ਰਵਾਇਤੀ ਤਰੀਕੇ ਤੋਂ ਹਟਕੇ ਹੋਈਆਂ ਵਿਧਾਨ ਸਭਾ ਚੋਣਾਂ
ਜਲੰਧਰ-30 ਜਨਵਰੀ ૿ ਵਿਧਾਨ ਸਭਾ ਲਈ ਅੱਜ ਬੜੇ ਹੀ ਉਤਸ਼ਾਹ ਤੇ ਰਿਕਾਰਡ-ਤੋੜ ਢੰਗ ਨਾਲ ਪਈਆਂ ਵੋਟਾਂ ਜਿੱਥੇ ਰਵਾਇਤੀ ਤਰੀਕੇ ਤੋਂ ਹਟਕੇ ਹੋਈਆਂ ਹਨ, ਉਥੇ ਚੋਣ ਸੁਧਾਰਾਂ ਲਈ ਨਵਾਂ ਆਗਾਜ਼ ਵੀ ਕਰ ਗਈਆਂ ਲੱਗਦੀਆਂ ਹਨ। ਪੰਜਾਬ ਦੇ ਚੋਣ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਰਾਜਸੀ ਧਿਰ ਦੇ ਹੱਕ 'ਚ ਕੋਈ 'ਹਵਾ ਦਿਖਾਈ ਨਹੀਂ ਦਿੱਤੀ।
ਚੋਣਾਂ ਧੂਮ-ਧੜੱਕੇ ਦੀ ਥਾਂ ਬਹੁਤ ਹੀ ਸਹਿਜ ਤੇ ਜਬਤਬੱਧ ਢੰਗ ਨਾਲ ਹੋਈਆਂ। ਰਾਜਸੀ ਪਾਰਟੀਆਂ ਤੇ ਉਮੀਦਵਾਰ ਸ਼ਾਇਦ ਪਹਿਲੀ ਵਾਰ ਚੋਣ ਕਮਿਸ਼ਨ ਤੋਂ 'ਤੀਰ ਤੋਂ ਕਾਂ' ਵਾਂਗ ਡਰਦੇ ਵੇਖੇ ਗਏ। ਉਮੀਦਵਾਰਾਂ ਨੇ ਆਪਣੇ ਖਰਚੇ ਕਰਨ 'ਚ ਬੜਾ ਸੰਕੋਚ ਵਰਤਿਆ। ਚੋਣਾਂ ਪ੍ਰਦੂਸ਼ਣ ਫੈਲਾਉਣ ਦਾ ਕਾਰਨ ਵੀ ਨਹੀਂ ਬਣੀਆਂ, ਸਗੋਂ ਸਮੁੱਚੀ ਚੋਣ ਸਰਗਰਮੀ ਬੜੇ ਸ਼ਾਂਤ ਜਿਹੇ ਢੰਗ 'ਚ ਹੀ ਚੱਲੀ। ਕਿਸੇ ਵੀ ਨਾਗਰਿਕ ਨੂੰ ਪਹਿਲੀ ਵਾਰ ਕੰਨ-ਪਾੜਵੋ ਤੇ ਰੌਲੇ-ਰੱਪੇ ਦੀ ਸ਼ਿਕਾਇਤ ਨਹੀਂ ਹੋਈ। ਪ੍ਰਦੂਸ਼ਣ ਦੇ ਨਾਲ ਫਜ਼ੂਲ ਖਰਚੀ ਰੋਕਣ ਦਾ ਵੀ ਇਹ ਬੜਾ ਚੰਗਾ ਤਜ਼ਰਬਾ ਸਾਬਤ ਹੋਇਆ ਹੈ। ਹਾਲਾਂ ਕਿ ਇਹ ਗੱਲ ਕਿਸੇ ਤੋਂ ਵੀ ਗੁੱਝੀ ਨਹੀਂ ਕਿ ਹਰ ਉਮੀਦਵਾਰ ਨੇ ਲੁਕਵੇਂ ਢੰਗ ਨਾਲ ਵੋਟਰਾਂ ਨੂੰ ਪਰਚਾਉਣ ਲਈ ਉਹ ਸਾਰੇ ਢੰਗ ਤਰੀਕੇ ਵਰਤੇ ਜੋ ਪਿਛਲੀਆਂ ਚੋਣਾਂ ਦੌਰਾਨ ਵਰਤੇ ਜਾਂਦੇ ਰਹੇ ਹਨ। ਪਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਨਸ਼ੇ ਤੇ ਪੈਸੇ ਪਹਿਲਾਂ ਬੜੀ ਆਸਾਨੀ ਨਾਲ ਵੰਡੇ ਜਾਂਦੇ ਰਹੇ ਹਨ ਐਂਤਕੀ ਇਹ ਕੁਝ ਕਰਨ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਰਹੇ ਹਨ। ਚੋਣ ਕਮਿਸ਼ਨ ਸਖ਼ਤੀ ਨਾਲ ਨਿਯਮ ਲਾਗੂ ਕਰਨੇ ਭਾਵੇਂ ਸਾਰੇ ਰਾਜਸੀ ਆਗੂਆਂ ਤੇ ਉਮੀਦਵਾਰਾਂ ਨੂੰ ਦੁੱਧ-ਧੋਤੇ ਤਾਂ ਨਹੀਂ ਬਣਾ ਦਿੱਤਾ, ਪਰ ਇਕ ਜਬਤ ਵਿਚ ਰਹਿਕੇ ਚੋਣਾਂ ਲੜਨ ਦੀ ਨਵੀਂ ਗੁੜਤੀ ਜ਼ਰੂਰ ਦਿੱਤੀ ਹੈ ਤੇ ਵੱਧ-ਘੱਟ ਰੂਪ 'ਚ ਇਸ ਦਾ ਅਸਰ ਵੀ ਸਮੁੱਚੀ ਚੋਣ ਸਰਗਰਮੀ ਉੱਪਰ ਨਜ਼ਰ ਵੀ ਆਇਆ ਹੈ।
