Wednesday, 9 October 2013

ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ


ਅੰਮਿ੍ਤਸਰ 9 ਅਕਤੂਬਰ (ਜਸਵੰਤ ਸਿੰਘ ਜੱਸ)-ਚੌਥੀ ਪਾਤਸ਼ਾਹੀ ਅਤੇ ਗੁਰੂ ਨਗਰੀ ਅੰਮਿ੍ਤਸਰ ਦੇ ਸੰਸਥਾਪਕ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਖ਼ਾਲਸਾਈ ਰਵਾਇਤਾਂ ਅਨੁਸਾਰ ਸ਼ਰਧਾ ਤੇ ਉਤਸ਼ਾਹ ਸਹਿਤ ਸਜਾਇਆ ਗਿਆ | ਪਰਕਰਮਾਂ 'ਚੋਂ ਸੁੰਦਰ ਪਾਲਕੀ ਸਾਹਿਬ ਦੁਆਰਾ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਗੁਰੂ ਰਾਮਦਾਸ ਸਰਾਂ ਤੱਕ ਲਿਜਾਏ ਜਾਣ ਉਪਰੰਤ ਉਥੋਂ ਇਹ ਪਾਵਨ  ਸਰੂਪ ਸੁੰਦਰ ਫੁੱਲਾਂ ਨਾਲ ਸ਼ਿੰਗਾਰੇ ਹੋਏ ਰੱਥ 'ਤੇ ਰੱਖੀ ਗਈ ਸੁਨਹਿਰੀ ਪਾਲਕੀ ਵਿੱਚ ਬਿਰਾਜਮਾਨ ਕੀਤਾ ਗਿਆ। ਪਾਲਕੀ ਸਾਹਿਬ ਵਾਲੇ ਰੱਥ ਦੇ ਅੱਗੇ ਅਨੇਕਾਂ ਸ਼ਰਧਾਲੂ ਪਾਣੀ ਦਾ ਛਿੜਕਾਅ ਕਰਕੇ ਸੜਕ ਦੀ ਸਫਾਈ ਕਰ ਰਹੇ ਸਨ। ਇੱਕ ਵਿਸ਼ੇਸ਼ ਹਵਾਈ ਜਹਾਜ਼ ਵੱਲੋਂ ਨਗਰ ਕੀਰਤਨ 'ਤੇ ਫੁੱਲ ਪੱਤੀਆਂ ਦੀ ਵਰਖਾ ਕੀਤੀ ਜਾ ਰਹੀ ਸੀ। ਸਕੂਲੀ ਬੱਚੇ ਸੁੰਦਰ ਵਰਦੀਆਂ ਵਿੱਚ ਕਤਾਰਾਂ ਵਿੱਚ ਚੱਲ ਰਹੇ ਸਨ ਤੇ ਬੈਂਡ ਦੀਆਂ ਧੁੰਨਾਂ ਤੇ ਪੀਟੀ ਸ਼ੋਅ ਪੇਸ਼ ਕਰਕੇ ਸ਼ਰਧਾਲੂਆਂ ਦਾ ਮਨ ਮੋਹ ਰਹੇ ਸਨ। ਅਮਰੀਕਨ ਸਿੱਖ ਬੱਚਿਆਂ ਸਮੇਤ ਸ਼ਹਿਰ ਦੀਆਂ ਕਈ ਗਤਕਾ ਪਾਰਟੀਆਂ ਖ਼ਾਲਸਾਈ ਸ਼ਸ਼ਤਰ ਕਲਾ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੀਆਂ ਸਨ। ਨਗਰ ਕੀਰਤਨ 'ਚ ਸਭਾ ਸੁਸਾਇਟੀਆਂ , ਸ੍ਰੀ ਗੁਰੂ ਸਿੰਘ ਸਭਾ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਟਾਫ ਤੇ ਦੂਰੋਂ ਨੇੜਿਉਂ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਰਸਤੇ ਵਿੱਚ ਥਾਂ-ਥਾਂ ਤੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੇ ਜਲ, ਚਾਹ, ਫ਼ਲਾਂ, ਮਠਿਆਈਆਂ ਤੇ ਹੋਰ ਪਦਾਰਥਾਂ ਦੇ ਲੰਗਰ ਲਗਾ ਕੇ ਸੰਗਤਾਂ ਦੀ ਟਹਿਲ ਸੇਵਾ ਕੀਤੀ।

ਕੇਂਦਰ ਨੇ ਲੋਕਾਂ ’ਤੇ ਮਹਿੰਗਾਈ ਦਾ ਬੋਝ ਪਾਇਆ: ਹਰਸਿਮਰਤ

ਮਾਨਸਾ, 9 ਅਕਤੂਬਰ- ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਦੀ ਕਾਂਗਰਸ ਸਰਕਾਰ ਚੋਣਾਂ ਨੇੜੇ ਹੋਣ ਕਾਰਨ ਨਵੀਆਂ-ਨਵੀਆਂ ਸਕੀਮਾਂ ਲਿਆ ਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਦੂਜੇ ਪਾਸੇ ਦਿਨੋਂ-ਦਿਨ ਕੀਮਤਾਂ ਵਧਾ ਕੇ ਸਮਾਜ ਦੇ ਹਰੇਕ ਵਰਗ ’ਤੇ ਮਹਿੰਗਾਈ ਦਾ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਰੇਲ ਕਿਰਾਇਆ ਵਿੱਚ ਦੋ ਫੀਸਦੀ ਵਾਧਾ ਕਰਕੇ ਗਰੀਬ ਵਰਗ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।
ਬੀਬੀ ਬਾਦਲ ਮਾਨਸਾ ਵਿੱਚ ਸੰਗਤ ਦਰਸ਼ਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਲੋਕ ਸਭਾ ਮੈਂਬਰ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਬਹਿਣੀਵਾਲ, ਧਿੰਗੜ, ਚਹਿਲਾਂਵਾਲਾ, ਬਣਾਂਵਾਲਾ, ਦਲੀਏਵਾਲੀ, ਮੂਸਾ, ਖੋਖਰ ਖੁਰਦ ਤੇ ਖੋਖਰ ਕਲਾਂ ਵਿੱਚ ਸੰਗਤ ਦਰਸ਼ਨ ਦੌਰਾਨ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦਾ ਮੌਕੇ ’ਤੇ ਹੀ ਨਿਬੇੜਾ ਕੀਤਾ। ਇਸ ਮੌਕੇ ਉਨ੍ਹਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਸੌਂਪੀਆਂ ਤੇ ਪਿੰਡ ਵਾਸੀਆਂ ਨੂੰ ਨੰਨ੍ਹੀ ਛਾਂ ਮੁਹਿੰਮ ਤਹਿਤ ਬੂਟਿਆਂ ਦਾ ਪ੍ਰਸ਼ਾਦ ਵੰਡਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਢਾਕਾ, ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ, ਸ਼੍ਰੋਮਣੀ ਅਕਾਲੀ ਦਲ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਦਿਲਰਾਜ ਸਿੰਘ ਭੂੰਦੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਿੰਦਰ ਸਿੰਘ ਸਰਾਂ, ਐਸਡੀਐਮ ਮਾਨਸਾ ਰਾਕੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਬੰਸ ਸਿੰਘ ਸੰਧੂ, ਬਲਾਕ ਸੰਮਤੀ ਦੇ ਚੇਅਰਮੈਨ ਗੁਰਸ਼ਰਨ ਸਿੰਘ ਮੂਸਾ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਗੁਰਪ੍ਰੀਤ ਸਿੰਘ ਬਣਾਂਵਾਲੀ ਤੋਂ ਇਲਾਵਾ ਹੋਰ ਵੀ ਅਧਿਕਾਰੀ ਤੇ ਆਗੂ ਹਾਜ਼ਰ ਸਨ।
ਮਾਨਸਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਵੱਲੋਂ ਸੰਸਥਾ ਦੇ ਸਰਗਰਮ ਮੈਂਬਰ ਤੇ ਬਾਬਾ ਸਿੱਧ ਭੋਇ ਸਪੋਰਟਸ ਕਲੱਬ ਦੇ ਸਰਪ੍ਰਸਤ ਗੁਰਸ਼ਰਨ ਸਿੰਘ ਮੂਸਾ ਦੇ ਬਲਾਕ ਸੰਮਤੀ ਮਾਨਸਾ ਦੇ ਚੇਅਰਮੈਨ ਨਿਯੁਕਤ ਹੋਣ ’ਤੇ ਕਲੱਬਜ਼ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨਤ ਕਰਨ ਦੀ ਰਸਮ ਹਲਕਾ ਬਠਿੰਡਾ ਦੇ ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਵੱਲੋਂ ਪਿੰਡ ਮੂਸਾ ਵਿੱਚ ਅਦਾ ਕੀਤੀ ਗਈ।
ਕਲੱਬਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਲੱਬਾਂ ਨਾਲ ਜੁੜੇ ਨੌਜਵਾਨ ਪਹਿਲ਼ਾਂ ਵੀ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹਨ। ਕਲੱਬਾਂ ਨਾਲ ਸਬੰਧਤ ਵਿਭਾਗਾਂ ਦੇ ਮੁਖੀ ਯੁਵਕ ਸੇਵਾਵਾਂ ਵੱਲੋਂ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਤੇ ਨਹਿਰੂ ਯੁਵਾ ਕੇਂਦਰ ਦੇ ਲੇਖਾਕਾਰ ਸੰਦੀਪ ਘੰਡ ਨੇ ਵੱਖ-ਵੱਖ ਅਹੁਦਿਆਂ ’ਤੇ ਚੁਣੇ ਗਏ ਮੈਂਬਰਾਂ ਤੇ ਬਲਾਕ ਸੰਮਤੀ ਚੇਅਰਮੈਨ ਗੁਰਸ਼ਰਨ ਸਿੰਘ ਮੂਸਾ ਨੂੰ ਵਧਾਈ ਦਿੱਤੀ।

ਪੰਜਾਬ ਸਰਕਾਰ ਵੱਲੋਂ ਮੁਹਾਲੀ ਜ਼ਿਲ੍ਹੇ ਵਿੱਚ ਜ਼ਮੀਨੀ ਸੌਦਿਆਂ ਬਾਰੇ ਜਾਂਚ ਦੇ ਹੁਕਮ

ਜਾਂਚ ਦਾ ਕੰਮ ਵਿੱਤ ਕਮਿਸ਼ਨਰ (ਮਾਲ) ਨੂੰ ਸੌਂਪਿਆ


ਚੰਡੀਗੜ੍ਹ, 9 ਅਕਤੂਬਰ-ਪੰਜਾਬ ਸਰਕਾਰ ਨੇ ਕੁਝ ਸਿਆਸੀ ਆਗੂਆਂ ਵੱਲੋਂ ਮੁਹਾਲੀ ਜ਼ਿਲ੍ਹੇ ਵਿੱਚ ਖਰੀਦੀਆਂ ਜ਼ਮੀਨਾਂ ’ਤੇ ਅਸ਼ਟਾਮ ਫੀਸ ਦੀ ਚੋਰੀ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਟੀਪੀਐਸ ਸਿੱਧੂ ਨੂੰੂ ਘੱਟ ਕੀਮਤ ਦਰਸਾ ਕੇ ਖਰੀਦੀਆਂ ਜ਼ਮੀਨਾਂ ਦੇ ਕੇਸਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਵਿੱਤ ਕਮਿਸ਼ਨਰ (ਮਾਲ) ਐਨ.ਐਸ. ਕੰਗ ਨੂੰ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਹੈ।
ਜਾਂਚ ਦੇ ਇਹ ਹੁਕਮ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਵੱਲੋਂ ਮੁੱਖ ਸੰਸਦੀ ਸਕੱਤਰ (ਉਦਯੋਗ) ਐਨ ਕੇ ਸ਼ਰਮਾ ’ਤੇ ਕੱਲ੍ਹ ਜ਼ੀਰਕਪੁਰ ਵਿੱਚ ਰਿਹਾਇਸ਼ੀ ਜ਼ਮੀਨ ਖੇਤੀਬਾੜੀ ਵਾਲੀ ਜ਼ਮੀਨ ਦਰਸਾ ਕੇ ਅਸ਼ਟਾਮ ਫੀਸ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਸੀ ਅਤੇ ਮੋੜਵੇਂ ਰੂਪ ਵਿੱਚ ਸ੍ਰੀ ਸ਼ਰਮਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਉਨ੍ਹਾਂ ਦੇ ਭਰਾ ਫਤਹਿਜੰਗ ਸਿੰਘ ਬਾਜਵਾ ਅਤੇ ਸ੍ਰੀ ਖਹਿਰਾ ’ਤੇ ਖਰੀਦੀਆਂ ਜ਼ਮੀਨਾਂ ਦੀ ਘੱਟ ਕੀਮਤ ਦਰਸਾ ਕੇ ਅਸ਼ਟਾਮ ਫੀਸ ਚੋਰੀ ਕਰਨ ਦੇ ਦੋਸ਼ ਲਾਏ ਸਨ।
ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਜ਼ਮੀਨ ਦੇ ਸੌਦਿਆਂ ਬਾਰੇ ਕੱਲ੍ਹ ਮੀਡੀਆ ’ਚ ਹੋਏ ਇੰਕਸ਼ਾਫ ’ਤੇ ਜਾਂਚ ਦੇ ਹੁਕਮ ਦਿੱਤੇ ਗਏ ਹਨ। ਅਕਾਲੀ ਹੋਵੇ ਭਾਵੇਂ ਕੋਈ ਕਾਂਗਰਸੀ ਆਗੂ ਹੋਵੇ ਜਿਸ ਕਿਸੇ ਨੇ ਵੀ ਗਲਤ ਤੱਥ ਪੇਸ਼ ਕਰਕੇ ਜ਼ਮੀਨਾਂ ਦੀ ਰਜਿਸਟਰੀ ਕਰਵਾਈ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੰਨਿਆ ਕਿ ਜ਼ਮੀਨ ਦੀ ਘੱਟ ਕੀਮਤ ਦਰਸਾ ਕੇ ਰਜਿਸਟਰੀਆਂ ਕਰਵਾਉਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਉਨ੍ਹਾਂ ਪਹਿਲਾਂ ਹੀ ਇਸ ਬਾਰੇ ਪ੍ਰਾਈਸ ਵਾਟਰਹਾਊਸ ਕੂਪਰਜ਼ ਅਤੇ ਕੇਪੀਐਮਜੀ ਤੋਂ ਵਿਸ਼ੇਸ਼ ਆਡਿਟ ਕਰਵਾਇਆ ਜਾ ਰਿਹਾ ਹੈ ਮਾਲ ਮੰਤਰੀ ਨੇ ਦੱਸਿਆ ਕਿ ਦੋ ਬਾਵਕਾਰੀ ਆਡੀਟਰਾਂ ਵੱਲੋਂ ਇੱਕ ਲੱਖ ਤੋਂ ਵੱਧ ਰਜਿਸਟਰੀਆਂ ਦਾ ਲੇਖਾ-ਜੋਖਾ ਕੀਤਾ ਜਾ ਰਿਹਾ ਹੈ ਤੇ ਉਹ ਫਰਾਡ ਕੇਸਾਂ ਦੀ ਜਾਂਚ ਪੜਤਾਲ ਕਰ ਰਹੇ ਹਨ। ਇਹ ਰਿਪੋਰਟ ਨਵੰਬਰ ਦੇ ਅਖੀਰ ਜਾਂ ਦਸੰਬਰ ਦੇ ਸ਼ੁਰੂ ’ਚ ਤਿਆਰ ਹੋ ਜਾਵੇਗੀ। ਮੁਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ਦੇ ਸ਼ਹਿਰਾਂ ’ਚ ਇਹ ਆਡਿਟ ਕੀਤਾ ਜਾ ਰਿਹਾ ਹੈ ਜਿੱਥੋਂ ਰਜਿਸਟਰੀਆਂ ਰਾਹੀਂ ਕੁੱਲ 70 ਫੀਸਦੀ ਮਾਲੀਆ ਇਕੱਠਾ ਹੋਇਆ।
ਜ਼ਿਕਰਯੋਗ ਹੈ ਕਿ ਕੱਲ੍ਹ ਪੰਜਾਬ ਕਾਂਗਰਸ ਦੇ ਤਰਜਮਾਨ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਏ ਸਨ ਕਿ ਮੁੱਖ ਪਾਰਲੀਮਾਨੀ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐਨ.ਕੇ. ਸ਼ਰਮਾ ਨੇ ਪਿੰਡ ਬਿਸ਼ਨਪੁਰਾ ’ਚ ਮਾਰਚ ਦੇ ਮਹੀਨੇ ਖੇਤੀਯੋਗ ਜ਼ਮੀਨ ਵਜੋਂ ਰਜਿਸਟਰ ਕਰਵਾਈ ਸੀ, ਹਾਲਾਂਕਿ ਉਹ ਪਹਿਲਾਂ ਹੀ ਵਰਤੋਂ ਰਿਹਾਇਸ਼ੀ ਕਲੋਨੀ ਵਜੋਂ ਕਰਨ ਦਾ ਕੰਮ ਸ਼ੁਰੂ ਕਰ ਚੁੱਕਿਆ ਸੀ। ਇੱਥੇ 650 ਫਲੈਟ ਬਣ ਚੁੱਕੇ ਸਨ। ਇਹ ਤੱਥ ਜ਼ਮੀਨ ਦੀ ਫਰਦ ਗਿਰਦਾਵਰੀ ’ਚ ਵੀ ਸਾਹਮਣੇ ਆਉਂਦਾ ਹੈ।
ਖਹਿਰਾ ਦੀ ਦਲੀਲ ਸੀ ਕਿਉਂਕਿ ਜ਼ਮੀਨ ਦੀ ਵਰਤੋਂ ਦਾ ਮੰਤਵ ਸ਼ਰਮਾ ਦੀ ਰੀਅਲ ਅਸਟੇਟ ਕੰਪਨੀ ਦੀ 9.137 ਏਕੜ ਜ਼ਮੀਨ ਦੀ ਸੇਲ ਡੀਡ ਮੌਕੇ ਬਦਲਿਆ ਗਿਆ ਤੇ ਉਹ (ਸ਼ਰਮਾ) ਇਸ ਨੂੰ ਖੇਤੀ ਵਾਲੀ ਜ਼ਮੀਨ ਵਜੋਂ ਰਜਿਸਟਰਡ ਨਹੀਂ ਕਰਵਾ ਸਕਦਾ ਸੀ।
ਖਹਿਰਾ ਮੁਤਾਬਕ ਅਜਿਹਾ ਕਰਕੇ ਉਸ ਨੇ 4.50 ਕਰੋੜ ਰੁਪਏ ਦੀ ਵਧੀਕ ਸਟੈਂਪ ਡਿਊਟੀ ਦੀ ਕਥਿਤ ਚੋਰੀ ਕੀਤੀ ਹੈ। ਸ਼ਰਮਾ ਦਾ ਦਾਅਵਾ ਹੈ ਕਿ ਉਸ ਨੇ ਇਹ ਜ਼ਮੀਨ 2010 ’ਚ ਖਰੀਦੀ ਸੀ, ਉਦੋਂ ਇਹ ਖੇਤੀਬਾੜੀ ਵਾਲੀ ਜ਼ਮੀਨ ਸੀ। ਉਸ ਨੇ ਕਿਹਾ ਕਿ ਭਾਵੇਂ ਅਸਲ ਜ਼ਮੀਨ ਮਾਲਕਾਂ ਦੀ ਸਹਿਮਤੀ ਨਾਲ ਉਸ ਨੇ ਇਸ ’ਤੇ ਫਲੈਟ ਉਸਾਰੇ ਸਨ ਪਰ ਜਦੋਂ ਉਸ ਨੇ ਇਹ ਖਰੀਦੀ ਸੀ, ਉਦੋਂ ਇੱਥੇ ਸਿਰਫ ਖੇਤੀ ਹੁੰਦੀ ਸੀ, ਮਗਰੋਂ ਉਸ ਨੇ ਲੋੜੀਂਦੀਆਂ ਸੀ.ਐਲ.ਯੂਜ਼ ਲਈਆਂ ਸਨ।
‘ਟ੍ਰਿਬਿਊਨ’ ਵੱਲੋਂ ਜਿਨ੍ਹਾਂ ਮਾਹਿਰਾਂ ਤੋਂ ਇਸ ਸਿਲਸਿਲੇ ’ਚ ਰਾਏ ਲਈ ਗਈ, ਉਨ੍ਹਾਂ ਦਾ ਕਹਿਣਾ ਹੈ ਕਿ 2011-12 ਤੇ 2012-13 ਦੀ ਫਰਦ ਗਿਰਦਾਵਰੀ ’ਚ ਇਸ ਜ਼ਮੀਨ ’ਤੇ ਰਿਹਾਇਸ਼ੀ ਅਪਾਰਟਮੈਂਟਾਂ ਦੀ ਉਸਾਰੀ ਦਿਖਾਏ ਜਾਣ ਮਗਰੋਂ ਸ਼ਰਮਾ ਇਸ ਨੂੰ ਖੇਤੀ ਵਾਲੀ ਜ਼ਮੀਨ ਵਜੋਂ ਰਜਿਸਟਰਡ ਨਹੀਂ ਕਰਵਾ ਸਕਦੇ ਸਨ। ਮਾਲੀਆ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਕੇਵਲ ਰਿਹਾਇਸ਼ੀ ਕਲੋਨੀ ਵਜੋਂ ਰਜਿਸਟਰਡ ਹੋਣੀ ਚਾਹੀਦੀ ਸੀ ਤੇ ਇਸ ਜ਼ਮੀਨ ਦੀ ਖੇਤੀ ਲਈ ਵਰਤੋਂ ਹੁੰਦੀ ਦਿਖਾਉਣ ਬਾਰੇ ਵੀ ਫੋਟੋ ‘ਸੇਲ ਡੀਡ’ ’ਤੇ ਲਾਈ ਜਾਣੀ ਚਾਹੀਦੀ ਸੀ।



