Tuesday, 31 January 2012


3 ਧੀਆਂ ਤੇ ਪਤਨੀ ਦੀ ਹੱਤਿਆ ਲਈ ਪਿਉ-ਪੁੱਤਰ-ਮਾਂ
ਦੋਸ਼ੀ ਕਰਾਰ, ਹੋਵੇਗੀ ਉਮਰ ਕੈਦ

ਵੈਨਕੂਵਰ, 30 ਜਨਵਰੀ-30 ਜੂਨ, 2009 ਨੂੰ ਕਾਰ 'ਚ ਸਵਾਰ ਚਾਰ ਪਰਿਵਾਰਕ ਮੈਂਬਰਾਂ ਨੂੰ ਕਾਰ ਸਣੇ, ਪਾਣੀ 'ਚ ਡੁਬੋ ਕੇ ਮਾਰਨ ਮਗਰੋਂ ਵਾਰਦਾਤ ਨੂੰ ਹਾਦਸਾ ਬਣਾਉਣ ਦੀ ਸਾਜ਼ਿਸ਼ ਅਧੀਨ, ਪਹਿਲਾ ਦਰਜਾ ਕਤਲ ਚਾਰਜਾਂ ਤਹਿਤ ਤਿੰਨ ਵਿਅਕਤੀਆਂ ਨੂੰ ਜਿਊਰੀ ਨੇ, 'ਅਣਖ ਖਾਤਿਰ' ਹੱਤਿਆਵਾਂ ਲਈ ਦੋਸ਼ੀ ਕਰਾਰ ਦਿੱਤਾ ਹੈ। ਅਫਗਾਨਿਸਤਾਨ ਤੋਂ ਕੈਨੇਡਾ ਆ ਕੇ ਵਸੇ ਮੁਹੰਮਦ ਸ਼ਾਫੀਆ, ਉਸਦੀ ਬੇਗਮ ਤੂਬਾ ਯਹੀਆ ਤੇ ਪੁੱਤਰ ਹਾਮਿਦ ਸ਼ਾਫੀਆ ਨੂੰ ਤਿੰਨ ਭੈਣਾਂ 19 ਸਾਲਾਂ ਜ਼ੈਨਬ, 17 ਸਾਲਾਂ ਸਾਹਿਰ ਅਤੇ 13 ਸਾਲਾਂ ਗੀਤੀ ਸ਼ਾਫੀਆ 'ਤੇ ਪਹਿਲੀ ਪਤਨੀ 50 ਸਾਲਾਂ ਰੋਨਾ ਮੁਹੰਮਦ ਆਮਿਰ ਦੇ ਸਮੂਹਿਕ ਕਤਲਾਂ ਲਈ, ਉਮਰ ਕੈਦ ਦੀ ਸਜ਼ਾ ਤੇ ਘੱਟੋ-ਘੱਟ 25 ਸਾਲ ਤੱਕ ਜ਼ਮਾਨਤ ਨਹੀਂ ਹੋ ਸਕੇਗੀ। ਕਿੰਗਸਟਨ ਕਾਊਂਟੀ ਦੇ ਮਾਨਯੋਗ ਜੱਜ ਜਸਟਿਸ ਰੌਬਿਰਟ ਮਾਰਾਨਜਰ ਨੇ ਕੈਨੇਡਾ 'ਚ ਅਣਖ ਖਾਤਿਰ ਹੋਏ 'ਪਹਿਲੇ ਸਮੂਹਿਕ ਕਤਲ ਕੇਸ' ਦਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਚਾਰ ਬੇਗੁਨਾਹਾਂ ਨੂੰ, ਸੌੜੀ ਅਣਖ ਲਈ ਬੜੀ ਹੁਸ਼ਿਆਰੀ ਨਾਲ ਖਤਮ ਕਰਨ ਦੇ ਦੋਸ਼ ਲਈ, 'ਸਭਿਅਕ ਸਮਾਜ 'ਚ ਕੋਈ ਜਗ੍ਹਾ ਨਹੀਂ। ਇਸ ਦੌਰਾਨ ਜੱਜ ਦੇ ਫੈਸਲਾ ਸੁਣਾਉਣ ਵੇਲੇ ਮੁਹੰਮਦ ਸ਼ਾਫੀਆ ਨੇ ਕਿਹਾ ਕਿ ਉਹ ਕਾਤਿਲ ਨਹੀਂ ਤੇ ਉਸ ਨਾਲ ਇਨਸਾਫ਼ ਨਹੀਂ ਹੋਇਆ। ਇਸੇ ਤਰ੍ਹਾਂ ਤਿੰਨ ਮ੍ਰਿਤਕ ਧੀਆਂ ਦੀ ਮਾਂ ਤੂਬਾ ਯਾਹੀਆ ਨੇ ਕਿਹਾ ਕਿ ਉਹ ਮਾਂ ਹੈ ਤੇ ਕਾਤਿਲ ਨਹੀਂ, ਜਦ ਕਿ 21 ਸਾਲਾਂ ਹਾਮਿਦ ਨੇ ਕਿਹਾ ਕਿ ਉਸ ਨੇ ਆਪਣੀਆਂ ਭੈਣਾਂ ਨੂੰ ਨਹਿਰ 'ਚ ਨਹੀਂ ਡੋਬਿਆ। ਸੰਨ 2007 ਵਿਚ ਕੈਨੇਡਾ ਆਏ ਸ਼ਾਫੀਆ ਦੀ ਪਹਿਲੀ ਸ਼ਾਦੀ ਰੋਨਾ ਮੁਹੰਮਦ ਨਾਲ ਹੋਈ, ਪਰ ਕੋਈ ਔਲਾਦ ਨਾ ਹੋਣ 'ਤੇ 1989 'ਚ ਤੂਬਾ ਯਾਹੀਆ ਨਾਲ ਨਿਕਾਹ ਮਗਰੋਂ ਉਨ੍ਹਾਂ ਦੇ 7 ਬੱਚੇ ਜਨਮੇ ਤੇ ਸ਼ਾਫੀਆ ਪਰਿਵਾਰ ਦੇ ਮੌਂਟਰੀਅਲ ਵੱਸਣ ਵੇਲੇ ਰੋਨਾ ਦੇ ਰਿਸ਼ਤੇ ਬਾਰੇ ਇੰਮੀਗਰੇਸ਼ਨ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਪਰਿਵਾਰ 'ਚ ਦੋ ਵੱਡੀਆਂ ਧੀਆਂ ਜ਼ੈਨਬ ਤੇ ਸਾਹਿਰ ਦੇ, ਕੈਨੇਡੀਅਨ ਮਿੱਤਰ ਮੁੰਡਿਆਂ ਨਾਲ ਸੰਪਰਕ ਨੂੰ ਲੈ ਕੇ ਮੁਹੰਮਦ ਸ਼ਾਫੀਆ ਦੇ ਖਫ਼ਾ ਹੋਣ ਅਤੇ ਵਾਰਦਾਤ ਵਾਲੀ ਰਾਤ ਪਰਿਵਾਰ ਦੀਆਂ ਚਾਰ ਮ੍ਰਿਤਕ ਔਰਤਾਂ ਦੀ ਨਿਸ਼ਾਨ ਕਾਰ ਨੂੰ, ਪਿੱਛਿਓਂ ਹਾਮਿਦ ਵੱਲੋਂ ਟੱਕਰ ਮਾਰ ਕੇ ਰੌਡੋ ਨਹਿਰ ਕੰਗਿਸਟਨ 'ਚ ਸੁੱਟਣ, ਮਗਰੋਂ ਸ਼ਹਿਰ ਜਾ ਕੇ ਝੂਠਾ ਹਾਦਸਾ ਬਣਾਉਣ, ਪੁਲਿਸ ਨੂੰ ਸੂਚਿਤ ਨਾ ਕਰਨ ਤੇ ਤੋੜ-ਮਰੋੜ ਕੇ ਸੱਚਾਈ ਛੁਪਾਉਣ ਦੇ ਦੋਸ਼ਾਂ ਬਾਰੇ ਅਦਾਲਤੀ ਕਾਰਵਾਈ ਦੌਰਾਨ ਖੁਲਾਸਾ ਹੋਇਆ। 7 ਔਰਤਾਂ ਤੇ 5 ਮਰਦਾਂ ਦੀ ਜਿਊਰੀ ਨੇ 40 ਦਿਨਾਂ ਤੱਕ ਸੁਣਵਾਈ ਮਗਰੋਂ ਤਿੰਨ ਵਿਅਕਤੀਆਂ ਨੂੰ ਸਮੂਹਿਕ ਹੱਤਿਆਵਾਂ ਲਈ ਦੋਸ਼ੀ ਹੋਣ ਦਾ ਇਤਿਹਾਸਕ ਫ਼ੈਸਲਾ ਸੁਣਾਇਆ।

No comments:

Post a Comment