ਵੋਟ ਪ੍ਰਤੀਸ਼ਤ ਵਧਣ ਨੂੰ ਰਵਾਇਤੀ ਢੰਗ ਨਾਲ ਸੋਚਣ ਵਾਲੇ ਬਹੁਤ ਸਾਰੇ ਲੋਕ ਅਜਿਹਾ ਅੰਦਾਜ਼ਾ ਲਗਾ ਰਹੇ ਹਨ ਕਿ ਵੱਧ ਵੋਟਾਂ ਭੁਗਤਣ ਦਾ ਸਿੱਧਾ ਲਾਭ ਵਿਰੋਧੀ ਧਿਰ ਨੂੰ ਮਿਲੇਗਾ ਤੇ ਹੁਕਮਰਾਨ ਧਿਰ ਨੂੰ ਨੁਕਸਾਨ ਹੋਵੇਗਾ। ਰਾਜਸੀ ਵਿਚਾਰਵਾਨਾਂ ਵਿਚ ਇਹ ਗੱਲ ਆਮ ਪ੍ਰਵਾਨ ਹੈ ਕਿ ਲੋਕ ਉਸੇ ਸਮੇਂ ਉਤਸ਼ਾਹ ਨਾਲ ਵੋਟ ਪਾਉਣ ਨਿਕਲਦੇ ਹਨ ਜਦ ਮੌਜੂਦਾ ਸਰਕਾਰ ਵਿਚ ਉਨ੍ਹਾਂ ਦੇ ਮਨਾਂ ਅੰਦਰ ਗਹਿਰਾ ਰੋਸ ਤੇ ਗੁੱਸਾ ਹੋਵੇ।
ਅਜਿਹੇ ਸਮੇਂ ਸਰਕਾਰ ਵਿਰੋਧੀ ਭਾਵਨਾਵਾਂ ਦਾ ਵਹਿਣ ਆਪ ਮੁਹਾਰੇ ਵਗ ਰਿਹਾ ਹੁੰਦਾ ਹੈ ਤੇ ਸਥਾਪਤੀ ਵਿਰੋਧੀ ਲਹਿਰ ਦੀ ਝਲਕ ਵੀ ਹਰ ਕਿਸੇ ਨੂੰ ਨਜ਼ਰ ਆਉਂਦੀ ਹੈ। ਪਰ ਇਸ ਵਾਰ ਸਮੁੱਚੀ ਚੋਣ ਸਰਗਰਮੀ ਨੂੰ ਨੇੜਿਉਂ ਵਾਚਣ ਵਾਲੇ ਕਰੀਬ ਸਾਰੇ ਹੀ ਲੋਕ ਇਕ ਗੱਲ ਉੱਪਰ ਆਮ ਸਹਿਮਤ ਹਨ ਕਿ ਇਸ ਵਾਰ ਨਾ ਤਾਂ ਸਥਾਪਤੀ ਵਿਰੋਧੀ ਲਹਿਰ ਕਿੱਧਰੇ ਰੜਕਵੇਂ ਰੂਪ 'ਚ ਨਜ਼ਰ ਆਈ ਹੈ ਤੇ ਨਾ ਹੀ ਕਿਸੇ ਇਕ ਧਿਰ ਦੇ ਹੱਕ ਵਿਚ ਹਵਾ ਹੀ ਰਹੀ ਹੈ। ਅਜਿਹੀ ਹਾਲਤ 'ਚ ਫਿਰ ਇਹ ਨਹੀਂ ਕਿਹਾ ਜਾ ਸਕਦਾ ਕਿ ਵੱਧ ਪਈ ਵੋਟ ਕਿਸੇ ਇਕ ਧਿਰ ਲਈ ਮਾਫਕ ਤੇ ਦੂਜੇ ਲਈ ਵਾਦੀ ਬਣੇਗੀ। ਸਗੋਂ ਇਸ ਤੋਂ ਵੱਧ ਵੋਟ ਭੁਗਤਣ ਲਈ ਹੋਰ ਕਾਰਨ ਸਮਝੇ ਜਾ ਰਹੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵਾਰ ਰੌਲੇ-ਰੱਪੇ ਵਾਲੀ ਚੋਣ ਮੁਹਿੰਮ ਦੀ ਥਾਂ ਸਾਰੇ ਹੀ ਉਮੀਦਵਾਰਾਂ ਨੇ ਵੋਟਰਾਂ ਤੱਕ ਸਿੱਧਾ ਰਾਬਤਾ ਕਾਇਮ ਕਰਨ ਨੂੰ ਤਰਜੀਹ ਦਿੱਤੀ। ਉਮੀਦਵਾਰਾਂ ਵੱਲੋਂ ਹਰ ਵੋਟਰ ਤੱਕ ਸਿੱਧਾ ਰਾਬਤਾ ਬਣਾਉਣ ਨਾਲ ਵੋਟਾਂ ਪੈਣ 'ਚ ਉਤਸ਼ਾਹ ਪੈਦਾ ਹੋਇਆ ਹੈ। ਦੂਜਾ ਇਕ ਕਾਰਨ ਇਹ ਹੈ ਕਿ ਪਿਛਲੇ 5 ਸਾਲ ਦੌਰਾਨ ਨਵੀਂ ਪੀੜ੍ਹੀ ਦੇ ਵੋਟਰਾਂ ਨੇ ਵੋਟਾਂ 'ਚ ਬੇਹੱਦ ਉਤਸ਼ਾਹ ਦਿਖਾਇਆ ਹੈ। 