ਤੰਦੂਰ ਕਾਂਡ ਦੇ ਦੋਸ਼ੀ ਸੁਸ਼ੀਲ ਸ਼ਰਮਾ ਦੀ ਸਜ਼ਾ-ਏ-ਮੌਤ ਉਮਰ ਕੈਦ ’ਚ ਤਬਦੀਲ

ਆਪਣੀ ਪਤਨੀ ਨੂੰ ਮਾਰ ਕੇ ਉਸ ਦੀ ਲਾਸ਼ ਤੰਦੂਰ ’ਚ ਸਾੜ ਦੇਣ ਤੋਂ ਅਠਾਰਾਂ ਸਾਲਾਂ ਬਾਅਦ ਅੱਜ ਸੁਪਰੀਮ ਕੋਰਟ ਨੇ ਸਾਬਕਾ ਯੂਥ ਕਾਂਗਰਸ ਆਗੂ ਸੁਸ਼ੀਲ ਸ਼ਰਮਾ ਦੀ ਸਜ਼ਾ-ਏ-ਮੌਤ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਹੈ।
ਸੁਪਰੀਮ ਕੋਰਟ ਨੇ ਦੋਸ਼ੀ ਨਾਲ ਇਸ ਕਰਕੇ ਨਰਮਾਈ ਵਰਤੀ ਹੈ ਕਿਉਂਕਿ ਇਹ ਗੁਨਾਹ ਕਰਨ ਤੋਂ ਪਹਿਲਾਂ ਉਸ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਉਸ ਨੇ ਨਿੱਜੀ ਰਿਸ਼ਤਿਆਂ ’ਚ ਖਿਚਾਅ ਪੈਦਾ ਹੋਣ ਕਰਕੇ ਇਹ ਅਪਰਾਧ ਕੀਤਾ ਸੀ। ਸੁਸ਼ੀਲ ਸ਼ਰਮਾ ਨੂੰ ਰਾਹਤ ਦਿੰਦਿਆਂ ਚੀਫ ਜਸਟਿਸ ਪੀ. ਸਦਾਸ਼ਿਵਮ, ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਅਤੇ ਰੰਜਨ ਗੋਗੋਈ ਨੇ ਬੈਂਚ ਨੂੰ ਆਖਿਆ ਕਿ ਮ੍ਰਿਤਕਾ ਨੈਨਾ ਸਾਹਨੀ ਦੇ ਪਰਿਵਾਰ ’ਚੋਂ ਕਿਸੇ ਵੀ ਮੈਂਬਰ ਨੇ ਉਸ ਦੇ ਖ਼ਿਲਾਫ਼ ਗਵਾਹੀ ਨਹੀਂ ਦਿੱਤੀ ਸੀ ਅਤੇ ਉਸ ਨੂੰ ਆਪਣੀ ਪਤਨੀ ਦੀ ਮੌਤ ਦਾ ਪਛਤਾਵਾ ਹੋਇਆ ਸੀ ਅਤੇ ਉਸ ਨੂੰ ਸਮਾਜ ਲਈ ਖਤਰਾ ਨਹੀਂ ਸਮਝਿਆ ਜਾ ਸਕਦਾ। ਸੁਸ਼ੀਲ ਸ਼ਰਮਾ ਨੂੰ ਸ਼ੱਕ ਸੀ ਕਿ ਨੈਨਾ ਸਾਹਨੀ ਜਥੇਬੰਦੀ ਦੇ ਇਕ ਮੈਂਬਰ ਨਾਲ ਨਾਜਾਇਜ਼ ਸਬੰਧ ਸਨ। ਉਸ ਨੇ ਨੈਨਾ ਦਾ ਕਤਲ ਕਰਕੇ ਉਸ ਦੀ ਲਾਸ਼ ਸਰਕਾਰੀ ਮਾਲਕੀ ਵਾਲੇ ਹੋਟਲ ਅਸ਼ੋਕ ਯਾਤਰੀ ਨਿਵਾਸ ਦੇ ਤੰਦੂਰ ਵਿਚ ਸਾੜ ਦਿੱਤੀ ਸੀ। ਟ੍ਰਾਇਲ ਕੋਰਟ ਨੇ 7 ਨਵੰਬਰ, 2003 ਨੂੰ ਸੁਸ਼ੀਲ ਸ਼ਰਮਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਬਾਅਦ ਵਿਚ ਦਿੱਲੀ ਹਾਈ ਕੋਰਟ ਨੇ 19 ਫਰਵਰੀ, 2007 ਨੂੰ ਇਸ ਦੀ ਪੁਸ਼ਟੀ ਕੀਤੀ ਸੀ। ਉਸ ਨੇ ਇਸ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਸੀ। ਉਹ 2004 ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ।
ਇਸ ਮਾਮਲੇ ਦਾ ਭੇਤ ਉਦੋਂ ਖੁੱਲ੍ਹਿਆ ਸੀ ਜਦੋਂ ਇਲਾਕੇ ਵਿਚ ਗਸ਼ਤ ਕਰ ਰਹੇ ਪੁਲੀਸ ਕਰਮੀਆਂ ਦੀ ਤੰਦੂਰ ਦੇ ਧੂੰਏ ’ਤੇ ਨਜ਼ਰ ਪਈ ਸੀ। ਇਹ ਕਾਂਡ 2-3 ਜੁਲਾਈ 1995 ਨੂੰ ਵਾਪਰਿਆ ਸੀ ਜਦੋਂ ਸੁਸ਼ੀਲ ਸ਼ਰਮਾ ਦਿੱਲੀ ਯੂਥ ਕਾਂਗਰਸ ਦਾ ਪ੍ਰਧਾਨ ਸੀ ਅਤੇ ਨੈਨਾ ਸਾਹਨੀ ਜਥੇਬੰਦੀ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਸੀ। ਬੈਂਚ ਨੇ ਇਸ ਤੱਥ ’ਤੇ ਵੀ ਗੌਰ ਕੀਤਾ ਕਿ ਨੈਨਾ ਇਕ ਪੜ੍ਹੀ-ਲਿਖੀ ਤੇ ਖ਼ੁਦਮੁਖ਼ਤਾਰ ਔਰਤ ਸੀ। ਬੈਂਚ ਨੇ ਕਿਹਾ, ‘‘ਉਹ ਕੋਈ ਗ਼ਰੀਬ ਲਾਚਾਰ ਔਰਤ ਨਹੀਂ ਸੀ। ਮ੍ਰਿਤਕ ਦੀ ਸਮਾਜਕ ਹੈਸੀਅਤ ਦੇ ਮੱਦੇਨਜ਼ਰ ਇਹ ਨਤੀਜਾ ਕੱਢਣਾ ਔਖਾ ਹੈ ਕਿ ਉਹ ਦਾਬੇ ਦੀ ਸਥਿਤੀ ’ਚ ਰਹਿ ਰਹੀ ਸੀ।

ਆਂਧਰਾ ਸੰਕਟ ਦਾ ਹੱਲ ਰਾਸ਼ਟਰਪਤੀ ਰਾਜ ਨਹੀਂ: ਸੁਸ਼ੀਲ ਸ਼ਿੰਦੇ

* ਆਂਧਰਾ ’ਚ ਰੋਸ ਪ੍ਰਦਰਸ਼ਨ ਜਾਰੀ * ਨਾਇਡੂ ਨੂੰ ਆਂਧਰਾ ਭਵਨ ਖਾਲੀ ਕਰਨ ਲਈ ਨੋਟਿਸ
ਨਵੀਂ ਦਿੱਲੀ/ਹੈਦਰਾਬਾਦ, 9 ਅਕਤੂਬਰ
ਹਿੰਸਾਗ੍ਰਸਤ ਸੀਮਾਂਧਰਾ ਖੇਤਰ ਵਿਚ ਜਿੱਥੇ ਜ਼ੋਰਦਾਰ ਰੋਸ ਪ੍ਰਦਰਸ਼ਨ ਜਾਰੀ ਹਨ, ਉਥੇ ਗ੍ਰਹਿ ਮੰਤਰੀ ਸੁਸ਼ੀਲ ਸ਼ਿੰਦੇ ਨੇ ਆਂਧਰਾ ਪ੍ਰਦੇਸ਼ ਵਿਚ ਰਾਸ਼ਟਰਪਤੀ ਰਾਜ ਲਾਏ ਜਾਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ ਅਤੇ ਸੰਕੇਤ ਦਿੱਤੇ ਹਨ ਕਿ ਬਿਜਲੀ ਸਪਲਾਈ ਦੀ ਬਦਤਰ ਹੋ ਰਹੀ ਸਥਿਤੀ ਕਾਰਨ ਜ਼ਰੂਰੀ ਸੇਵਾਵਾਂ ਅਤੇ ਆਵਾਜਾਈ ਠੱਪ ਹੋਣ ਕਿਨਾਰੇ ਪੁੱਜਣ ਕਰਕੇ ਐਸਮਾ (ਈਐਸਐਮਏ) ਲਾਗੂ ਕੀਤਾ ਜਾ ਸਕਦਾ ਹੈ।
ਬਿਜਲੀ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ (ਜੇਏਸੀ) ਅਤੇ ਸਰਕਾਰ ਵਿਚਾਲੇ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਲੈ ਕੇ ਚੱਲੀ ਗੱਲਬਾਤ ਬਿਨਾਂ ਸਿਰੇ ਲੱਗਿਆਂ ਮੁੱਕ ਗਈ। ਇਸੇ ਦੌਰਾਨ ਦਿੱਲੀ ’ਚ ਆਂਧਰਾ ਪ੍ਰਦੇਸ਼ ਭਵਨ ਵਿਚ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਭਵਨ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਨੇ ਉਥੋਂ ਹਿੱਲਣੋਂ ਇਨਕਾਰ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੀ ਵੰਡ ਦੇ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਤੱਟੀ ਆਂਧਰਾ ਅਤੇ ਰਾਇਲਸੀਮਾ ਖੇਤਰਾਂ ਵਿਚ ਲੋਕ ਲਗਾਤਾਰ ਬਿਜਲੀ ਦੀ ਕਿੱਲਤ ਝੱਲ ਰਹੇ ਹਨ। ਇਸ ਕਰਕੇ ਮੁੱਖ ਮੰਤਰੀ ਐਨ. ਕਿਰਨ ਕੁਮਾਰ ਰੈਡੀ ਇਹ ਜਮੂਦ ਖਤਮ ਕਰਨ ਲਈ ਭਲਕੇ ਫਿਰ ਜੇਏਸੀ ਨਾਲ ਗੱਲਬਾਤ ਕਰਨਗੇ।
ਰਿਪੋਰਟਾਂ ਅਨੁਸਾਰ ਬਿਜਲੀ ਦੇ ਸੰਕਟ ਦਾ ਸਭ ਤੋਂ ਵੱਧ ਕਹਿਰ ਹਸਪਤਾਲ ਸੇਵਾਵਾਂ ’ਤੇ ਵਰਸ ਰਿਹਾ ਹੈ, ਜਦਕਿ ਸੀਮਾਂਧਰਾ ਦੇ ਹਵਾਈ ਅੱਡੇ ਬੈਕਅੱਪ ਸਿਸਟਮ ਆਸਰੇ ਚੱਲ ਰਹੇ ਸਨ। ਰੇਲ ਸੇਵਾਵਾਂ ਦਾ ਵੀ ਮੰਦਾ ਹਾਲ ਹੈ ਤੇ ਪੂਰਬ ਤੱਟੀ ਰੇਲਵੇ ਨੂੰ ਜਾਂ ਤਾਂ ਆਪਣੀਆਂ ਕਈ ਅਹਿਮ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਹਨ ਜਾਂ ਫਿਰ ਉਨ੍ਹਾਂ ਦਾ ਸਮਾਂ ਬਦਲਿਆ ਗਿਆ ਹੈ। ਵਿਜੈਵਾੜਾ ਥਰਮਲ ਪਾਵਰ ਸਟੇਸ਼ਨ ਅਤੇ ਰਾਇਲਸੀਮਾ ਥਰਮਲ ਪਾਵਰ ਸਟੇਸ਼ਨ ਸਮੇਤ ਪ੍ਰਮੁੱਖ ਬਿਜਲੀ ਘਰਾਂ ਵਿਚ ਬਿਜਲੀ ਦਾ ਉਤਪਾਦਨ ਠੱਪ ਹੈ ਜਿਸ ਕਰਕੇ ਅਥਾਰਟੀਆਂ ਨੂੰ ਤਿੰਨ ਤੋਂ 10 ਘੰਟੇ ਦੇ ਬਿਜਲੀ ਕੱਟ ਲਾਉਣੇ ਪੈ ਰਹੇ ਹਨ। ਸਰਕਾਰੀ ਸੂਤਰਾਂ ਅਨੁਸਾਰ ਸੂਬੇ ਵਿਚ ਬਿਜਲੀ ਦੀ ਕੁੱਲ ਮੰਗ 11000 ਮੈਗਾਵਾਟ ਹੈ ਪਰ ਸਪਲਾਈ 7500 ਮੈਗਾਵਾਟ ਦੀ ਹੀ ਹੋ ਰਹੀ ਹੈ।
ਸੂਬੇ ਦੇ ਅਹਿਮ ਖੇਤਰਾਂ ’ਚ ਹਨੇਰਾ ਛਾਇਆ ਹੋਇਆ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬੋਸਤਾ ਸੱਤਿਆ ਨਾਰਾਇਨਣ ਨੇ ਬਿਜਲੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜਤਾਲ ਖਤਮ ਕਰ ਦੇਣ ਤੇ ਉਹ ਕੇਂਦਰ ਨੂੰ ਪੱਤਰ ਲਿਖ ਕੇ ਇਸ ਮੁੱਦੇ ਦੇ ਹੱਲ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਲਈ ਕਹਿਣਗੇ।
ਇਸੇ ਦੌਰਾਨ ਰਾਜ ਦੀ ਵੰਡ ਦੇ ਖ਼ਿਲਾਫ਼ ਤੱਟੀ ਆਂਧਰਾ ਤੇ ਰਾਇਲਸੀਮਾ ’ਚ ਜ਼ੋਰ-ਸ਼ੋਰ ਨਾਲ ਰੋਸ ਪ੍ਰਦਰਸ਼ਨ ਜਾਰੀ ਰਹੇ। ਕੇਂਦਰ ਦੇ ਬਿਜਲੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਂਧਰਾ ਵਿਚ ਰਾਜ ਦੀਆਂ ਉਤਪਾਦਨ ਤੇ ਟਰਾਂਸਮਿਸ਼ਨ ਫਰਮਾਂ ਦੇ ਸਬ-ਸਟੇਸ਼ਨਾਂ ਤੇ ਬਿਜਲੀ ਪੈਦਾ ਕਰਨ ਵਾਲੇ ਸਟੇਸ਼ਨਾਂ ਦਾ ਕੰਮ ਬੰਦ ਹੈ। ਆਂਧਰਾ ਪ੍ਰਦੇਸ਼ ’ਚ ਕੁੱਲ 17000 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ।
ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਨੇ ਪਾਰਟੀ ਵੱਲੋਂ ਸੀਮਾਂਧਰਾ ਦੇ ਲੋਕਾਂ ਨੂੰ ਅੰਦੋਲਨ ਦਾ ਰਾਹ ਛੱਡਣ ਦੀ ਅਪੀਲ ਕੀਤੀ ਹੈ ਤਾਂ ਕਿ ਵਧੀਆ ਢੰਗ ਨਾਲ ਗੱਲਬਾਤ ਸ਼ੁਰੂ ਕਰਕੇ ਦੋਵਾਂ ਧਿਰਾਂ ਲਈ ਲਾਹੇਵੰਦ ਹੱਲ ਲੱਭਿਆ ਜਾ ਸਕੇ। ਦਿੱਗਵਿਜੈ ਸਿੰਘ ਪਾਰਟੀ ਦੇ ਆਂਧਰਾ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸੀਮਾਂਧਰਾ ਦੇ ਲੋਕਾਂ ਦੇ ਸਾਰੇ ਫਿਕਰਾਂ ’ਚ ਭਾਈਵਾਲ ਹੈ ਤੇ ਤੇਲੰਗਾਨਾ ’ਚ ਰਹਿੰਦੇ ਉਨ੍ਹਾਂ ਲੋਕਾਂ, ਉਨ੍ਹਾਂ ਦੀ ਸਿੱਖਿਆ ਤੇ ਰੁਜ਼ਗਾਰ ਦੇ ਮੌਕਿਆਂ ਦੇ ਸਾਰੇ ਫ਼ਿਕਰਾਂ ਦਾ ਹੱਲ ਹਾਂਦਰੂ ਢੰਗ ਨਾਲ ਕੱਢਣ ਲਈ ਵਚਨਬੱਧ ਹੈ। ਇਸੇ ਦੌਰਾਨ ਨਵੀਂ ਦਿੱਲੀ ’ਚ ਆਂਧਰਾ ਪ੍ਰਦੇਸ਼ ਭਵਨ ’ਚ ਭੁੱਖ ਹੜਤਾਲ ’ਤੇ ਬੈਠੇ ਟੀਡੀਪੀ ਆਗੂ ਚੰਦਰਬਾਬੂ ਨਾਇਡੂ ਨੂੰ ਭਵਨ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਨੇ ਇਸ ਨੂੰ ਮੰਨਣੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਖਰਾ ਤੇਲੰਗਾਨਾ ਸੂਬਾ ਬਣਾਉਣ ਨੂੰ ਸਹਿਮਤੀ ਦੇ ਕੇ ਵਿਸ਼ਵਾਸਘਾਤ ਕਰ ਰਹੀ ਹੈ। ਇਹ ਆਪਣੇ ਲਾਹੇ ਲਈ ਸਾਰੀ ਖੇਡ ਖੇਡ ਰਹੀ ਹੈ।

ਆਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਤੇ ਕੇਂਦਰ ਆਹਮੋ-ਸਾਹਮਣੇ

ਸਰਬਉੱਚ ਅਦਾਲਤ ਵੱਲੋਂ ਫ਼ੈਸਲਾ ਬਦਲਣ ਤੋਂ ਇਨਕਾਰ
ਨਵੀਂ ਦਿੱਲੀ,9 ਅਕਤੂਬਰ (ਏਜੰਸੀਆਂ ਰਾਹੀਂ)-ਆਧਾਰ ਕਾਰਡ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਆਹਮੋ ਸਾਹਮਣੇ ਹੋ ਗਏ ਹਨ | ਜਿਥੇ ਸੁਪਰੀਮ ਕੋਰਟ ਨੇ ਫਿਰ ਇਹ ਆਖਿਆ ਕਿ ਸਮਾਜਿਕ ਲਾਭ ਲੈਣ ਲਈ ਆਧਾਰ ਕਾਰਡ ਜ਼ਰੂਰੀ ਨਹੀਂ ਉਥੇ ਕੇਂਦਰੀ ਮੰਤਰੀ ਮੰਡਲ ਨੇ ਆਧਾਰ ਕਾਰਡ ਜ਼ਰੂਰੀ ਕਰਾਰ ਦੇਣ ਲਈ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੂੰ ਵਿਧਾਨਕ ਰੁਤਬਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ |
ਆਧਾਰ ਕਾਰਡ ਜ਼ਰੂਰੀ ਨਹੀਂ
ਕੇਂਦਰ ਨੂੰ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ ਫਿਰ ਆਖਿਆ ਕਿ ਗੈਸ ਕੁਨੈਕਸ਼ਨ ਵਰਗੀਆਂ ਜ਼ਰੂਰੀ ਸੇਵਾਵਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਜ਼ਰੂਰੀ ਨਹੀਂ | ਉਂਜ ਸੁਪਰੀਮ ਕੋਰਟ ਮੁੱਦੇ 'ਤੇ ਤੁਰੰਤ ਸੁਣਵਾਈ ਲਈ ਸਹਿਮਤ ਹੋ ਗਈ ਪਰ ਇਸ ਬਾਰੇ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਰਕਾਰੀ ਖੇਤਰ ਦੀਆਂ ਤੇਲ ਕੰਪਨੀਆਂ ਨੇ ਵੀ ਇਸ ਸਬੰਧੀ ਸੁਪਰੀਮ ਕੋਰਟ ਦੇ ਪਹਿਲੇ ਹੁਕਮ ਵਿਚ ਸੋਧ ਦੀ ਮੰਗ ਕੀਤੀ ਸੀ | ਸਰਬ ਉੱਚ ਅਦਾਲਤ ਨੇ ਵੱਖ-ਵੱਖ ਸਮਾਜਿਕ ਸਕੀਮਾਂ ਦਾ ਲਾਭ ਲੈਣ ਲਈ ਆਧਾਰ ਯੋਜਨਾ ਲਾਗੂ ਕਰਨ ਵਿਰੁੱਧ ਸਮਾਜ ਸੇਵੀ ਅਰੁਨਾ ਰਾਏ ਸਮੇਤ ਦਾਇਕ ਕਈ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਉਪਰੋਕਤ ਹੁਕਮ ਦਿੱਤਾ | ਜਸਟਿਸ ਬੀ. ਐਸ. ਚੌਹਾਨ ਅਤੇ ਜਸਟਿਸ ਐਸ. ਏ. ਬੋਬਦੇ 'ਤੇ ਆਧਾਰਤ ਬੈਂਚ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਖਿਲਾਫ ਪਟੀਸ਼ਨਾਂ 'ਤੇ ਸੁਣਵਾਈ ਦੀ ਅਗਲੀ ਤਾਰੀਕ 22 ਅਕਤੂਬਰ ਮੁਕੱਰਰ ਕੀਤੀ ਹੈ | ਸੁਪਰੀਮ ਕੋਰਟ ਨੇ ਪਹਿਲਾਂ ਦਿੱਤੇ ਫ਼ੈਸਲੇ 'ਚ ਇਹ ਵੀ ਹਦਾਇਤ ਕੀਤੀ ਸੀ ਕਿ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਧਾਰ ਕਾਰਡ ਜਾਰੀ ਨਾ ਕੀਤੇ ਜਾਣ | ਇਸ ਯੋਜਨਾ ਤਹਿਤ ਸਰਕਾਰ ਰਸੋਈ ਗੈਸ ਸਿਲੰਡਰਾਂ 'ਤੇ ਸਬਸਿਡੀ ਮੁਹੱਈਆ ਕਰਨ ਦੀ ਬਜਾਏ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਭੇਜ ਰਹੀ ਹੈ | ਸਰਕਾਰੀ ਖੇਤਰ ਦੀਆਂ ਤਿੰਨੇ ਤੇਲ ਕੰਪਨੀਆਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਸੁਪਰੀਮ ਕੋਰਟ ਦੇ ਫ਼ੈਸਲੇ ਵਿਚ ਫੇਰਬਦਲ ਦੀ ਮੰਗ ਕਰ ਰਹੀਆਂ ਹਨ |


ਕੇਰਨ ਸੈਕਟਰ ਵਿਚ 15 ਦਿਨਾਂ ਤੋਂ ਚੱਲ ਰਿਹਾ ਮੁਕਾਬਲਾ ਖ਼ਤਮ

ਘੁਸਪੈਠੀਆਂ ਦਾ ਸਫਾਇਆ, 8 ਲਾਸ਼ਾਂ ਮਿਲੀਆਂ
ਸ੍ਰੀਨਗਰ, 9 ਅਕਤੂਬਰ (ਮਨਜੀਤ ਸਿੰਘ ਤੇ ਏਜੰਸੀਆਂ)-ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਅੱਤਵਾਦੀਆਂ ਦੇ ਖਿਲਾਫ਼ ਪਿਛਲੇ 15 ਦਿਨਾਂ ਤੋਂ ਜਾਰੀ ਫ਼ੌਜ ਦਾ ਆਪਰੇਸ਼ਨ ਅੱਜ ਖਤਮ ਹੋ ਗਿਆ | ਇਸ ਸਬੰਧ ਵਿਚ ਫ਼ੌਜ ਮੁਖੀ ਜਨਰਲ ਬਿਕਰਮ ਸਿੰਘ ਨੇ ਕਿਹਾ ਕਿ ਇਸ ਘੁਸਪੈਠ ਪਿਛੇ ਪਾਕਿਸਤਾਨ ਦੀ ਫ਼ੌਜ ਦਾ ਹੱਥ ਹੈ ਤੇ ਇਸ ਨੂੰ ਸਾਜ਼ਿਸ਼ ਤਹਿਤ ਕਰਵਾਇਆ ਗਿਆ |
ਪਾਕਿ ਫ਼ੌਜ ਦੇ ਬਿਨ੍ਹਾਂ ਸੰਭਵ ਨਹੀਂ ਘੁਸਪੈਠ-ਉਤਰੀ ਕਮਾਨ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਸੰਜੀਵ ਚਾਚੜਾ ਨੇ ਸ੍ਰੀਨਗਰ ਵਿਚ ਕੇਰਨ ਸੈਕਟਰ ਵਿਚ 15 ਦਿਨ ਤੱਕ ਚੱਲੇ ਮੁਕਾਬਲੇ ਨੂੰ ਖਤਮ ਕਰਨ ਦਾ ਐਲਾਨ ਕਰਦਿਆਂ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਪਾਕਿਸਤਾਨ ਫ਼ੌਜ ਤੋਂ ਬਿਨਾਂ ਘੁਸਪੈਠ ਹੋ ਨਹੀਂ ਸਕਦੀ ਜਿਸ ਵਿਚ ਪਾਕਿ ਸੈਨਾ ਦੀ ਸ਼ਮੂਲੀਅਤ ਸੀ | ਚਾਚੜਾ ਨੇ ਕਿਹਾ ਕਿ ਕੇਰਨ ਸੈਕਟਰ ਵਿਚ ਘੁਸਪੈਠੀਆਂ ਦਾ ਸਫਾਇਆ ਕਰ ਦਿੱਤਾ ਗਿਆ ਹੈ | ਕਰੀਬ 30-40 ਅੱਤਵਾਦੀਆਂ ਨੇ ਕੇਰਨ ਸੈਕਟਰ ਦੇ ਪਿੰਡ ਸ਼ਾਲਭੱਟੀ ਵਿਚ ਘੁਸਪੈਠ ਕੀਤੀ ਸੀ ਜਿਨ੍ਹਾਂ ਵਿਚੋਂ ਮੁਕਾਬਲੇ ਦੌਰਾਨ 8 ਅੱਤਵਾਦੀ ਮਾਰੇ ਗਏ ਜਦਕਿ ਸਾਡੇ 6 ਜਵਾਨ ਜ਼ਖ਼ਮੀ ਹੋਏ ਹਨ | ਹੋਰ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਸ਼ਾਇਦ ਕੁਝ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਪਿਛੇ ਖਿੱਚ ਲਿਆ ਹੋਵੇ ਤੇ ਕੁਝ ਨੇੜਲੇ ਇਲਾਕਿਆਂ ਵਿਚ ਚਲੇ ਗਏ ਹੋਣ | ਲੈਫਟੀਨੈਂਟ ਜਨਰਲ ਚਾਚੜਾ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਕਿ ਘੁਸਪੈਠੀਆਂ ਨੇ ਭਾਰਤੀ ਪਾਸੇ ਤਿੰਨ ਚੌਕੀਆਂ 'ਤੇ ਕਬਜ਼ਾ ਕਰ ਲਿਆ ਸੀ | ਇਹ ਖ਼ਬਰਾਂ ਬਿਲਕੁੱਲ ਬੇਬੁਨਿਆਦ ਹਨ | ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਪਾਸੋਂ ਸਵੈ-ਚਲਿਤ ਲਗਭਗ 59 ਆਧੁਨਿਕ ਹਥਿਆਰ, ਰਾਤ ਨੂੰ ਵੇਖਣ ਵਾਲੇ ਯੰਤਰ ਤੇ ਹੋਰ ਗੋਲੀ ਸਿੱਕਾ ਬਰਾਮਦ ਹੋਇਆ ਹੈ ਪਰ ਕੋਈ ਮੋਬਾਈਲ ਨਹੀਂ ਮਿਲਿਆ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਘੁਸਪੈਠ ਦੀ ਜਾਂਚ ਦੀ ਫਿਲਹਾਲ ਕੋਈ ਲੋੜ ਨਹੀਂ ਹੈ | ਉਨ੍ਹਾਂ ਦੱਸਿਆ ਕਿ ਇਹ ਇਸ ਸਾਲ ਦਾ ਸਭ ਤੋਂ ਵੱਡੀ ਆਪਰੇਸ਼ਨ ਸੀ | ਘੁਸਪੈਠ ਦੀਆਂ ਹੋਰਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ | ਅਜੇ ਹੋਰ ਘੁਸਪੈਠ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਅੱਤਵਾਦੀਆਂ ਨੂੰ ਲੱਭਣ ਦੀ ਕਾਰਵਾਈ ਖਤਮ ਕਰ ਦਿੱਤੀ ਗਈ ਹੈ ਪਰ ਨਿਗਰਾਨੀ ਲਈ ਜਵਾਨ ਅਜੇ ਤਾਇਨਾਤ ਰਹਿਣਗੇ | ਚਾਚੜਾ ਨੇ ਕਿਹਾ ਕਿ ਭਾਰਤੀ ਜਵਾਨਾਂ ਦਾ ਮਨੋਬਲ ਬਹੁਤ ਉਚਾ ਹੈ ਜੋ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਦੇ ਸਮਰੱਥ ਹੈ | ਫ਼ੌਜ ਨੂੰ ਹਾਈ ਅਲਰਟ' ਰੱਖਣ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਯਤਨ ਕਰਾਂਗੇ ਕਿ ਕੰਟਰੋਲ ਰੇਖਾ ਦੀ ਪਵਿੱਤਰਤਾ ਕਾਇਮ ਰਹੇ | ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਉਨ੍ਹਾਂ ਦੇ ਸਾਥੀ ਅੱਤਵਾਦੀ ਲਾਸ਼ਾਂ ਪਾਰ ਲੈ ਜਾਣ 'ਚ ਕਾਮਯਾਬ ਹੋ ਗਏ ਹੋਣ | ਦੱਸਣਯੋਗ ਹੈ ਕਿ ਫ਼ੌਜ ਨੇ 24 ਸਤੰਬਰ ਨੂੰ ਕੁਪਵਾੜਾ ਦੇ ਕੇਰਨ ਸੈਕਟਰ 'ਚ ਘੁਸਪੈਠੀਆਂ ਦੇ ਇਕ ਵੱਡੇ ਸਮੂਹ ਨੂੰ ਖਦੇੜਨ ਲਈ ਇਕ ਤਲਾਸ਼ੀ ਆਪ੍ਰੇਸ਼ਨ ਛੇੜਿਆ, ਜਿਸ 'ਚ ਫੌਜ ਅਨੁਸਾਰ 15 ਦਿਨ ਜਾਰੀ ਰਹੇ ਇਸ ਆਪ੍ਰੇਸ਼ਨ ਦੌਰਾਨ 8 ਘੁਸਪੈਠੀਏ ਹਲਾਕ ਕਰਕੇ ਭਾਰੀ ਗਿਣਤੀ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ | ਇਸ ਕਾਰਵਾਈ 'ਚ ਫੌਜ ਦੇ 6 ਸੈਨਿਕ ਵੀ ਜ਼ਖ਼ਮੀ ਹੋ ਗਏ ਸਨ |
ਵੱਡੀ ਮਾਤਰਾ ਵਿਚ ਹਥਿਆਰ ਬਰਾਮਦ
ਇਸ ਦੌਰਾਨ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ 66 ਹਥਿਆਰ ਜਿੰਨਾਂ ਵਿਚੋਂ 23 ਏ. ਕੇ. -47 ਰਾਈਫ਼ਲਾਂ ਤੇ ਹੋਰ ਗੋਲੀ ਸਿੱਕਾ ਬਰਾਮਦ ਕੀਤਾ ਹੈ ਜਦਕਿ ਅੱਜ ਕੇਰਨ ਸੈਕਟਰ ਵਿਚ ਕੀਤੇ ਖੋਜ-ਅਭਿਆਨ ਦੌਰਾਨ 5 ਏ.ਕੇ. ਰਾਈਫਲਾਂ, ਦੋ ਪਿਸਤੌਲ ਤੇ ਹੋਰ ਧਮਾਕਾਖੇਜ ਸਮੱਗਰੀ ਬਰਾਮਦ ਹੋਈ ਹੈ |

Saturday, 5 October 2013

ਵਿਆਹਿਆ ਭਰਾ ਚਚੇਰੀ ਭੈਣ ਨੂੰ ਲੈ ਕੇ ਹੋਇਆ ਫਰਾਰ

ਕਰਨਾਲ -ਕਰਨਾਲ ‘ਚ ਇਕ ਕਲਯੁਗੀ ਭਰਾ ਅਤੇ ਇਕ ਬੱਚੀ ਦੇ ਪਿਓ ਵੱਲੋਂ ਭੈਣ-ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਹੜੀ ਭੈਣ ਆਪਣੇ ਭਰਾ ਦੇ ਹੱਥ ਦੀ ਗੁੱਟ ‘ਤੇ ਰੱਖੜੀ ਬੰਨ੍ਹਦੀ ਸੀ ਉਹੀ ਭੈਣ ਨੂੰ ਭਰਾ ਵਿਆਹਿਆ ਹੋਣ ਦੇ ਬਾਵਜੂਦ ਉਸ ਨੂੰ ਭੱਜਾ ਕੇ ਫਰਾਰ ਹੋ ਗਿਆ। ਉਧਰ ਦੂਜੇ ਪਾਸੇ ਦੋਸ਼ੀ ਭਰਾ ਦੀ ਮਾਂ ਅਤੇ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ ਉਥੇ ਹੀ ਕਰਨਾਲ ਸਦਰ ਥਾਣਾ ਪੁਲਸ ਨੇ ਪਤਨੀ ਦੀ ਸ਼ਿਕਾਇਤ ‘ਤੇ ਦੋਸ਼ੀ ਪਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਰਵੀ ਜਿਸ ਲੜਕੀ ਨੂੰ ਭੱਜਾ ਕੇ ਲੈ ਕੇ ਗਿਆ ਸੀ ਉਹ ਅੰਬਾਲਾ ‘ਚ ਰਹਿੰਦੀ ਹੈ ਅਤੇ ਬੀ.ਐਸ.ਸੀ. ਦੀ ਵਿਦਿਆਰਥਣ ਹੈ ਜੋ ਕਿ ਰਵੀ ਦੇ ਸਕੇ ਚਾਚਾ ਦੀ ਲੜਕੀ ਹੈ। ਜਾਂਦੇ ਜਾਂਦੇ ਰਵੀ ਆਪਣੇ ਘਰ ‘ਚ ਪਏ ਗਹਿਣੇ ਅਤੇ ਲਗਭਗ 20 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ।


ਅੱਤਵਾਦ ਦਾ ਬੁਨਿਆਦੀ ਢਾਂਚਾ ਖਤਮ ਕਰੇ ਪਾਕਿਸਤਾਨ-ਮੁਖਰਜੀ

ਇਸਤੰਬੁਲ, 5 ਅਕਤੂਬਰ (ਪੀ. ਟੀ. ਆਈ.)-ਪਾਕਿਸਤਾਨ 'ਤੇ ਵਰ੍ਹਦੇ ਹੋਏ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਕਿਹਾ ਕਿ ਜਦੋਂ ਤਕ ਉਹ ਆਪਣੀ ਜ਼ਮੀਨ 'ਤੇ ਅੱਤਵਾਦ ਦਾ ਬੁਨਿਆਦੀ ਢਾਂਚਾ ਨਸ਼ਟ ਨਹੀਂ ਕਰਦਾ ਉਦੋਂ ਤਕ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਵਿਚ ਪ੍ਰਗਤੀ ਦੀ ਕੋਈ ਆਸ ਨਹੀਂ। ਤੁਰਕਿਸ਼ ਅਕਬਾਰ 'ਟੂਡੇਜ਼ ਜ਼ਮਾਨ' ਨਾਲ ਇਕ ਮੁਲਾਕਾਤ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਮੰਗ ਕਰਦੇ ਹਾਂ ਕਿ ਉਹ ਅੱਤਵਾਦੀ ਸੰਗਠਨਾਂ ਵਲੋਂ ਉਸ ਦੀ ਜ਼ਮੀਨ 'ਤੇ ਉਸਾਰੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਕੀਤਾ ਵਾਅਦਾ ਨਿਭਾਏ ਕਿ ਉਹ ਅੱਤਵਾਦੀਆਂ ਨੂੰ ਭਾਰਤ ਦੇ ਖਿਲਾਫ ਅੱਤਵਾਦੀ ਕਾਰਵਾਈਆਂ ਲਈ ਆਪਣੀ ਜ਼ਮੀਨ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ। ਜਦੋਂ ਤਕ ਸੁਖਾਵਾਂ ਮਾਹੌਲ ਪੈਦਾ ਨਹੀਂ ਕੀਤਾ ਜਾਂਦਾ ਉਦੋਂ ਤਕ ਤੁਸੀਂ ਦੂਸਰੇ ਵਿਕਾਸ ਬਾਰੇ ਕਿਵੇਂ ਗੱਲ ਕਰ ਸਕਦੇ ਹੋ. ਇਸ ਲਈ ਅਸੀਂ ਆਸ ਕਰਦੇ ਹਾਂ ਕਿ ਜੋ ਕੁਝ ਨਵਾਜ਼ ਸ਼ਰੀਫ ਨੇ ਕਿਹਾ ਹੈ ਉਸ ਨੂੰ ਉਹ ਲਾਗੂ ਕਰਨ ਦਾ ਯਤਨ ਕਰਨਗੇ। ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨ ਵਲੋਂ ਇਸ ਵਿਸ਼ੇ 'ਤੇ ਗੰਭੀਰ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਭਾਰਤ ਖਿਲਾਫ ਬਹੁਤੀਆਂ ਅੱਤਵਾਦੀ ਕਾਰਵਾਈਆਂ ਉਨ੍ਹਾਂ ਇਲਾਕਿਆਂ ਤੋਂ ਹੋ ਰਹੀਆਂ ਹਨ ਜਿਹੜੇ ਪਾਕਿਸਤਾਨ ਦੇ ਕਬਜ਼ੇ ਹੇਠ ਹਨ। ਉਨ੍ਹਾਂ ਕਿਹਾ ਕਿ ਆਉ ਗੱਲਬਾਤ ਲਈ ਢੁਕਵਾਂ ਮਾਹੌਲ ਪੈਦਾ ਕਰੀਏ।

