲਚਸਪ ਦੇਖਣ ਨੂੰ ਮਿਲੇਗੀ ਅਤੇ ਜੇਤੂ ਸਥਿੱਤੀ ਵਿਚ ਦਿਸਣ ਵਾਲੇ ਉਮੀਦਵਾਰਾਂ ਨੂੰ ਹਾਰ ਦਾ ਸੁਆਦ ਵੀ ਚੱਖਣਾ ਪੈ ਸਕਦਾ ਹੈ ਦੂਸਰਾ ਵੋਟਰਾਂ ਦੀ ਹੱਦੋਂ ਵੱਧ ਖਾਮੋਸ਼ੀ ਨੇ ਵੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮੱਰਥਕਾਂ ਨੂੰ ਭੰਬਲ ਭੂਸੇ ਵਿਚ ਪਾਇਆ ਹੋਇਆ ਹੈ। ਇਲੈਕਟ੍ਰੋਨਿਕ ਮਸ਼ੀਨਾਂ ਵਿਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ ਦੀ ਚਾਬੀ ਤਾਂ 6 ਮਾਰਚ ਨੂੰ ਖੁੱਲ੍ਹੇਗੀ ਪਰ ਉਨੀਂ ਦੇਰ ਤੱਕ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮੱਰਥਕਾਂ ਦਾ ਦਿਨ ਦਾ ਚੈਨ ਅਤੇ ਰਾਤ ਦੀ ਨੀਂਦ ਹਰਾਮ ਰਹੇਗੀ ਕਿਉਂਕਿ ਕਦੇ ਉਨ੍ਹਾਂ ਨੂੰ ਜਿੱਤ ਦੀ ਆਸ ਦੀ ਕਿਰਨ ਦਿਖਾਈ ਦੇਵੇਗੀ ਅਤੇ ਕਦੇ ਡੁਬਦੇ ਸੂਰਜ ਦੀ ਲਾਲੀ ਉਨ੍ਹਾਂ ਦਾ ਦੀ ਆਸ ਦੀ ਕਿਰਨ ਨੂੰ ਧੁੰਦਲਾ ਕਰੇਗੀ। ਨਤੀਜੇ ਕੁੱਝ ਵੀ ਹੋਣ ਪਰ ਇਸ ਵਾਰ ਲੋਕਤੰਤਰ ਮਜ਼ਬੂਤ ਹੋ ਕੇ ਉੱਭਰਿਆ ਹੈ ਅਤੇ ਲੋਕਾਂ ਨੇ ਕੁੱਝ ਇਕ ਥਾਵਾਂ ਨੂੰ ਛੱਡ ਕੇ ਪੂਰੇ ਅਮਨ ਅਮਾਨ ਨਾਲ ਵੋਟਾਂ ਪਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਅਜੇ ਵੀ ਭਾਈਚਾਰਕ ਸਾਂਝ ਬੇਹੱਦ ਮਜ਼ਬੂਤ ਹੈ।ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ
No comments:
Post a Comment