20-25 ਸਾਲਾਂ ਦੇ ਨੌਜਵਾਨ ਮੁੰਡੇ-ਕੁੜੀਆਂ ਪਹਿਲੀ ਵਾਰ ਵੱਡੀ ਗਿਣਤੀ ਵਿਚ ਪੋਲਿੰਗ ਬੂਥਾਂ ਉੱਪਰ ਕਤਾਰਾਂ 'ਚ ਖੜ੍ਹੇ ਨਜ਼ਰ ਆਏ ਹਨ। ਕਈ ਸਿਆਸੀ ਦਰਸ਼ਕ ਨੌਜਵਾਨ ਪੀੜ੍ਹੀ ਦੇ ਵੋਟ ਉਭਾਰ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਸਿਆਸੀ ਉਥਾਨ ਨਾਲ ਵੀ ਜੋੜ ਕੇ ਵੇਖ ਰਹੇ ਹਨ ਤੇ ਉਨ੍ਹਾਂ ਦਾ ਨਜ਼ਰੀਆ ਹੈ ਕਿ ਪੀਪਲਜ਼ ਪਾਰਟੀ ਦੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਇਸ ਰੁਝਾਨ ਦੀ ਸ਼ਾਹਦੀ ਭਰੇਗੀ।
ਸ਼ਾਇਦ ਪੰਜਾਬ ਦੇ ਚੋਣ ਇਤਿਹਾਸ ਵਿਚ ਇਹ ਵੀ ਪਹਿਲੀ ਵਾਰ ਵਾਪਰਿਆ ਹੈ ਕਿ ਕਿਸੇ ਹੁਕਮਰਾਨ ਧਿਰ ਨੇ ਆਪਣੀ ਕਾਰਗੁਜ਼ਾਰੀ ਨੂੰ ਚੋਣ ਮੁਹਿੰਮ ਦਾ ਏਜੰਡਾ ਬਣਾਇਆ ਹੈ। ਅਕਾਲੀ-ਭਾਜਪਾ ਗਠਜੋੜ ਦਾ ਮੁੱਖ ਏਜੰਡਾ ਹੀ ਇਹ ਰਿਹਾ ਹੈ ਕਿ ਉਨ੍ਹਾਂ ਨੇ ਪਿਛਲੇ ਪੰਜਾਂ ਸਾਲਾਂ ਦੌਰਾਨ ਵਿਕਾਸ, ਪ੍ਰਸ਼ਾਸਨਿਕ ਸੁਧਾਰਾਂ ਤੇ ਲੋਕਾਂ ਨੂੰ ਸਹੂਲਤਾਂ ਦੇਣ 'ਚ ਰਿਕਾਰਡ-ਤੋੜ ਕੰਮ ਕੀਤਾ ਹੈ। ਹੁਕਮਰਾਨ ਧਿਰ ਦੇ ਇਸ ਹਾਂ, ਪੱਖੀ ਏਜੰਡੇ ਦਾ ਆਪਣਾ ਪ੍ਰਭਾਵ ਹੈ। ਦੁਆਬਾ ਖੇਤਰ 'ਚ ਦਲਿਤਾਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਇਹ ਗੱਲ ਸੁਣਨ ਨੂੰ ਮਿਲਦੀ ਰਹੀ ਹੈ ਕਿ ਆਟਾ-ਦਾਲ ਯੋਜਨਾਵਾਂ ਲਾਗੂ ਕਰਕੇ ਇਸ ਪਾਰਟੀ ਨੇ ਸਾਡੇ ਘਰਾਂ ਦੇ ਚੁਲੇ ਬਾਲ੍ਹੇ ਹਨ, ਅਸੀਂ ਤਾਂ ਉਨ੍ਹਾਂ ਦੀ ਹੀ ਮਦਦ ਕਰਾਂਗੇ। ਇਹ ਸਾਰੇ ਤੱਥ ਰਲ ਮਿਲ ਹੁਣ ਹੋਈਆਂ ਚੋਣਾਂ ਨੂੰ ਪਹਿਲਾਂ ਹੁੰਦੀਆਂ ਰਹੀਆਂ ਚੋਣਾਂ ਨਾਲੋਂ ਮੂਲੋਂ ਹੀ ਵੱਖਰਾ ਸਰੂਪ ਦੇ ਰਹੇ ਹਨ ਤੇ ਇਸ ਹਾਲਾਤ ਦਾ ਪ੍ਰਭਾਵ ਨਤੀਜਿਆਂ ਵਿਚ ਵੀ ਸਪੱਸ਼ਟ ਨਜ਼ਰ ਆ ਸਕਦਾ ਹੈ।