ਆਂਧਰਾ 'ਚ ਘਰ 'ਚ ਵੜੇ ਦੋ ਅੱਤਵਾਦੀ ਕਾਬੂ-ਮੁਕਾਬਲੇ ਦੌਰਾਨ ਇੰਸਪੈਕਟਰ ਸ਼ਹੀਦ

ਹੈਦਰਾਬਾਦ, 5 ਅਕਤੂਬਰ (ਏਜੰਸੀ)-ਆਂਧਰਾ ਪ੍ਰਦੇਸ ਦੇ ਚਿਤੁਰ ਜ਼ਿਲ੍ਹੇ ਵਿਚ ਇਕ ਘਰ ਵਿਚ ਛਿਪੇ ਚਾਰ-ਪੰਜ ਅੱਤਵਾਦੀਆਂ ਵਿਚੋਂ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੀ ਪੁਲਿਸ ਨੇ ਇਕ ਸਾਂਝੇ ਆਪਰੇਸ਼ਨ ਦੌਰਾਨ ਦੋ ਅੱਤਵਾਦੀਆਂ ਨੂੰ ਕਾਬੂ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਜਿਸ ਘਰ ਵਿਚ ਅੱਤਵਾਦੀ ਲੁਕੇ ਸਨ, ਉਥੇ ਇਕ ਔਰਤ ਤੇ ਦੋ ਬੱਚੇ ਵੀ ਸਨ। ਇਨ੍ਹਾਂ ਫੜੇ ਅੱਤਵਾਦੀਆਂ ਦੇ ਨਾਂਅ ਬਿਲਾਲ ਇਸਮਾਈਲ ਤੇ ਪੰਨਾ ਮਲਿਕ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਪਹਿਲਾਂ ਫੜੇ ਇਕ ਅੱਤਵਾਦੀ ਫਖਰੂਦੀਨ ਨੇ ਜਾਣਕਾਰੀ ਦਿੱਤੀ ਸੀ ਕਿ ਕੁਝ ਅੱਤਵਾਦੀ ਇਕ ਘਰ ਵਿਚ ਲੁਕੇ ਹੋਏ ਹਨ। ਸੂਤਰਾਂ ਅਨੁਸਾਰ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਅੱਗੋਂ ਅੱਤਵਾਦੀਆਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ ਇੰਸਪੈਕਟਰ ਰਮੇਸ਼ ਸ਼ਹੀਦ ਹੋ ਗਿਆ ਜਦਕਿ ਦੋ ਹੋਰ ਪੁਲਿਸ ਜਵਾਨ ਜ਼ਖ਼ਮੀ ਹੋ ਗਏ। ਇਸ ਮੌਕੇ ਦੋਵਾਂ ਰਾਜਾਂ ਦੇ ਸੀਨੀਅਰ ਪੁਲਿਸ ਅਧਿਕਾਰੀ ਪੁੱਜੇ ਹੋਏ ਸਨ। ਪੁਲਿਸ ਨੇ ਘਟਨਾ ਵਾਲੇ ਸਥਾਨ ਤੋਂ ਦੋ ਬੰਬ ਤੇ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਮਾਮਲੇ ਵਿਚ 4 ਸ਼ੱਕੀ ਅੱਤਵਾਦੀਆਂ ਨੂੰ ਫੜਨ ਲਈ ਯਤਨ ਤੇਜ਼ ਕਰ ਦਿੱਤੇ ਹਨ ਤੇ ਉਨ੍ਹਾਂ ਬਾਰੇ ਸੂਚਨਾ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।


ਪ੍ਰਿੰਸ ਹੈਰੀ ਨੂੰ ਮਾਰਨਾ ਚਾਹੁੰਦਾ ਸੀ ਤਾਲਿਬਾਨ

ਲੰਦਨ, 5 ਅਕਤੂਬਰ (ਏਜੰਸੀ)- ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਰਾਜਕੁਮਾਰ ਹੈਰੀ ਜਦ ਬ੍ਰਿਟਿਸ਼ ਸੈਨਾ ਦੀ ਸੇਵਾ ਲਈ ਅਫਗਾਨਿਸਤਾਨ 'ਚ ਸੀ ਤਾਂ ਉਸ ਸਮੇਂ ਉਹ ਤਾਲਿਬਾਨ ਦਾ ਸਭ ਤੋਂ ਪ੍ਰਮੁੱਖ ਨਿਸ਼ਾਨਾ ਸੀ। ਤਾਲਿਬਾਨੀ ਅੱਤਵਾਦੀ ਕਾਰੀ ਨਸਰੁੱਲਾ ਨੇ ਇਕ ਅਖਬਾਰ ਨੂੰ ਦਿੱਤੀ ਗੁਪਤ ਇੰਟਰਵਿਊ 'ਚ ਕਿਹਾ ਹੈ ਕਿ ਤਾਲਿਬਾਨ ਨੇ ਪ੍ਰਿੰਸ ਨੂੰ ਕਬਜ਼ੇ 'ਚ ਲੈਣ ਅਤੇ ਉਸ ਦੀ ਹੱਤਿਆ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ। ਨਸਰੁੱਲਾ ਨੇ ਕਿਹਾ ਕਿ ਉਹ ਬ੍ਰਿਟੇਨ ਦੇ ਲਈ ਰਾਜਕੁਮਾਰ ਹੋ ਸਕਦੇ ਸਨ ਪਰ ਉਹ ਤਾਲਿਬਾਨ ਲਈ ਆਮ ਸੈਨਿਕ ਹੀ ਸੀ।


ਅਮਰੀਕਾ 'ਚ ਸਰਕਾਰੀ ਕੰਮਕਾਜ 5ਵੇਂ ਦਿਨ ਵੀ ਠੱਪ-ਸੰਕਟ ਦਾ ਨਹੀਂ ਮਿਲ ਰਿਹਾ ਹੱਲ

ਵਾਸ਼ਿੰਗਟਨ, 5 ਅਕਤੂਬਰ (ਪੀ. ਟੀ. ਆਈ.)-ਅਮਰੀਕਾ 'ਚ ਜਾਰੀ ਰਾਜਨੀਤਕ ਸੰਕਟ ਦੇ ਚੱਲਦਿਆਂ ਅੱਜ 5ਵੇਂ ਦਿਨ ਵੀ ਸਰਕਾਰੀ ਕੰਮਕਾਜ ਠੱਪ ਰਹੇ ਅਤੇ ਇਸ ਸੰਕਟ ਦਾ ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਜਦੋਂ ਕਿ ਕਰਜ਼ਾ ਹੱਦ ਵਧਾਉਣ ਦਾ ਸਮਾਂ ਹੋਰ ਨੇੜੇ ਆ ਗਿਆ ਹੈ। ਅਮਰੀਕਾ 'ਚ ਕੰਮਕਾਜ ਠੱਪ ਹੋਣ ਨਾਲ ਕਰੀਬ ਸੰਘੀ ਸਰਕਾਰ ਦੇ 8 ਲੱਖ ਕਰਮਚਾਰੀ ਘਰ ਬਹਿਣ ਲਈ ਮਜ਼ਬੂਰ ਹਨ। ਦੇਣਦਾਰੀਆਂ 'ਚ ਅਸਫਲ ਰਹਿਣ ਤੋਂ ਅਮਰੀਕਾ ਨੂੰ ਬਚਾਉਣ ਲਈ ਕਾਂਗਰਸ ਨੂੰ 17 ਅਕਤੂਬਰ ਤੱਕ ਕਰਜ਼ਾ ਹੱਦ ਵਧਾਉਣ ਦੀ ਲੋੜ ਹੈ। ਪ੍ਰਤੀਨਿਧੀ ਸਦਨ ਦੇ ਸਪੀਕਰ ਜਾਨ ਬੋਏਹਨਰ ਨੇ ਆਪਣੀ ਪਾਰਟੀ ਦੇ ਸਾਥੀਆਂ ਦੇ ਨਾਲ ਬੈਠਕ ਤੋਂ ਬਾਅਦ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ ਇਹ ਸੰਕਟ ਕਿਵੇਂ ਦੂਰ ਹੋਵੇਗਾ। ਉਨ੍ਹਾਂ ਨੇ ਕਿਹਾ 'ਅਮਰੀਕਾ ਦੇ ਲੋਕ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਸਰਕਾਰ ਠੱਪ ਰਹੇ ਅਤੇ ਅਸੀਂ ਵੀ ਅਜਿਹਾ ਨਹੀਂ ਚਾਹੁੰਦੇ। ਅਸੀਂ ਸਾਰੇ ਇਕੱਠੇ ਬੈਠ ਕੇ ਇਸ 'ਤੇ ਵਿਚਾਰ ਕਰਨ ਅਤੇ ਓਬਾਮਾਕੇਅਰ ਦੇ ਤਹਿਤ ਅਮਰੀਕੀ ਲੋਕਾਂ ਦੇ ਲਈ ਬਿਹਤਰ ਵਾਤਾਵਰਣ ਬਣਾਉਣ ਦੀ ਪਹਿਲ ਕਰਨਾ ਚਾਹੁੰਦੇ ਹਾਂ। ਇਹ ਬਹੁਤ ਆਸਾਨ ਹੈ, ਪ੍ਰੰਤੂ ਇਕ ਆਸਾਨ ਗੱਲਬਾਤ ਦੇ ਰਾਹੀਂ ਇਸ ਦੀ ਸ਼ੁਰੂਆਤ ਕੀਤੀ ਜਾਣੀ ਹੈ।' ਵਾਈਟ ਹਾਊਸ ਨੇ ਕਿਹਾ ਹੈ ਕਿ ਜਦੋਂ ਤੱਕ ਰਿਪਬਲਿਕਨ ਸਰਕਾਰ ਦਾ ਕੰਮਕਾਜ ਬਹਾਲ ਕਰਨ ਦੇ ਲਈ ਕਦਮ ਨਹੀਂ ਉਠਾਉਂਦੇ, ਉਹ ਉਨ੍ਹਾਂ ਨਾਲ ਗੱਲਬਾਤ ਨਹੀਂ ਕਰੇਗਾ।


ਸਹਾਰਨਪੁਰ 'ਚ ਦੋ ਸਾਧੂਆਂ ਦੀ ਗੋਲੀ ਮਾਰ ਕੇ ਹੱਤਿਆ

ਮੁਜ਼ੱਫਰਨਗਰ , 5 ਅਕਤੂਬਰ (ਏਜੰਸੀ)- ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਦੋ ਸਾਧੂਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਸਹਾਰਨਪੁਰ 'ਚ ਵਾਪਰੀ ਹੈ। ਐਸ.ਐਸ.ਪੀ. ਦੇਵੇਂਦਰ ਕੁਮਾਰ ਨੇ ਦੱਸਿਆ ਕਿ ਸਵਾਮੀ ਬਲਦਵਾਅਨੰਦ (35) ਅਤੇ ਉਸ ਦੇ ਸਹਿਯੋਗੀ ਨੂੰ ਕਿਸੇ ਅਣਪਛਾਤੇ ਬਦਮਾਸ਼ਾ ਵੱਲੋਂ ਗੋਲੀ ਮਾਰੀ ਗਈ ਹੈ। ਇਨ੍ਹਾਂ ਹੱਤਿਆਵਾਂ ਮਗਰ ਜਾਇਦਾਦ ਦਾ ਝਗੜਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਅਰੰਭ ਕਰ ਦਿੱਤੀ ਹੈ।

ਪੰਜ ਰਾਜਾਂ 'ਚ ਚੋਣਾਂ ਦਾ ਐਲਾਨ

 ਦਿੱਲੀ ਤੇ ਮਿਜ਼ੋਰਮ 'ਚ 4 ਦਸੰਬਰ, ਮੱਧ ਪ੍ਰਦੇਸ਼ 25 ਨਵੰਬਰ, ਰਾਜਸਥਾਨ 1 ਦਸੰਬਰ ਤੇ ਛੱਤੀਸਗੜ੍ਹ 11 ਤੇ 19 ਨਵੰਬਰ ਨੂੰ ਹੋਵੇਗੀ ਪੋਲਿੰਗ P ਗਿਣਤੀ 8 ਦਸੰਬਰ ਨੂੰ
ਨਵੀਂ ਦਿੱਲੀ, 5 ਅਕਤੂਬਰ (ਉਪਮਾ ਡਾਗਾ ਪਾਰਥ, ਏਜੰਸੀ)-ਚੋਣ ਕਮਿਸ਼ਨ ਨੇ ਅੱਜ ਪੰਜ ਰਾਜਾਂ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ | ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਵਿਚ ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਤ ਨੇ ਦੱਸਿਆ ਕਿ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ 4 ਦਸੰਬਰ ਨੂੰ , 200 ਮੈਂਬਰੀ ਰਾਜਸਥਾਨ ਵਿਧਾਨ ਸਭਾ ਲਈ 1 ਦਸੰਬਰ, 230 ਮੈਂਬਰੀ ਮੱਧ ਪ੍ਰਦੇਸ਼ ਵਿਧਾਨ ਸਭਾ ਲਈ 25 ਨਵੰਬਰ ਅਤੇ 40 ਸੀਟਾਂ ਵਾਲੀ ਮਿਜ਼ੋਰਮ ਵਿਧਾਨ ਸਭਾ ਲਈ4 ਦਸੰਬਰ ਨੂੰ ਇਕ ਪੜਾਵੀ ਚੋਣਾਂ ਹੋਣਗੀਆਂ ਜਦਕਿ 90 ਮੈਂਬਰੀ ਛਤੀਸਗੜ੍ਹ ਵਿਚ 11 ਅਤੇ 19 ਨਵਬੰਰ ਨੂੰ ਦੋ ਪੜਾਵਾਂ 'ਚ ਪੋਲਿੰਗ ਹੋਵੇਗੀ | ਚੋਣ ਕਮਿਸ਼ਨ ਨੇ ਗੁਜਰਾਤ ਵਿਚ ਸੂਰਤ (ਪੱਛਮੀ) ਵਿਧਾਨ ਸਭਾ ਸੀਟ ਅਤੇ ਤਾਮਿਲਨਾਡੂ ਵਿਚ ਯੇਰਕਾਡ ਵਿਧਾਨ ਸਭਾ ਸੀਟ ਲਈ ਵੀ ਉਪ ਚੋਣ 4 ਦਸੰਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸਾਰੇ ਪੰਜਾ ਰਾਜਾਂ ਦੀਆਂ ਵੋਟਾਂ ਦੇ ਗਿਣਤੀ ਇਕੋ ਦਿਨ 8 ਦਸੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਪੰਜੇ ਰਾਜਾਂ ਵਿਚ ਤੁਰੰਤ ਲਾਗੂ ਹੋ ਗਿਆ ਹੈ। ਦਿੱਲੀ ਵਿਚ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਲਗਤਾਰ ਚੌਥੀ ਵਾਰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਰਹਿਣ ਲਈ ਆਪਣੀ ਕਿਸਮਤ ਅਜ਼ਮਾ ਰਹੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਮੁਕੰਮਲ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਕੀਤੀ। ਚੋਣ ਕਮਿਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੰਜੇ ਰਾਜਾਂ ਵਿਚ 60 ਹਜ਼ਾਰ ਨਾਮ ਫ਼ੌਜੀ ਬਲ ਤਾਇਨਾਤ ਕਰਨ ਲਈ ਪਹਿਲਾਂ ਕਹਿ ਚੁੱਕਾ ਹੈ। ਮੌਜੂਦਾ ਵਿਧਾਨ ਸਭਾ ਚੋਣਾਂ ਕਾਫੀ ਅਹਿਮ ਹਨ ਕਿਉਂਕਿ ਇਨ੍ਹਾਂ ਨੂੰ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਸੈਮੀ ਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ 'ਚ ਵੋਟਰਾਂ ਨੂੰ ਉਮੀਦਵਾਰ ਰੱਦ ਕਰਨ ਦਾ ਅਧਿਕਾਰ ਹੋਵੇਗਾ। ਵੋਟਿੰਗ ਮਸ਼ੀਨਾਂ ਵਿਚ 'ਨੋਟਾ' ਦਾ ਇਕ ਬਟਨ ਹੋਵੇਗਾ ਜਿਹੜਾ ਇਹ ਦਰਸਾਏਗਾ ਕਿ ਉਪਰੋਕਤ ਉਮੀਦਵਾਰਾਂ ਚੋਂ ਕੋਈ ਵੀ ਪਸੰਦ ਨਹੀਂ। ਚੋਣ ਕਮਿਸ਼ਨ ਚੋਣ ਪ੍ਰਕਿਰਿਆ ਪ੍ਰਬੰਧ 'ਤੇ ਨਿਗਰਾਨੀ ਅਤੇ ਜ਼ਿਆਦਾ ਪੋਲਿੰਗ ਯਕੀਨੀ ਬਣਾਉਣ ਲਈ ਲੋਕਾਂ ਦੀ ਸ਼ਮੂਲੀਅਤ ਵਿਚ ਪਾੜਾ ਦੂਰ ਕਰਨ ਅਤੇ ਪੇਡ ਨਿਊਜ਼ ਦੀ ਬੁਰਾਈ ਨੂੰ ਰੋਕਣ ਲਈ ਪਹਿਲੀ ਵਾਰ ਜਾਗਰੂਕਤਾ ਪੈਦਾ ਕਰਨ ਵਾਲੇ ਅਬਜ਼ਰਵਰ ਤਾਇਨਾਤ ਕਰੇਗਾ। ਪੰਜੇ ਰਾਜਾਂ ਦੇ ਕੁੱਲ 630 ਵਿਧਾਨ ਸਭਾ ਹਲਕਿਆਂ ਲਈ 11.60 ਕਰੋੜ ਵੋਟਰਾਂ ਵੱਲੋਂ ਆਪਣੇ ਮਤ ਦਾ ਇਸਤੇਮਾਲ ਕਰਨ ਦੀ ਆਸ ਹੈ। ਪਹਿਲੇ ਪੜਾਅ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਨਾਲ 18 ਅਕਤੂਬਰ ਨੂੰ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸਜ਼ਾ ਯਾਫ਼ਤਾ ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਬਾਰੇ ਪ੍ਰਸ਼ਨ ਦੇ ਜਵਾਬ ਵਿਚ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਰਾਜ ਸਭਾ ਦੇ ਸਭਾਪਤੀ ਅਤੇ ਲੋਕ ਸਭਾ ਦੇ ਸਪੀਕਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਪਿੱਛੋਂ ਹੀ ਚੋਣ ਕਮਿਸ਼ਨ ਸੀਟਾਂ ਖਾਲੀ ਹੋਣ ਬਾਰੇ ਐਲਾਨ ਕਰੇਗਾ।

ਸੱਜਣ ਕੁਮਾਰ ਿਖ਼ਲਾਫ਼ ਜਾਰੀ ਰਹੇਗੀ ਸੁਣਵਾਈ

♦ ਸੁਪਰੀਮ ਕੋਰਟ ਨੇ ਕੀਤਾ ਸਪੱਸ਼ਟ ♦ ਮਾਮਲਾ 28 ਤੱਕ ਮੁਲਤਵੀ
ਨਵੀਂ ਦਿੱਲੀ, 5 ਅਕਤੂਬਰ (ਏਜੰਸੀ)—ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕੀਤਾ ਕਿ 1984 ਵਿਚ ਵਾਪਰੇ ਸਿੱਖ ਕਤਲੇਆਮ ਦੌਰਾਨ 6 ਵਿਅਕਤੀਆਂ ਨੂੰ ਮਾਰਨ ਦੇ ਮਾਮਲੇ ਵਿਚ ਕਾਂਗਰਸੀ ਨੇਤਾ ਸੱਜਣ ਕੁਮਾਰ ਅਤੇ ਹੋਰਾਂ ਖਿਲਾਫ਼ ਸੁਣਵਾਈ ਜਾਰੀ ਰਹੇਗੀ | ਅਦਾਲਤ ਨੇ ਕੇਸ ਦੀ ਸੁਣਵਾਈ 28 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ | ਜਸਟਿਸ ਏ. ਕੇ. ਪਟਨਾਇਕ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਕਿਹਾ, 'ਅਸੀਂ ਮਾਮਲੇ ਦੀ ਸੁਣਵਾਈ 'ਤੇ ਰੋਕ ਨਹੀ ਲਗਾ ਰਹੇ ਹਾਂ |' ਇਸ ਤੋਂ ਪਹਿਲਾਂ ਅਦਾਲਤ ਵਿਚ ਦਲੀਲ ਦਿੱਤੀ ਗਈ ਸੀ ਕਿ ਸੱਜਣ ਕੁਮਾਰ ਤੇ ਹੋਰਾਂ ਦੋਸ਼ੀਆਂ ਦੀ ਅਪੀਲ ਅਦਾਲਤ ਵਿਚ ਲੰਬੇ ਸਮੇਂ ਤੋਂ ਪਈ ਰਹਿਣ ਦੇ ਆਧਾਰ 'ਤੇ ਹੇਠਲੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਨਹੀਂ ਕਰਨੀ ਚਾਹੀਦੀ | ਸੁਪਰੀਮ ਕੋਰਟ ਨੇ ਉਕਤ ਸਾਰੇ ਦੋਸ਼ੀਆਂ ਖਿਲਾਫ਼ ਦੋਸ਼ ਸਾਬਿਤ ਕਰਨ ਵਾਲੀ ਪਟੀਸ਼ਨ ਰੱਦ ਲਈ ਦਾਇਰ ਕੀਤੀ ਪਟੀਸ਼ਨ ਖਾਰਜ ਕਰਦਿਆਂ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ |

ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਮਨਜ਼ੂਰ

ਨਵੀਂ ਦਿੱਲੀ, 5 ਅਕਤੂਬਰ (ਜਗਤਾਰ ਸਿੰਘ)-ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਦੇਣ ਨਾਲ ਸੰਬੰਧਿਤ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਪੈਸ਼ਲ ਲੀਵ ਪਟੀਸ਼ਨ (ਐਸ.ਐਲ.ਪੀ.) ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕਰਦਿਆਂ ਇਸ ਮਾਮਲੇ ਦੀ ਸੁਣਵਾਈ ਇਕ ਵਰ੍ਹੇ ਦੌਰਾਨ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ | ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਅਧਿਕਾਰ ਦੇ ਫੈਸਲੇ 'ਤੇ ਕੋਈ ਰੋਕ ਨਹੀਂ ਲਗਾਈ | ਸ਼੍ਰੋਮਣੀ ਕਮੇਟੀ ਦੇ ਨਵੇਂ ਜਿੱਤੇ 170 ਮੈਂਬਰ ਕਾਰਜਸ਼ੀਲ ਨਹੀਂ ਹੋਣਗੇ ਅਤੇ ਪੁਰਾਣੀ 15 ਮੈਂਬਰੀ ਕਮੇਟੀ ਹੀ ਕੰਮ ਕਰਦੀ ਰਹੇਗੀ | ਸਹਿਜਧਾਰੀ ਫੈਡਰੇਸ਼ਨ ਦੇ ਮੁਖੀ ਪਰਮਜੀਤ ਸਿੰਘ ਰਾਣੂੰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਹਾਈ ਕੋਰਟ ਦਾ ਫੈਸਲਾ ਮੰਨ ਲੈਣਾ ਚਾਹੀਦਾ ਹੈ ਅਤੇ ਸੁਪਰੀਮ ਕੋਰਟ ਵਿਚ ਪਾਈ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਹੈ | ਉਨ੍ਹਾਂ ਦਲੀਲ ਦਿੱਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਗਈ ਐਸ.ਐਲ.ਪੀ. ਕਮੇਟੀ ਦੇ ਜਨਰਲ ਹਾਊਸ ਦਾ ਸਿੱਟਾ ਨਹੀਂ ਹੈ,ਕਿਉਂਕਿ ਤਕਨੀਕੀ ਤੌਰ 'ਤੇ ਪੁਰਾਣਾ ਤੇ ਨਵਾਂ ਦੋਵੇਂ ਹਾਊਸ ਕਾਨੂੰਨੀ ਰੂਪ 'ਚ ਹੋਂਦ 'ਚ ਨਹੀਂ ਹਨ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਸੀਂ ਕੋਈ ਚੋਣ ਨਹੀਂ ਲੜਨੀ ਸਗੋਂ ਸਾਡਾ ਮਕਸਦ ਚੰਗੇ ਕਿਰਦਾਰ ਦੇ ਵਿਅਕਤੀ ਅੱਗੇ ਲਿਆਉਣਾ ਹੈ |

ਤੇਲੰਗਾਨਾ ਮੱੁਦਾ

ਕੇਂਦਰੀ ਮੰਤਰੀ ਪੱਲਮ ਰਾਜੂ ਵੱਲੋਂ ਵੀ ਅਸਤੀਫ਼ਾ ਦੇਣ ਦਾ ਫ਼ੈਸਲਾ ਨਵੀਂ ਦਿੱਲੀ/ ਹੈਦਰਾਬਾਦ, 5 ਅਕਤੂਬਰ (ਏਜੰਸੀਆਂ)-ਕੇਂਦਰੀ ਕੈਬਨਿਟ ਵੱਲੋਂ ਤੇਲੰਗਾਨਾ ਸੂਬੇ ਦੇ ਗਠਨ ਦਾ ਐਲਾਨ ਕਰਨ 'ਤੇ ਕੇਂਦਰ ਸਰਕਾਰ ਅਤੇ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਵਿਚ 'ਭੁਚਾਲ' ਆ ਗਿਆ ਹੈ | ਆਂਧਰਾ ਪ੍ਰਦੇਸ਼ ਦੇ ਬਟਵਾਰੇ ਦੇ ਵਿਰੋਧ ਵਿਚ ਵਾਈ. ਐਸ. ਆਰ. ਕਾਂਗਰਸ ਦੇ ਪ੍ਰਧਾਨ ਜਗਨ ਮੋਹਨ ਰੈਡੀ ਸਮੇਤ ਕਈ ਸੰਗਠਨਾਂ ਨੇ 72 ਘੰਟਿਆਂ ਦੇ ਬੰਦ ਦਾ ਐਲਾਨ ਕੀਤਾ ਹੈ | ਜਗਨ ਮੋਹਨ ਰੈਡੀ ਨੇ ਸਨਿਚਰਵਾਰ ਤੋਂ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਹੈ | ਕੇਂਦਰੀ ਸੈਰ-ਸਪਾਟਾ ਮੰਤਰੀ ਚਿਰੰਜੀਵੀ ਅਤੇ ਆਂਧਰਾ ਪ੍ਰਦੇਸ਼ ਦੇ ਕਾਨੂੰਨ ਮੰਤਰੀ ਈਰਾਸੂ ਪ੍ਰਤਾਪ ਰੈਡੀ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਪੱਲਮ ਰਾਜੂ ਨੇ ਵੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ | ਜਦਕਿ ਰੇਲਵੇ ਰਾਜ ਮੰਤਰੀ ਕੋਟਲਾ ਜੱਸਾ ਸੁਰੀਆ ਪ੍ਰਕਾਸ਼ ਰੈਡੀ ਨੇ ਵੀ ਅਸਤੀਫਾ ਦੇ ਦਿੱਤਾ ਹੈ | ਸ੍ਰੀ ਰੈਡੀ ਕਰਨੂਲ ਤੋਂ ਸੰਸਦ ਮੈਂਬਰ ਹਨ | ਇਸੇ ਦੌਰਾਨ ਰਾਇਲ ਸੀਮਾ ਖੇਤਰ ਤੋਂ ਕਾਂਗਰਸੀ ਸੰਸਦ ਮੈਂਬਰ ਰਿਆਪਤੀ ਸਾਂਬਾ ਸ਼ਿਵਾ ਰਾਉ ਨੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਰੱਜ ਕੇ ਸ਼ਲਾਘਾ ਕੀਤੀ | ਇਸ ਦੌਰਾਨ ਬਟਵਾਰੇ ਦੇ ਐਲਾਨ ਤੋਂ ਬਾਅਦ ਅੱਜ ਆਂਧਰਾ ਪ੍ਰਦੇਸ਼ ਵਿਚ ਹੜਤਾਲਾਂ ਦਾ ਦੌਰ ਸ਼ੁਰੂ ਹੋ ਗਿਆ | ਬੰਦ ਦੇ ਸੱਦੇ ਕਾਰਨ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਅਤੇ ਰਾਇਲਸੀਮਾ ਖੇਤਰਾਂ ਵਿਚ ਆਮ ਜਨ-ਜੀਵਨ ਪ੍ਰਭਾਵਿਤ ਹੋਇਆ | 
ਕੇਂਦਰ ਵੱਲੋਂ ਹਾਈ ਅਲਰਟ
ਫ਼ੈਸਲੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਰਾਇਲਸੀਮਾ ਤੇ ਤੱਟੀ ਖੇਤਰਾਂ ਵਿਚ ਪੁਲਿਸ ਨੂੰ ਹਾਈ-ਅਲਰਟ ਜਾਰੀ ਕੀਤਾ ਹੈ | ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਲਿਸ ਨੂੰ ਇਹਤਿਹਾਤੀ ਕਦਮ ਚੁੱਕਣ ਲਈ ਕਿਹਾ ਹੈ |
ਆਂਧਰਾ ਦੇ ਮੰਤਰੀ ਵੱਲੋਂ ਅਸਤੀਫ਼ਾ
ਫ਼ੈਸਲੇ ਦੇ ਵਿਰੋਧ ਵਿਚ ਆਂਧਰਾ ਦੇ ਕਾਨੂੰਨ ਮੰਤਰੀ ਈਰਾਸੂ ਪ੍ਰਤਾਪ ਰੈਡੀ ਨੇ ਅੱਜ ਹੈਦਰਾਬਾਦ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਰਾਜਪਾਲ ਨੂੰ ਦੇ ਦਿੱਤਾ | ਭਾਵੇਂ ਮੁੱਖ ਮੰਤਰੀ ਨੇ ਅਜੇ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ | ਇਸ ਦੌਰਾਨ ਗੰਤੂਰ ਤੋਂ ਸੀਨੀਅਰ ਕਾਂਗਰਸੀ ਸੰਸਦ ਮੈਂਬਰ ਆਰ.ਐਸ. ਰਾਓ ਨੇ ਵੀ ਆਪਣਾ ਅਸਤੀਫ਼ਾ ਲੋਕ ਸਭਾ ਸਪੀਕਰ ਨੂੰ ਭੇਜ ਦਿੱਤਾ ਹੈ ਜਦਕਿ ਦੋ ਆਂਧਰਾ ਦੇ ਦੋ ਹੋਰ ਮੰਤਰੀਆਂ ਨੇ ਵੀ ਅਸਤੀਫ਼ੇ ਦੇਣ ਦੀ ਪੇਸ਼ਕਸ਼ ਕੀਤੀ ਹੈ |
ਆਂਧਰਾ ਵਿਚ ਹੜਤਾਲ
ਅੱਜ ਸੂਬੇ ਦੇ ਤੱਟੀ ਅਤੇ ਰਾਇਲਸੀਮਾ ਖੇਤਰਾਂ ਵਿਚ ਹੜਤਾਲ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ | ਯੂਨਾਈਟਿਡ ਆਂਧਰਾ ਦੇ ਹਿਮਾਇਤੀਆਂ ਨੇ ਰਾਸ਼ਟਰੀ ਮਾਰਗ ਨੂੰ ਜਾਮ ਰੱਖਿਆ ਅਤੇ ਦੁਕਾਨਾਂ ਨੂੰ ਬੰਦ ਕਰਵਾਇਆ | ਇਸ ਦੌਰਾਨ ਉਕਤ ਖੇਤਰਾਂ ਵਿਚ ਵਪਾਰਕ ਅਤੇ ਸਿੱਖਿਆ ਸੰਸਥਾਵਾਂ ਬੰਦ ਰਹੀਆਂ | ਬੰਦ ਦੀ ਹਿਮਾਇਤ ਆਂਧਰਾ ਪ੍ਰਦੇਸ਼ ਨਾਨ-ਗਜ਼ਟਿਡ ਆਫੀਸਰਜ਼ ਯੂਨੀਅਨ ਤੋਂ ਇਲਾਵਾ ਹੋਰ ਸੰਗਠਨਾਂ ਨੇ ਦਿੱਤਾ ਜਦਕਿ ਵਾਈ.ਐਸ.ਆਰ. ਕਾਂਗਰਸ ਨੇ 72 ਘੰਟਿਆਂ ਦੇ ਬੰਦ ਦਾ ਵੱਖਰਾ ਸੱਦਾ ਦਿੱਤਾ ਹੈ | ਵਿਸ਼ਾਖਾਪਟਨਮ ਵਿਚ ਬੰਦ ਦਾ ਅਸਰ ਵਧੇਰੇ ਰਿਹਾ ਜਿਥੇ ਕੋਈ ਬਸ ਨਹੀਂ ਚੱਲੀ | ਵਿਖਾਵਾਕਾਰੀਆਂ ਨੇ ਚੇਨਈ-ਕੋਲਕਾਤਾ ਰਾਸ਼ਟਰੀ ਮਾਰਗ 'ਤੇ ਟਰੈਫਿਕ ਨਹੀਂ ਚੱਲਣ ਦਿੱਤਾ |
ਅਨੰਤਪੁਰ ਜ਼ਿਲ੍ਹੇ ਵਿਚ ਟਕਰਾਅ
ਇਸ ਦੌਰਾਨ ਅਨੰਤਪੁਰ ਜ਼ਿਲ੍ਹੇ ਵਿਚ ਤੇਲਗੂ ਦੇਸਮ (ਟੀ.ਡੀ.ਪੀ.) ਪਾਰਟੀ ਅਤੇ ਵਾਈ.ਐਸ.ਆਰ. ਕਾਂਗਰਸ ਦੇ ਵਰਕਰਾਂ ਵਿਚਾਲੇ ਟਕਰਾਅ ਹੋ ਗਿਆ | ਟੀ.ਡੀ.ਪੀ. ਵਿਧਾਇਕ ਪਰੀਤਾਲਾ ਸੁਨੀਤਾ ਨੇ ਦੋਸ਼ ਲਾਇਆ ਕਿ ਵਾਈ. ਐਸ.ਆਰ. ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਨੂੰ ਜਬਰੀ ਰੋਕਿਆ ਤੇ ਉਨ੍ਹਾਂ 'ਤੇ ਪਥਰਾਅ ਵੀ ਕੀਤਾ |
ਕਾਂਗਰਸੀ ਨੇਤਾਵਾਂ ਦੇ ਘਰਾਂ ਤੇ ਦਫ਼ਤਰਾਂ 'ਚ ਭੰਨਤੋੜ
ਹੈਦਰਾਬਾਦ-ਪ੍ਰਦਰਸ਼ਨਕਾਰੀਆਂ ਨੇ ਫ਼ੈਸਲੇ ਦੇ ਵਿਰੋਧ ਵਿਚ ਅੱਜ ਕਾਂਗਰਸੀ ਨੇਤਾਵਾਂ ਦੇ ਘਰਾਂ ਤੇ ਦਫ਼ਤਰਾਂ ਵਿਚ ਭੰਨਤੋੜ ਕੀਤੀ | ਕਾਂਗਰਸੀ ਨੇਤਾਵਾਂ ਦੇ ਪੁਤਲੇ ਸਾੜੇ ਗਏ ਵਿਸ਼ਾਖਾਪਟਨਮ, ਵਿਜੇਵਾੜਾ, ਤਿਰੁਪਤੀ, ਅਨੰਤਪੁਰ ਤੇ ਹੋਰ ਸ਼ਹਿਰਾਂ ਵਿਚ ਹੜਤਾਲ ਰਹੀ ਤੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ |
ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਘਰ 'ਚ ਦਾਖ਼ਲ ਹੋਣ ਦਾ ਯਤਨ
ਵਿਸ਼ਾਖਾਪਟਨਮ-ਇਸ ਦੌਰਾਨ ਯੂਨਾਈਟਿਡ ਆਂਧਰਾ ਦੇ ਹਿਮਾਇਤੀਆਂ ਨੇ ਆਂਧਰਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬੋਸਤਾ ਸਤਿਆ ਨਾਰਾਇਣਾ ਦੇ ਵਿਸ਼ਾਖਾਪਟਨਮ ਘਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ | ਜਿਸ 'ਤੇ ਪੁਲਿਸ ਨੇ ਹਲਕਾ ਲਾਠੀਚਾਰਜ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ | ਜਿਸ 'ਤੇ ਗੱੁਸੇ ਵਿਚ ਆਏ ਵਿਖਾਵਾਕਾਰੀਆਂ ਨੇ ਪੁਲਿਸ 'ਤੇ ਪਥਰਾਅ ਕੀਤਾ |
ਫੈਸਲੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ-ਕਾਂਗਰਸ
ਨਵੀਂ ਦਿੱਲੀ ਵਿ ਖੇ ਕਾਂਗਰਸ ਦੇ ਬੁਲਾਰੇ ਮੀਮ ਅਫ਼ਜ਼ਲ ਨੇ ਕਿਹਾ ਕਿ ਹੁਣ ਫ਼ੈਸਲੇ ਤੋਂ ਪਿਛੇ ਹਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਭਾਜਪਾ, ਤੇਲਗੂ ਦੇਸਮ ਅਤੇ ਵਾਈ.ਐਸ. ਆਰ. ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਦੀ ਸਲਾਹ ਨਾਲ ਹੀ ਲਿਆ ਗਿਆ ਹੈ |
ਦਿੱਲੀ 'ਚ ਭੁੱਖ ਹੜਤਾਲ ਕਰਨਗੇ ਨਾਇਡੂ
ਹੈਦਰਾਬਾਦ, ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰ ਬਾਬੂ ਨਾਇਡੂ ਸੋਮਵਾਰ ਤੋਂ ਨਵੀਂ ਦਿੱਲੀ ਵਿਖੇ ਭੁੱਖ ਹੜਤਾਲ 'ਤੇ ਬੈਠਣਗੇ | ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਤੇਲੰਗਾਨਾ ਮੁੱਦੇ 'ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ 'ਚ ਲੱਗੀ ਕਾਂਗਰਸ ਦਾ ਉਹ ਭਾਂਡਾ ਭੰਨਣਗੇ |

ਕੇਰਨ ਸੈਕਟਰ 'ਚ ਇਕ ਹੋਰ ਘੁਸਪੈਠ-3 ਅੱਤਵਾਦੀ ਹਲਾਕ

ਸ੍ਰੀਨਗਰ, 5 ਅਕਤੂਬਰ (ਮਨਜੀਤ ਸਿੰਘ)-ਭਾਰਤੀ ਸੈਨਾ ਨੇ ਅੱਜ ਕਸ਼ਮੀਰ ਦੇ ਕੇਰਨ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਤੇ ਤਿੰਨ ਅੱਤਵਾਦੀ ਮਾਰ ਮੁਕਾਏ | ਕੇਰਨ ਸੈਕਟਰ 'ਚ 30-40 ਘੁਸਪੈਠੀਆਂ ਖਿਲਾਫ਼ ਅਭਿਆਨ ਦਾ ਅੱਜ 11ਵਾਂ ਦਿਨ ਹੋ ਗਿਆ ਹੈ | ਸੂਤਰਾਂ ਨੇ ਦੱਸਿਆ ਕਿ ਇਹ ਘੁਸਪੈਠ ਕੇਰਨ ਦੇ ਗੁਜਰ ਦਰ ਖੇਤਰ 'ਚ ਹੋ ਰਹੀ ਸੀ | ਸੈਨਿਕ ਕਾਰਵਾਈ ਦੌਰਾਨ ਇਸ ਘੁਸਪੈਠ ਨੂੰ ਨਾਕਾਮ ਕੀਤਾ ਗਿਆ ਤੇ ਤਿੰਨ ਅੱਤਵਾਦੀ ਮਾਰ-ਮੁਕਾਏ | ਉਨ੍ਹਾਂ ਦੱਸਿਆ ਕਿ ਅਜੇ ਇਸ ਖੇਤਰ ਦੀ ਜਾਂਚ ਕੀਤੀ ਜਾ ਰਹੀ ਹੈ | ਸੈਨਾ ਦਾ ਦਾਅਵਾ ਹੈ ਕਿ ਉਸ ਨੇ ਹੁਣ ਤੱਕ 15 ਅੱਤਵਾਦੀ ਮਾਰ ਮੁਕਾਏ ਹਨ ਪਰ ਅਜੇ ਤੱਕ ਕਿਸੇ ਦੀ ਲਾਸ਼ ਬਰਾਮਦ ਨਹੀਂ ਹੋ ਸਕੀ