|
ਨਾਭਾ 'ਚ ਮਹਿਲਾ ਪੱਤਰਕਾਰ 'ਤੇ ਕਾਂਗਰਸੀ ਵਰਕਰਾਂ ਵੱਲੋਂ ਹਮਲਾ
30 ਜਨਵਰੀ ૿ ਨਾਭਾ ਵਿਖੇ ਬੂਥ ਨੰ: 136, 137 ਵਿਖੇ ਵੋਟਾਂ ਦੀ ਕਵਰੇਜ ਕਰਨ ਗਏ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰ ਹਰਵਿੰਦਰ ਕੌਰ ਨੌਹਰਾ 'ਤੇ ਕਾਂਗਰਸੀ ਵਰਕਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਇਹ ਹਮਲਾ ਸੁਰੱਖਿਆ ਅਮਲੇ ਦੀ ਮੌਜੂਦਗੀ ਵਿੱਚ ਹੋਇਆ।
ਲੋਕਾਂ ਵੱਲੋਂ ਰੌਲਾ ਪਾਉਣ 'ਤੇ ਸੁਰੱਖਿਆ ਅਮਲੇ ਨੇ ਹਮਲਾਵਰਾਂ ਨੂੰ ਫੜਿਆ, ਕਾਂਗਰਸੀ ਆਗੂ ਸੁਰਿੰਦਰ ਚੌਹਾਨ ਨੂੰ ਮੌਕੇ ਤੇ ਫੜ ਲਿਆ ਗਿਆ ਅਤੇ ਉਸ ਦਾ ਬੇਟਾ ਯਾਦਵਿੰਦਰ ਸਿੰਘ ਦੌੜ ਗਿਆ। ਸਮੁੱਚੇ ਮਾਮਲੇ ਵਿੱਚ ਪੁਲਿਸ ਦੀ ਢਿੱਲ ਮੱਠ ਵੀ ਸਾਹਮਣੇ ਆ ਗਈ ਕਿਉਂਕਿ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ ਫੜੇ ਗਏ ਦੋਸ਼ੀ ਨੂੰ ਥਾਣੇ 'ਚੋਂ ਸ਼ਰੇਆਮ ਛੁਡਵਾ ਕੇ ਲੈ ਗਏ। ਪੱਤਰਕਾਰਾਂ ਵੱਲੋਂ ਪੁਲਿਸ ਨੂੰ ਇਕੱਠੇ ਹੋ ਕੇ ਜਦੋਂ 3 ਵਜੇ ਤੱਕ ਕਾਰਵਾਈ ਨਾ ਕਰਨ ਤੇ ਧਰਨਾ ਲਗਾਉਣ ਦੀ ਧਮਕੀ ਤੋਂ ਪੁਲਿਸ ਹਰਕਤ ਵਿੱਚ ਆਈ ਫਿਰ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ। ਦੋਸ਼ੀ ਯਾਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪ੍ਰੰਤੂ ਉਸ ਦੇ ਪਿਤਾ ਸੁਰਿੰਦਰ ਸਿੰਘ ਚੌਹਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੱਤਰਕਾਰ ਹਰਵਿੰਦਰ ਕੌਰ ਨੌਹਰਾ ਗਰਭਵਤੀ ਹੋਣ ਕਾਰਨ ਗੰਭੀਰ ਜ਼ਖਮੀ ਹੋਣ 'ਤੇ ਸਿਵਲ ਹਸਪਤਾਲ ਨਾਭਾ ਵਿਖੇ ਜੇਰੇ ਇਲਾਜ ਹਨ।
ਜਦੋਂ ਲੰਗਾਹ, ਸੇਖਵਾਂ, ਲੋਧੀਨੰਗਲ, ਧੁੱਗਾ ਤੇ ਬਾਜਵਾ
ਆਪਣੇ-ਆਪ ਨੂੰ ਵੋਟ ਪਾਉਣ ਤੋਂ ਰਹੇ ਵਾਂਝੇ