Thursday, 3 October 2013



ਇਟਲੀ ਨੇੜੇ ਕਿਸ਼ਤੀ ਹਾਦਸੇ 'ਚ 82 ਮੌਤਾਂ

ਰੋਮ, 3 ਅਕਤੂਬਰ-ਇਟਲੀ ਦੇ ਇਕ ਟਾਪੂ ਨਜ਼ਦੀਕ 500 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਅੱਗ ਲੱਗਣ ਤੋਂ ਬਾਅਦ ਪਲਟ ਜਾਣ ਕਾਰਨ 82 ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ, ਜਦੋਂ ਕਿ 150 ਨੂੰ ਬਚਾਅ ਲਿਆ ਗਿਆ ਹੈ। ਸਰਕਾਰੀ ਸੂਤਰਾਂ ਅਨੁਸਾਰ 2 ਬੱਚਿਆਂ ਅਤੇ ਕੁਝ ਔਰਤਾਂ ਸਮੇਤ 82 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਅਨੁਸਾਰ ਇਹ ਵਿਅਕਤੀ ਇਰੀਟਰੀਆ ਤੇ ਸੋਮਾਲੀਆ ਦੇ ਵਸਨੀਕ ਹਨ ਜੋ ਕਿ ਪਨਾਹ ਲੈਣ ਦੀ ਕੋਸ਼ਿਸ਼ 'ਚ ਸਨ। ਇਹ ਕਿਸ਼ਤੀ ਲੀਬੀਆ ਤੋਂ ਤੁਰੀ ਦੱਸੀ ਜਾ ਰਹੀ ਹੈ। ਕਿਸ਼ਤੀ ਨੂੰ ਲੈਂਪੇਡੂਸਾ ਟਾਪੂ ਦੇ ਨੇੜੇ ਹੀ ਅੱਗ ਲੱਗੀ ਸੀ ਅਤੇ ਇਸ ਦੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

terrorist

ਆਖਿਰ ਭਾਰਤੀ ਫੌਜ ਮੂਹਰੇ ਅੱਤਵਾਦੀਆਂ ਨੇ ਟੇਕੇ ਗੋਡੇ

ਸ਼੍ਰੀਨਗਰ- ਸ਼੍ਰੀਨਗਰ ਦੇ ਅਹਿਮਦਨਗਰ ਇਲਾਕੇ ‘ਚ ਜਿਨ੍ਹਾਂ ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਨੇ ਘੇਰਿਆ ਸੀ ਉਹ ਉਥੋਂ ਭੱਜ ਗਏ ਹਨ। ਸੂਤਰਾਂ ਮੁਤਾਬਕ ਲਸ਼ਕਰ-ਏ-ਤੋਇਬਾ ਦੇ ਤਿੰਨ ਤੋਂ ਚਾਰ ਅੱਤਵਾਦੀ ਇਕ ਸਕੂਲ ‘ਚ ਵੜ ਗਏ ਸਨ। ਬੁੱਧਵਾਰ ਸ਼ਾਮ ਤੋਂ ਫਾਇਰਿੰਗ ਜਾਰੀ ਸੀ, ਦੇਰ ਰਾਤ ਸੁਰੱਖਿਆ ਫੋਰਸਾਂ ਨੇ ਫਾਇਰਿੰਗ ਰੋਕ ਦਿੱਤੀ ਸੀ ਪਰ ਸਵੇਰ ਤੋਂ ਫਾਇਰਿੰਗ ਦੀ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ। ਸੂਤਰਾਂ ਮੁਤਾਬਕ ਹੋ ਸਕਦਾ ਹੈ ਕਿ ਅੱਤਵਾਦੀ ਬਚ ਕੇ ਭੱਜਣ ‘ਚ ਕਾਮਯਾਬ ਹੋ ਗਏ ਜਦਕਿ ਮੁਠਭੇੜ ਦੌਰਾਨ 5 ਜਵਾਨ ਫੱਟੜ ਹੋ ਗਏ। ਸੂਤਰਾਂ ਮੁਤਾਬਕ ਅੱਤਵਾਦੀ ਬੱਚਿਆਂ ਨੂੰ ਬੰਧਕ ਬਣਾਉਣਾ ਚਾਹੁੰਦੇ ਸਨ ਅਤੇ ਉਹ ਆਪਣੇ ਨਾਲ ਹੀ ਕਾਫੀ ਮੇਵਾ ਅਤੇ ਮਲਟੀ-ਵਿਟਾਮਿਨ ਲੈ ਕੇ ਆਏ ਸਨ। ਕੁਲ ਤਿੰਨ ਅੱਤਵਾਦੀਆਂ ਨੇ ਕੈਂਪ ‘ਤੇ ਹਮਲਾ ਕੀਤਾ ਸੀ। ਅੱਤਵਾਦੀਆਂ ਵੱਲੋਂ ਹੱਥਗੋਲੇ ਸੁੱਟੇ ਗਏ।
ਪੁਲਸ ਸੂਤਰਾਂ ਨੇ ਦੱਸਿਆ ਕਿ ਮੁਠਭੇੜ ਸੌਰਾ ਦੇ ਅਹਿਮਦਨਗਰ ਖੇਤਰ ‘ਚ ਬੁੱਧਵਾਰ ਦੀ ਸ਼ਾਮ ਉਸ ਸਮੇਂ ਸ਼ੁਰੂ ਹੋਈ, ਜਦੋਂ ਪੁਲਸ ਨੇ ਉੱਥੇ ਅੱਤਵਾਦੀਆਂ ਦੇ ਹੋਣ ਦੀ ਸੂਚਨਾ ‘ਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਵੱਲ ਇਕ ਗ੍ਰੇਨੇਡ ਸੁੱਟਿਆ, ਜਿਸ ‘ਚ 5 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਸ਼੍ਰੀਨਗਰ ਦੇ ਅਹਿਮਦਨਗਰ ਤੋਂ ਇਲਾਵਾ ਕੁਪਵਾੜਾ ‘ਚ ਵੀ ਘੁਸਪੈਠੀਆਂ ਨਾਲ ਸੁਰੱਖਿਆ ਬਲਾਂ ਦੀ ਮੁਠਭੇੜ ਦਾ ਵੀਰਵਾਰ ਨੂੰ 10ਵਾਂ ਦਿਨ ਹੈ। ਮੰਨਿਆ ਜਾ ਰਿਹਾ ਹੈ ਕਿ ਘੁਸਪੈਠੀਆਂ ਦੀ ਗਿਣਤੀ 30 ਤੋਂ 40 ਹੋ ਸਕਦੀ ਹੈ।


 ਲਾਲੂ ਹਮੇਸ਼ਾ ਨਾਇਕ ਹੀ ਰਹਿਣਗੇ- ਰਾਬੜੀ ਦੇਵੀ

ਪਟਨਾ, 3 ਅਕਤੂਬਰ - ਚਾਰਾ ਘੁਟਾਲੇ 'ਚ ਰਾਂਚੀ ਦੀ ਵਿਸ਼ੇਸ਼ ਅਦਾਲਤ ਵੱਲੋਂ ਜਨਤਾ ਦਲ (ਰਾਜਦ) ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਇਸ ਨੂੰ ਰਾਜਨੀਤਕ ਸਾਜਿਸ਼ ਦੱਸਦੇ ਹੋਏ ਕਿਹਾ ਹੈ ਕਿ ਲਾਲੂ ਪ੍ਰਸਾਦ ਨਾਇਕ ਹਨ ਅਤੇ ਹਮੇਸ਼ਾ ਰਹਿਣਗੇ। ਰਾਜਦ ਦੇ ਪ੍ਰਮੱਖ ਆਗੂ ਰਾਮਕ੍ਰਿਪਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਲੱਗਦਾ ਸੀ ਕਿ ਗਰੀਬਾਂ ਅਤੇ ਦਲਿਤਾਂ ਦੀ ਅਵਾਜ਼ ਬਣਨ ਵਾਲੇ ਅਤੇ ਧਰਮਨਿਰਪੇਖ ਤਾਕਤਾਂ ਨੂੰ ਮਜ਼ਬੂਤ ਕਰਨ ਵਾਲੇ ਨੂੰ ਇਹੀ ਭੁਗਤਣਾ ਪਵੇਗਾ। ਸੀ. ਬੀ. ਆਈ. ਅਦਾਲਤ ਨੇ ਇਸ ਮਾਮਲੇ 'ਚ ਲਾਲੂ ਨੂੰ ਪੰਜ ਸਾਲ ਦੀ ਕੈਦ ਅਤੇ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਸਬੰਧੀ ਰਾਮਕ੍ਰਿਪਾਲ ਨੇ ਕਿਹਾ ਹੈ ਕਿ ਲਾਲੂ ਰਾਜਨੀਤਕ ਸਾਜਿਸ਼ ਦਾ ਸ਼ਿਕਾਰ ਬਣੇ ਹਨ। ਇਸ ਸਾਜਿਸ਼ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਭਾਜਪਾ ਦਾ ਮੁੱਖ ਹੱਥ ਹੈ।

ਥਾਈਲੈਂਡ ਹਾਦਸੇ 'ਚ ਭਾਰਤੀ ਔਰਤ ਦੀ ਮੌਤ

 ਬੈਂਕਾਕ, 3 ਅਕਤੂਬਰ -ਇਕ 36 ਸਾਲਾ ਭਾਰਤੀ ਔਰਤ ਦੀ ਥਾਈਲੈਂਡ ਦੀ ਮਸ਼ਹੂਰ ਪਤਾਇਆ ਬੀਚ 'ਤੇ ਪੈਰਾਸੈਲਿੰਗ ਕਰਦਿਆਂ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਆਈ ਸੀ। ਪੁਲਿਸ ਨੇ ਦੱਸਿਆ ਕਿ ਸ਼ਿਲਪੀ ਅਗਰਵਾਲ (36) ਤੇ ਉਸ ਦੇ ਪਤੀ ਨੇ ਪੈਰਾਸੇਲ ਕਰਨ ਲਈ ਇਕ ਤੇਜ਼ ਰਫਤਾਰ ਵਾਲੀ ਕਿਸ਼ਤੀ ਕਿਰਾਏ 'ਤੇ ਕੀਤੀ। ਜਦੋਂ ਸ਼ਿਲਪੀ ਪੈਰਾਸੇਲ ਕਰਨ ਲੱਗੀ ਤਾਂ ਉਹ ਚੜ੍ਹਣ 'ਚ ਨਾਕਾਮ ਰਹੀ ਤੇ ਉਹ ਪਾਣੀ 'ਚ ਡਿੱਗ ਪਈ। ਕਿਸ਼ਤੀ ਚਾਲਕ ਨੇ ਉਸ ਨੂੰ ਬਚਾਉਣ ਲਈ ਕਿਸ਼ਤੀ ਨੂੰ ਘੁਮਾਇਆ ਪਰ ਸ਼ਿਲਪੀ ਕਿਸ਼ਤੀ ਦੇ ਘੁੰਮਣ ਵਾਲੇ ਬਲੈਡਾਂ 'ਚ ਆ ਗਈ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਲਾਪਰਵਾਹੀ ਲਈ ਕਿਸ਼ਤੀ ਚਾਲਕ ਨੂੰ 10 ਸਾਲ ਸਜ਼ਾ ਤੇ 638 ਡਾਲਰ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ ਦੀ ਬੀਮਾ ਕੰਪਨੀ ਮ੍ਰਿਤਕ ਔਰਤ ਦੇ ਪਰਿਵਾਰ ਨੂੰ 6,383 ਡਾਲਰ ਮੁਆਵਜ਼ੇ ਵਜੋਂ ਦੇਵੇਗੀ।



ਅਸਮ ਦੇ ਬਰਪੇਟਾ 'ਚ ਮਿੰਨੀ ਬੱਸ ਹਾਦਸਾ, 28 ਦੀ ਮੌਤ

 ਰਾਂਗੀਆਂ (ਅਸਮ), 03 ਅਕਤੂਬਰ (ਏਜੰਸੀ)- ਅਸਮ ਦੇ ਬਰਪੇਟਾ ਜਿਲ੍ਹੇ 'ਚ ਅੱਜ ਤੜਕੇ ਰਾਸ਼ਟਰੀ ਮਾਰਗ 35 'ਤੇ ਦੋ ਮਿੰਨੀ ਬੱਸ ਅਤੇ ਇਕ ਟਰੱਕ ਦੇ ਵਿਚਕਾਰ ਟੱਕਰ ਹੋਣ ਦੇ ਕਾਰਨ 13 ਬੱਚਿਆ ਸਮੇਤ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਸੋਰਭੋਗ ਪੁਲਿਸ ਥਾਣਾ ਦੇ ਦੋਹੋਲਾਪਾਰਾ ਇਲਾਕੇ 'ਚ ਇਹ ਹਾਦਸਾ ਹੋਇਆ। ਪੱਛਮੀ ਬੰਗਾਲ ਦੇ ਵੱਲੋਂ ਆ ਰਹੇ ਟਰੱਕ ਨੇ ਇਕ ਦੇ ਪਿੱਛੇ ਇਕ ਆ ਰਹੀਆਂ ਬੱਸਾਂ 'ਚ ਇਕ ਬੱਸ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਉਹ ਬੱਸ ਦੂਸਰੀ ਬੱਸ ਨਾਲ ਟੱਕਰਾ ਗਈ। ਟੱਕਰ ਕਾਰਨ ਦੋਵੇਂ ਬੱਸਾਂ ਪਲਟ ਗਈਆਂ ਅਤੇ ਮੌਕੇ 'ਤੇ ਹੀ 28 ਲੋਕਾਂ ਦੀ ਮੌਤ ਹੋ ਗਈ।

ਲੋਹੀਆਂ ਖਾਸ ਨੇੜੇ ਨੌਜਵਾਨ ਦਾ ਕਤਲ

ਲੋਹੀਆਂ ਖਾਸ, 3 ਅਕਤੂਬਰ (ਜੰਮੂ, ਵਿੱਕੀ, ਦਿਲਬਾਗ ਸਿੰਘ, ਸ਼ਤਾਬਗੜ੍ਹ)-ਪੈਸੇ ਦੇ ਲੈਣ ਦੇਣ ਅਤੇ ਪੁਰਾਣੀ ਰੰਜਿਸ਼ ਦੇ ਚਲਦਿਆਂ ਸਥਾਨਕ ਵਾਰਡ ਨੰਬਰ 2 ਦੇ ਵਸਨੀਕ ਸਕੇ ਭਰਾਵਾਂ ਨੂੰ ਉਨ੍ਹਾਂ ਦੇ ਘਰ ਵਿਖੇ ਹੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਟੁੱਕ ਕਰਕੇ ਗੰਭੀਰ ਫੱਟੜ ਕਰ ਦਿੱਤਾ, ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਸਰਕਾਰੀ ਹਸਪਤਾਲ ਜਲੰਧਰ ਵਿਖੇ ਜ਼ੇਰੇ ਇਲਾਜ ਹੈ | ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਐਸ. ਐਚ. ਓ ਵੱਲੋਂ ਦੱਸਿਆ ਕਿ ਅਮਰਜੀਤ ਉਰਫ਼ ਅਮਰ (35) ਪੁੱਤਰ ਮੋਹਣ ਲਾਲ ਵਾਸੀ ਬਸੰਤ ਕਾਲੋਨੀ ਦਾ ਬਾਹਰ ਦੇ ਕਿਸੇ ਵਿਅਕਤੀ ਨਾਲ ਪੈਸੇ ਦੇ ਲੈਣ ਦੇਣ ਦਾ ਝਗੜਾ ਸੀ |
ਜਿਸ ਦਾ ਰਾਜ਼ੀਨਾਮਾ ਕਰਾਉਣ ਲਈ ਕੁਝ ਵਿਅਕਤੀਆਂ ਵੱਲੋਂ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਕਿ ਬੀਤੀ ਰਾਤ 12.30 ਵਜੇ ਦੇ ਕਰੀਬ ਅਮਨਦੀਪ ਸਿੰਘ ਉਰਫ਼ ਅਮਨ ਪੁੱਤਰ ਅਵਤਾਰ ਸਿੰਘ ਵਾਸੀ ਦਾਦੂਵਾਲ ਥਾਣਾ ਸਦਰ ਜਮਸ਼ੇਰ ਖਾਸ ਜ਼ਿਲ੍ਹਾ ਜਲੰਧਰ ਨੇ 6-7 ਬੰਦਿਆਂ ਨੂੰ ਨਾਲ ਲੈ ਕੇ ਅਮਰਜੀਤ ਅਤੇ ਉਸ ਦੇ ਭਰਾ ਮਹਿੰਦਰ ਪਾਲ 'ਤੇ ਉਨ੍ਹਾਂ ਦੇ ਘਰ ਵਿਖੇ ਹੀ ਸੁੱਤੇ ਪਿਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨਾਲ ਅਮਰਜੀਤ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਮਹਿੰਦਰ ਪਾਲ ਸਰਕਾਰੀ ਹਸਪਤਾਲ ਜਲੰਧਰ ਵਿਖੇ ਜ਼ੇਰੇ ਇਲਾਜ ਹੈ | ਸਥਾਨਕ ਪੁਲਿਸ ਵੱਲੋਂ ਧਾਰਾ 302, 307, 458, 148 ਅਤੇ 149 ਆਈ ਪੀ ਸੀ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਟੀਮਾਂ ਭੇਜੀਆਂ ਗਈਆਂ ਹਨ |