30 ਜਨਵਰੀ ૿ ਅੱਜ ਪਈਆਂ ਵੋਟਾਂ 'ਚ ਜਿਥੇ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ, ਉਥੇ ਨਵੀਂ ਹਲਕਾਬੰਦੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਹਲਕਿਆਂ 'ਚ ਉਤਰੇ ਕੁਝ ਉਮੀਦਵਾਰਾਂ ਨੇ ਆਪਣੇ ਪੁਰਾਣੇ ਹਲਕਿਆਂ 'ਚ ਹੀ ਵੋਟ ਪਾਈ।
ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਉਮੀਦਵਾਰ ਜਥੇ: ਸੁੱਚਾ ਸਿੰਘ ਲੰਗਾਹ ਨੇ ਆਪਣੀ ਵੋਟ ਆਪਣੇ ਪਿੰਡ ਲੰਗਾਹ, ਜੋ ਇਸ ਵੇਲੇ ਗੁਰਦਾਸਪੁਰ ਹਲਕੇ ਵਿਚ ਵਿਖੇ ਹੈ, ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਪਾਈ। ਇਸੇ ਤਰ੍ਹਾਂ ਹੀ ਹਲਕਾ ਕਾਦੀਆਂ ਤੋਂ ਅਕਾਲੀ ਦਲ ਦੇ ਉਮੀਦਵਾਰ ਜਥੇ: ਸੇਵਾ ਸਿੰਘ ਸੇਖਵਾਂ ਨੇ ਆਪਣੀ ਵੋਟ ਪਿੰਡ ਸੇਖਵਾਂ ਹਲਕਾ ਬਟਾਲਾ 'ਚ ਅਕਾਲੀ ਉਮੀਦਵਾਰ ਸ: ਲਖਬੀਰ ਸਿੰਘ ਲੋਧੀਨੰਗਲ ਦੇ ਹੱਕ 'ਚ ਪਾਈ।
ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਦੇਸ ਰਾਜ ਸਿੰਘ ਧੁੱਗਾ ਨੇ ਆਪਣਾ ਪਿੰਡ ਧੁੱਗਾ ਹਲਕਾ ਟਾਂਡਾ ਵਿਚ ਹੋਣ 'ਤੇ ਅਕਾਲੀ ਦਲ ਦੇ ਉਮੀਦਵਾਰ ਅਰਵਿੰਦਰ ਸਿੰਘ ਰਸੂਲਪੁਰ ਦੇ ਹੱਕ 'ਚ ਵੋਟ ਭੁਗਤਾਈ। ਇਸੇ ਤਰ੍ਹਾਂ ਹੀ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸੀ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਾਦੀਆਂ ਵਿਖੇ ਕਾਂਗਰਸੀ ਉਮੀਦਵਾਰ ਬੀਬੀ ਚਰਨਜੀਤ ਕੌਰ ਦੇ ਹੱਕ 'ਚ ਵੋਟ ਪਾ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਨਵੀਂ ਹਲਕਾਬੰਦੀ ਕਾਰਨ ਬਹੁਤ ਸਾਰੇ ਉਮੀਦਵਾਰਾਂ ਦੇ ਪਿੰਡ ਦੂਜੇ ਹਲਕਿਆਂ ਵਿਚ ਆਉਣ 'ਤੇ ਇਸ ਵਾਰ ਇਨ੍ਹਾਂ ਉਮੀਦਵਾਰਾਂ ਨੂੰ ਆਪਣੀ ਵੋਟ ਦੂਸਰੇ ਹਲਕੇ ਦੇ ਉਮੀਦਵਾਰਾਂ ਨੂੰ ਪਾਉਣੀ ਪਈ ਹੈ।
ਅਕਾਲੀ-ਭਾਜਪਾ ਗਠਜੋੜ ਬਹੁਮਤ ਹਾਸਲ ਕਰੇਗਾ-ਢੀਂਡਸਾ
ਸੰਗਰੂਰ, 30 ਜਨਵਰੀ-ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਅੱਜ ਚੋਣਾਂ ਦੌਰਾਨ ਕਾਂਗਰਸ ਨੂੰ ਸਬਕ ਸਿਖਾ ਦਿੱਤਾ ਹੈ। 'ਅਜੀਤ' ਨਾਲ ਗੱਲਬਾਤ ਕਰਦਿਆਂ ਸ: ਢੀਂਡਸਾ ਨੇ ਕਿਹਾ ਕਿ ਇਸ ਵਾਰ ਅਕਾਲੀ-ਭਾਜਪਾ ਗਠਜੋੜ ਨੂੰ 80 ਸੀਟਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਅਸਲ ਵਿਚ ਪੰਜਾਬ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਕਾਂਗਰਸ ਦਾ ਮੰਦਾ ਹਾਲ ਹੋਇਆ ਹੈ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਕਾਲੀ-ਭਾਜਪਾ ਗਠਜੋੜ ਨੂੰ ਲੋੜ ਪੈਣ 'ਤੇ ਪੀਪਲਜ਼ ਪਾਰਟੀ ਦਾ ਸਹਿਯੋਗ ਲਿਆ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇ ਸਹਿਯੋਗ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਗਠਜੋੜ ਨੂੰ ਹੀ ਬਹੁਤ ਵਧੀਆ ਬਹੁਮਤ ਹਾਸਲ ਹੋ ਜਾਣਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਨਿਰਮਾਣ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੀ ਹਾਜ਼ਰ ਸਨ।
110 ਸਾਲਾਂ ਮਾਤਾ ਧੰਨ ਕੌਰ ਨੇ ਪਾਈ ਵੋਟ
ਤਲਵੰਡੀ ਭਾਈ, 30 ਜਨਵਰੀ-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਅੰਦਰ ਸਭ ਤੋਂ ਵੱਧ ਉਮਰ ਦੀ ਵੋਟਰ ਮਾਤਾ ਧੰਨ ਕੌਰ ਨੇ ਵੀ ਵੋਟ ਪਾਈ। ਤਲਵੰਡੀ ਭਾਈ ਨਿਵਾਸੀ 110 ਸਾਲਾਂ ਮਾਤਾ ਧੰਨ ਕੌਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੋਲਿੰਗ ਸਟੇਸ਼ਨ ਪੁੱਜੀ ਅਤੇ ਚੋਣ ਅਮਲੇ ਕੋਲ ਪੁੱਜ ਕੇ ਉਂਗਲੀ 'ਤੇ ਨਿਸ਼ਾਨ ਲਗਾਉਣ ਉਪਰੰਤ ਖੁਦ ਵੋਟਿੰਗ ਮਸ਼ੀਨ ਦਾ ਬਟਨ ਦਬਾ ਕੇ ਵੋਟ ਪਾਈ।
ਬੈਂਸ ਅਤੇ ਗਾਬੜੀਆਂ ਸਮਰਥਕਾਂ ਵਿਚਾਲੇ ਜਬਰਦਸਤ
ਲੜਾਈ 'ਚ 5 ਔਰਤਾਂ ਸਮੇਤ 15 ਜ਼ਖ਼ਮੀ