ਹੁਸ਼ਿਆਰਪੁਰ ਤੋਂ ਦਿੱਲੀ ਲਈ ਸਿੱਧੀ ਰੇਲ ਸੇਵਾ ਸ਼ੁਰੂ

ਸੰਤੋਸ਼ ਚੌਧਰੀ ਨੇ 'ਹੁਸ਼ਿਆਰਪੁਰ ਐਕਸਪ੍ਰੈ ੱਸ' ਨੂੰ ਝੰਡੀ ਦੇ ਕੇ ਕੀਤਾ ਰਵਾਨਾ
ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ ਨੂੰ ਰੇਲਵੇ ਲਾਈਨ ਬਣਨ ਦੇ 100 ਸਾਲ ਬਾਅਦ ਸਿੱਧੀ ਹੁਸ਼ਿਆਰਪੁਰ-ਦਿੱਲੀ ਰੇਲ ਸੇਵਾ ਪ੍ਰਾਪਤ ਹੋਈ ਹੈ ਜੋ ਬਹੁਤ ਹੀ ਖੁਸ਼ੀ ਦੀ ਗੱਲ ਹੈ | ਇਹ ਪ੍ਰਗਟਾਵਾ ਕੇਂਦਰੀ ਸਿਹਤ ਰਾਜ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਨੇ ਅੱਜ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ 'ਤੇ 'ਹੁਸ਼ਿਆਰਪੁਰ ਐਕਸਪ੍ਰੈਸ' ਨੂੰ ਦੁਪਹਿਰ ਕਰੀਬ 12 ਵਜੇ ਹਰੀ ਝੰਡੀ ਦਿਖਾਉਣ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ 1913 ਵਿਚ ਹੁਸ਼ਿਆਰਪੁਰ ਲਈ ਰੇਲ ਸੇਵਾ ਬਹਾਲ ਹੋਈ ਸੀ ਤੇ ਅੱਜ 2 ਅਕਤੂਬਰ 2013 ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ ਦੇ ਮੌਕੇ ਅਤੇ ਆਜ਼ਾਦੀ ਦੇ 66 ਸਾਲਾਂ ਬਾਅਦ ਹੁਸ਼ਿਆਰਪੁਰ ਦੀ ਜਨਤਾ ਨੂੰ ਦਿੱਲੀ ਲਈ ਸਿੱਧੀ ਰੇਲ ਸੇਵਾ ਬਹਾਲ ਕੀਤੀ ਗਈ ਹੈ | ਉਨ੍ਹਾਂ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੀਆਂ ਤਸਵੀਰਾਂ 'ਤੇ ਫੁੱਲ ਅਰਪਣ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀਆਂ ਦਿੱਤੀਆਂ | ਸ੍ਰੀਮਤੀ ਸੰਤੋਸ਼ ਚੌਧਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਪਹਿਲਾਂ ਜਲੰਧਰ ਤੱਕ ਹੀ ਰੇਲ ਸੇਵਾ ਚੱਲ ਰਹੀ ਸੀ ਜਿਸ ਨੂੰ ਉਨ੍ਹਾਂ ਦੇ ਯਤਨਾਂ ਸਦਕਾ ਅੰਮਿ੍ਤਸਰ ਤੇ ਫਿਰੋਜ਼ਪੁਰ ਤੱਕ ਵਧਾਇਆ ਤੇ ਅੱਜ ਇਹ ਰੇਲ ਸੇਵਾ ਦਿੱਲੀ ਤੱਕ ਮੁਹੱਈਆ ਕਰਵਾਈ ਗਈ ਹੈ | ਪਹਿਲਾਂ ਇਹ ਰੇਲ ਸੇਵਾ ਹਫ਼ਤੇ ਵਿਚ ਇਕ ਦਿਨ ਤੇ ਜਲਦੀ ਹੀ ਹੁਸ਼ਿਆਰਪੁਰ ਤੋਂ ਦਿੱਲੀ ਲਈ ਰੋਜ਼ਾਨਾ ਰੇਲ ਸੇਵਾ ਮੁਹੱਈਆ ਕਰਵਾਈ ਜਾਵੇਗੀ | ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦਾ ਵੀ ਵਿਸਥਾਰ ਕੀਤਾ ਜਾਵੇਗਾ ਤੇ ਇਸ ਦੇ ਆਲੇ-ਦੁਆਲੇ ਨੂੰ ਹਰਾ-ਭਰਾ ਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਸੋਨਾਲੀਕਾ ਗਰੁੱਪ ਕਲੀਨ ਐਾਡ ਗਰੀਨ ਪ੍ਰੋਜੈਕਟ ਅਧੀਨ ਅਪਣਾ ਕੇ ਇਸ ਦੇ ਆਲੇ-ਦੁਆਲੇ ਪੌਦੇ ਲਗਾ ਕੇ ਸੁੰਦਰਤਾ ਨੂੰ ਵਧਾਇਆ ਜਾਵੇਗਾ | ਰੇਲਵੇ ਵਿਭਾਗ ਦੇ ਰੇਲ ਪ੍ਰਬੰਧਕ ਫਿਰੋਜ਼ਪੁਰ ਡਿਵੀਜ਼ਨ ਐਨ ਸੀ ਗੋਇਲ ਨੇ ਕੇਂਦਰੀ ਰੇਲ ਮੰਤਰੀ ਮਲਿਕ ਅਰਜੁਨ ਖੜਗੇ ਵੱਲੋਂ ਭੇਜਿਆ ਸੰਦੇਸ਼ ਪੜ੍ਹ ਕੇ ਸੁਣਾਇਆ | ਵਿਧਾਇਕ ਹਲਕਾ ਹੁਸ਼ਿਆਰਪੁਰ ਸੁੰਦਰ ਸ਼ਾਮ ਅਰੋੜਾ ਨੇ ਵੀ ਲੋਕਾਂ ਨੂੰ ਵਧਾਈ ਦਿੰਦਿਆਂ ਵਿਚਾਰ ਪੇਸ਼ ਕੀਤੇ | ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਸਾਬਕਾ ਵਿਧਾਇਕ ਚੌਧਰੀ ਰਾਮ ਲੁਭਾਇਆ, ਸਾਬਕਾ ਮੰਤਰੀ ਨਰੇਸ਼ ਠਾਕਰ, ਰੇਲਵੇ ਡਿਵੀਜ਼ਨ ਦੇ ਸੈਕਸ਼ਨ ਇੰਜੀ: ਅਸ਼ੋਕ ਸ਼ਰਮਾ, ਸਹਾਇਕ ਡਿਵੀਜ਼ਨਲ ਸੈਕਸ਼ਨ ਇੰਜੀ: ਦਿਨੇਸ਼ ਕੁਮਾਰ ਸ਼ਰਮਾ, ਸਟੇਸ਼ਨ ਸੁਪਰਡੈਂਟ ਵਿਦਿਆ ਸਾਗਰ, ਸੋਨਾਲੀਕਾ ਪ੍ਰੋਜੈਕਟ ਦੇ ਇੰਚਾਰਜ ਐਸ. ਕੇ. ਪੋਮਰਾ, ਸੋਹਨੀ ਚੌਧਰੀ, ਤਿਲਕ ਰਾਜ ਗੁਪਤਾ, ਮਿੱਕੀ ਡੋਗਰਾ, ਸ: ਕੁਲਆਜ਼ਾਦ ਸਿੰਘ ਖੱਖ, ਕੌਾਸਲਰ ਬ੍ਰਹਮ ਸ਼ੰਕਰ ਜਿੰਪਾ, ਰਮਨ ਖੁੱਲਰ, ਡਾ. ਕੁਲਦੀਪ ਨੰਦਾ, ਸਰਵਨ ਸਿੰਘ, ਅਜੇ ਮੋਹਨ ਬੱਬੀ, ਸੁਦਰਸ਼ਨ ਧੀਰ, ਤਰਨਜੀਤ ਕੌਰ ਸੇਠੀ, ਕਿਸ਼ਨਾ ਸੈਣੀ, ਸ: ਜਸਵੰਤ ਸਿੰਘ ਚੌਟਾਲਾ, ਸ: ਹਰਬੀਰ ਸਿੰਘ ਚੌਟਾਲਾ, ਸੁਰਿੰਦਰ ਕੁਮਾਰ ਸ਼ਿੰਦਾ, ਰਣਜੋਧ ਸਿੰਘ ਬੂਰੇ ਜੱਟਾਂ, ਹਰਦੇਵ ਸਿੰਘ ਧੂਤ ਆਦਿ ਹਾਜ਼ਰ ਸਨ |

ਮਾਲੇਰਕੋਟਲਾ 'ਚ ਸਥਿਤੀ ਮੁੜ ਤਣਾਅਪੂਰਨ

 ਅੱਧੀ ਦਰਜਨ ਥਾਵਾਂ 'ਤੇ ਧਰਨੇ  ਲੁਧਿਆਣਾ-ਜਾਖ਼ਲ ਰੇਲ ਆਵਾਜਾਈ ਠੱਪ
ਮਾਲੇਰਕੋਟਲਾ, 3 ਅਕਤੂਬਰ - ਦੋ ਦਿਨ ਪਹਿਲਾਂ ਇੱਥੇ ਅੱਗ ਲਾ ਕੇ ਜਿਊਾਦਾ ਸਾੜੇ ਗਏ 13 ਸਾਲਾ ਬੱਚੇ ਵਿਧੂ ਜੈਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਪੁੱਛਗਿੱਛ ਲਈ ਹਿਰਾਸਤ ਵਿਚ ਲਏ ਤਿੰਨ ਨੌਜਵਾਨਾਂ ਨੂੰ ਛੁਡਵਾਉਣ ਲਈ ਅੱਜ ਮਾਲੇਰਕੋਟਲਾ ਦੇ ਸੈਂਕੜੇ ਲੋਕਾਂ ਨੇ ਸਥਾਨਕ ਜਰਗ ਚੌਾਕ, ਸਰੋਦ ਬਾਈਪਾਸ ਤੇ ਕਿਲ੍ਹਾ ਰਹਿਮਤਗੜ੍ਹ ਵਿਖੇ ਧਰਨੇ ਲਾ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਆਵਾਜਾਈ ਠੱਪ ਕੀਤੀ | ਪੁਲਿਸ ਵੱਲੋਂ ਚੁੱਕੇ ਨੌਜਵਾਨਾਂ ਦੀ ਰਿਹਾਈ ਲਈ ਸੈਂਕੜੇ ਨੌਜਵਾਨਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ ਦੁਕਾਨਾਂ ਬੰਦ ਕਰਵਾਈਆਂ | ਸਿੱਟੇ ਵਜੋਂ ਮਾਲੇਰਕੋਟਲਾ ਸ਼ਹਿਰ ਅੱਜ ਤੀਜੇ ਦਿਨ ਵੀ ਮੁਕੰਮਲ ਬੰਦ ਰਿਹਾ ਅਤੇ ਕਰਫ਼ਿਊ ਵਰਗੀ ਹਾਲਤ ਬਣੀ ਰਹੀ | ਉਧਰ ਸਥਾਨਕ ਰੈਸਟ ਹਾਊਸ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਡਾ. ਇੰਦੂ ਨੇ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਹੋਣ ਦਾ ਦਾਅਵਾ ਕਰਦਿਆਂ ਲੋਕਾਂ ਨੰੂ ਅਪੀਲ ਕੀਤੀ ਕਿ ਉਹ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਅਤੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ | ਡੀ.ਸੀ. ਨੇ ਸਪਸ਼ਟ ਕੀਤਾ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਹੈ ਪ੍ਰੰਤੂ ਸ਼ਹਿਰ 'ਚ ਵਾਪਰੇ ਘਿਨੌਣੇ ਕਾਂਡ ਦੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਅੱਜ ਸਵੇਰੇ ਜਿਉਂ ਹੀ ਲੋਕਾਂ ਨੂੰ ਸ਼ਹਿਰ 'ਚੋਂ ਤਿੰਨ ਲੜਕਿਆਂ ਨੂੰ ਪੁਲਿਸ ਵੱਲੋਂ ਚੁੱਕ ਲਏ ਜਾਣ ਦਾ ਪਤਾ ਲੱਗਿਆ ਤਾਂ ਗਲੀਆਂ ਮੁਹੱਲਿਆਂ ਵਿਚੋਂ ਲੋਕ ਇਕੱਠੇ ਹੋ ਕੇ ਸਥਾਨਕ ਜਰਗ ਚੌਾਕ ਪਹੁੰਚਣੇ ਸ਼ੁਰੂ ਹੋ ਗਏ ਅਤੇ ਮਾਲੇਰਕੋਟਲਾ-ਲੁਧਿਆਣਾ-ਪਟਿਆਲਾ-ਸੰਗਰੂਰ-ਖੰਨਾ ਸੜਕਾਂ ਦੀ ਆਵਾਜਾਈ ਠੱਪ ਕਰ ਦਿੱਤੀ |
ਪਟਿਆਲਾ ਸੜਕ 'ਤੇ ਕਿਲ੍ਹਾ ਰਹਿਮਤਗੜ੍ਹ ਦੇ ਲੋਕਾਂ ਨੇ ਸੜਕ 'ਤੇ ਆ ਕੇ ਧਰਨਾ ਲਾ ਦਿੱਤਾ ਅਤੇ ਸਰੋਦ ਬਾਈਪਾਸ 'ਤੇ ਵੀ ਗ਼ੁੱਸੇ ਵਿਚ ਆਏ ਨੌਜਵਾਨਾਂ ਨੇ ਟਾਇਰਾਂ ਨੂੰ ਅੱਗ ਲਾ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਡੀ.ਸੀ. ਸੰਗਰੂਰ ਡਾ.ਇੰਦੂ ਅਤੇ ਐੱਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਕਿਲ੍ਹਾ ਰਹਿਮਤਗੜ੍ਹ ਵਿਖੇ ਧਰਨੇ 'ਤੇ ਬੈਠੇ ਲੋਕਾਂ ਨੂੰ ਮਨਾਉਣ ਵਿਚ ਸਫਲ ਰਹੇ ਪ੍ਰੰਤੂ ਜਰਗ ਚੌਂਕ ਦਾ ਧਰਨਾ ਸ਼ਾਮ ਤੱਕ ਜਿਉਂ ਦਾ ਤਿਉਂ ਜਾਰੀ ਰਿਹਾ। ਮੁਫਤੀ-ਏ-ਪੰਜਾਬ ਇਰਕਤਾ-ਉਲ-ਹਸਨ-ਕਾਂਧਲਵੀ ਨੇ ਇਸਲਾਮ ਦੀਆਂ ਹਿਦਾਇਤਾਂ ਦਾ ਹਵਾਲਾ ਦਿੰਦਿਆਂ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਰੋਸ ਵਿਖਾਵਾ ਜ਼ਰੂਰ ਕਰਨ ਪ੍ਰੰਤੂ ਆਵਾਜਾਈ ਠੱਪ ਕਰ ਕੇ ਕਿਸੇ ਦੀਆਂ ਤਕਲੀਫ਼ਾਂ 'ਚ ਵਾਧਾ ਨਾ ਕਰਨ। ਧਰਨਾਕਾਰੀਆਂ ਉਪਰ ਐਸ.ਐਸ.ਪੀ. ਅਤੇ ਮੁਫ਼ਤੀ ਸਾਹਿਬ ਦੀਆਂ ਭਾਵੁਕ ਤਕਰੀਰਾਂ ਕੋਈ ਬਹੁਤਾ ਅਸਰ ਨਹੀਂ ਦਿਖਾ ਸਕੀਆਂ। ਉੱਧਰ ਸ਼ਹਿਰ ਅੰਦਰ ਰੋਸ ਵਿਖਾਵਾ ਕਰ ਰਹੇ ਨੌਜਵਾਨਾ ਦੇ ਹਜੂਮ ਨੇ ਕਈ ਥਾਂਈਂ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਸਫਲ ਨਹੀਂ ਹੋਣ ਦਿੱਤਾ। ਪੁੱਛ ਗਿੱਛ ਲਈ ਹਿਰਾਸਤ ਵਿਚ ਲਏ ਵਿਅਕਤੀਆਂ ਨੂੰ ਛੁਡਾਉਣ ਲਈ ਲਾਏ ਜਾਮ ਅਤੇ ਧਰਨੇ ਤੋਂ ਬਾਅਦ ਭੜਕੇ ਲੋਕਾਂ ਵੱਲੋਂ ਸਥਾਨਕ ਰਾਏਕੋਟ ਰੋਡ ਤੇ ਸਥਿਤ ਰੇਲਵੇ ਕਰਾਸਿੰਗ ਤੇ ਰੇਲਵੇ ਲਾਈਨਾਂ ਉੱਤੇ ਟਾਇਰਾਂ ਨੂੰ ਅੱਗ ਲਾ ਕੇ ਲੁਧਿਆਣਾ ਜਾਖ਼ਲ ਰੇਲਵੇ ਰੂਟ ਨੂੰ ਜਾਮ ਕਰ ਦਿੱਤਾ, ਜਿਸ 'ਤੇ ਰੇਲਵੇ ਨੇ ਇਸ ਰੂਟ 'ਤੇ ਰੇਲ ਆਵਾਜਾਈ ਬੰਦ ਕਰ ਦਿੱਤੀ ਹੈ। ਇਸੇ ਦੌਰਾਨ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਨੀਮ ਫੌਜੀ ਬਲ ਤਾਇਨਾਤ ਕਰ ਦਿੱਤੇ ਗਏ ਹਨ, ਜਦਕਿ ਕਈ ਗੁਆਂਢੀ ਇਲਾਕਿਆਂ ਤੋਂ ਵੀ ਪੁਲਿਸ ਬਲ ਬੁਲਾਏ ਹਨ। ਵੱਖ-ਵੱਖ ਵਰਗਾਂ ਦੇ ਵਫ਼ਦਾਂ ਵੱਲੋਂ ਕਮਿਸ਼ਨਰ ਪਟਿਆਲਾ ਅਜੀਤ ਸਿੰਘ ਪੰਨੂ ਨਾਲ ਮੁਲਾਕਾਤਾਂ-ਅੱਜ ਦੁਪਹਿਰ ਤੋਂ ਪਹਿਲਾਂ ਸਥਿਤੀ ਦਾ ਜਾਇਜ਼ਾ ਲੈਣ ਲਈ ਮਾਲੇਰਕੋਟਲਾ ਪੁੱਜੇ ਕਮਿਸ਼ਨਰ ਪਟਿਆਲਾ ਅਜੀਤ ਸਿੰਘ ਪੰਨੂ ਨੇ ਮਾਲੇਰਕੋਟਲਾ ਸ਼ਹਿਰ ਦੇ ਹਿੰਦੂ, ਮੁਸਲਿਮ, ਸਿੱਖ ਅਤੇ ਮੀਡੀਆ ਨਾਲ ਸਬੰਧਿਤ ਵਫ਼ਦਾਂ ਨਾਲ ਮੁਲਾਕਾਤ ਕਰ ਕੇ ਸ਼ਹਿਰ ਦੀ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ। ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਜਮਾਤ-ਏ-ਇਸਲਾਮੀ ਹਿੰਦ ਪੰਜਾਬ ਦੇ ਅਮੀਰ ਅਬਦੁਲ ਸ਼ਕੂਰ ਨੇ ਪ੍ਰਿੰਸੀਪਲ ਮੁਹੰਮਦ ਅਰਸ਼ਦ, ਮਾਸਟਰ ਮੁਹੰਮਦ ਇਸਮਾਈਲ ਤੇ ਅਲਤਾਫ਼ ਚੌਹਾਨ ਆਦਿ ਆਗੂਆਂ ਸਮੇਤ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੇ ਵਿਧੂ ਜੈਨ ਦੇ ਕਾਤਲਾਂ ਨੂੰ ਢੁਕਵੀਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਨਿਰਦੋਸ਼ ਨੂੰ ਫਸਾਇਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਸੜਕਾਂ 'ਤੇ ਜਾਮ ਲਾਉਣ ਦੀ ਕਾਰਵਾਈ ਨੂੰ ਇਸਲਾਮ ਦੇ ਉਲਟ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਸਿਆਸੀ ਰੋਟੀਆਂ ਸੇਕਣ ਨਾ ਦਿੱਤੀਆਂ ਜਾਣ ਅਤੇ ਸਦੀਆਂ ਤੋਂ ਚੱਲੀ ਆ ਰਹੀ ਭਾਈਚਾਰਕ ਸਾਂਝ ਨੂੰ ਬਰਬਾਦ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ।

Wednesday, 2 October 2013

ਆਰਥਿਕ ਤੰਗੀ ਕਾਰਨ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ-ਬੁੱਢਾਪਾ ਪੈਨਸ਼ਨ ਵੀ ਨਹੀਂ ਸੀ ਮਿਲਦੀ