ਲੁਧਿਆਣਾ-30 ਜਨਵਰੀ ૿ ਸਥਾਨਕ ਜਨਤਾ ਨਗਰ ਵਿਚ ਬੈਂਸ ਅਤੇ ਗਾਬੜੀਆ ਸਮਰਥਕਾਂ ਵਿਚਾਲੇ ਜਬਰਦਸਤ ਲੜਾਈ ਵਿਚ ਪੰਜ ਔਰਤਾਂ ਸਮੇਤ 15 ਵਿਅਕਤੀ ਜ਼ਖਮੀ ਹੋ ਗਏ ਹਨ। ਲੜਾਈ ਦੌਰਾਨ ਹੋਏ ਪਥਰਾਅ ਕਾਰਨ ਕਈ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ। ਘਟਨਾ ਅੱਜ ਸ਼ਾਮ 5 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਜਨਤਾ ਨਗਰ ਸਥਿਤ ਇਕ ਪੋਲਿੰਗ ਬੂਥ 'ਤੇ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਸੀ। ਇਸ ਦੌਰਾਨ ਗਾਬੜੀਆ ਸਮਰਥਕ ਉਥੇ ਆਏ ਅਤੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਉਹ ਬੈਂਸ ਸਮਰਥਕਾਂ ਨਾਲ ਉਲਝ ਪਏ। ਮਾਮੂਲੀ ਜਿਹੀ ਗੱਲ ਨੂੰ ਲੈ ਕੇ ਸ਼ੁਰੂ ਹੋਇਆ ਤਕਰਾਰ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ, ਜਦੋਂ ਦੋਵਾਂ ਗੁੱਟਾਂ ਦੇ ਸਮਰਥਕਾਂ ਨੇ ਇਕ ਦੂਜੇ ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ 15 ਵਿਅਕਤੀਆਂ ਦੇ ਸੱਟਾਂ ਲੱਗੀਆਂ, ਜਿਨ੍ਹਾਂ ਵਿਚ ਪੰਜ ਔਰਤਾਂ ਵੀ ਸ਼ਾਮਿਲ ਸਨ। ਜ਼ਖਮੀਆਂ ਵਿਚ ਵਧੇਰੇ ਵਿਅਕਤੀ ਦੋਵਾਂ ਗੁੱਟਾਂ ਨਾਲ ਸਬੰਧਿਤ ਹਨ। ਪਥਰਾਅ ਕਾਰਨ ਬੈਂਸ ਸਮਰਥਕ ਦੁੱਗਰੀ ਵਾਸੀ ਜਸਵਿੰਦਰ ਸਿੰਘ ਠੁਕਰਾਲ ਦੀ ਸਵਿਫ਼ਟ ਕਾਰ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਸੂਚਨਾ ਮਿਲਦੇ ਪੁਲਿਸ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਸਮਰਥਕਾਂ ਨੂੰ ਉਥੋਂ ਖਦੇੜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਦੇਰ ਸ਼ਾਮ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ।
ਵਿਧਾਇਕ ਬੋਨੀ ਅਜਨਾਲਾ ਤੇ ਗੰਨਮੈਨਾਂ 'ਤੇ ਪਰਚਾ ਦਰਜ
ਰਮਦਾਸ/ਗੱਗੋਮਾਹਲ.
30 ਜਨਵਰੀ ૿ ਅੱਜ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਅਜਨਾਲਾ ਦੇ ਪਿੰਡ ਸੁਲਤਾਨ ਮਾਹਲ ਵਿਖੇ ਵਾਪਰੀ ਘਟਨਾ ਦੌਰਾਨ ਇਸੇ ਪਿੰਡ ਦੇ ਵਸਨੀਕ ਅਤੇ ਪੱਤਰਕਾਰ ਸੁਖਦੇਵ ਸਿੰਘ ਪੁੱਤਰ ਰਵੇਲ ਸਿੰਘ ਨੇ ਦੱਸਿਆ ਕਿ ਮੈਨੂੰ ਜਾਇੰਟ ਇਲੈਕਸ਼ਨ ਕਮਿਸ਼ਨਰ ਪੰਜਾਬ ਚੰਡੀਗੜ੍ਹ ਤੋਂ ਪੋਲਿੰਗ ਸਟੇਸ਼ਨਾ 'ਤੇ ਜਾਣ-ਆਉਣ ਦੀ ਆਗਿਆ ਮਿਲੀ ਹੋਈ ਹੈ।
ਅੱਜ ਮੈਂ ਕਰੀਬ ਸਾਢੇ 10 ਵਜੇ ਆਪਣੇ ਪਿੰਡ ਸੁਲਤਾਨਮਾਹਲ ਬੂਥ 'ਤੇ ਪੋਲਿੰਗ ਦੀ ਪ੍ਰਤੀਸ਼ਤ ਦੇਖਣ ਅਤੇ ਮੌਕੇ ਦੀ ਰਿਪੋਰਟ ਲੈਣ ਗਿਆ ਸੀ। ਮੈਂ ਪ੍ਰੀਜਾਈਡਿੰਗ ਅਫ਼ਸਰ ਤੋਂ ਪੁੱਛਗਿੱਛ ਕਰ ਰਿਹਾ ਸੀ ਤਾਂ ਇੰਨੇ ਨੂੰ ਅਕਾਲੀ-ਭਾਜਪਾ ਦੇ ਉਮੀਦਵਾਰ ਅਤੇ ਹਲਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਆਪਣੇ ਸੁਰੱਖਿਆ ਮੁਲਾਜ਼ਮਾਂ ਸਮੇਤ ਆਏ ਅਤੇ ਉਨ੍ਹਾਂ ਨੇ ਬਿਨਾਂ ਪੁੱਛ-ਗਿੱਛ ਕੀਤਿਆ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਗੱਡੀ ਵਿੱਚ ਬਿਠਾ ਲਿਆ ਅਤੇ ਮੇਰਾ ਮੋਬਾਈਲ ਵੀ ਖੋਹ ਲਿਆ ਅਤੇ ਮੈਨੂੰ ਗੱਗੋਮਾਹਲ ਪੁਲਿਸ ਪਾਰਟੀ ਦੇ ਹਵਾਲੇ ਕਰ ਦਿੱਤਾ। ਇਸ ਤੋਂ ਪਹਿਲਾਂ ਮੈਂ ਆਪਣੀ ਵੋਟ ਵੀ ਪਾ ਚੁੱਕਾ ਸੀ। ਪੁਲਿਸ ਥਾਣਾ ਰਮਦਾਸ ਵਿੱਚ ਬੋਨੀ ਅਮਰਪਾਲ ਸਿੰਘ ਅਜਨਾਲਾ ਤੇ ਗੰਨਮੈਨਾਂ ਦੇ ਖਿਲਾਫ ਧਾਰਾ 341, 342, 323, 34 ਆਈ. ਪੀ. ਸੀ. ਤਾਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ।
No comments:
Post a Comment