ਅਬੋਹਰ, 2 ਅਕਤੂਬਰ (ਕੁਲਦੀਪ ਸਿੰਘ ਸੰਧੂ)-ਆਰਥਿਕ ਤੰਗੀ ਨਾਲ ਜੂਝਦਿਆਂ ਪਿੰਡ ਕਿੱਲਿਆਂਵਾਲੀ ਦੇ ਇੱਕ ਬਜ਼ੁਰਗ ਪ੍ਰਵਾਸੀ ਜੋੜੇ ਨੇ ਜੀਵਨ ਦੇ ਆਖ਼ਰੀ ਪੜਾਅ 'ਚ ਰਿਸ-ਰਿਸ ਕੇ ਮਰਨ ਨਾਲੋਂ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਇੱਕੋ ਮੰਜੇ 'ਤੇ ਪਈਆਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਵੇਖ ਕੇ ਉੱਥੇ ਮੌਜੂਦ ਜਿੱਥੇ ਹਰੇਕ ਵਿਅਕਤੀਆਂ ਦੀਆਂ ਅੱਖਾਂ ਨਮ ਹੋ ਗਈਆਂ ਉੱਥੇ ਸਰਕਾਰ ਵੱਲੋਂ ਗ਼ਰੀਬਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਵੀ ਪੋਲ ਖੁੱਲ੍ਹ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਕਿੱਲਿਆਂਵਾਲੀ ਵਿਖੇ ਪ੍ਰਵਾਸੀ ਮਜ਼ਦੂਰ ਰਾਮ ਕੁਮਾਰ ਅਤੇ ਉਸ ਦੀ ਪਤਨੀ ਪਿਛਲੇ ਕਰੀਬ 30 ਸਾਲਾਂ ਤੋਂ ਰਹਿ ਰਹੇ ਸੀ ਅਤੇ ਦਿਹਾੜੀ ਕਰਕੇ ਆਪਣਾ ਪੇਟ ਪਾਲ ਰਹੇ ਸੀ। ਪਿਛਲੇ ਕੁੱਝ ਸਮੇਂ ਤੋਂ ਰਾਮ ਕੁਮਾਰ (85) ਦੀ ਪਤਨੀ ਲਕਵੇ ਦੀ ਬਿਮਾਰੀ ਤੋਂ ਪੀੜਤ ਅਤੇ ਅੱਖਾਂ ਤੋਂ ਅੰਨ੍ਹੀ ਹੋ ਗਈ ਸੀ ਅਤੇ ਜ਼ਿਆਦਾ ਬਜ਼ੁਰਗ ਹੋਣ ਕਾਰਨ ਉਸ ਤੋਂ ਨਾ ਮਜ਼ਦੂਰੀ ਹੁੰਦੀ ਸੀ ਅਤੇ ਨਾ ਹੀ ਕੋਈ ਹੋਰ ਰੋਜ਼ੀ-ਰੋਟੀ ਦਾ ਸਾਧਨ ਸੀ। ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਬੀਤੀ ਰਾਤ ਬਜ਼ੁਰਗ ਜੋੜੇ ਨੇ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਬਜ਼ੁਰਗ ਜੋੜੇ ਨੂੰ ਨਾ ਕੋਈ ਬੁੱਢਾਪਾ ਪੈਨਸ਼ਨ ਮਿਲਦੀ ਸੀ ਅਤੇ ਨਾ ਹੀ ਕੋਈ ਹੋਰ ਸਰਕਾਰੀ ਸਹੂਲਤ। ਉਹ ਕਿਸੇ ਕਿਸਾਨ ਦੇ ਖੇਤ ਵਿਚ ਇੱਕ ਕੱਚੇ ਕੋਠੇ 'ਚ ਰਹਿੰਦੇ ਸਨ, ਜਿੱਥੇ ਜੇਕਰ ਕੋਈ ਰਹਿਮ ਦਿਲ ਵਿਅਕਤੀ ਉਨ੍ਹਾਂ ਨੂੰ ਕੁੱਝ ਖਾਣ ਲਈ ਦੇ ਦਿੰਦਾ ਤਾਂ ਖਾ ਲੈਂਦੇ ਸੀ। ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ।


ਪਾਕਿ ਫ਼ੌਜ ਵੱਲੋਂ ਕੁਪਵਾੜਾ ਜ਼ਿਲ੍ਹੇ ਦੇ ਪਿੰਡ 'ਤੇ ਕਬਜ਼ਾ

ਕੁਪਵਾੜਾ, 2 ਅਕਤੂਬਰ (ਏਜੰਸੀਆਂ)ਂਪਾਕਿ ਫ਼ੌਜ ਵੱਲੋਂ ਕੰਟਰੋਲ ਰੇਖਾ ਨੇੜੇ ਕੁਪਵਾੜਾ ਜ਼ਿਲ੍ਹੇ ਦੇ ਪਿੰਡ 'ਸਾਲਨ ਬਾਟਾ' 'ਤੇ ਕਬਜ਼ਾ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ ਤੇ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ ਜਾਰੀ ਹੈ ਪਰ ਦੂਜੇ ਪਾਸੇ ਭਾਰਤੀ ਫ਼ੌਜੀ ਨੇ ਇਸ ਦਾ ਖੰਡਨ ਕਰਦਿਆਂ ਇਨ੍ਹਾਂ ਖ਼ਬਰਾਂ ਨੂੰ 'ਪੂਰੀ ਤਰ੍ਹਾਂ ਗਲਤ' ਕਰਾਰ ਦਿੱਤਾ ਹੈ। ਇਸ ਸਬੰਧ ਵਿਚ ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ਵਿਚ 5 ਜਵਾਨ ਜ਼ਖ਼ਮੀ ਹੋਏ ਹਨ। ਮਿਲੇ ਵੇਰਵਿਆਂ ਅਨੁਸਾਰ ਪਾਕਿਸਤਾਨੀ ਫ਼ੌਜ ਦੇ ਜਵਾਨ 23 ਸਤੰਬਰ ਤੋਂ ਇਥੇ ਕਬਜ਼ਾ ਜਮਾਈ ਬੈਠੇ ਹਨ ਤੇ ਹੁਣ ਭਾਰਤੀ ਫੌਜ ਨੇ ਵੀ ਮੋਰਚਾ ਸੰਭਾਲ ਲਿਆ ਹੈ ਤੇ ਦੋਵਾਂ ਪਾਸਿਆਂ ਤੋਂ ਗੋਲਾਬਾਰੀ ਚੱਲ ਰਹੀ ਹੈ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਪਣੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨੂੰ ਮਿਲੇ ਤੇ ਅਮਨ ਦਾ ਭਰੋਸਾ ਲੈ ਕੇ ਪਰਤੇ। ਸੂਤਰਾਂ ਨੇ ਦੱਸਿਆ ਕਿ ਅਸਲ ਵਿਚ 23 ਸਤੰਬਰ ਨੂੰ ਹੀ ਪਾਕਿਸਤਾਨੀ ਫੌਜ ਨੇ ਕੇਰਨ ਸੈਕਟਰ ਵਿਚ ਕੁਝ ਭਾਰਤੀ ਚੌਕੀਆਂ 'ਤੇ ਕਬਜ਼ਾ ਕਰ ਲਿਆ ਸੀ ਪਰ ਭਾਰਤੀ ਫ਼ੌਜ ਨੇ ਇਸ ਨੂੰ ਘੁਸਪੈਠ ਦੀ ਘਟਨਾ ਬਣਾ ਕੇ ਪੇਸ਼ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ ਘੁਸਪੈਠ ਕਰਨ ਵਾਲੇ 10-15 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਹੁਣ ਜਦੋਂ ਸਾਹਮਣੇ ਆਇਆ ਹੈ ਕਿ 23 ਸਤੰਬਰ ਦੀ ਨਾਪਾਕ ਹਰਕਤ ਵਿਚ ਅੱਤਵਾਦੀ ਨਹੀਂ ਬਲਕਿ ਪਾਕਿ ਸੈਨਿਕ ਸ਼ਾਮਿਲ ਸਨ ਤਾਂ ਭਾਰਤੀ ਫ਼ੌਜ ਦੇ ਉਸ ਕਥਿਤ ਆਪਰੇਸ਼ਨ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਖੁਫ਼ੀਆ ਸੂਤਰਾਂ ਮੁਤਾਬਿਕ 23 ਸਤੰਬਰ ਨੂੰ ਪਾਕਿ ਫ਼ੌਜੀਆਂ ਨੇ ਕੰਟਰੇਲ ਰੇਖਾ ਨੇੜੇ ਲਾਸਦੱਤ ਦੇ ਜੰਗਲਾਂ ਵਿਚ ਭਾਰਤ ਦੀਆਂ ਤਿੰਨ ਚੌਕੀਆਂ 'ਤੇ ਕਬਜ਼ਾ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਭਾਰਤੀ ਸੈਨਿਕਾਂ ਨਾਲ 'ਛੋਟੇ ਪੱਧਰ ਦਾ ਯੁੱਧ' ਵੀ ਹੋਇਆ। ਸਵਾਲ ਇਹ ਹੈ ਕਿ ਭਾਰਤੀ ਫ਼ੌਜ ਨੇ ਇਸ ਨੂੰ ਘੁਸਪੈਠ ਦੀ ਘਟਨਾ ਦੱਸ ਕੇ ਕਿਉਂ ਪੇਸ਼ ਕੀਤਾ ਅਤੇ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕਿਉਂ ਕੀਤਾ ਜਦਕਿ ਘਟਨਾ ਵਾਲੀ ਥਾਂ ਤੋਂ ਇਕ ਵੀ ਲਾਸ਼ ਨਹੀਂ ਮਿਲੀ

ਸ਼ਰਾਬ ਦੀਆਂ ਬੋਤਲਾਂ ‘ਤੇ ਵੀ ਲੱਗਣਗੀਆਂ ਬਾਦਲ ਦੀਆਂ ਫੋਟੋਆਂ : ਬਾਜਵਾ

ਅੰਮ੍ਰਿਤਸਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਰ ਯੋਜਨਾ ਵਿਚ ਆਪਣੀਆਂ ਫੋਟੋਆਂ ਲਗਵਾ ਕੇ ਸਿਆਸੀ ਲਾਹਾ ਲੈਣ ‘ਚ ਜੁਟੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਆਉਣ ਵਾਲੇ ਦਿਨਾਂ ਵਿਚ ਸ਼ਰਾਬ ਦੀਆਂ ਬੋਤਲਾਂ ‘ਤੇ ਵੀ ਆਪਣੀਆਂ ਫੋਟੋਆਂ ਲਗਵਾ ਸਕਦੇ ਹਨ। ਅੰਮ੍ਰਿਤਸਰ ਵਿਖੇ ਯੂਥ ਕਾਂਗਰਸ ਦੀ ਅਧਿਕਾਰ ਰੈਲੀ ਦਾ ਉਦਘਾਟਨ ਕਰਨ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਹੁਣ ਸ਼ਰਾਬ ਦੀਆਂ ਬੋਤਲਾਂ ‘ਤੇ ਮੁੱਖ ਮੰਤਰੀ ਬਾਦਲ ਅਤੇ ਮਜੀਠੀਆ ਦੀਆਂ ਫੋਟੋਆਂ ਲਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ।
ਇਸ ਦੌਰਾਨ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਖੁਰਾਕ ਸੁਰੱਖਿਆ ਬਿੱਲ ਲਾਗੂ ਕਰਕੇ ਗਰੀਬ ਪਰਿਵਾਰਾਂ ਦੀ ਰੋਟੀ ਯਕੀਨੀ ਬਣਾਈ ਹੈ ਜਦੋਂਕਿ ਬਾਦਲ ਇਸ ਮਾਮਲੇ ਵਿਚ ਵੀ ਖੁਦ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਯੂਥ ਕਾਂਗਰਸ ਦੀ ਇਹ ਅਧਿਕਾਰ ਰੈਲੀ 31 ਅਕਤੂਬਰ ਤੱਕ ਚੱਲੇਗੀ ਅਤੇ ਇਸ ਦੌਰਾਨ ਪੰਜਾਬ ਦੀਆਂ ਕਰੀਬ ਢਾਈ ਦਰਜਨ ਸ਼ਹਿਰਾਂ ਵਿਚ ਰੈਲੀਆਂ ਕੀਤੀਆਂ ਜਾਣਗੀਆਂ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਿਕਰਮ ਚੌਧਰੀ ਦੀ ਅਗਵਾਈ ਵਿਚ ਸ਼ੁਰੂ ਹੋਈ ਇਸ ਰੈਲੀ  ਨੂੰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।

ਆਖਿਰ ਰਾਹੁਲ ਗਾਂਧੀ ਦੀ ਚੱਲੀ, ਦਾਗੀ ਨੇਤਾਵਾਂ ਨੂੰ ਬਚਾਉਣ ਵਾਲਾ ਆਰਡੀਨੈਂਸ ਵਾਪਸ

ਨਵੀਂ ਦਿੱਲੀ- ਦਾਗੀ ਨੇਤਾਵਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਆਰਡੀਨੈਂਸ ਦੇ ਮਾਮਲੇ ‘ਚ ਆਖਿਰਕਾਰ ਪ੍ਰਧਾਨ ਮੰਤਰੀ ਸਮੇਤ ਪੂਰੀ ਕੈਬਨਿਟ ਰਾਹੁਲ ਗਾਂਧੀ ਦੇ ਸਟੈਂਡ ਅੱਗੇ ਨਤਮਸਤਕ ਹੋ ਗਈ ਹੈ। ਇਸ ਪੂਰੇ ਮਾਮਲੇ ‘ਚ ਰਾਹੁਲ ਗਾਂਧੀ ਜੀ ਜਿੱਤ ਹੋਈ ਹੈ ਅਤੇ ਇਸ ਆਰਡੀਨੈਂਸ ਨੂੰ ਵਾਪਸ ਲੈ ਲਿਆ ਗਿਆ ਹੈ।  ਬੁੱਧਵਾਰ ਨੂੰ ਦਿੱਲੀ ਵਿਖੇ ਹੋਈ ਕੈਬਨਿਟ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਹੈ। ਰਾਹੁਲ ਗਾਂਧੀ ਦੇ ਵਿਰੋਧ ਤੋਂ ਬਾਅਦ ਕੇਂਦਰੀ ਕੈਬਨਿਟ ਅਤੇ ਪ੍ਰਧਾਨ ਮੰਤਰੀ ‘ਤੇ ਇਸ ਆਰਡੀਨੈਂਸ ਨੂੰ ਵਾਪਸ ਲੈਣ ਦਾ ਭਾਰੀ ਦਬਾਅ ਸੀ। ਪ੍ਰਧਾਨ ਮੰਤਰੀ ਦੇ ਅਮਰੀਕਾ ਤੋਂ ਵਾਪਸ ਪਰਤਦਿਆਂ ਹੀ ਬੁੱਧਵਾਰ ਸਵੇਰੇ ਪਹਿਲਾਂ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ 25 ਮਿੰਟ ਤੱਕ ਦੀ ਇਸ ਚਰਚਾ ਦੌਰਾਨ ਆਪਣਾ ਪੱਖ ਪ੍ਰਧਾਨ ਮੰਤਰੀ ਅੱਗੇ ਰੱਖਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਇਸ ਆਰਡੀਨੈਂਸ ‘ਤੇ ਦਸਤਖਤ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਦੌਰਾਨ ਦੇਰ ਸ਼ਾਮ ਹੋਈ ਕੈਬਨਿਟ ਦੀ ਬੈਠਕ ਦੌਰਾਨ ਆਰਡੀਨੈਂਸ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ ਗਿਆ ਹੈ।

ਆਰਡੀਨੈਂਸ ‘ਤੇ ਬੋਲੇ ਬਾਦਲ, ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਅਸਤੀਫਾ ਦੇ ਦਿੰਦਾ

ਜਲੰਧਰ- ਦਾਗੀ ਨੇਤਾਵਾਂ ਨੂੰ ਬਚਾਉਣ ਵਾਲੇ ਆਰਡੀਨੈਂਸ ਨੂੰ ਲੈ ਕੇ ਖੜ੍ਹੇ ਹੋਏ ਸਿਆਸੀ ਵਿਵਾਦ ਦਰਮਿਆਨ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ ਬੋਲਿਆ ਹੈ। ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਪ੍ਰਧਾਨ ਮੰਤਰੀ ਦੀ ਬਹੁਤ ਬੇਇੱਜ਼ਤੀ ਹੋਈ ਹੈ ਅਤੇ ਜੇਕਰ ਉਹ ਮਨਮੋਹਨ ਸਿੰਘ ਦੀ ਥਾਂ ਹੁੰਦੇ ਤਾਂ ਅਹੁਦੇ ਤੋਂ ਅਸਤੀਫਾ ਦੇ ਦਿੰਦੇ।
ਇਸ ਦੌਰਾਨ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਪੂਰੇ ਮਾਮਲੇ ਨੂੰ ਪੰਜਾਬੀਆਂ ਦੇ ਸਨਮਾਨ ਨਾਲ ਜੋੜ ਦਿੱਤਾ ਹੈ।  ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਯੁਵਰਾਜ ਨੇ ਇਸ ਪੂਰੇ ਮਾਮਲੇ ਵਿਚ ਸਿਰਫ ਮਨਮੋਹਨ ਸਿੰਘ ਦੀ ਨਹੀਂ ਬਲਕਿ ਸਮੂਹ ਪੰਜਾਬੀ ਭਾਈਚਾਰੇ ਦੀ ਬੇਇਜ਼ਤੀ ਕੀਤੀ ਹੈ।
ਪ੍ਰਧਾਨ ਮੰਤਰੀ ਦੇ ਸਿੱਖ ਹੋਣ ਦੇ ਚੱਲਦਿਆਂ ਅਤੀਤ ਵਿਚ ਅਕਾਲੀ ਦਲ ਮਨਮੋਹਨ ਸਿੰਘ ‘ਤੇ ਸਿੱਧਾ ਹਮਲਾ ਕਰਨ ਤੋਂ ਬਚਦਾ ਰਿਹਾ ਹੈ ਪਰ ਇਸ ਪੂਰੇ ਮਾਮਲੇ ਵਿਚ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਮਨਮੋਹਨ ਸਿੰਘ ‘ਤੇ ਹਮਲਾ ਬੋਲਿਆ ਹੈ ਉਸ ਦੇ ਆਪਣੇ ਕਈ ਸਿਆਸੀ ਮਤਲਬ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਵਲੋਂ ਦਾਗੀ ਨੇਤਾਵਾਂ ਨੂੰ ਬਚਾਉਣ ਲਈ ਪਾਸ ਕੀਤੇ ਗਏ ਆਰਡੀਨੈਂਸ ਨੂੰ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਕਵਾਸ ਕਰਾਰ ਦਿੱਤਾ ਸੀ। ਰਾਹੁਲ ਦੇ ਇਸ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਹੈ ਅਤੇ ਰਾਹੁਲ ਦੇ ਇਸ ਬਿਆਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਅਤੇ ਕੈਬਨਿਟ ਦੀ ਸਾਖ ਨੂੰ ਤਾਰ-ਤਾਰ ਕਰਨ ਵਾਲੇ ਬਿਆਨ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।

ਦਿੱਲੀ ‘ਚ ਪ੍ਰਧਾਨ ਮੰਤਰੀ ਨੂੰ ਅਮਰੀਕੀ ਕੋਰਟ ਦਾ ਸੰਮਨ ਸੌਂਪੇਗਾ ਸਿੱਖ ਸਮੂਹ

ਨਿਊਯਾਰਕ—ਇਕ ਸਿੱਖ ਮਨੁੱਖੀ ਅਧਿਕਾਰ ਸਮੂਹ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਨੇ ਕਿਹਾ ਹੈ ਕਿ ਉਹ ਪੰਜਾਬ ਵਿਚ 1990 ਦੇ ਦਹਾਕੇ ਵਿਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਮਨੁੱਖੀ ਅਧਿਕਾਰਾਂ ਦੀ ਕਥਿਤ ਤੌਰ ‘ਤੇ ਉਲੰਘਣਾ ਦੇ ਮਾਮਲੇ ਵਿਚ ਅਮਰੀਕੀ ਅਦਾਲਤ ਦਾ ਸੰਮਨ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੌਂਪਣਗੇ। ਸਿੱਖ ਫਾਰ ਜਸਟਿਸ ਨੇ ਪਿਛਲੇ ਹਫਤੇ ਵਾਸ਼ਿੰਗਟਨ ਵਿਚ ਮਨਮੋਹਨ ਸਿੰਘ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਸੰਮਨ ਸੌਂਪਣ ਦੀ ਯੋਜਨਾ ਬਣਾਈ ਸੀ ਪਰ ਉੱਚ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਐੱਸ. ਐੱਫ. ਜੇ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਉੱਚ ਸੁਰੱਖਿਆ ਦੇ ਕਾਰਨ ਮਨੁੱਖੀ ਅਧਿਕਾਰ ਸਮੂਹ ਯੂ. ਐੱਸ. ਫੈਡਰਲ ਕੋਰਟ ਦੇ ਸੰਮਨ ਨੂੰ ਵ੍ਹਾਈਟ ਹਾਊਸ ਵਿਚ ਮਨਮੋਹਨ ਸਿੰਘ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਰਮਿਆਨ ਹੋਈ ਮੁਲਾਕਾਤ ਦੌਰਾਨ ਨਹੀਂ ਸੌਂਪਿਆ ਗਿਆ।